ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ

*ਵੰਗਾਰ ਮੰਗਾਂ ਮੰਨੇ ਜਾਣ ਤੱਕ ਸਿੱਖਿਆ ਮੰਤਰੀ ਦੇ ਘਰ ਅੱਗੇ ਹੀ ਬੈਠਾਂਗੇ ਜਲੰਧਰ।

(ਸਮਾਜ ਵੀਕਲੀ): ਇਥੇ ਦੇਰ ਸ਼ਾਮ ਨੂੰ ਹੋਈ ਮੀਟਿੰਗ ਵਿੱਚ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ , ਪੰਜਾਬ ਦੀ ਸੂਬਾ ਕਮੇਟੀ ਨੇ 2018 ਦੇ ਨੋਟੀਫ਼ਿਕੇਸ਼ਨ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 7 ਅਕਤੂਬਰ ਨੂੰ ਪਰਿਵਾਰਾਂ ਸਮੇਤ ਕਾਲੇ ਚੋਲੇ ਪਾ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਜਲੰਧਰ ਸਥਿਤ ਰਿਹਾਇਸ਼ ਵੱਲ ਕੂਚ ਕਰਨ ਦਾ ਫ਼ੈਸਲਾ ਕੀਤਾ ਹੈ ।

ਲੰਮੇ ਸਮੇਂ ਤੱਕ ਚੱਲੀ ਇਸ ਮੀਟਿੰਗ ਵਿੱਚ ਇਸ ਗੱਲ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਸਾਲ 2018 ਦਾ ਨੋਟੀਫ਼ਿਕੇਸ਼ਨ ਜਾਰੀ ਕਰਕੇ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਘਰ ਵਾਪਸੀ ਨਹੀਂ ਕਰਨਗੇ । ਸਾਲ 2014 ਵਿੱਚ ਪੰਜਾਬ ਵਿੱਚ ਖੋਲ੍ਹੇ ਗਏ ਮੈਰੀਟੋਰੀਅਸ ਸਕੂਲਾਂ ਦੀ ਗਿਣਤੀ 10 ਹੈ , ਜਿਹਨਾਂ ਵਿੱਚ ਐੱਮ.ਫ਼ਿਲ, ਯੂ.ਜੀ.ਸੀ. ਨੈੱਟ, ਪੀ.ਐੱਚ.ਡੀ. ਪਾਸ ਲੱਗਭੱਗ 260 ਦੇ ਕਰੀਬ ਅਧਿਆਪਕ ਪਿਛਲੇ ਸੱਤ ਸਾਲਾਂ ਤੋਂ ਠੇਕੇ ਦੀ ਨੌਕਰੀ ਕਰ ਰਹੇ ਹਨ ।

ਦੱਸਣਯੋਗ ਹੈ ਕਿ ਸਾਲ 2018 ਵਿੱਚ ਪੰਜਾਬ ਸਰਕਾਰ ਵੱਲੋਂ ਐਸ.ਐਸ.ਏ./ਰਮਸਾ ਦੇ ਅਧਿਆਪਕਾਂ ਨੂੰ ਇੱਕ ਪਾਲਿਸੀ ਬਣਾ ਕੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਸੀ , ਇਸ ਪਾਲਿਸੀ ਅਧੀਨ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਆਪਸ਼ਨ ਕਲਿੱਕ ਕਰਨ ਦਾ ਵਿਕਲਪ ਦਿੱਤਾ ਗਿਆ ਸੀ । ਜਿਸਨੂੰ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ ਸਵੀਕਾਰ ਕਰਕੇ ਇਸ ਪ੍ਰਤੀ ਹਾਮੀ ਭਰੀ ਸੀ ਪਰ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ 2018 ਦੀ ਇਸ ਪਾਲਿਸੀ ਤਹਿਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਗਿਆ ,ਜਦਕਿ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕ ਸਿੱਖਿਆ ਵਿਭਾਗ ਦੀ ਸਭ ਤੋਂ ਔਖੀ ਭਰਤੀ ਪ੍ਰਕਿਰਿਆ ਵਿੱਚੋਂ ਗੁਜ਼ਰ ਕੇ ਭਰਤੀ ਕੀਤੇ ਗਏ ਹਨ ।

ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ ਸਰੂਪ ਨਗਰ ਜਲੰਧਰ ਸਥਿਤ ਦੀਦਾਵਰ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਦੋਂ 2018 ਵਿੱਚ ਇੱਕ ਪਾਲਿਸੀ ਬਣਾ ਕੇ SSA/RMSA ਦੇ ਅਧਿਆਪਕ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਗਏ ਸਨ ਤਾਂ ਮੌਜੂਦਾ ਉੱਪ ਮੁੱਖ਼ ਮੰਤਰੀ ਸ਼੍ਰੀ ਓ.ਪੀ.ਸੋਨੀ ,ਉਸ ਸਮੇਂ ਖ਼ੁਦ ਸਿੱਖਿਆ ਮੰਤਰੀ ਸਨ । ਉਹਨਾਂ ਵੱਲੋਂ ਇਸ ਪਾਲਿਸੀ ਤਹਿਤ 8886 ਅਧਿਆਪਕਾਂ ਨੂੰ ਤਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਪਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਠੇਕੇ ਦੀ ਨੌਕਰੀ ਉੱਪਰ ਹੀ ਰੁਲਣ ਦੇ ਲਈ ਛੱਡ ਦਿੱਤਾ ਗਿਆ ।

ਯੂਨੀਅਨ ਦੀ ਪ੍ਰਧਾਨ ਦਲਜੀਤ ਕੌਰ ਨੇ ਕਿਹਾ ਕਿ ਉਹਨਾਂ ਦੀ ਮੰਗ ਸੰਬੰਧੀ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਇਹ ਕਹਿ ਚੁੱਕੇ ਹਨ ਕਿ ਪਾਰਦਰਸ਼ੀ ਅਤੇ ਨਿਯਮਾਂ ਤਹਿਤ ਭਰਤੀ ਹੋਏ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਣਾ ਬਣਦਾ ਹੈ ।

ਯੂਨੀਅਨ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੈਪਟਨ ਅਮਰਿੰਦਰ ਦੇ ਕਾਰਜਕਾਲ ਦੌਰਾਨ ਉਹਨਾਂ ਨੂੰ ਬਹੁਤ ਵਾਰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜੋ ਕਿ ਵਫ਼ਾ ਨਹੀਂ ਹੋਇਆ ਪਰ ਹੁਣ ਉਹਨਾਂ ਨੂੰ ਉਮੀਦ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਅਤੇ ਮੌਜੂਦਾ ਸਿੱਖਿਆ ਮੰਤਰੀ ਸਰਦਾਰ ਪਰਗਟ ਸਿੰਘ ਉਹਨਾਂ ਦੀ ਜਾਇਜ਼ ਮੰਗ ਨੂੰ ਸੁਣਨਗੇ ਵੀ ਅਤੇ ਇਸਨੂੰ ਜਲਦ ਹੱਲ ਵੀ ਕਰਨਗੇ । ਪਰ ਜੇਕਰ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੀ ਸਾਡੀ ਮੰਗ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਤਾਂ ਫ਼ੇਰ ਅਸੀਂ ਵੱਡੇ ਪੱਧਰ ‘ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਾਂਗੇ ।

ਯੂਨੀਅਨ ਦੀ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ, ਸੂਬਾ ਪ੍ਰਧਾਨ ਦਲਜੀਤ ਕੌਰ,ਜਨਰਲ ਸਕੱਤਰ ਬਲਰਾਜ ਸਿੰਘ, ਮੀਤ ਪ੍ਰਧਾਨ ਅਮਰੀਸ਼ ਸ਼ਰਮਾ, ਮੀਤ ਪ੍ਰਧਾਨ ਦਲਜੀਤ ਕੌਰ,ਮੀਤ ਪ੍ਰਧਾਨ ਪ੍ਰਭਜੋਤ ਕੌਰ,ਮੀਤ ਪ੍ਰਧਾਨ ਸਾਕਸ਼ੀ ਸਹਿਗਲ, ਮੀਤ ਪ੍ਰਧਾਨ ਜਗਬੀਰ ਸਿੰਘ,ਪ੍ਰੈਸ ਸਕੱਤਰ ਬਿਕਰਮਜੀਤ ਸਿੰਘ,ਮੁੱਖ ਬੁਲਾਰਾ ਹਰਪ੍ਰੀਤ ਸਿੰਘ,ਜਥੇਬੰਦਕ ਸਕੱਤਰ ਸੀਮਾ ਰਾਣੀ,ਸੰਯੁਕਤ ਸਕੱਤਰ ਵਿਪਨੀਤ ਕੌਰ ,ਸਹਾਇਕ ਸਕੱਤਰ ਵਿਕਾਸ ਪੁਰੀ ਨੇ ਸ਼ਿਰਕਤ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘੁਮੰਡ
Next articleਨਸ਼ਿਆ ਦੀ ਦਲਦਲ ਵਿਚ ਫਸਿਆ ਬਾਲੀਵੁੱਡ