ਟੋਕੀਓ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼ ਅੱਜ

ਚੰਡੀਗੜ੍ਹ (ਸਮਾਜ ਵੀਕਲੀ) : ਟੋਕੀਓ ਦੇ ਆਲੀਸ਼ਾਨ ਨੈਸ਼ਨਲ ਸਟੇਡੀਅਮ ਵਿੱਚ ਭਲਕੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ) ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਗਮ ਸ਼ੁਰੂ ਹੋਵੇਗਾ। ਇਸ ਸਾਲ 25 ਮਾਰਚ ਨੂੰ ਯੂਨਾਨ ਦੇ ਸ਼ਹਿਰ ਓਲਿੰਪੀਆ ਦੇ ਖੰਡਰਾਂ ’ਚੋਂ ਜਗਾਈ ਮਸ਼ਾਲ ਟੋਕੀਓ ਪੁੱਜ ਗਈ ਹੈ। ਇਸ ਨਾਲ 32ਵੀਆਂ ਓਲੰਪਿਕ ਖੇਡਾਂ ਦੀ ਜੋਤ ਜਗਾਈ ਜਾਵੇਗੀ, ਜੋ ਖੇਡਾਂ ਦੌਰਾਨ 8 ਅਗਸਤ ਤਕ ਦਿਨ-ਰਾਤ ਜਗਦੀ ਰਹੇਗੀ। ਓਲੰਪਿਕ ਮਸ਼ਾਲ ਨੂੰ ਅਨੇਕਾਂ ਖਿਡਾਰੀ ਹੱਥੋ-ਹੱਥੀਂ ਓਲੰਪਿਕ ਖੇਡਾਂ ਦੇ ਸ਼ਹਿਰ ਲਿਆਉਂਦੇ ਹਨ। ਉਂਜ ਟੋਕੀਓ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਨੇ ਅਜੇ ਤੱਕ ਇਹ ਭੇਤ ਰੱਖਿਆ ਹੈ ਕਿ ਕਿਹੜਾ ਖਿਡਾਰੀ ਤੇ ਕਿਹੜੀ ਖਿਡਾਰਨ ਰਲ ਕੇ ਓਲਿੰਪੀਆ ਤੋਂ ਲਿਆਂਦੀ ਮਸ਼ਾਲ ਨਾਲ ਜੋਤ ਜਗਾਉਣਗੇ।

ਖੇਡ ਜਗਤ ਦੀਆਂ ਨਜ਼ਰਾਂ ਟੋਕੀਓ ਦੇ ਸ਼ਾਨਦਾਰ ਨੈਸ਼ਨਲ ਸਟੇਡੀਅਮ ’ਤੇ ਟਿਕੀਆਂ ਰਹਿਣਗੀਆਂ ਜਿਸ ਦੇ ਨਜ਼ਾਰੇ ਟੀਵੀ ਚੈਨਲਾਂ ਰਾਹੀਂ ਵਿਸ਼ਵ ਭਰ ਵਿੱਚ ਵਿਖਾਏ ਜਾਣਗੇ। ਦੋ ਸੌ ਤੋਂ ਵੱਧ ਮੁਲਕਾਂ ਦੇ ਚੋਟੀ ਦੇ ਖਿਡਾਰੀ ਮਾਰਚ ਪਾਸਟ ਕਰਨਗੇ। ਟੋਕੀਓ ਦੇ ਸਮੇਂ ਅਨੁਸਾਰ ਉਦਘਾਟਨੀ ਸਮਾਰੋਹ ਅੱਧੀ ਰਾਤ ਨੂੰ ਸਮਾਪਤ ਹੋਵੇਗਾ। ਭਾਰਤੀ ਦਲ ਦੇ ਝੰਡਾਬਰਦਾਰ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਤੇ ਮੁੱਕੇਬਾਜ਼ ਮੈਰੀ ਕਾਮ ਹੋਣਗੇ। ਅੰਦਾਜ਼ਾ ਹੈ ਕਿ ਦੋ ਅਰਬ ਤੋਂ ਵੱਧ ਲੋਕ ਉਦਘਾਟਨੀ ਸਮਾਗਮ ਤੇ ਖੇਡਾਂ ਨੂੰ ਇੰਟਰਨੈੱਟ ਰਾਹੀਂ ਵੇਖਣਗੇ। ਓਲੰਪਿਕ ਖੇਡਾਂ ਵਿਚ ਜਿੱਤਣ ਲਈ ਤਗ਼ਮਿਆਂ ਦੇ 339 ਸੈੱਟ ਹਨ, ਭਾਵ ਇਕ ਹਜ਼ਾਰ ਤੋਂ ਵੱਧ ਤਗ਼ਮੇ। ਭਾਰਤੀ ਖਿਡਾਰੀ ਉਨ੍ਹਾਂ ਵਿੱਚੋਂ ਜੇਕਰ 10-12 ਤਗ਼ਮੇ ਵੀ ਜਿੱਤ ਗਏ ਤਾਂ ਵੱਡੀ ਪ੍ਰਾਪਤੀ ਮੰਨੀ ਜਾਵੇਗੀ। 8 ਅਗਸਤ ਤੱਕ ਲਗਾਤਾਰ ਖੇਡ ਮੁਕਾਬਲੇ ਚੱਲਣਗੇ ਤੇ ਹਰ ਰੋਜ਼ ਜਿੱਤਾਂ ਹਾਰਾਂ ਦੀਆਂ ਗੱਲਾਂ ਹੋਣਗੀਆਂ। ਭਾਰਤੀ ਖੇਡ ਅਧਿਕਾਰੀਆਂ ਦੀਆਂ ਆਸਾਂ ਵੱਡੀਆਂ ਹਨ। ਉਨ੍ਹਾਂ ਦੇ ਅਨੁਮਾਨ ਅਨੁਸਾਰ ਐਤਕੀਂ ਭਾਰਤੀ ਖਿਡਾਰੀ 10 ਸੋਨੇ, 5 ਚਾਂਦੀ ਤੇ 5 ਕਾਂਸੀ ਦੇ ਤਗ਼ਮੇ ਜਿੱਤ ਸਕਦੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਭਾਸਕਰ ਦੀ ਸੱਚੀ ਪੱਤਰਕਾਰੀ ਤੋਂ ਡਰ ਗਈ ਹੈ ਸਰਕਾਰ’
Next articleਕੇਂਦਰੀ ਚੀਨ ’ਚ ਹੜ੍ਹਾਂ ਕਾਰਨ 13 ਮੌਤਾਂ, ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ