ਭਰੋਸਾ

ਜਗਸੀਰ ਸਿੰਘ ਝੁੰਬਾ

(ਸਮਾਜ ਵੀਕਲੀ)

ਗੱਲ 94- 95 ਦੀ ਆ ,ਮੈਂ +2 ਮੈਡੀਕਲ ਕਰਦੀ ਸੀ ,ਅਸੀਂ ਚਾਰ ਪੰਜ ਸਹੇਲੀਆਂ ਸਕੂਲ ਸਮੇਂ ਤੋਂ ਬਾਅਦ ਪੈਦਲ਼ ਘਰ ਆਉਂਦੀਆਂ, ਅਖੀਰ ਤੇ ਮੈਂ ਕੱਲੀ ਰਹਿ ਜਾਂਦੀ ,ਮੈਨੂੰ ਸੌ ਡੇਢ ਸੌ ਮੀਟਰ ਕੱਲੀ ਨੂੰ ਜਾਣਾ ਪੈਂਦਾ,ਹੋਇਆ ਕੀ ਬੀ ਸਾਡੇ ਨਾਲ਼ ਪੜ੍ਹਦਾ ਇੱਕ ਮੁੰਡਾ ਰੋਜ਼ਾਨਾ ਮੇਰਾ ਪਿੱਛਾ ਕਰਦਾ , ਜੇ ਮੈਂ ਪਿੱਛੇ ਝਾਕ ਲੈਂਦੀ ,ਜਾਂ ਤਾਂ ਰੁਕ ਜਾਂਦਾ ਜਾਂ ਪੁੱਠਾ ਮੁੜ ਪੈਂਦਾ । ਉਸ ਨੇ ਕਦੇ ਕੋਈ ਗ਼ਲਤ ਹਰਕਤ ਜਾਂ ਕੁਮੈਂਟ ਵੀ ਨਹੀਂ ਕੀਤਾ ਸੀ, ਲਿਹਾਜਾ ਮੈਂ ਕਦੇ ਕਿਸੇ ਨੂੰ ਇਸ ਬਾਰੇ ਦੱਸਿਆ ਵੀ ਨਹੀਂ । ਉਹ ਪੜ੍ਹਨ ਤੇ ਖੇਡਾਂ ਵਿੱਚ ਵੀ ਠੀਕ ਸੀ । ਜ਼ਿਆਦਾ ਬੋਲਦਾ ਨਹੀਂ ਸੀ ।

ਇੱਕ ਦਿਨ ਉਸਨੇ ਮੇਰੀ ਬਾਇਓ ਦੀ ਕਾਪੀ ਮੰਗ ਲਈ ,ਮੈਂ ਬਿਨਾਂ ਝਿਜਕੇ ਕਾਪੀ ਉਸ ਦੇ ਹੱਥ ਫੜਾ ਦਿੱਤੀ ,ਚਾਰ ਪੰਜ ਦਿਨਾਂ ਬਾਅਦ ਉਹ ਕਾਪੀ ਵਾਪਸ ਫੜਾ ਗਿਆ ,ਮੈਂ ਕਾਪੀ ਫੜ ਕੇ ਕਿਤਾਬਾਂ ਵਿੱਚ ਰੱਖ ਲਈ ,ਅੱਜ ਉਹ ਮੇਰੇ ਮਗਰ ਨਹੀਂ ਆਇਆ।

ਘਰ ਆ ਕੇ ਮੈਂ ਮਾਂ ਨਾਲ਼ ਕੰਮ ਕਰਾਉਣ ਲੱਗ ਗਈ ,ਜਦੋਂ ਰਾਤ ਨੂੰ ਮੈਂ ਪੜ੍ਹਨ ਬੈਠੀ ਤਾਂ ਮੈਨੂੰ ਬਾਇਓ ਦੀ ਕਾਪੀ ਵਿੱਚ ਇੱਕ ਲੈਟਰ ਮਿਲਿਆ , ਮੈ ਬਿਨਾਂ ਪੜ੍ਹੇ ਕਾਪੀ ਬੰਦ ਕਰ ਦਿੱਤੀ ,ਸਵੇਰੇ ਜਦੋਂ ਡੈਡੀ ਨਹਾ ਕੇ ਫਰੈੱਸ ਹੋ ਗਏ ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਉਹ ਕਾਪੀ ਵੀ ਫੜਾ ਦਿੱਤੀ । ਡੈਡੀ ਆਪਣੇ ਕਮਰੇ ਵਿੱਚ ਚਲੇ ਗਏ ,ਮੈਂ ਸਕੂਲ ਲਈ ਤਿਆਰ ਹੋਣ ਚਲੀ ਗਈ ।ਉਹਨਾਂ ਨੇ ਉਹ ਲੈਟਰ ਪੜ੍ਹਿਆ ,ਥੋੜ੍ਹੇ ਸਮੇਂ ਬਾਅਦ ਬਾਹਰ ਆਏ ਤੇ ਮੈਨੂੰ ਬੋਲੇ,

ਰਾਣਿਆ ,” ਪੁੱਤ ਅੱਜ ਮੈਂ ਤੇਰੇ ਸਕੂਲ ਆਵਾਂਗਾ, ਮੈਨੂੰ ਉਹ ਮੁੰਡਾ ਦਿਖਾਈ.!”

“ਠੀਕ ਆ ,ਡੈਡੀ।”

” ਡੈਡੀ ਬਾਰ੍ਹਾਂ ਕੁ ਵਜੇ ਸਕੂਲ ਆਏ ,ਸਾਡੇ ਸਾਰੇ ਪੀਰਡ ਲਗ ਗਏ ਸਨ , ਮੈਂ ਡੈਡੀ ਨੂੰ ਉਹ ਮੁੰਡਾ ਵਿਖਾ ਦਿੱਤਾ, ਡੈਡੀ ਉਸ ਕੋਲ਼ ਗਏ ਤੇ ਉਸ ਨੂੰ ਬੁਲਾ ਕੇ ਥੋੜ੍ਹਾ ਪਾਸੇ ਤੇ ਲੈ ਗਏ, ਉਹ ਦੋਵੇਂ ਜਣੇ ਅੱਧਾ – ਪੌਣਾ ਘੰਟਾ ਗੱਲਾਂ ਕਰੀ ਗਏ, ਮੈਨੂੰ ਨੀ ਪਤਾ ਉਹਨਾਂ ਨੇ ਕੀ ਗੱਲਾਂ ਕੀਤੀਆਂ ,ਡੈਡੀ ਵਾਪਸ ਆਏ ,ਮੇਰੇ ਵੱਲ ਵੇਖ ਕੇ ਮੁਸਕਰਾਏ ਤੇ ਵਾਪਸ ਚਲੇ ਗਏ ।

ਉਸ ਦਿਨ ਤੋਂ ਬਾਅਦ ਉਸ ਲੜਕੇ ਨੇ ਕਦੇ ਮੇਰਾ ਪਿੱਛਾ ਨਹੀਂ ਕੀਤਾ ਜੇ ਕਿਤੇ ਸਾਡਾ ਸਾਹਮਣਾ ਵੀ ਹੋ ਜਾਂਦਾ ਤਾਂ ਉਹ ਰਸਤਾ ਬਦਲ ਲੈਂਦਾ , ਫਿਰ ਉਸ ਨੂੰ ਮੈਂ ਕਦੇ ਕਲਾਸ ਤੋਂ ਬਾਅਦ ਬਾਹਰ ਕਿਤੇ ਨਹੀਂ ਵੇਖਿਆ..ਮੈਨੂੰ ਮਸ਼ੂਸ਼ ਹੁੰਦਾ ਵੀ ਮੈਂ ਐਂਵੇ ਈ ਸ਼ਿਕਾਇਤ ਲਾਈ।

ਪਤਾ ਨਹੀਂ ਡੈਡੀ ਕੀ ਕਹਿ ਗਏ ਇਸ ਨੂੰ , ਚਲੋ..,ਅਗਲ਼ੇ ਸਾਲ ਅਸੀਂ ਦੋਵੇਂ ਪੀ .ਐੱਮ .ਟੀ . ਕਲੀਅਰ ਕਰ ਗਏ । ਪਟਿਆਲ਼ੇ ਰਜਿੰਦਰਾ ਮੈਡੀਕਲ ਕਾੱਲਜ ਵਿੱਚ ਵੀ ਮੈਂ ਕਈ ਵਾਰ ਉਸਨੂੰ ਪੁੱਛਿਆ ਕਿ ਡੈਡੀ ਨੇ ਉਸ ਦਿਨ ਤੈਨੂੰ ਕੀ ਕਿਹਾ ਸੀ !,ਤੇ ,ਉਹ ਹਮੇਸ਼ਾਂ ਟਾਲ ਦਿੰਦਾ ..!
ਸਾਡੇ ਵਿਆਹ ਤੋਂ ਬਾਅਦ ਪਹਿਲੀ ਰਾਤ ਨੂੰ ਮੈਂ ਪਰਮ ਨੂੰ ਕਿਹਾ ,ਪਰਮ ਅੱਜ ਤਾਂ ਦੱਸ ਦੇ , ਉਹ ਮੁਸਕਰਾਏ ਤੇ ਜੇਤੂ ਯੋਧੇ ਵਾਂਗ ਲੰਮਾ ਹੌਕਾ ਲੈ ਕੇ ਬੋਲੇ,

” ਅਸਲ ਵਿੱਚ ਰਣਜੀਤ, ਉਸ ਗੱਲ ਨੂੰ ਦੱਸਣ ਦੇ ਮਾਇਨੇ ਈ ਅੱਜ ਸਾਕਾਰ ਹੋਏ ਹਨ ,ਉਸ ਦਿਨ ਤੇਰੇ ਪਾਪਾ ਨੇ ਮੈਨੂੰ ਪਾਸੇ ਤੇ ਬੁਲਾਇਆ ਤੇ ਬੜੇ ਸਲੀਕੇ ਨਾਲ਼ ਬੋਲੇ,

” ਰਾਣੋ ਨੂੰ ਪਸੰਦ ਕਰਦਾਂ ,ਵਿਆਹ ਕਰਾਉਣਾ ਚਾਹੁੰਨਾ..! ਝਿਜਕ ਨਾ , ਮੈਂ ਸਭ ਪੜ੍ਹ ਲਿਆ।”

ਮੈਂ ਕੁਝ ਨਹੀਂ ਬੋਲਿਆ , ਉਹ ਫਿਰ ਬੋਲੇ,

“ਏਹ ਉਮਰ ਥੋਡੀ ਪੜ੍ਹਨ ਦੀ ਤੇ ਕੁੱਝ ਬਣਨ ਦੀ ਹੈ, ਮੈਂ ਆਪਣੀ ਬੇਟੀ ਨੂੰ ਜਾਣਦਾ, ਉਹ ਮੈਥੋਂ ਕੋਈ ਗੱਲ ਲੁਕਾ ਕੇ ਨਹੀਂ ਰਖਦੀ ,ਇਸ ਲਈ ਇਹ ਗੱਲ ਤਾਂ ਭੁੱਲ ਜਾ ,ਬੇਟਾ ਵੀ ਕੋਈ ਗੱਲ ਮੈਥੋਂ ਲੁਕ ਕੋ ਹੋ ਜੂ..! ਹਾਂ ,ਮਿਹਨਤ ਕਰੋ ,ਕੁੱਝ ਬਣੋ ,ਫਿਰ ਮੈਨੂੰ ਸਭ ਮਨਜ਼ੂਰ ਹੈ,ਜੇ ਰਾਣੋ ਦੇ ਦਿਲ ਵਿੱਚ ਵੀ ਤੇਰੇ ਪ੍ਰਤੀ ਕੋਈ ਭਾਵਨਾ ਹੋਈ ,ਮੈਨੂੰ ਸਭ ਮਨਜ਼ੂਰ ਹੈ, ਮੈਂ ਜਾਤ-ਪਾਤ ਨਹੀਂ ਮੰਨਦਾ..! ਕੁੱਝ ਬਣ ਕੇ ਵਖਾ ਬੇਟਾ,।”

ਏਨਾ ਕਹਿ ਕੇ ਉਹਨਾਂ ਨੇ ਮੇਰਾ ਮੋਢਾ ਥਪਥਪਾਇਆ ਤੇ ਚਲੇ ਗਏ..!

ਉਹਨਾਂ ਦੇ ਸ਼ਬਦਾਂ ਨੇ ਮੈਨੂੰ ਇੱਕ ਨਵੀਂ ਊਰਜਾ ਦਿੱਤੀ….

,ਰਣਜੀਤ, ਤੇਰੇ ਡੈਡ ਸੱਚਮੁੱਚ ਹੀ ਦੁਨੀਆਂ ਦੇ ਮਹਾਨ ਬਾਪ ਤੇ ਕਾਬਲ ਇਨਸਾਨ ਹਨ, ਤੂੰ ਉਹਨਾਂ ਦਾ ਭਰੋਸਾ ਬਰਕਰਾਰ ਰੱਖਿਆ ਤੇ ਉਹਨਾਂ ਨੇ ਉਸ ਦਿਨ ਮੈਨੂੰ ਅਜਿਹਾ ਸਬਕ ਦਿੱਤਾ ਕਿ ਅੱਜ ਆਪਾਂ ਦੋਵੇਂ ਇੱਕ ਹਾਂ ਤੇ ਕਾਮਯਾਬ ਹਾਂ..!

ਪਰਮ ਦੀ ਗੱਲ ਸੁਣ ਕੇ ਮੈਂ ਭਾਵੁਕ ਹੋ ਗਈ ,ਸੱਚੀਂ ਮੇਰੇ ਪਾਪਾ ਕਿੱਡੇ ਵੱਡੇ ਦਿਲ ਦੇ ਤੇ ਸਪੈਸ਼ਲ ਹਨ , ਜੇ ਉਹ ਆਮ ਪਾਪਾ ਹੁੰਦੇ ਤਾਂ ਜ਼ਰੂਰ ਹੀ ਉਹ ਲੈਟਰ ਪੜ੍ਹ ਕੇ ਭੜਕ ਜਾਂਦੇ ,ਖ਼ਾਨਦਾਨ ਦੀ ਇੱਜਤ ਤੇ ਅਖੌਤੀ ਅਣਖ ਖਾਤਰ ਸਕੂਲ ਵਿੱਚ ਤੇਰੇ ਨਾਲ਼ ਮਾਰ-ਕੁੱਟ ਕਰਦੇ ਤੇ ਮੈਨੂੰ ਸਦਾ ਲਈ ਸਕੂਲੋਂ ਹਟਾ ਲੈਂਦੇ ,ਪਰ ਮੈਂ ਉਹਨਾਂ ਦਾ ਭਰੋਸਾ ਰੱਖਿਆ ਤੇ ਉਹਨਾਂ ਨੇ ਸੱਚੀਂ ਮੈਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ …ਸ਼ੁਕਰੀਆ ਪਾਪਾ…!

ਜਗਸੀਰ ਸਿੰਘ ‘ਝੁੰਬਾ’
95014-33344

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਲੋਂ ਪੰਜਾ਼ਬ ਦਾ ਪਾਰਟੀ ਪ੍ਰਧਾਨ ਬਣਨ ਤੇ ਲਖ ਲਖ ਵਧਾਈਆਂ ਮਹਿੰਦਰ ਸਿੰਘ ਗਿਲਜੀਆਂ ਯੂ ਐੱਸ ੲੇ।
Next articleਪੰਜਾਬ ਦੇ ਮੁੱਦੇ