ਜਦੋਂ ਢਾਬੇ ਵਾਲੀ ਨੂੰ ਸਲਿਊਟ ਕੀਤਾ

ਜਗਤਾਰ ਸਿੰਘ ਹਿੱਸੋਵਾਲ

(ਸਮਾਜ ਵੀਕਲੀ)

‘ਤੇ ਉਹ ਕੁਰਸੀ ਤੋਂ ਉੱਠਦੀ ਹੋਈ ਬੋਲੀ, “ਅੱਜ ਲੇਟ ਹੋਏ ਫਿਰਦੇ ਓ ਸਾਬ੍ਹ। ”

“ਕੀ ਦੱਸੀਏ ਤੈਨੂੰ, ਕਨੂੰਨ ਬਣਾਉਣ ਵਾਲੇ ਨੇ ਹੋਰ ਤਾਂ ਸਾਡੇ ਬਾਰੇ ਸਭ ਕੁਝ ਲਿਖ ਦਿੱਤਾ ਪਰ ਰੋਟੀ ਦਾ ਟੈਮ ਲਿਖਿਆ.. ਚੱਲ ਛੱਡ ਇਹਨਾਂ ਗੱਲਾਂ ਨੂੰ.. ਤੂੰ ਦਵਾ ਦਵ ਚਾਰ ਫੁੱਲਕੇ ਬਣਾ ਦੇ। “ਮੈਂ ਕਾਹਲੀ ਕਰਦਿਆਂ ਕਿਹਾ।

“ਹਾਂ ਜੀ.. ਤੁਸੀਂ ਬੈਠੋ ਸਹੀ.. ਆਗੇ ਬਸ ਫੁਲਕੇ। ” ਕਹਿੰਦੀ ਹੋਈ ਉਹ ਪਰਾਤ ਵਿੱਚ ਗੁੰਨੇ ਪਏ ਆਟੇ ਦਾ ਪੇੜਾ ਕਰਨ ਲੱਗ ਪਈ।
ਸ਼ਾਇਦ ਅੱਜ ਐਤਵਾਰ ਕਰਕੇ ਢਾਬੇ ਤੇ ਕੋਈ ਹੋਰ ਗਾਹਕ ਨਹੀਂ ਸੀ।ਮੈਂ ਦੇਖਿਆ ਕਿ ਰਾਣੀ ਦੇ ਚਿਹਰੇ ਤੇ ਪਹਿਲਾਂ ਵਰਗੀ ਰੌਣਕ ਨਹੀਂ ਸੀ। ਚਿਹਰਾ ਉਤਰਿਆ- ਉਤਰਿਆ ਲੱਗਦਾ ਸੀ। ਜਦੋਂ ਰਾਣੀ ਰੋਟੀ ਫੜਾਉਣ ਲੱਗੀ ਮੈਂ ਪੁੱਛ ਹੀ ਲਿਆ, “ਰਾਣੀ ਕੀ ਗੱਲ ਆ.. ਘਰ ਬਾਲ ਬੱਚੇ ਠੀਕ ਨੇ ? ”

ਰਾਣੀ ਡੂੰਘਾ ਜਿਹੜਾ ਹਾਂਉਕਾ ਭਰਦੀ ਬੋਲੀ ,”ਕੀ ਕਰੀਏ ਜੀ, ਲੋਕ ਮੇਹਨਤ ਕਰਕੇ ਵੀ ਜੀਣ ਨਹੀਂ ਦੇਂਦੇ। ਕਿਸੇ ਦੀ ਮਜ਼ਬੂਰੀ ਨ੍ਹੀ ਸਮਝਦੇ ਬੇਸ਼ਰਮ। ”

ਫਿਰ ਉਹ ਰੋਟੀ ਬਣਾਉਣ ਲੱਗ ਪਈ। ਮੈਂ ਫਿਰ ਪੁਛਿਆ, “ਐਵੇਂ ਲੋਕਾਂ ਦੀ ਪ੍ਰਵਾਹ ਨਹੀਂ ਕਰੀਦੀ।.. ਪਰ ਹੋਇਆ ਕੀ ਆ। ”
ਉਸ ਨੇ ਰੋਟੀ ਪਲੇਟ ਵਿਚ ਰੱਖਦੀ ਨੇ ਪੁੱਛਿਆ, “ਹੋਰ ਰੋਟੀ ਲਵੋਗੇ। ”

ਮੇਰੇ ਨਾਂਹ ਕਰਨ ਤੇ ਉਹ ਹੱਥਾਂ ਤੋਂ ਆਟਾ ਝਾੜਦੀ ਹੋਈ ਕੁਰਸੀ ਤੇ ਬੈਠ ਗਈ। ਉਸਦੀਆਂ ਅੱਖਾਂ ਵਿੱਚ ਪਾਣੀ ਤੈਰ ਆਇਆ ਸੀ। ਤੇ ਝਿੱਜਕਦੀ -ਝਿੱਜਕਦੀ ਦੱਸਣ ਲੱਗੀ, “ਕੁਲਦੀਪ ਆਇਆ ਸੀ ਬਿਜਲੀ ਆਲਾ . …। ”

“ਕੌਣ ਕੁਲਦੀਪ ? “ਮੈਂ ਪੁੱਛਿਆ।

“ਏਹੀ ਜਿਸ ਨੇ ਇਹ ਕੁੰਡੀ ਲਾ ਕੇ ਦਿੱਤੀ ਆ। ਜਿਸ ਨਾਲ ਪੱਖਾ ਚਲਾਇਆ ।” ਉਹ ਪੱਖੇ ਵੱਲ ਇਸ਼ਾਰਾ ਕਰਦਿਆਂ ਬੋਲੀ।

” ਅੱਛਾ ਫੇਰ? ”

” ਰੋਟੀ ਖਾ ਕੇ ਪੈਸੇ ਤਾਂ ਕੀ ਦੇਣੇ ਸੀ ਬੇਸ਼ਰਮ ਨੇ.. ਸਗੋਂ ਅਵਾ ਤਵਾ ਬੋਲਣ ਲੱਗ ਪਿਆ… ਅਖੇ ਅੱਜ ਮੇਰੇ ਨਾਲ ਚੱਲ ਹੋਟਲ ਵਿੱਚ। ” ਸਾਹ ਲੈ ਕੇ ਉਹ ਫਿਰ ਬੋਲੀ, ” ਹੱਦ ਹੋ ਗੀ.. ਕੁੰਡੀ ਕੀ ਲਾ ਤੀ… ਫਿਰ ਸੋਚਦੀ ਆਂ ਕਿਸਮਤ ਆਪਣੀ ਮਾੜੀ ਆ… ਜੇ ਪਤੰਦਰ ਆਪਣਾ ਚੰਗਾ ਹੁੰਦਾ ਕਾਹਨੂੰ ਇਹ ਦਿਨ ਦੇਖਣੇ ਪੈਂਦੇ। ..ਕੰਜਰ ਨੇ ਸਾਡੀ ਵੀ ਜਿੰਦਗੀ ਨਰਕ ਬਣਾ ਤੀ। ” ਕਹਿੰਦੀ ਦਾ ਉਹਦਾ ਗੱਚ ਭਰ ਆਇਆ ਸੀ।

” ਕਿਉਂ ਚੰਗਾ ਨਹੀਂ ਸੀ ਤੇਰਾ ਘਰਵਾਲਾ? ” ਮੈਂ ਅੱਗੇ ਗੱਲ ਤੋਰਦਿਆਂ ਕਿਹਾ।

” ਸੁਆਹ ਚੰਗਾ ਸੀ… ਜੇ ਮਿਲ ‘ਗੀ ਦਿਹਾੜੀ ਤਾਂ ਲਾ ਲੀ…. ਨਹੀਂ ਤਾਂ ਨਾ ਸਹੀ… ਜੇ ਦਿਹਾੜੀ ਲੱਗ ‘ਗੀ ਤਾਂ ਸ਼ਰਾਬ ਪੀ ਲੀ ਨਹੀਂ ਭੰਗ ਤਾਂ ਕਿਤੇ ਗਈ ਨ੍ਹੀ ।ਨਾ ਮੇਰੀ ਫਿਕਰ ਨਾ ਬੱਚਿਆਂ ਦੀ ਪ੍ਰਵਾਹ।ਨਾ ਜਵਾਨ ਹੋ ਰਹੀ ਕੁੜੀ ਦੀ ਸੰਗ ਸ਼ਰਮ .. ਜੇ ਕਹਿਣਾ ਓਸ ਨੂੰ ਤਾਂ ਸਾਰਾ ਸਾਰਾ ਦਿਨ ਗਾਲਾਂ ਦੀ ਸ਼ੂਟ ਵੱਟੀ ਰੱਖਣੀ।..ਹਾਰ ਹੰਭ ਕੇ ਜਦੋਂ ਨਾ ਹੀ ਬੰਦਾ ਬਣਿਆ ਤਾਂ ਬੱਚਿਆਂ ਨੂੰ ਲੈ ਕੇ ਸ਼ਹਿਰ ਆ ਗੀ। ਪਹਿਲਾਂ ਅਪਣੀ ਭੈਣ ਕੋਲ ਰਹੀ.. ਹੁਣ ਕਿਰਾਏ ‘ਤੇ ਕਮਰਾ ਲੈ ਕੇ ਦਿਨ ਕਟੀ ਕਰ ਰਹੀ ਹਾਂ ..ਭੈਣ ਘਰ ਵੀ ਚੰਗਾ ਨਹੀਂ ਲੱਗਦਾ ਸੀ। ”

“ਬੱਚੇ ਤਾਂ ਅਜੇ ਛੋਟੇ ਹੋਣੇ ਨੇ? ” ਮੈਂ ਪੁਛਿਆ।

“ਛੋਟਾ ਛੇਵੀਂ ਵਿੱਚ ‘ਚ ਆ..ਵਿਚਕਾਰਲਾ ਅਪਾਹਜ ਆ.. ਜਦੋਂ ਇਹ ਪੇਟ ਵਿੱਚ ਸੀ ਤਾਂ ਕੰਜਰ ਨੇ ਲੜ ਕੇ ਮੇਰੇ ਢਿੱਡ ਵਿੱਚ ਲੱਤਾਂ ਮਾਰੀਆਂ ਸਨ.. ਬੜੀ ਤਕਲੀਫ ਹੋਈ ਸੀ ਮੈਨੂੰ.. ਮੈਂ ਬੀਮਾਰ ਹੋ ਗੀ.. ਇਹ ਸਤਮਾਹਾਂ ਪੈਦਾ ਹੋਇਆ ਸੀ.. ਇਸ ਨੂੰ ਤਾਂ ਜਨਮ ਤੋਂ ਪਹਿਲਾਂ ਹੀ ਸਜ਼ਾ ਦੇ ‘ਤੀ ਇਸ ਕੰਜਰ ਨੇ। ਬਥੇਰਾ ਇਲਾਜ਼ ਕਰਵਾਇਆ ਪਰ ਇਸ ਦੀ ਇੱਕ ਲੱਤ ਤਾਂ ਜਮਾਂ ਹੀ ਨੀ ਤੁਰੀ ਤੇ ਦੂਜੀ ਵੀ ਕਮਜ਼ੋਰ ਹੈ… ਵੱਡੀ ਕੁੜੀ ਨੌਵੀਂ ‘ਚ ਆ। ਦਸਵੀਂ ਵਿਚ ਲੌਣੀ ਸੀ ਏਥੇ। ਪਰ ਏਥੋਂ ਦੇ ਸਕੂਲ ਵਾਲੇ ਕੈਂਦ੍ਹੇ ਕਿ ਅੱਠਵੀਂ ਵਿਚ ਲਾਵਾਂਗੇ। ਪਤਾ ਨੀ ਕੀ ਰੂਲ ਆ।ਜੁਆਕੜੀ ਦਾ ਇੱਕ ਸਾਲ ਪਿੱਛੇ ਪੈ ਜਾਣਾ। ” ਫਿਰ ਉਹ ਚੁੱਪ ਕਰ ਗਈ।

ਫਿਰ ਮੇਰੇ ਵੱਲ ਦੇਖ ਕੇ ਬੋਲੀ, ਸਾਬ੍ਹ.. ਕੁਲਦੀਪ ਦੀ ਤਾਂ ਮੱਤ ਈ ਮਾਰੀ ਲੱਗਦੀ ਆ.. ਮੈਂ ਏਹੋ ਜਿਹੀ ਥੋੜੀ ਆਂ… ਜੇ ਮੈਂ ਏਹੋ ਜਿਹੀ ਹੁੰਦੀ ਤਾਂ ਕਦੋਂ ਦੀ ਬੱਚਿਆਂ ਉਸਦੇ ਘਰ ਛੱਡ ਚੁੰਨੀ ਚੁੱਕ ਕੇ ਤੁਰ ਜਾਂਦੀ । ਪਰ ਨਹੀਂ… ਆਪਣੇ ਆਪ ਨੂੰ ਬੱਚਿਆਂ ਲਈ ਜੀਅ ਰਹੀ ਹਾਂ। ਭਲਾਂ ਏਨ੍ਹਾਂ ਨੂੰ ਬਿਨ ਕਸੂਰੋਂ ਸਜ਼ਾ ਕਿਉਂ ਦੇਵਾਂ। ” ਬੋਲਦੀ ਹੋਈ ਉਹ ਟੇਬਲ ਤੋਂ ਭਾਂਡੇ ਚੁੱਕਣ ਲੱਗ ਪਈ।

ਉਸ ਭਾਂਵੇ ਬੇਹੱਦ ਉਦਾਸ ਸੀ।ਪਰ ਫਿਰ ਵੀ ਉਸਦੀਆਂ ਅੱਖਾਂ ਵਿੱਚ ਜੁਅੱਰਤ ,ਮਾਣ ਅਤੇ ਹੌਂਸਲਾ ਦੀ ਝਲਕਦਾ ਸੀ। ਏਨੇ ਨੂੰ ਮੇਰੇ ਮੋਬਾਇਲ ਦੀ ਘੰਟੀ ਵੱਜ ਉੱਠੀ। ਮੈਂ ਦੇਖਿਆ ਥਾਣੇ ਤੋਂ ਸੰਤਰੀ ਦਾ ਫੋਨ ਸੀ।ਮੈ ਫੋਨ ਸੁਣਨ ਵਿੱਚ ਟਾਈਮ ਖਰਾਬ ਕਰਨ ਦੀ ਬਜਾਏ ਛੇਤੀ ਪੈਸੇ ਦੇ ਕੇ ਉੱਥੋਂ ਚੱਲਣਾ ਮੁਨਾਸਿਬ ਸਮਝਿਆ ।

 

ਤੇ ਮੈਂ ਥਾਣੇ ਵੱਲ ਆਂਉਦੇ ਹੋਏ ਨੇ ਮਨ ਹੀ ਮਨ ਵਿੱਚ ਕਈ ਵਾਰ ਰਾਣੀ ਸਲਾਊਟ ਕੀਤਾ ਸੀ ।

ਜਗਤਾਰ ਸਿੰਘ ਹਿੱਸੋਵਾਲ

9878330324

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਵੀਰੋ ਆਪਾਂ ਬਾਗੀ ਨਹੀਂ ਇਨਕਲਾਬੀ ਹੋਣੈ*
Next articleਵਿਰਾਸਤ