ਹੁਣ ਪਿੰਡ ਕੀ ਏ

(ਸਮਾਜਵੀਕਲੀ)-ਕੈਨੇਡਾ ਰਹਿੰਦੀ ਆਪਣੀ ਤਾਈ ਨੂੰ ਜੀਤੋ ਨੇ ਵ੍ਹਟਸਐਪ ਕਾਲ ਲਾ ਲਈ। ਜੀਤੋ ਦੇ ਮਾਂ ਪਿਓ ਜੀਤੋ ਦੇ ਤਾਇਆ ਜੀ ਦੇ ਨਾਲ ਬੋਲਚਾਲ ਨਹੀਂ ਰੱਖਦੇ ਸਨ। ਜੀਤੋ ਨੇ ਚੋਰੀਓਂ ਜਿਹੇ ਕਿਸੇ ਕੋਲੋਂ ਆਪਣੀ ਤਾਈ ਦਾ ਨੰਬਰ ਲੈ ਕੇ ਆਪਣੀ ਤਾਈ ਨੂੰ ਕਾਲ ਕੀਤੀ ਸੀ। ਜੀਤੋ ਨਾਲ ਐਨੇ ਸਾਲਾਂ ਪਿੱਛੋਂ ਗੱਲ ਕਰਦੀ ਜਸਵੀਰ ਕੌਰ ਦਾ ਗਲਾ ਭਰ ਆਇਆ। ਤਾਈ ਦੇ ਆਪਣੇ ਇੱਕ ਮੁੰਡਾ ਹੀ ਸੀ ਜਿਸ ਕਰਕੇ ਤਾਈ ਜਸਵੀਰ ਕੌਰ ਜੀਤੋ ਨਾਲ ਬਹੁਤ ਪਿਆਰ ਕਰਦੀ ਸੀ। ਜਦੋਂ ਜਸਵੀਰ ਦਾ ਘਰਵਾਲਾ ਮਿੰਦਰ ਸਿੰਘ ਤੇ ਉਹਦਾ ਛੋਟਾ ਭਰਾ ਗਿੰਦਰ ਸਿੰਘ ਕੱਠੇ ਪਿੰਡ ਵਿੱਚ ਰਹਿੰਦੇ ਸਨ ਅਤੇ ਖੇਤੀਬਾੜੀ ਕਰਦੇ ਸਨ। ਛੋਟੀ ਜਿਹੀ ਜੀਤੋ ਹਮੇਸ਼ਾ ਆਪਣੀ ਤਾਈ ਨਾਲ ਹੀ ਸੌਂਦੀ। ਜਸਵੀਰ ਕੌਰ ਤੇ ਬਿੰਦਰ ਸਿੰਘ ਨੇ ਅਚਾਨਕ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ ਕਿਉਕਿ ਜਸਵੀਰ ਕੌਰ ਦਾ ਭਰਾ ਕੈਨੇਡਾ ਵਿੱਚ ਜਾ ਕੇ ਪੱਕਾ ਹੋ ਗਿਆ ਸੀ। ਉਸਨੇ ਹੀ ਆਪਣੇ ਭੈਣ ਭਣੋਈਏ ਤੇ ਭਾਣਜੇ ਨੂੰ ਰਾਹਦਾਰੀ ਭੇਜ ਕੇ ਆਪਣੇ ਕੌਲ ਸੱਦ ਲਿਆ ਸੀ।
ਬਿੰਦਰ ਸਿੰਘ ਆਪਣੇ ਛੋਟੇ ਭਰਾ ਗਿੰਦਰ ਸਿੰਘ ਨੂੰ ਸਭ ਕੁੱਝ ਸੰਭਲਾ ਕੇ ਕੈਨੇਡਾ ਨੂੰ ਜਹਾਜ਼ ਚੜ੍ਹ ਗਿਆ। ਸਾਂਝੇ ਘਰ ਵਿੱਚ ਦੋਵੇਂ ਭਾਈਆਂ ਦਾ ਕੋਈ ਵੰਡ ਵੰਡਾਰਾ ਨਹੀਂ ਸੀ। ਉਹ ਜਾਂਦਾ ਹੋਇਆ ਛੋਟੇ ਭਰਾ ਨੂੰ ਹੱਲਾਸ਼ੇਰੀ ਦੇ ਕੇ ਗਿਆ ਸੀ ਕਿ ਮੈਂ ਡਾਲਰ ਕਮਾ ਕੇ ਭੇਜੀ ਜਾਊਂ ਤੇ ਏਥੇ ਪਿੰਡ ਵਿੱਚ ਵਧੀਆ ਕੋਠੀ ਬਣਾ ਦੇਵੀਂ ਤੇ ਨਾਲੇ ਪੈਲੀ ਖਰੀਦੀ ਜਾਵੀਂ।

ਬਿੰਦਰ ਸਿੰਘ ਨੇ ਸ਼ਿਫਟਾਂ ਲਾ ਲਾ ਕੇ ਡਾਲਰਾਂ ਦੇ ਢੇਰ ਲਾ ਦਿੱਤੇ। ਉਹ ਪਿੱਛੇ ਪਿੰਡ ਵਿੱਚ ਆਪਣੇ ਭਰਾ ਨੂੰ ਦਿਲ ਖੋਲ੍ਹ ਕੇ ਪੈਸਾ ਭੇਜਣ ਲੱਗ ਪਿਆ। ਸਿਆਣੇ ਆਖਦੇ ਨੇ , “ਭਾਂਡੇ ਛੋਟੇ ਵਿੱਚ ਬਹੁਤਾ ਸੰਭਾਲਿਆ ਨਹੀਂ ਜਾ ਸਕਦਾ।” ਗਿੰਦਰ ਸਿੰਘ ਕੌਲ ਅਚਾਨਕ ਖੁੱਲ੍ਹਾ ਪੈਸਾ ਆਉਣ ਕਰਕੇ ਉਸ ਦੀਆਂ ਆਦਤਾਂ ਵਿਗੜ ਗਈਆਂ। ਉਹ ਲੀਡਰੀ ਵਿੱਚ ਪੈਰ ਰੱਖਣ ਲੱਗ ਪਿਆ। ਬਿੰਦਰ ਦਾ ਮੇਹਨਤ ਨਾਲ ਕਮਾਇਆ ਪੈਸਾ ਉਹ ਖਾਣ ਪੀਣ ਤੇ ਵੈਲਪੁਣੇ ਵਿੱਚ ਉਡਾਉਣ ਲੱਗ ਪਿਆ। ਖੇਤ ਵਿੱਚ ਬੀਜੀ ਫ਼ਸਲ ਵੱਲ ਵੀ ਘੱਟ ਹੀ ਗੇੜਾ ਮਾਰਦਾ।ਸਾਰਾ ਕੰਮ ਸੀਰੀ ਤੇ ਸੁੱਟ ਕੇ ਬਾਹਰ ਅੰਦਰ ਹਰਲ ਹਰਲ ਕਰਦਾ ਫਿਰਦਾ। ਮੇਹਨਤ ਤੋਂ ਬਿਨਾਂ ਮਿਲੇ ਪੈਸੇ ਕੋਈ ਕੋਈ ਬੰਦਾ ਹੀ ਸਾਂਭ ਕੇ ਰੱਖ ਸਕਦਾ। ਬੱਸ ਗਿੰਦਰ ਗ਼ਲਤ ਸੰਗਤ ਵਿੱਚ ਪੈ ਕੇ ਬਿੰਦਰ ਦੀ ਮੇਹਨਤ ਦੀ ਕਮਾਈ ਨੂੰ ਮਿੱਟੀ ਕਰਨ ਵਿੱਚ ਲੱਗਿਆ ਹੋਇਆ ਸੀ।

5ਸਾਲਾਂ ਬਾਅਦ ਬਿੰਦਰ ਨੇ ਆ ਕੇ ਪਿੰਡ ਦਾ ਮੂੰਹ ਵੇਖਿਆ। ਸਾਰਾ ਪਰਿਵਾਰ ਬਿੰਦਰ ਦੇ ਆਉਣ ਦੀ ਖੁਸ਼ੀ ਵਿੱਚ ਭੱਜਿਆ ਫਿਰਦਾ ਸੀ।2–3 ਦਿਨ ਥਕੇਵਾਂ ਲਾਹੁਣ ਪਿੱਛੋਂ ਬਿੰਦਰ ਨੇ ਗਿੰਦਰ ਨੂੰ ਕੌਲ ਬਿਠਾ ਕੇ ਕੰਮ ਧੰਦੇ ਬਾਰੇ ਪੁੱਛਿਆ। ਗਿੰਦਰ ਵੱਲੋਂ ਬਣਾਈ ਕੋਠੀ ਵੀ ਉਹਨੂੰ ਬਹੁਤ ਚੰਗੀ ਲੱਗੀ। ਕੋਈ ਜ਼ਮੀਨ ਦਾ ਸੌਦਾ ਕੀਤਾ ? ਮਿੰਦਰ ਨੇ ਗਿੰਦਰ ਨੂੰ ਪੁੱਛਿਆ। ਅੱਗੋਂ ਗਿੰਦਰ ਕਹਿਣ ਲੱਗਾ, ਬਾਈ ਜੀ! ਜੋਂ ਨੂੰ ਪੈਸਾ ਤੁਸੀਂ ਭੇਜਿਆ ਸੀ ਉਹਨਾਂ ਨਾਲ ਆਹ ਕੋਠੀ ਪੈ ਗਈ ਤੇ ਬਾਕੀ ਆਪਾ ਆੜ੍ਹਤੀਏ ਦਾ ਕਰਜ਼ ਲਾ ਦਿੱਤਾ ਤੇ ਬਾਕੀ ਆਪਣੀ ਭਾਣਜੀ ਦੇ ਵਿਆਹ ਤੇ ਲਾ ਦਿੱਤੇ। ਹੁਣ ਵੇਖਦੇ ਹਾਂ ਕੋਈ ਜ਼ਮੀਨ, ਬੱਸ ਤੂੰ ਭੇਜੀ ਚੱਲ ਡਾਲਰ।

“ਡਾਲਰ ਕਿਹੜਾ ਦਰੱਖਤਾਂ ਤੇ ਲੱਗਦੇ ਆ”। ਮਿੰਦਰ ਸਿੰਘ ਨੇ ਹੱਸਦੇ ਹੋਏ ਨੇ ਕਿਹਾ। ਸ਼ਿਫਟਾਂ ਲਾ ਲਾ ਬੁਰਾ ਹਾਲ ਹੋ ਜਾਂਦਾ।
ਸ਼ਾਮ ਨੂੰ ਰੋਟੀ ਖਾ ਕੇ ਬਿੰਦਰ ਕੋਠੀ ਦੇ ਉਤੇ ਕਮਰੇ ਵਿੱਚ ਲੇਟ ਗਿਆ। ਮਨੋ ਮਨੀ ਉਹ ਹਿਸਾਬ ਕਿਤਾਬ ਜਿਹਾ ਲਾਉਣ ਲੱਗ ਪਿਆ ਕਿ ਮੇਰੇ ਹਿਸਾਬ ਨਾਲ ਗਿੰਦਰ ਨੂੰ ਹੁਣ ਤੱਕ 10ਕਿੱਲੇ ਜ਼ਮੀਨ ਬੈਅ ਲੈਣੀ ਚਾਹੀਦੀ ਸੀ।ਗਿੰਦਰ ਆਖੀ ਜਾਂਦਾ ਕਿ ਖਰਚਾ ਹੀ ਬਹੁਤਾ ਹੋ ਗਿਆ। ਆਪਣੀਆਂ ਸੋਚਾਂ ਵਿੱਚ ਗਵਾਚੇ ਨੂੰ ਉਹਨੂੰ ਪਤਾ ਨਹੀਂ ਕਦੋਂ ਨੀਂਦ ਨੇ ਆਪਣੇ ਆਗੋਸ਼ ਵਿੱਚ ਲੈ ਲਿਆ।
ਅਗਲੇ ਦਿਨ ਬਿੰਦਰ ਪਿੰਡ ਵਿੱਚ ਗੇੜਾ ਮਾਰਦਾ ਮਾਰਦਾ ਸੱਥ ਵੱਲ ਨੂੰ ਤੁਰ ਪਿਆ। ਸੱਥ ਵਿੱਚ ਲੱਖਾ ਫੌਜੀ, ਬੇਰੀਆਂ ਵਾਲਿਆਂ ਦਾ ਜੋਗਿੰਦਰ , ਕੁੱਲੇ ਕਾ ਬਲਕਰਨਾ, ਖੇਤਾਂ ਆਲਾ ਲਾਲੀ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ। ਬਿੰਦਰ ਵੀ ਉਹਨਾਂ ਦੇ ਕੌਲ ਜਾ ਕੇ ਬੈਠ ਗਿਆ। ਸਾਰੇ ਬਿੰਦਰ ਨੂੰ ਮਿਲ ਕੇ ਬਾਗ਼ੋਂ ਬਾਗ਼ ਹੋ ਗਏ। ਬਿੰਦਰਾ! ਸੁਣਾ ਬਈ ਕੋਈ ਕੈਨੇਡਾ ਦੀ ਗੱਲ ਬਾਤ? “ਕਿਵੇਂ ਡਿੱਗਦੇ ਨੇ ਡਾਲਰ?” ਬਲਕਰਨੇ ਨੇ ਹੱਸਦੇ ਹੋਏ ਨੇ ਕਿਹਾ।

ਬਿੰਦਰ ਨੇ ਜਵਾਬ ਦਿੱਤਾ ਬਾਈ, “ਕਿਰਪਾ ਦਾਤੇ ਦੀ ਆ ਪੂਰੀ।”ਸਭ ਓ. ਕੇ ਆ। ਤਾਹੀਂ ਤਾਂ ਗਿੰਦਰ ਨੂੰ ਐਸ਼ ਕਰਵਾ ਤੀ ਪੂਰੀ ਤੈਂ। ਲੱਖੇ ਨੇ ਮਿੰਦਰ ਦੇ ਮੋਢੇ ਤੇ ਸ਼ਾਬਾਸ਼ੀ ਦਿੰਦੇ ਹੋਏ ਕਿਹਾ।
ਜਿਊਂਦਾ ਰਹਿ ਸ਼ੇਰਾ! ਤੇਰੇ ਵਰਗੇ ਭਰਾ ਘਰ ਘਰ ਹੋਣ। ਮਿੰਦਰ ਕਿੰਨੀ ਹੀ ਦੇਰ ਉਹਨਾਂ ਨਾਲ ਹਾਸਾ ਠੱਠਾ ਕਰਕੇ ਵਾਪਿਸ ਮੁੜ ਆਇਆ। ਸੱਥ ਵਿੱਚ ਹੋਈਆਂ ਗੱਲਾਂ ਨੇ ਉਸਨੂੰ ਦੁਚਿੱਤੀ ਵਿੱਚ ਪਾ ਦਿੱਤਾ ਸੀ ਕਿ ਕਿਤੇ ਗਿੰਦਰ ਮੈਨੂੰ ਝੂਠ ਤਾਂ ਨਹੀਂ ਬੋਲੀ ਜਾਂਦਾ।
ਅਗਲੇ ਦਿਨ ਉਹ ਸ਼ਹਿਰ ਸੁੱਵਖਤੇ ਹੀ ਆਪਣੇ ਆੜ੍ਹਤੀਏ ਕੌਲ ਚਲਾ ਗਿਆ। ਘਰੇਲੂ ਗੱਲਾਂ ਬਾਤਾਂ ਪਿੱਛੋਂ ਉਹਨੇ ਘਰ ਦੇ ਹਿਸਾਬ ਕਿਤਾਬ ਦੀ ਗੱਲ ਛੇੜ ਲਈ। ਲਾਲਾ ਵੇਦ ਪ੍ਰਕਾਸ਼ ਨੇ ਮਿੰਦਰ ਨੂੰ ਦੱਸ ਦਿੱਤਾ ਕਿ ਪਿਛਲੇ 2ਸਾਲ ਦਾ ਦੇਣਾ ਲੈਣਾ ਓਵੇਂ ਹੀ ਤੁਰਦਾ ਆ ਰਿਹਾ। ਫ਼ਸਲ ਵੀ ਪਹਿਲਾਂ ਨਾਲੋਂ ਘੱਟ ਹੋ ਰਹੀ ਹੈ। ਗਿੰਦਰ ਕਹਿ ਰਿਹਾ ਸੀ ਕਿ ਜਦ ਮਿੰਦਰ ਆਇਆ ਥੋਡਾ ਹਿਸਾਬ ਨੱਕੀ ਕਰਕੇ ਜਾਊਂ। ਬਿੰਦਰ ਦੇ ਪੈਰਾਂ ਥੱਲਿਉਂ ਜਿਵੇਂ ਜ਼ਮੀਨ ਹੀ ਨਿੱਕਲ ਗਈ ਹੋਵੇ। ਪੂਰਾ 8ਲੱਖ ਆੜ੍ਹਤੀਏ ਦਾ ਬਾਕੀ ਖੜ੍ਹਾ ਸੀ। ਆਪਣੇ ਆਪ ਨੂੰ ਸੰਭਾਲਦਾ ਹੋਇਆ ਉਹ ਆੜ੍ਹਤੀਏ ਨੂੰ ਦੁਬਾਰਾ ਆਉਣ ਦਾ ਆਖ ਕੇ ਸਿੱਧਾ ਆਪਣੇ ਪਿੰਡ ਦੇ ਪਟਵਾਰੀ ਜਗਜੀਤ ਸਿੰਘ ਕੌਲ ਚਲਾ ਗਿਆ। ਉਹਨੇ ਪਟਵਾਰੀ ਤੋਂ ਆਪਣੀ ਜ਼ਮੀਨ ਦੀ ਫ਼ਰਦ ਕਢਵਾ ਲਈ ਤੇ ਫ਼ਰਦ ਉਤੇ ਸਟੇਟ ਬੈਂਕ ਆਫ਼ ਇੰਡੀਆ ਦੀ ਬਣੀ 5ਲੱਖ ਦੀ ਲਿਮਟ ਵੇਖ ਕੇ ਉਹ ਦੰਗ ਰਹਿ ਗਿਆ। ਬਿੰਦਰ ਨੂੰ ਝੱਟ ਹੀ ਸਾਰੀ ਗੱਲ ਸਮਝ ਆ ਗਈ ਤੇ ਉਹ ਵਾਪਿਸ ਘਰ ਨੂੰ ਮੁੜ ਆਇਆ।

ਘਰ ਆ ਕੇ ਉਸਨੇ ਸਾਰੀ ਗੱਲ ਜਸਵੀਰ ਕੌਰ ਨਾਲ ਸਾਂਝੀ ਕੀਤੀ।ਜਸਵੀਰ ਕੌਰ ਨੇ ਸਿਆਣਪ ਤੋਂ ਕੰਮ ਲੈਂਦਿਆਂ ਬਿੰਦਰ ਨੂੰ ਸਮਝਾਇਆ ਕਿ ਹੁਣ ਜੋਂ ਕੁੱਝ ਵੀ ਹੋ ਗਿਆ ਉਸ ਤੇ ਮਿੱਟੀ ਪਾ ਦੇ। ਐਵੇਂ ਰਿਸ਼ਤੇ ਖ਼ਰਾਬ ਹੋ ਜਾਣਗੇ । ਪੈਸੇ ਦਾ ਕੀ ਏ ਹੋਰ ਕਮਾ ਲਵਾਂਗੇ। ਜੋ ਨੁਕਸਾਨ ਗਿੰਦਰ ਨੇ ਕਰ ਦਿੱਤਾ ਕਰ ਦਿੱਤਾ, ਸਬਰ ਕਰੋ ਬੱਸ ਹੁਣ। ਚੁੱਪਚਾਪ ਪਾਸਾ ਵੱਟ ਕੇ ਆਪਸ ਵਿੱਚ ਬੈਠ ਕੇ ਨਬੇੜਾ ਕਰ ਲਵੋ। “ਐਵੇਂ ਲੋਕਾਂ ਨੂੰ ਤਮਾਸ਼ਾ ਨਹੀਂ ਵਿਖਾਉਣਾ ਹੁਣ ਆਪਾਂ।”

ਬਿੰਦਰ ਨੇ ਗਿੰਦਰ ਤੇ ਉਸਦੀ ਘਰਵਾਲੀ ਨੂੰ ਆਪਣੇ ਕੋਲ ਸੱਦ ਕੇ ਸਾਰੀ ਗੱਲ ਉਹਨਾਂ ਦੇ ਮੂਹਰੇ ਰੱਖ ਦਿੱਤੀ। ਗਿੰਦਰ ਗੁੱਸੇ ਵਿੱਚ ਬੇਕਾਬੂ ਹੋ ਕੇ ਅਵਾ ਤਵਾ ਬੋਲਣ ਲੱਗ ਪਿਆ। ਅੱਗੋਂ ਮਿੰਦਰ ਵੀ ਤੱਤਾ ਹੋ ਗਿਆ। ਗੱਲ ਹੱਥੋਪਾਈ ਤੇ ਆ ਗਈ। ਮਸਾਂ ਜਸਵੀਰ ਕੌਰ ਨੇ ਵਿੱਚ ਪੈ ਕੇ ਦੋਹਾਂ ਨੂੰ ਸ਼ਾਂਤ ਕੀਤਾ। ਮਿੰਦਰ ਸਿੰਘ ਆਪਣੇ ਪਰਿਵਾਰ ਨਾਲ ਸਮਾਨ ਲੈ ਕੇ ਪਿੰਡ ਵਿੱਚ ਰਹਿੰਦੇ ਆਪਣੇ ਮਿੱਤਰ ਸੁਰਜਨ ਦੇ ਘਰ ਚਲਾ ਗਿਆ।

ਅਖੀਰ ਪੰਚਾਇਤੀ ਤੌਰ ਤੇ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਰੋਹੀ ਵਾਲੀ 6ਕਿੱਲੇ ਜ਼ਮੀਨ ਮਿੰਦਰ ਸਿੰਘ ਨੂੰ ਦੇ ਦਿੱਤੀ ਤੇ ਨਿਆਈਂ ਵਾਲੀ 6ਕਿੱਲੇ ਗਿੰਦਰ ਨੂੰ ਵੰਡ ਪਾ ਕੇ ਦੇ ਦਿੱਤੀ। ਜਸਵੀਰ ਕੌਰ ਦੇ ਕਹਿਣ ਤੇ ਪਿੰਡ ਵਾਲੀ ਕੋਠੀ ਵੀ ਗਿੰਦਰ ਨੂੰ ਛੱਡ ਦਿੱਤੀ ਗਈ। ਆੜ੍ਹਤੀਏ ਦਾ ਹਿਸਾਬ ਕਿਤਾਬ ਨਬੇੜ ਕੇ ਤੇ ਜ਼ਮੀਨ ਤੇ ਬਣੀ ਲਿਮਟ ਦਾ ਹਿਸਾਬ ਨਬੇੜ ਕੇ ਮਿੰਦਰ ਭਰੇ ਮਨ ਨਾਲ ਵਾਪਿਸ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗ ਪਿਆ। ਆਪਣੇ ਮਿੱਤਰ ਸੁਰਜਨ ਨੂੰ ਆਪਣੇ ਖੇਤ ਦੀ ਜ਼ਿੰਮੇਵਾਰੀ ਦੇ ਦਿੱਤੀ। ਆਪਣੇ ਘਰ ਨੂੰ ਦੂਰੋਂ ਹੀ ਆਪਣੇ ਮਨੋਂ ਆਖ਼ਰੀ ਸਲਾਮ ਕਰਕੇ ਉਹ ਪਰਿਵਾਰ ਸਮੇਤ ਵਾਪਿਸ ਕੈਨੇਡਾ ਚਲਾ ਗਿਆ ਸੀ।

ਅੱਜ ਕਈ ਸਾਲਾਂ ਪਿੱਛੋਂ ਜੀਤੋ ਨਾਲ ਜਦ ਜਸਵੀਰ ਕੌਰ ਗੱਲਾਂ ਕਰ ਰਹੀ ਸੀ ਤਾਂ ਕੌਲ ਬੈਠੇ ਮਿੰਦਰ ਸਿੰਘ ਦਾ ਵੀਡੀਓ ਕਾਲ ਤੇ ਜੀਤੋ ਦਾ ਮੂੰਹ ਵੇਖ ਕੇ ਰੋਣਾ ਨਿਕਲ ਆਇਆ ਸੀ। ਜੀਤੋ ਦਾ ਚੇਹਰਾ ਉਹਨੂੰ ਆਪਣੇ ਛੋਟੇ ਭਰਾ ਗਿੰਦਰ ਦਾ ਝਾਉਲਾ ਪਾ ਰਿਹਾ ਸੀ। ਉਸਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਕਰਕੇ ਆਪਮੁਹਾਰੇ ਵਹਿ ਤੁਰੇ ਸਨ।

ਜੀਤੋ ਬਚਪਨੇ ਵਿੱਚ ਆਪਣੀ ਤਾਈ ਨੂੰ ਆਖ ਰਹੀ ਸੀ । ਤਾਈ ਜੀ! “ਮੇਰੇ ਮੰਮੀ ਡੈਡੀ ਤੁਹਾਡੇ ਨਾਲ ਕਿਉਂ ਨਹੀਂ ਬੋਲਦੇ।” ਘਰ ਵਿੱਚ ਮੇਰੇ ਨਾਲ ਤੁਹਾਡੇ ਬਾਰੇ ਕੋਈ ਵੀ ਗੱਲ ਨਹੀਂ ਕਰਦੇ। ਮੇਰਾ ਬੜਾ ਜੀਅ ਕਰਦਾ ਤੁਹਾਨੂੰ ਸਭ ਨੂੰ ਮਿਲਣ ਦਾ।
ਮਿੰਦਰ ਸਿੰਘ ਨੇ ਜਸਵੀਰ ਕੌਰ ਤੋਂ ਫੋਨ ਲੈ ਕੇ ਭਰੇ ਮਨ ਨਾਲ ਕਿਹਾ,”ਧੀਂਏ ! ਦਿਲ ਤਾਂ ਮੇਰਾ ਵੀ ਕਰਦਾ ਕਿ ਉੱਡ ਕੇ ਪਿੰਡ ਆ ਜਾਵਾਂ।” ਪਰ ਕੀ ਕਰਾਂ? “ਜਦੋਂ ਆਪਣੇ ਸਕੇ ਕੰਡਿਆਂ ਉਤੋਂ ਦੀ ਘਸੀਟਦੇ ਨੇ ਤਾਂ ਦਿਲ ਤੇ ਪਈਆਂ ਝਰੀਟਾਂ ਸਾਰੀ ਉਮਰ ਦੁਖਦੀਆਂ ਨੇ।”
ਹੁਣ ਪਿੰਡ ਕੀ ਏ? ਐਨਾ ਆਖ ਕੇ ਬਿੰਦਰ ਧਾਹਾਂ ਮਾਰ ਕੇ ਰੋਣ ਲੱਗ ਪਿਆ ਤੇ ਮੋਬਾਈਲ ਉਸਦੇ ਹੱਥ ਵਿੱਚੋਂ ਡਿੱਗ ਕੇ ਬੰਦ ਹੋ ਗਿਆ।

ਦਿਨੇਸ਼ ਨੰਦੀ
9417458831

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleहिन्दू कालेज में सुमन केशरी द्वारा ‘गांधारी’ का पाठ स्त्री प्रश्नों की दृष्टि से ‘गांधारी’ महत्त्वपूर्ण कृति
Next articleਦੇਹ ਵਪਾਰ ਦੇ ਕਾਰਨ ?