ਵਿਰਸੇ ਅਤੇ ਪ੍ਰਤਿਸ਼ਠਾ ਦਾ ਪ੍ਰਤੀਕ : ਗੱਡਾ

(ਸਮਾਜ ਵੀਕਲੀ)- ਸਮਾਂ , ਜ਼ਰੂਰਤਾਂ ਅਤੇ ਹਾਲਾਤ ਆਪਣੇ ਪ੍ਰਭਾਵ ਅਧੀਨ ਕਈ ਤਰ੍ਹਾਂ ਦੇ ਬਦਲਾਵ  ਲਿਆਉਦੇ ਰਹਿੰਦੇ ਹਨ । ਇਹ ਬਦਲਾਅ ਸਾਡੇ ਜੀਵਨ , ਸਾਡੀ ਦਿਨ – ਚਰਿਆ ਅਤੇ ਸਾਡੇ ਵਿਰਸੇ ਵਿੱਚ ਵੀ ਹੌਲੀ – ਹੌਲੀ ਜ਼ਰੂਰ ਆਉਂਦੇ ਹਨ । ਇਸ ਬਦਲਾਅ ਦੀ ਪ੍ਰਕਿਰਿਆ ਵਿੱਚ ਸਾਡੇ ਵਿਰਸੇ ਦੀਆਂ ਕਈ ਵਸਤਾਂ  ਜਾਂ ਨਿਸ਼ਾਨੀਆਂ ਵੀ ਹੌਲੀ –  ਹੋਲ਼ੀ ਅਲੋਪ ਹੋ ਕੇ ਰਹਿ ਜਾਂਦੀਆਂ ਹਨ । ਵਿਰਸੇ ਦੀ ਇਸ ਮਹਾਨ ਨਿਸ਼ਾਨੀ ਵਿੱਚੋਂ ਇਕ ਹੈ : ਗੱਡਾ । ਗੱਡਾ ਇਕ ਤਰ੍ਹਾਂ ਦੀ ਭਾਰ ਢੋਣ ਵਾਲੀ ਅਤੇ ਆਵਾਜਾਈ ਵਾਲੀ ਬੈਲ – ਗੱਡੀ ਹੁੰਦੀ ਸੀ। ਇਸ ਨਾਲ ਖੇਤੀਬਾੜੀ ਦੀਆਂ ਵਸਤਾਂ ਅਤੇ ਹੋਰ ਸਾਜੋ – ਸਾਮਾਨ ਢੋਇਆ ਜਾਂਦਾ ਸੀ ਅਤੇ ਇਹ ਆਵਾਜ਼ਾਈ ਦਾ ਵੀ ਪ੍ਰਮੁੱਖ ਸਾਧਨ ਹੋਇਆ ਕਰਦਾ ਸੀ । ਪੁਰਾਣੇ ਸਮਿਆਂ ਵਿੱਚ ਗੱਡਾ ਕਾਫੀ ਮਹਿੰਗਾ ਹੁੰਦਾ ਸੀ। ਇਸ ਲਈ ਹਰ ਕਿਸੇ ਕੋਲ਼ ਗੱਡਾ ਨਹੀਂ ਸੀ ਹੁੰਦਾ ਅਤੇ ਬੁੱਤਾ ਸਾਰਨ ਲਈ ਗੱਡਾ ਮੰਗ ਲਿਆ ਜਾਂਦਾ ਸੀ । ਖੇਤਾਂ ਵਿੱਚੋਂ ਫ਼ਸਲਾਂ ਢੋਣ , ਭਰੀਆਂ ਢੋਣ , ਰੂੜੀ ਢੋਣ , ਤੂੜੀ , ਪਸ਼ੂਆਂ ਦੇ ਪੱਠੇ ਢੋਣ ਜਾਂ ਫਸਲਾਂ ਅਤੇ ਹੋਰ ਵਸਤਾਂ ਮੰਡੀ ਤੱਕ ਪਹੁੰਚਾਉਣ ਲਈ ਕੇਵਲ ਗੱਡਾ ਹੀ ਕੰਮ ਆਉਂਦਾ ਸੀ। ਮੇਲਿਆਂ ਵਿੱਚ ਜਾਣ , ਵਿਆਹਾਂ ਵਿੱਚ ਆਣ – ਜਾਣ ਅਤੇ ਦਾਜ ਢੋਣ ਲਈ ਗੱਡਾ ਹੀ ਵਰਤਿਆ ਜਾਂਦਾਂ ਹੁੰਦਾ ਸੀ ।ਮੁੱਕਦੀ ਗੱਲ ਕਿ ਇੰਜਣ ਵਾਲੀ ਮਸ਼ੀਨਰੀ ਦੀ ਆਮਦ ਤੋਂ ਪਹਿਲਾਂ ਗੱਡਾ ਹੀ ਢੋਆ – ਢੁਆਈ ਅਤੇ ਆਵਾਜਾਈ ਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਸਾਧਨ ਹੋਇਆ ਕਰਦਾ ਸੀ। ਗੱਡੇ ਦੇ ਪ੍ਰਮੁੱਖ ਭਾਗਾਂ ਵਿੱਚੋਂ : ਖਿੱਚ, ਸੁੰਨੀ, ਪੌੜੀ,  ਤੀਰ, ਫੱਲੜ, ਬਾਹੀਆਂ, ਧੁਰਾ, ਨਾਲ,  ਪਿੰਜਣੀ, ਜੂਲਾ, ਸੋ, ਉਠਣਾ, ਬਾਹੀਆਂ ਆਦਿ ਹੁੰਦੇ ਸਨ । ਗੱਡੇ ਦੀ ਛੱਤ ਕਿੱਕਰ ਜਾਂ ਟਾਹਲੀ ਦੀ ਲੱਕੜ ਤੋਂ ਹੀ ਬਣਾਈ  ਜਾਂਦੀ ਸੀ  । ਗੱਡੇ ਦੇ ਪਹੀਏ ਅਕਸਰ ਸਾਢੇ ਚਾਰ ਜਾਂ ਪੰਜ  ਫੁੱੱਟ ਬਿਆਸ ਵਾਲੇ ਹੁੰਦੇ ਸਨ । ਗੱਡੇ ਦੇ ਪਹੀਆਂ ਦਾ ਅੱਧੇ ਤੋਂ ਥੋੜ੍ਹਾ ਘੱਟ ਹਿੱਸਾ ਗੜੇ ਦੀ ਛੱਤ ਤੋਂ ਉੱਤੇ ਦਿਖਦਾ ਹੁੰਦਾ ਸੀ । ਗੱਡੇ ਦਾ ਉਹ ਸਮਤਲ ਹਿੱਸਾ ਜਿਸ ਥਾਂ ‘ਤੇ ਗੱਡੇ ਦਾ ਭਾਰ ਲੱਦਿਆ ਜਾਂਦਾ ਸੀ, ਉਸ ਨੂੰ ਗੱਡੇ ਦੀ ਛੱਤ  ਕਿਹਾ ਜਾਂਦਾ ਸੀ। ਗੱਡੇ ਦੀ ਛੱਤ ਅੱਗਿਉਂ ਘੱਟ ਚੌੜੀ ਅਤੇ ਪਿੱਛਿਓਂ ਜ਼ਿਆਦਾ ਚੌੜੀ ਹੁੰਦੀ ਸੀ । ਇਸ ਤਰ੍ਹਾਂ ਗੱਡੇ ਦਾ ਆਕਾਰ ਕੁਝ ਤਿਕੋਣੀ ਜਿਹੀ ਕਿਸਮ ਦਾ ਬਣ ਜਾਂਦਾ ਸੀ । ਲੰਬੇ ਸਫਰ ‘ਤੇ ਜਾਣ ਲਈ ਗੱਡੇ ਵਿੱਚ ਇੱਕ ਲਾਲਟੈਣ ਵੀ ਰੱਖੀ ਜਾਂਦੀ ਹੁਂਦੀ ਸੀ । ਰਾਤ ਨੂੰ ਸਫ਼ਰ ਕਰਦੇ ਸਮੇਂ ਲਾਲਟੇਨ ਨੂੰ ਜਗਾ ਕੇ ਗੱਡੇ ਦੀ ਛੱਤ ਦੇ ਹੇਠਾਂ ਕਿਸੇ ਥਾਂ ‘ਤੇ ਲਟਕਾ ਦਿੱਤਾ ਜਾਦਾ ਹੁੰਦਾ ਸੀ। ਲਾਲਟੈਨ ਦੀ ਸਹਾਇਤਾ ਨਾਲ ਰਾਹ ਵਿਚ ਚੱਲਦੇ ਰਾਹਗੀਰਾਂ ਨੂੰ ਗੱਡੇ ਦੇ ਹੋਣ ਦਾ ਪਤਾ ਦੂਰੋਂ ਹੀ ਲੱਗ ਜਾਂਦਾ ਸੀ ਅਤੇ  ਸੰਭਾਵਿਤ ਦੁਰਘਟਨਾਵਾਂ ਤੋਂ ਵੀ ਬਚਾਅ ਹੋ ਜਾਂਦਾ ਸੀ। ਦਿਨ ਦੇ ਸਮੇਂ ਲਾਲਟੈਨ ਨੂੰ ਗੱਡੇ ਦੀ ਭੰਡਾਰੀ ਵਿਚ ਰੱਖ ਦਿੱਤਾ ਜਾਂਦਾ ਸੀ। ਭੰਡਾਰੀ ਵਿੱਚ ਰੱਸੀ, ਰੱਸੇ, ਦਾਤਰੀਆਂ, ਲਾਲਟੈਨ, ਖੁਰਪੇ ਜਾਂ ਗਾਡੀ ਦੀ ਰੋਟੀ ਅਤੇ ਹੋਰ ਸਾਮਾਨ ਵੀ ਰੱਖ ਲਿਆ ਜਾਂਦਾ ਹੁੰਦਾ ਸੀ । ਕਦੇ – ਕਦੇ ਗੱਡਾ ਬਾਂਗਿਆ ਜਾਂ ਚੋਪੜਿਆ ਵੀ ਜਾਂਦਾ ਸੀ । ਗੱਡਾ ਵਾਂਗਣ ਤੋਂ ਭਾਵ ਹੈ ਕਿ ਜਦੋਂ ਲਗਾਤਾਰ ਚੱਲਦੇ ਰਹਿਣ ਕਾਰਨ ਗੱਡੇ ਦੇ ਪਹੀਏ ਦੀ ਨਾਭ ਦਾ ਅੰਦਰਲਾ ਸੁਰਾਗ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦਾ ਹੁੰਦਾ ਸੀ ਤਾਂ ਗੱਡਾ ਭਾਰਾ ਚੱਲਦਾ ਹੁੰਦਾ ਸੀ ਅਤੇ ਗੱਡੇ ਦੇ ਪਹੀਏ ਰੈਲੇ ਹੋ ਕੇ ਚੱਲਣ ਇਸ ਦੇ ਲਈ ਕਿਸੇ ਥਿੰਦੇ ਪਦਾਰਥ ਜਾਂ ਚਿਕਨਾਈ ਆਦਿ  ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਸ ਨੂੰ ਗੱਡਾ ਵਾਗਣਾ ਕਹਿੰਦੇ ਸੀ । ਉੱਚੀਆਂ ਥਾਵਾਂ ‘ਤੇ ਚੜ੍ਹਾਈ ਵਾਲੇ ਰਸਤੇ ਜਾਂ ਚਿੱਕੜ ਵਾਲੇ ਰਸਤੇ ਜਾਂ ਰੇਤਲੇ ਰਸਤਿਆਂ ਤੋਂ ਗੱਡੇ ਲੱੰਗਾਉਣ ਲਈ ਬਿੰਡਿ  ਦੀ ਜ਼ਰੂਰਤ ਪੈ ਜਾਂਦੀ ਸੀ ਅਤੇ ਝੋਟੇ ਜਾਂ ਊਠ ਨੂੰ ਕਈ ਵਾਰ ਬਿੰਡੀ ਦੇ ਤੌਰ ‘ਤੇ ਵਰਤ ਲਿਆ ਜਾਂਦਾ ਸੀ । ਗੱਡੇ ਨੂੰ ਚਲਾਉਣ ਵਾਲੇ ਵਿਅਕਤੀ ਨੂੰ ਗਾਡੀ , ਗਾਡੀਆਂ,   ਗਾਡੀਵਾਨ, ਗਡਵਾਨ ਅਦਿ ਵੀ ਕਿਹਾ ਜਾਂਦਾ ਸੀ । ਗਾਡੀਆ ਗੱਡੇ ਦੇ ਅਗਲੇ ਪਾਸੇ ਵੱਲ ਨੂੰ ਲੱਤਾਂ ਲਮਕਾ ਕੇ ਜੂਲੇ ਦੇ ਮੱਧ ਵਾਲੇ ਭਾਗ ਉੱਪਰ ਬੈਠ ਜਾਂਦਾ ਸੀ ਅਤੇ ਦੋਹਾਂ ਪਸ਼ੂਆਂ ਦੀਆਂ ਨੱਥਾਂ ਹੱਥ ਵਿੱਚ ਪਕੜ ਕੇ ਪਸ਼ੂਆਂ ਨੂੰ ਆਪਣੇ ਨਿਯੰਤਰਣ ਵਿਚ ਰੱਖਦਾ ਹੁੰਦਾ ਸੀ। ਗੱਡਾ ਚਲਾਉਣ ਵਿੱਚ ਮੁਹਾਰਤ ਰੱਖਣ ਵਾਲੇ ਵਿਅਕਤੀ ਦੇ ਨਾਮ ਦੇ ਪਿੱਛੇ ਕਈ ਵਾਰ ਪੱਕੇ ਤੌਰ ‘ਤੇ ਗਾਡੀ ਸ਼ਬਦ ਜੁੜ ਜਾਂਦਾ ਹੁੰਦਾ ਸੀ । ਸਮਾਜ ਵਿੱਚ ਜਿਨ੍ਹਾਂ ਲੋਕਾਂ ਕੋਲ ਗੱਡੇ ਹੁੰਦੇ ਸਨ ਉਨ੍ਹਾਂ ਦੀ ਸਮਾਜ ਵਿੱਚ ਕਾਫੀ ਇੱਜ਼ਤ , ਸਤਿਕਾਰ ਅਤੇ ਪ੍ਰਤਿਸ਼ਠਾ ਹੁੰਦੀ ਸੀ ਅਤੇ ਅੱਜ ਵੀ ਪਿੰਡਾਂ , ਸਥਾਨਾਂ ਜਾਂ ਹੋਰ ਥਾਵਾਂ ‘ਤੇ ਅਜਿਹੇ ਲੋਕਾਂ ਨੂੰ “ਗੱਡੇ ਵਾਲੇ” ਕਹਿ ਕੇ ਸਤਿਕਾਰ ਵਜੋਂ ਬੁਲਾੲਿਆ ਜਾਂਦਾ ਹੈ ।ਅੱਜ ਸਮੇਂ ਦੇ ਬਦਲਣ ਦੇ ਨਾਲ – ਨਾਲ ਅਤੇ ਸਾਡੀਆਂ ਜ਼ਰੂਰਤਾਂ ਦੇ ਹਿਸਾਬ ਪੱਖੋਂ ਭਾਵੇਂ ਕਿ ਆਵਾਜਾਈ ਦੇ ਅਨੇਕਾਂ ਤੇਜ਼ ਸਾਧਨ ਆ ਗਏ ਹਨ ; ਪਰ ਆਪਣੇ ਸਮੇਂ ਵਿੱਚ ਸਤਿਕਾਰਿਤ , ਯੋਗ , ਪ੍ਰਤਿਸ਼ਠਾ ਅਤੇ ਸਮਾਜ ਤੇ ਘਰ ਵਿੱਚ ਖਾਸ ਥਾਂ ਰੱਖਣ ਵਾਲੇ ” ਗੱਡੇ ” ਨੂੰ ਭੁਲਾਇਆ ਨਹੀਂ ਜਾ ਸਕਦਾ । ਗੱਡਾ ਜਿੱਥੇ ਸਾਡੇ ਵਿਰਸੇ ਦਾ ਮਹਾਨ ਹਿੱਸਾ ਅਤੇ ਨਿਸ਼ਾਨੀ ਹੈ , ਉੱਥੇ ਹੀ ਇਸ ਦੇ ਨਾਲ – ਨਾਲ ਇਹ ਇੱਕ ਸਮਾਜਿਕ ਅਤੇ ਆਰਥਿਕ ਪ੍ਰਤਿਸ਼ਤਠਾ ਦੀ ਨਿਸ਼ਾਨੀ ਵੀ ਰਿਹਾ ਹੈ ।

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ .
9478561356.

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਐਕਟ ਦੀਆਂ ਕਾਪੀਆਂ ਸਾੜ ਕੇ ਕੀਤੀ ਜ਼ੋਰਦਾਰ ਨਾਅਰੇਬਾਜੀ
Next articleਸ਼ੇਰ ਕੁੜੀਓ