ਸ਼ਬਦਾਂ ਰਾਹੀਂ ਬਣੇ ਰਿਸ਼ਤੇ ਦੀ ਕਥਾ

ਸੁਖਦੇਵ ਸਿੰਘ

(ਸਮਾਜ ਵੀਕਲੀ)

ਅਖ਼ਬਾਰ ਵਿੱਚ ਜਦੋ ਮੇਰਾ ਪਹਿਲਾ ਲੇਖ ਛਪਿਆ, ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਜ਼ਿਆਦਾ ਖ਼ੁਸ਼ ਇਸ ਕਰਕੇ ਸੀ ਕਿ ਮੇਰਾ ਪਹਿਲਾ ਲੇਖ ਮੇਰੇ ਉਸ ਪਿੰਡ ਬਾਰੇ ਸੀ ਜਿਸ ਪਿੰਡ ਦੀਆਂ ਗਲੀਆਂ ਵਿੱਚ ਮੈਂ ਬਚਪਨ ਬਿਤਾਇਆ ਸੀ। ਸੱਚ ਦੱਸਾਂ ਤਾਂ ਲੇਖ ਵਿੱਚ ਲਿਖਿਆ ਹਰ ਸ਼ਬਦ ਮੈਨੂੰ ਪਿੰਡ ਦੀ ਹੀ ਦੇਣ ਸੀ। ਕਿਉਂਕਿ ਮੈਂ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਿਆ ਸਾਂ। ਬਚਪਨ ਵਾਲੀ ਤੋਤਲੀ ਬੋਲੀ ਤੋਂ ਲੈ ਕੇ ਸੂਝ ਭਰੀਆਂ ਗੱਲਾਂ ਤੱਕ ਦੇ ਸਫ਼ਰ ਦਾ ਪਿੰਡ ਗਵਾਹ ਸੀ। ਉਂਜ ਮੈਂ ਵੀ ਉਨ੍ਹਾਂ ਦੀਵਾਨਿਆਂ ਵਰਗਾ ਹੀ ਹਾਂ ਜਿਨ੍ਹਾਂ ਲਈ ਕਿਸੇ ਕਲਮਕਾਰ ਨੇ ਇਹ ਗੱਲ ਲਿਖੀ ਗਈ ਹੋਵੇਗੀ ਕਿ ‘ਬੰਦਾ ਭਾਵੇਂ ਪਿੰਡ ਵਿੱਚੋਂ ਕੱਢ ਦਿੱਤਾ ਜਾਵੇ, ਪਰ ਬੰਦੇ ਵਿੱਚੋਂ ਪਿੰਡ ਕਦੇ ਨਹੀਂ ਨਿਕਲਦਾ’।

ਅਖ਼ਬਾਰ ਵਿੱਚ ਛਪੇ ਮੇਰੇ ਲੇਖ ਬਾਬਤ ਉਸ ਵਕਤ ਮੈਨੂੰ ਤਕਰੀਬਨ ਪੰਜਾਹ ਦੇ ਕਰੀਬ ਫ਼ੋਨ ਆਏ ਸਨ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਮੇਰੀ ਛੋਟੀ ਉਮਰ ਨੂੰ ਜਾਣ ਕੇ, ਚੰਗਾ ਲਿਖਣ ਦੀ ਤਾਰੀਫ਼ ਕਰਦਿਆਂ ਦੁਆਵਾਂ ਦਿੱਤੀਆਂ ਸਨ। ਪਰ ਇੱਕ ਇਨਸਾਨ, ਜਿਸ ਨੇ ਆਪਣਾ ਪਤਾ ਲੁਧਿਆਣੇ ਦਾ ਦੱਸਿਆ ਸੀ, ਨੇ ਬੜੀ ਹੀ ਅਪਣੱਤ ਨਾਲ ਗੱਲਬਾਤ ਕਰਦਿਆਂ ਮੇਰੇ ਬਾਰੇ ਬਹੁਤ ਕੁਝ ਪੁੱਛਿਆ ਸੀ। ਮੈਂ ਵੀ ਉਸ ਨਾਲ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਸਨ ਕਿਉਂਕਿ ਉਹ ਮੈਨੂੰ ਆਵਾਜ਼ ਤੋਂ ਮੇਰੇ ਦਾਦਾ ਜੀ ਵਰਗਾ ਲੱਗਿਆ ਜੋ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ। ਮੈਂ ਉਸ ਨਾਲ ਜਿੱਥੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ, ਉੱਥੇ ਹੀ ਜਦੋਂ ਉਸ ਨੇ ਪਰਿਵਾਰ ਬਾਰੇ ਪੁੱਛਿਆ ਤਾਂ ਸਾਡੀ ਇਹ ਗੱਲ ਵੀ ਸਾਂਝੀ ਹੋ ਗਈ ਕਿ ਮੇਰਾ ਅਗਲੇ ਮਹੀਨੇ ਵਿਆਹ ਹੈ।

ਉਸ ਨੇ ਹੱਸਦਿਆਂ ਕਿਹਾ, ‘‘ਲੈ ਭਾਈ ਹਰਜੀਤ, ਤੂੰ ਸਾਨੂੰ ਡਾਕ ਰਾਹੀਂ ਵਿਆਹ ਦੇ ਲੱਡੂ ਭੇਜ ਦੇਵੀਂ। ਅਸੀਂ ਤੈਨੂੰ ਹੁਣ ਹੀ ਵਿਆਹੁਤਾ ਜੀਵਨ ਲਈ ਦੁਆਵਾਂ ਦੇ ਦਿੰਦੇ ਹਾਂ।’’ ਉਸ ਇਨਸਾਨ ਦੀਆਂ ਅਜਿਹੀਆਂ ਅਪਣੱਤ ਭਰੀਆਂ ਗੱਲਾਂ ਕਰਕੇ ਹੀ ਮੈਂ ਉਸ ਨਾਲ ਮਨ ਹੀ ਮਨ ਵਿੱਚ ਇੱਕ ਰਿਸ਼ਤਾ ਜਿਹਾ ਉਸਾਰ ਲਿਆ। ਮੈਂ ਸੋਚ ਰਿਹਾ ਸੀ ਕਿ ਦਾਦਾ ਜੀ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਹਨ, ਪਰ ਉਨ੍ਹਾਂ ਵਰਗੀਆਂ ਗੱਲਾਂ ਮੈਂ ਜ਼ਰੂਰ ਇਸ ਇਨਸਾਨ ਨਾਲ ਕਰ ਸਕਦਾ ਹਾਂ। ਇਨਸਾਨੀ ਸੁਭਾਅ ਵਿੱਚ ਇਹ ਗੱਲ ਵੀ ਕੁਦਰਤੀ ਹੈ ਕਿ ਇਸ ਕੋਲ ਜੋ ਨਹੀਂ ਹੁੰਦਾ ਸਦਾ ਉਸ ਦੀ ਹੀ ਭਾਲ ਵਿੱਚ ਰਹਿੰਦਾ ਹੈ।

ਤੈਅ ਸਮੇਂ ਅਨੁਸਾਰ ਮੇਰਾ ਵਿਆਹ ਵੀ ਆ ਗਿਆ। ਜਦੋਂ ਅਸੀਂ ਵਿਆਹ ਦੇ ਕਾਰਡ ਵੰਡ ਰਹੇ ਸੀ ਤਾਂ ਮੈਂ ਇੱਕ ਕਾਰਡ ਅਤੇ ਲੱਡੂਆਂ ਦਾ ਡੱਬਾ, ਇਸ ਨਵੇਂ ਬਣੇ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਦਿਆਂ ਡਾਕ ਰਾਹੀਂ ਭੇਜ ਦਿੱਤਾ। ਲੱਡੂ ਮਿਲਦਿਆਂ ਹੀ ਉਸ ਦਾ ਫ਼ੋਨ ਵੀ ਆਇਆ। ਉਸ ਨੇ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਅਤੇ ਇਹ ਵਾਅਦਾ ਵੀ ਕੀਤਾ ਕਿ ਜਦੋਂ ਕਦੇ ਉਹ ਮੀਆਂ ਬੀਵੀ ਸੰਗਰੂਰ ਆਏ ਮੈਨੂੰ ਜ਼ਰੂਰ ਮਿਲ ਕੇ ਜਾਣਗੇ। ਜ਼ਾਹਿਰ ਹੈ ਕਿ ਉਸ ਨੇ ਮੇਰੇ ਬਾਰੇ ਆਪਣੀ ਹਮਸਫ਼ਰ ਨਾਲ ਵੀ ਗੱਲ ਸਾਂਝੀ ਕੀਤੀ ਹੋਈ ਸੀ। ਮੈਂ ਵੀ ਇਸ ਰਿਸ਼ਤੇ ਬਾਰੇ ਉਸ ਵਕਤ ਆਪਣੀ ਹੋਣ ਵਾਲੀ ਪਤਨੀ ਅਤੇ ਪਰਿਵਾਰ ਵਾਲਿਆਂ ਨੂੰ ਵੀ ਦੱਸਿਆ ਹੋਇਆ ਸੀ।

ਵਿਆਹ ਮਗਰੋਂ ਮੇਰੀ ਪਤਨੀ ਨੂਰ ਨੂੰ ਮੇਰਾ ਅਖ਼ਬਾਰਾਂ ਵਿੱਚ ਛਪਣਾ ਬਹੁਤ ਚੰਗਾ ਲੱਗਿਆ। ਉਸ ਨੇ ਵੀ ਇਸ ਰਾਹ ਤੁਰਨ ਦੀ ਸੋਚੀ ਜਿਸ ਕਾਰਨ ਉਸ ਨੇ ਪਹਿਲਾਂ ਅਖ਼ਬਾਰ ਪੜ੍ਹਨੇ ਸ਼ੁਰੂ ਕੀਤੇ ਅਤੇ ਫਿਰ ਹੌਲੀ-ਹੌਲੀ ਅਖ਼ਬਾਰ ਨੂੰ ਲੇਖ ਭੇਜਣੇ ਸ਼ੁਰੂ ਕਰ ਦਿੱਤੇ। ਥੋੜ੍ਹੇ ਹੀ ਸਮੇਂ ਬਾਅਦ ਉਸ ਦੇ ਲੇਖ ਛਪਣੇ ਸ਼ੁਰੂ ਹੋ ਗਏ। ਉਸ ਦੀਆਂ ਲਿਖਤਾਂ ਅਖ਼ਬਾਰਾਂ ਵਿੱਚ ਛਪਣ ਦੀ ਮੈਨੂੰ ਆਪਣੇ ਛਪਣ ਤੋਂ ਵੀ ਜ਼ਿਆਦਾ ਖ਼ੁਸ਼ੀ ਹੋਈ। ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹ ਕਿਸੇ ਵੀ ਤਰੀਕੇ ਨਾਲ ਸ਼ਬਦਾਂ ਨਾਲ ਜ਼ਰੂਰ ਜੁੜੇ।

ਇਸ ਦੌਰਾਨ ਅਸੀਂ ਦੋਵੇਂ ਵਿਆਹੁਤਾ ਜੀਵਨ ਵਿੱਚ ਉਲਝੇ ਗਏ। ਹਾਲਾਂਕਿ ਮੈਂ ਕਲਮ ਜ਼ਰੀਏ ਬਣੇ ਉਸ ਰਿਸ਼ਤੇ ਨੂੰ ਕਦੇ-ਕਦੇ ਯਾਦ ਜ਼ਰੂਰ ਕਰਦਾ ਸੀ, ਪਰ ਮੇਰੇ ਕੋਲੋਂ ਉਸ ਇਨਸਾਨ ਦਾ ਨੰਬਰ ਗੁੰਮ ਹੋ ਜਾਣ ਕਾਰਨ ਸਾਡੀ ਦੁਬਾਰਾ ਗੱਲ ਨਹੀਂ ਹੋ ਸਕੀ।

ਕੁਝ ਦਿਨ ਪਹਿਲਾਂ ਜਦੋਂ ਨੂਰ ਦਾ ਪਹਿਲਾ (ਮਿਡਲ) ਲੇਖ ਇਸ ਅਖ਼ਬਾਰ ਵਿੱਚ ਛਪਿਆ ਤਾਂ ਜਿੱਥੇ ਉਸ ਨੂੰ ਹੋਰ ਫ਼ੋਨ ਆਏ ਉੱਥੇ ਹੀ ਉਸ ਇਨਸਾਨ ਦਾ ਵੀ ਫ਼ੋਨ ਆਇਆ। ਕੁਦਰਤੀ ਉਸ ਵਕਤ ਫ਼ੋਨ ਮੈਂ ਹੀ ਚੁੱਕਿਆ। ਜਦੋਂ ਉਹ ਗੱਲ ਕਰ ਰਿਹਾ ਸੀ ਤਾਂ ਮੈਨੂੰ ਕੁਝ ਅਪਣੱਤ ਜਿਹੀ ਮਹਿਸੂਸ ਹੋਈ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ? ਜਦੋਂ ਉਸ ਨੇ ਆਪਣਾ ਨਾਂ ਪਤਾ ਦੱਸਿਆ ਤਾਂ ਮੈਂ ਉਸ ਨੂੰ ਯਾਦ ਕਰਵਾਇਆ ਕਿ ਮੈਂ ਉਹ ਹੀ ਬੋਲ ਰਿਹਾ ਹਾਂ ਜਿਸ ਨੂੰ ਤੁਸੀਂ ਅੱਜ ਤੋਂ ਤਕਰੀਬਨ ਪੰਜ ਸਾਲ ਪਹਿਲਾਂ ਲੇਖ ਪੜ੍ਹ ਕੇ ਫ਼ੋਨ ਕੀਤਾ ਸੀ। ਉਸ ਨੂੰ ਮੇਰੇ ਬਾਰੇ ਕੁਝ ਧੁੰਦਲਾ-ਧੁੰਦਲਾ ਹੀ ਯਾਦ ਸੀ।

ਇਸ ਦੌਰਾਨ ਹੀ ਉਸ ਦੀ ਹਮਸਫ਼ਰ ਵੀ ਉਸ ਕੋਲ ਬੈਠੀ ਸਾਡੀਆਂ ਗੱਲਾਂ ਸੁਣ ਰਹੀ ਸੀ। ਮੈਂ ਹੈਰਾਨ ਹੋਇਆ ਕਿ ਉਨ੍ਹਾਂ ਨੇ ਪਿੱਛੋਂ ਬੋਲਦਿਆਂ ਮੇਰਾ ਨਾਂ ਲਿਆ ਅਤੇ ਕਿਹਾ ਕਿ ‘‘ਹਾਂ ਤੇਰੇ ਖਵਾਏ ਲੱਡੂ ਸਾਨੂੰ ਯਾਦ ਹਨ।’’ ਇਹ ਮੇਰੇ ਲਈ ਬਹੁਤ ਖ਼ੁਸ਼ੀ ਦਾ ਪਲ ਸੀ। ਮੈਨੂੰ ਮਹਿਸੂਸ ਹੋਇਆ ਜਿਵੇਂ ਮੈਨੂੰ ਬਹੁਤ ਕੀਮਤੀ ਖ਼ਜ਼ਾਨਾ ਲੱਭ ਗਿਆ ਹੋਵੇ। ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੈਂ ਉਨ੍ਹਾਂ ਦੋਵਾਂ ਨਾਲ ਮੇਰੇ ਘਰ ਪੁੱਤਰ ਹੋਣ ਦੀ ਖ਼ੁਸ਼ੀ ਵੀ ਸਾਂਝੀ ਕੀਤੀ। ਉਹ ਸੁਣ ਕੇ ਬਹੁਤ ਖ਼ੁਸ਼ ਹੋਏ। ਉਨ੍ਹਾਂ ਦੋਵਾਂ ਨੇ ਹੱਸਦਿਆਂ ਇਸ ਖ਼ੁਸ਼ੀ ਲਈ ਵੀ ਮੂੰਹ ਮਿੱਠਾ ਕਰਵਾਉਣ ਦੀ ਮੰਗ ਰੱਖੀ। ਮੈਂ ਵੀ ਜ਼ਿੰਮੇਵਾਰੀ ਭਰੇ ਕੰਮ ਵਾਂਗ ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਹੋਰ ਬਹੁਤ ਸਾਰੀਆਂ ਗੱਲਾਂ ਕਰਨ ਬਾਅਦ ਅਸੀਂ ਦੋਵਾਂ ਨੇ ਫ਼ੋਨ ਕੱਟ ਦਿੱਤਾ।

ਗੱਲ ਕਰਨ ਤੋਂ ਬਾਅਦ ਮੈਂ ਸੋਚ ਰਿਹਾ ਸੀ ਕਿ ਸੱਚਮੁੱਚ ਇਹ ਕੀਮਤੀ ਖ਼ਜ਼ਾਨਾ ਹੀ ਤਾਂ ਹੈ। ਸੱਚਮੁੱਚ ਰਿਸ਼ਤਿਆਂ ਤੋਂ ਵੱਡਾ ਕੋਈ ਖ਼ਜ਼ਾਨਾ ਹੋ ਵੀ ਨਹੀਂ ਸਕਦਾ। ਰਿਸ਼ਤਾ ਕਦੇ ਵੀ ਕਿਸੇ ਦੌਲਤ ਜਾਂ ਡਰ ਦੇ ਜ਼ੋਰ ’ਤੇ ਨਹੀਂ ਜੋੜਿਆ ਜਾਂ ਨਿਭਾਇਆ ਨਹੀਂ ਜਾ ਸਕਦਾ, ਹਾਂ ਮਜਬੂਰੀਵੱਸ ਰਿਸ਼ਤਿਆਂ ਅੰਦਰ ਸੌਦੇਬਾਜ਼ੀਆਂ ਜ਼ਰੂਰ ਹੋਣ ਲੱਗ ਪਈਆਂ ਹਨ। ਅਜੋਕੇ ਸਮੇਂ ਦੀ ਨਿਘਾਰ ਭਰੀ ਸਥਿਤੀ ਵਿੱਚ ਰਿਸ਼ਤੇ ਬਚਾਉਣ ਅਤੇ ਨਿਭਾਉਣ ਦੀ ਸਖ਼ਤ ਲੋੜ ਹੈ।

ਸੁਖਦੇਵ ਸਿੰਘ

ਸੰਪਰਕ: 0091 62830 11456

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਾਮ
Next articleਐਸ.ਡੀ. ਕਾਲਜੀਏਟ ਸਕੂਲ ‘ਚ ਨਸ਼ਿਆਂ ਵਿਰੁੱਧ ਸਮਾਗਮ