‘ਸਟੈਨ ਸਵਾਮੀ ਦੀ ਮੌਤ ਭਾਰਤ ਦੇ ਮਨੁੱਖੀ ਹੱਕਾਂ ਦੇ ਰਿਕਾਰਡ ’ਤੇ ਹਮੇਸ਼ਾ ਧੱਬਾ ਰਹੇਗੀ’

ਸੰਯੁਕਤ ਰਾਸ਼ਟਰ/ਜਨੇਵਾ (ਸਮਾਜ ਵੀਕਲੀ):ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਦੀ ਮਾਹਿਰ ਨੇ ਕਿਹਾ ਹੈ ਕਿ ਹਿਰਾਸਤ ’ਚ ਪਾਦਰੀ ਸਟੈਨ ਸਵਾਮੀ ਦੀ ਮੌਤ ਬਾਰੇ ਸੁਣ ਕੇ ਉਨ੍ਹਾਂ ਨੂੰ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਦੇ ਰਾਖੇ ਨੂੰ ਉਸ ਦੇ ਹੱਕਾਂ ਤੋਂ ਵਾਂਝੇ ਰੱਖਣ ਦਾ ਕੋਈ ਕਾਰਨ ਨਹੀਂ ਹੈ ਅਤੇ ਸਟੈਨ ਸਵਾਮੀ ਦੀ ਮੌਤ ਭਾਰਤ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ’ਤੇ ਹਮੇਸ਼ਾ ਇਕ ਧੱਬਾ ਰਹੇਗੀ। ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਦੂਤ ਮੈਰੀ ਲਾਅਲੋਰ ਨੇ ਵੀਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਫਾਦਰ ਸਵਾਮੀ ਦਾ ਮਾਮਲਾ ਸਾਰੇ ਦੇਸ਼ਾਂ ਨੂੰ ਚੇਤੇ ਕਰਵਾਉਂਦਾ ਹੈ ਕਿ ਮਨੁੱਖੀ ਹੱਕਾਂ ਦੇ ਰਾਖਿਆਂ ਅਤੇ ਬਿਨਾਂ ਕਿਸੇ ਜਾਇਜ਼ ਆਧਾਰ ’ਤੇ ਹਿਰਾਸਤ ’ਚ ਲਏ ਗਏ ਲੋਕਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ,‘‘ਇਕ ਮਨੁੱਖੀ ਅਧਿਕਾਰ ਰਾਖੇ ਨੂੰ ਅਤਿਵਾਦੀ ਵਜੋਂ ਬਦਨਾਮ ਕਰਨ ਦਾ ਕੋਈ ਬਹਾਨਾ ਨਹੀਂ ਹੋ ਸਕਦਾ ਅਤੇ ਕੋਈ ਕਾਰਨ ਨਹੀਂ ਹੈ ਕਿ ਉੁਸ ਦੀ ਮੌਤ ਉਸ ਤਰ੍ਹਾਂ ਹੋਵੇ ਜਿਵੇਂ ਫਾਦਰ ਸਵਾਮੀ ਦੀ ਹੋਈ ਹੈ। ਮੁਲਜ਼ਮ ਵਜੋਂ ਹਿਰਾਸਤ ’ਚ ਉਨ੍ਹਾਂ ਨੂੰ ਹੱਕਾਂ ਤੋਂ ਵਾਂਝੇ ਕੀਤਾ ਗਿਆ।’’ ਭਾਰਤ ਨੇ ਸਵਾਮੀ ਦੇ ਮਾਮਲੇ ਨਾਲ ਨਜਿੱਠਣ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਆਲੋਚਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਲਾਅਲਰ ਨੇ ਕਿਹਾ ਕਿ ਫਾਦਰ ਸਵਾਮੀ ਨੇ ਆਪਣਾ ਪੂਰਾ ਜੀਵਨ ਮੂਲ ਨਿਵਾਸੀਆਂ ਅਤੇ ਆਦਿਵਾਸੀਆਂ ਦੇ ਹੱਕਾਂ ਦੀ ਰੱਖਿਆ ’ਚ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਿਹਤ ਦੇ ਆਧਾਰ ’ਤੇ ਕਈ ਵਾਰ ਫਾਦਰ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ ਜਾ ਚੁੱਕੀ ਸੀ ਪਰ ਭਾਰਤ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਨਵੰਬਰ 2020 ’ਚ ਸੰਯੁਕਤ ਰਾਸ਼ਟਰ ਮਾਹਿਰਾਂ ਨੇ ਭਾਰਤੀ ਅਧਿਕਾਰੀਆਂ ਨੂੰ ਕੌਮਾਂਤਰੀ ਮਨੁੱਖੀ ਹੱਕਾਂ ਨੂੰ ਲੈ ਕੇ ਵਚਨਬੱਧਤਾ ਦੀ ਯਾਦ ਵੀ ਦਿਵਾਈ ਸੀ। ਉਨ੍ਹਾਂ ਸਵਾਲ ਕੀਤਾ ਕਿ ਸਟੈਨ ਸਵਾਮੀ ਨੂੰ ਰਿਹਾਅ ਕਿਉਂ ਨਹੀਂ ਕੀਤਾ ਗਿਆ ਅਤੇ ਹਿਰਾਸਤ ’ਚ ਮਰਨ ਲਈ ਕਿਉਂ ਛੱਡ ਦਿੱਤਾ ਗਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਤੀ ਦੇ ਮਰਹੂਮ ਰਾਸ਼ਟਰਪਤੀ ਦੀ ਪਤਨੀ ਬੁਲੇਟ ਪਰੂਫ ਜੈਕੇਟ ਪਾ ਕੇ ਦੇਸ਼ ਪਰਤੀ
Next articleਯੂਰਪ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 150 ਹੋਈ