ਟੌਫੀ

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਊਂ…..!ਊਂ….!ਊਂ….!ਇੱਕ ਦਿਮਾਗ਼ੀ ਤੌਰ ਤੇ ਪਾਗਲ਼ ਕੁੜੀ ਸਕੂਲ ਵਿੱਚ ਪ੍ਰਿੰਸੀਪਲ ਮੈਡਮ ਦੇ ਦਫ਼ਤਰ ਮੂਹਰੇ ਖੜੀ ਟੌਫੀ ਮੰਗ ਰਹੀ ਸੀ। ਸ਼ਾਇਦ ਉਹ ਕਿਸੇ ਬੱਚੇ ਦੇ ਨਾਲ਼ ਆ ਗਈ ਸੀ।

ਠੀਕ ਹੈ ! ਠੀਕ ਹੈ ਬੇਟਾ! ਰੋਣਾ ਨਹੀਂ। ਆਹ ਲੈ ਦੋ ਟੌਫੀਆਂ….. ਠੀਕ ਹੈ….? ਖੁਸ਼…..? ਪ੍ਰਿੰਸੀਪਲ ਮੈਡਮ ਨੇ ਉਸਨੂੰ ਦੋ ਟੌਫੀਆਂ ਫੜਾਉਂਦੇ ਹੋਏ ਕਿਹਾ।

ਆਹਾ…! ਆਹਾ….! ਦੋ ਟੌਫੀਆਂ….! ਟੱਪਦੀ ਤੇ ਰੌਲ਼ਾ ਪਾਉਂਦੀ ਉਹ ਪਾਗ਼ਲ ਕੁੜੀ ਚਲੀ ਗਈ।

ਹੁਣ ਉਹ ਅਕਸਰ ਟੌਫੀਆਂ ਲੈਣ ਮੈਡਮ ਕੋਲ਼ ਆ ਜਾਂਦੀ ਤੇ ਮੈਡਮ ਵੀ ਉਹਦੇ ਲਈ ਟੌਫੀਆਂ ਮੰਗਵਾ ਕੇ ਰੱਖਦੇ ਤੇ ਬੜੇ ਪਿਆਰ ਨਾਲ਼ ਉਹਨੂੰ ਦਿੰਦੇ।
ਇੱਕ ਦਿਨ ਜਦੋਂ ਉਹ ਕੁੜੀ ਪ੍ਰਿੰਸੀਪਲ ਮੈਡਮ ਦੇ ਦਫ਼ਤਰ ਪਹੁੰਚੀ ਤਾਂ ਉੱਥੇ ਮੈਡਮ ਨਹੀਂ ਸਨ ਉੱਥੇ ਕੋਈ ਨਵੇਂ ਪ੍ਰਿੰਸੀਪਲ ਆ ਗਏ ਸਨ। ਕੁੜੀ ਨੇ ਆਪਣੀ ਆਦਤ ਮੁਤਾਬਿਕ ਟੌਫੀ ਮੰਗੀ।

ਚੱਲ…. ਚੱਲ….! ਨਿੱਕਲ ਇੱਥੋਂ,ਨਵੇਂ ਪ੍ਰਿੰਸੀਪਲ ਨੇ ਝਿੜਕ ਕੇ ਉਹਨੂੰ ਦਫ਼ਤਰ ‘ਚੋਂ ਬਾਹਰ ਕੱਢ ਦਿੱਤਾ ਤੇ ਚਪੜਾਸੀ ਨੂੰ ਬੁਲਾ ਕੇ ਕਿਹਾ ਕਿ ਅੱਗੇ ਤੋਂ ਇਹ ਪਾਗ਼ਲ ਕੁੜੀ ਅੰਦਰ ਨਾ ਆਵੇ।

ਕੁੜੀ ਹੈਰਾਨ ਪਰੇਸ਼ਾਨ ਰੋਂਦੀ ਰੋਂਦੀ ਬਾਹਰ ਚਲੀ ਗਈ।

ਓਹੀ ਸਕੂਲ, ਓਹੀ ਦਫ਼ਤਰ, ਓਹੀ ਕੁਰਸੀ, ਪਰ ਇਨਸਾਨ ਬਦਲ ਗਿਆ ਸੀ ਬੱਸ। ਇੱਕ ਨੂੰ ਲੱਗਦਾ ਸੀ ਕਿ ਕੁੜੀ ਇੱਕ ਟੌਫੀ ਨਾਲ਼ ਖੁਸ਼ ਹੋ ਜਾਂਦੀ ਹੈ ਤੇ ਦੂਜੇ ਨੂੰ ਲੱਗਿਆ ਕਿ ਪਾਗ਼ਲ ਲਈ ਟੌਫੀ ਕਿਉਂ ਖ਼ਰਾਬ ਕਰਨੀਂ ਭਲਾ?

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਿਵਸ ਕਿ ਅਧਿਆਪਕ ਅਪਮਾਨ ਦਿਵਸ !!
Next articleਰੱਬਾ ਰੱਬਾ……