ਯੂਪੀ ਚੋਣਾਂ: ਇਕ ਹੋਰ ਓਬੀਸੀ ਆਗੂ ਵੱਲੋਂ ਯੋਗੀ ਮੰਤਰੀ ਮੰਡਲ ਤੋਂ ਅਸਤੀਫ਼ਾ

 

  • ਮੌਰਿਆ ਦੇ ਅਸਤੀਫ਼ੇ ਮਗਰੋਂ ਭਾਜਪਾ ਨੂੰ ਲੱਗਾ ਦੂਜਾ ਵੱਡਾ ਝਟਕਾ

ਲਖਨਊ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ’ਚ ਹੁਕਮਰਾਨ ਭਾਜਪਾ ਨੂੰ ਅੱਜ ਇਕ ਹੋਰ ਝਟਕਾ ਲੱਗਾ ਜਦੋਂ ਓਬੀਸੀ ਆਗੂ ਦਾਰਾ ਸਿੰਘ ਚੌਹਾਨ ਨੇ ਯੋਗੀ ਆਦਿੱਤਿਆਨਾਥ ਵਜ਼ਾਰਤ ’ਚੋਂ ਅਸਤੀਫ਼ਾ ਦੇ ਦਿੱਤਾ। ਉਸ ਦੇ ਸਮਾਜਵਾਦੀ ਪਾਰਟੀ ’ਚ ਜਾਣ ਦੇ ਚਰਚੇ ਹਨ। ਇਕ ਦਿਨ ਪਹਿਲਾਂ ਜਦੋਂ ਭਾਜਪਾ ਆਗੂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ’ਚ ਵਿਚਾਰ ਵਟਾਂਦਰਾ ਕਰ ਰਹੇ ਸਨ ਤਾਂ ਕਿਰਤ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਮੰਤਰੀ ਮੰਡਲ ’ਚੋਂ ਅਸਤੀਫ਼ਾ ਦੇ ਦਿੱਤਾ ਸੀ। ਤਿੰਨ ਹੋਰ ਭਾਜਪਾ ਵਿਧਾਇਕਾਂ ਨੇ ਵੀ ਮੰਗਲਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਉਂਜ ਮੌਰਿਆ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਸਮਾਜਵਾਦੀ ਪਾਰਟੀ ’ਚ ਜਾ ਰਿਹਾ ਹੈ ਜਾਂ ਨਹੀਂ, ਪਰ ਸਮਾਜਵਾਦੀ ਪਾਰਟੀ ਨੇ ਉਸ ਦੇ ਸਵਾਗਤ ਵਾਲਾ ਸੁਨੇਹਾ ਟਵੀਟ ਕੀਤਾ ਸੀ। ਮੌਜੂਦਾ ਘਟਨਾਕ੍ਰਮ ਨਾਲ ਜਾਪਦਾ ਹੈ ਕਿ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦਾ ਗ਼ੈਰ ਯਾਦਵ ਓਬੀਸੀ ਵਰਗਾਂ ’ਚ ਆਧਾਰ ਵਧ ਰਿਹਾ ਹੈ।

ਚੌਹਾਨ ਨੇ ਵਜ਼ਾਰਤ ’ਚੋਂ ਅਸਤੀਫ਼ੇ ਦੀ ਚਿੱਠੀ ਰਾਜਪਾਲ ਆਨੰਦੀਬੇਨ ਪਟੇਲ ਨੂੰ ਭੇਜਣ ਮਗਰੋਂ ਕਿਹਾ,‘‘ਮੈਂ ਪਿਛਲੇ ਪੰਜ ਸਾਲਾਂ ਤੋਂ ਪੂਰੇ ਸਮਰਪਣ ਨਾਲ ਕੰਮ ਕੀਤਾ ਪਰ ਦਲਿਤਾਂ, ਓਬੀਸੀ ਅਤੇ ਬੇਰੁਜ਼ਗਾਰਾਂ ਨੂੰ ਭਾਜਪਾ ਸਰਕਾਰ ਤੋਂ ਇਨਸਾਫ਼ ਨਹੀਂ ਮਿਲਿਆ। ਗਰੀਬਾਂ ਨੇ ਮੌਜੂਦਾ ਸਰਕਾਰ ਬਣਾਈ ਸੀ ਪਰ ਹੋਰਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦਾ ਲਾਹਾ ਲਿਆ।’’ ਜੰਗਲਾਤ ਅਤੇ ਵਾਤਾਵਰਨ ਮੰਤਰੀ ਰਹੇ ਚੌਹਾਨ ਨੇ ਕਿਹਾ ਕਿ ਉਹ ਸਾਰੀਆਂ ਸਮੱਸਿਆਵਾਂ ਬਾਰੇ ਪਾਰਟੀ ਹਾਈਕਮਾਨ ਨੂੰ ਸਮੇਂ ਸਮੇਂ ’ਤੇ ਜਾਣੂ ਕਰਵਾਉਂਦੇ ਰਹੇ ਸਨ ਪਰ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਕਿਉਂਕਿ ਉਹ ਪੱਛੜਿਆਂ ਅਤੇ ਦਲਿਤਾਂ ਦੀ ਗੱਲ ਕਰ ਰਿਹਾ ਸੀ। ਸਵਾਮੀ ਪ੍ਰਸਾਦ ਮੌਰਿਆ ਵਾਂਗ ਹੀ ਚੌਹਾਨ ਨੇ ਸਿੱਧੇ ਤੌਰ ’ਤੇ ਜਵਾਬ ਨਹੀਂ ਦਿੱਤਾ ਕਿ ਉਹ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਰਿਹਾ ਹੈ ਜਾਂ ਨਹੀਂ। ਚੌਹਾਨ ਨੇ ਕਿਹਾ ਕਿ ਉਹ ਭਵਿੱਖ ਦੀ ਰਣਨੀਤੀ ਬਾਰੇ ਆਪਣੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਕਰੇਗਾ।

ਉਧਰ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਦਾਰਾ ਸਿੰਘ ਚੌਹਾਨ ਦਾ ਪਾਰਟੀ ’ਚ ਆਉਣ ’ਤੇ ਸਵਾਗਤ ਕੀਤਾ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਚੌਹਾਨ ਨੂੰ ਅਸਤੀਫ਼ਾ ਨਾ ਦੇਣ ਬਾਰੇ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਜੇਕਰ ਪਰਿਵਾਰ ਦਾ ਕੋਈ ਮੈਂਬਰ ਭਟਕਦਾ ਹੈ ਤਾਂ ਇਸ ਨਾਲ ਦਰਦ ਜ਼ਰੂਰ ਹੁੰਦਾ ਹੈ। ‘ਮੈਂ ਸਤਿਕਾਰਤ ਆਗੂ ਨੂੰ ਸਿਰਫ਼ ਇੰਨਾ ਹੀ ਆਖਣਾ ਚਾਹੁੰਦਾ ਹਾਂ ਕਿ ਜੇਕਰ ਉਹ ਡੁੱਬਦੀ ਬੇੜੀ ’ਤੇ ਸਵਾਰ ਹੁੰਦਾ ਹੈ ਤਾਂ ਇਹ ਉਨ੍ਹਾਂ ਦਾ ਨੁਕਸਾਨ ਹੋਵੇਗਾ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜੀਠੀਆ ਵਕੀਲਾਂ ਸਣੇ ‘ਸਿਟ’ ਅੱਗੇ ਪੇਸ਼
Next articleਯੋਗੀ ਕੈਬਨਿਟ ’ਚੋਂ 18 ਮੰਤਰੀ 20 ਜਨਵਰੀ ਤੱਕ ਅਸਤੀਫ਼ੇ ਦੇਣਗੇ: ਰਾਜਭਰ