ਬੁੱਤ_ਦੀ_ਕਹਾਣੀ

ਰੋਮੀ ਘੜਾਮੇਂ ਵਾਲਾ।

 (ਸਮਾਜ ਵੀਕਲੀ)

ਬੁੱਤਘਾੜੇ ਨੇ ਛਾਂਟਿਆ ਪੱਥਰ ਮੋਟਾ ਤਾਜ਼ਾ ਭਾਰਾ।
ਲੱਦਿਆ ਵਾਂਗ ਕਬਾੜ ਤੇ ਕੀਤਾ ਘਰ ਵਿੱਚ ਆਣ ਉਤਾਰਾ।
ਪਾਣੀ ਮਾਰ ਮਾਰ ਕੇ ਧੋਤਾ ਧੁੱਪੇ ਸੁੱਕਣਾ ਪਾਇਆ।
ਹੋ ਗਈ ਸੁੱਕ ਸੁਕਾਈ ਤੇ ਹੱਥ ਛੈਣੀ ਥ੍ਹੋੜਾ ਆਇਆ।
ਗੋਡਿਆਂ ਵਿੱਚ ਫਸਾਕੇ ਤੱਕਿਆ ਨੀਝ ਨਾਲ ਸਭ ਪਾਸੇ।
ਕੱਟ ਕੱਟ ਕੇ ਟੋਟੇ ਲੱਤਾਂ, ਬਾਹਵਾਂ, ਢਿੱਡ ਤਰਾਸ਼ੇ।
ਪਾ ਧਰਤੀ ਤੇ ਲੰਮਾ ਪਲਾਕੀ ਛਾਤੀ ਉੱਤੇ ਮਾਰੀ।
ਮੱਥਾ, ਅੱਖਾਂ, ਕੰਨ, ਨੱਕ ਤੇ ਠੋਡੀ ਫੇਰ ਉਘਾੜੀ।
ਬੁੱਲ੍ਹ ਵੇਖਣ ਨੂੰ ਅਸਲੀ ਲਗਦੇ ਪਰ ਸਕਦੇ ਨਾ ਬੋਲ।
ਟਕ-ਟਕ, ਟਕ-ਟਕ ਕਰਕੇ ਕਰਤੇ ਮੋਢੇ ਗਰਦਨ ਗੋਲ਼।
ਧੁੰਨੀ, ਜਾਂਘਾ, ਕੱਛਾਂ, ਉਂਗਲਾਂ, ਗਿੱਟੇ, ਤਲੀਆਂ, ਪੱਟ।
ਮਂਜੇ ਹੋਏ ਕਲਾਕਾਰ ਨੇ ਸੱਚੀਂ ਕੱਢ ਦਿੱਤੇ ਸਭ ਵੱਟ।
ਅੰਤ ਵਿਖਾਈ ਚਿੱਤਰਕਾਰੀ ਭਾਂਤ ਭਾਂਤ ਰੰਗ ਲਾ ਕੇ।
ਰਹਿੰਦੀ ਕਸਰ ਵੀ ਕੱਢਤੀ ਥੋੜ੍ਹੇ ਕੱਪੜੇ ਲੀੜੇ ਪਾ ਕੇ।
ਵਿੱਚ ਖੁਸ਼ੀ ਦੇ ਕਾਰੀਗਰ ਦੇ ਪੈਰ ਨਾ ਲੱਗਣ ਥੱਲੇ।
ਚੱਲ ਪਏ ਫਿਰ ਭਗਵਾਨ ਜੀ ਮਿੱਤਰੋ ਵਿਕਣ ਬਜ਼ਾਰਾਂ ਵੱਲੇ।
ਪਿੰਡ ਘੜਾਮੇਂ ਤੋਂ ਇੱਕ ਗ੍ਰਾਹਕ ਰੋਮੀ ਵੀ ਹੈ ਆਇਆ।
ਪਰ ਨਾ ਯਾਦ ਅਖੀਰੀ ਕਦ ਸੀ ਮਾਂ ਨੂੰ ਸੂਟ ਸਵਾਇਆ।
ਪਰ ਨਾ ਯਾਦ ਅਖੀਰੀ ਕਦ ਸੀ ਮਾਂ ਨੂੰ ਸੂਟ ਸਵਾਇਆ।
   ਰੋਮੀ ਘੜਾਮੇਂ ਵਾਲਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ  / ਸੰਭਲੋ ਪੰਜਾਬੀਓ !!
Next articleਖੇਡ ਪ੍ਮੋਟਰ ਬੱਬਲੂ ਅਮਰੀਕਾ ਨੂੰ ਸਦਮਾ ਮਾਤਾ ਦਾ ਦਿਹਾਂਤ