ਤਾਲਿਬਾਨ ਕਾਰਨ ਦੱਖਣੀ ਏਸ਼ੀਆ ਦੇ ਹਾਲਾਤ ਖ਼ਤਰਨਾਕ: ਮੈਕਮਾਸਟਰ

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜਨਰਲ ਐੱਚ ਆਰ ਮੈਕਮਾਸਟਰ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਕਾਰਨ ਦੱਖਣੀ ਏਸ਼ੀਆ ਦੇ ਹਾਲਾਤ ਖ਼ਤਰਨਾਕ ਬਣ ਗਏ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਹੈ ਕਿ ਮੱਧ ਪੂਰਬ ਵਾਂਗ ਭਾਰਤ ਨੂੰ ਵੀ ਫਿਰਕੂ ਹਿੰਸਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਫ਼ਗਾਨਿਸਤਾਨ ਬਾਰੇ ਕਾਂਗਰਸ ’ਚ ਹੋਈ ਸੁਣਵਾਈ ਦੌਰਾਨ ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਦੇ ਵਿਗੜਦੇ ਹਾਲਾਤ ਚੀਨ ਦੇ ਹਿੱਤ ’ਚ ਹਨ। ਪਾਕਿਸਤਾਨੀ ਸਰਕਾਰ ਅਤੇ ਫ਼ੌਜ ਆਪਣੀ ਮਰਜ਼ੀ ਨਾਲ ਜਹਾਦੀ ਗੁੱਟਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।

ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਉਨ੍ਹਾਂ ਕਿਹਾ ਕਿ ਭਾਰਤ ਨੂੰ ਅਲ ਕਾਇਦਾ ਅਤੇ ਲਸ਼ਕਰ-ਏ-ਤੋਇਬਾ ਵਰਗੀਆਂ ਦਹਿਸ਼ਤੀ ਜਥੇਬੰਦੀਆਂ ਤੋਂ ਖ਼ਤਰਾ ਹੈ। ਮੈਕਮਾਸਟਰ ਨੇ ਕਿਹਾ ਕਿ ਦੁਨੀਆ ਅਤੇ ਅਮਰੀਕਾ ਨੂੰ 10 ਸਤੰਬਰ, 2001 ਦੇ ਮੁਕਾਬਲੇ ਹੁਣ ਵਧੇਰੇ ਖ਼ਤਰਾ ਹੈ। ਉਨ੍ਹਾਂ ਕਿਹਾ,‘‘ਸਾਡੇ ’ਤੇ 9/11 ਵਰਗੇ ਹਮਲੇ ਨਹੀਂ ਹੋ ਰਹੇ ਹਨ ਕਿਉਂਕਿ ਸਾਡੀ ਸੁਰੱਖਿਆ ਸਮਰੱਥਾ ਜ਼ਿਆਦਾ ਵਿਕਸਤ ਹੋ ਗਈ ਹੈ ਪਰ ਜਹਾਦੀ ਗੁੱਟ ਹੋਰ ਮਜ਼ਬੂਤ ਹੋਏ ਹਨ।’’ ਡੋਨਲਡ ਟਰੰਪ ਨਾਲ ਐੱਨਐੱਸਏ ਵਜੋਂ ਕੰਮ ਕਰ ਚੁੱਕੇ ਮੈਕਮਾਸਟਰ ਨੇ ਕਿਹਾ ਕਿ ਅਮਰੀਕਾ ਦੀ ਅਫ਼ਗਾਨਿਸਤਾਨ ਤੋਂ ਵਾਪਸੀ ਮਗਰੋਂ ਉਥੇ ਅਰਬਾਂ ਡਾਲਰ ਦੇ ਹਥਿਆਰ ਅਤਿਵਾਦੀਆਂ ਲਈ ਛੱਡ ਦਿੱਤੇ ਗਏ ਜੋ ਹੁਣ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਆਪਸ ’ਚ ਵੰਡ ਕੇ ਹੋਰ ਮੁਲਕਾਂ ਖ਼ਿਲਾਫ਼ ਵਰਤਣਗੀਆਂ। ਉਨ੍ਹਾਂ ਕਿਹਾ ਕਿ ਕੁਝ ਗੁੱਟ ਤਾਂ ਪਹਿਲਾਂ ਹੀ ਪਰਮਾਣੂ ਤਾਕਤ ਵਾਲੀ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਖ਼ਿਲਾਫ਼ ਹੋ ਗਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲੋਚਿਸਤਾਨ ਵਿੱਚ ਭੂਚਾਲ; 22 ਮੌਤਾਂ, 300 ਜ਼ਖ਼ਮੀ
Next articleਬੇਨਾਮੀ ਟਿੱਪਣੀਆਂ ਲਈ ਫੇਸਬੁੱਕ ਦੀ ਜਵਾਬਦੇਹੀ ਤੈਅ ਹੋਵੇ: ਆਸਟਰੇਲੀਆ