ਹਰਿਦੁਆਰ ਤੋਂ ਪਰਤ ਰਹੇ ਸ਼ਰਧਾਲੂਆਂ ਦਾ ਵਾਹਨ ਖੱਡ ਵਿੱਚ ਡਿੱਗਿਆ; 10 ਹਲਾਕ, ਸੱਤ ਜ਼ਖ਼ਮੀ

ਪੀਲੀਭੀਤ (ਉੱਤਰ ਪ੍ਰਦੇਸ਼) (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਗਜਰੌਲਾ ਇਲਾਕੇ ਵਿੱਚ ਵੀਰਵਾਰ ਸਵੇਰੇ ਸ਼ਰਧਾਲੂਆਂ ਨਾਲ ਭਰਿਆ ਇੱਕ ਵਾਹਨ ਸੜਕ ਕਿਨਾਰੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਦੋ ਬੱਚਿਆਂ ਸਮੇਤ ਦਸ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦ ਕਿ ਸੱਤ ਹੋਰ ਜ਼ਖ਼ਮੀ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਹਨ ਵਿੱਚ 17 ਸ਼ਰਧਾਲੂ ਸਵਾਰ ਸਨ ਅਤੇ ਇਹ ਸ਼ਰਧਾਲੂ ਹਰਿਦੁਆਰ ਤੋਂ ਪਰਤ ਰਹੇ ਸਨ।

ਵਾਹਨ ਜਦੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਨੇੜੇ ਪੁੱਜਿਆ ਤਾਂ ਇਹ ਲਖਨਊ ਕੌਮੀ ਮਾਰਗ ਕੋਲ ਸਵੇਰੇ ਕਰੀਬ ਚਾਰ ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲੀਸ ਅਨੁਸਾਰ ਹਾਦਸੇ ਦੌਰਾਨ ਅੱਠ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਦੋ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ।

ਜ਼ਖ਼ਮੀਆਂ ਵਿੱਚੋਂ ਤਿੰਨ ਨੂੰ ਜ਼ਿਲ੍ਹਾ ਹਸਪਤਾਲ ਤੋਂ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਲਕਸ਼ਮੀ (28), ਰਚਨਾ (28), ਸਰਲਾ ਦੇਵੀ (60), ਹਰੇਸ਼ (16), ਖੁਸ਼ੀ (2), ਸੁਸ਼ਾਂਤ (14), ਆਨੰਦ (3), ਲਾਲਮਨ (65), ਸ਼ਾਮਸੁੰਦਰ (55) ਅਤੇ ਡਰਾਈਵਰ ਦਿਲਸ਼ਾਦ (35) ਵਜੋਂ ਹੋਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly