ਸੇਵਾ ਟਰੱਸਟ ਯੂ.ਕੇ. ਨੂੰ ਐਨ. ਪੀ. ਓ. ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਬੈਡਫੋਰਡ (ਸਮਾਜ ਵੀਕਲੀ)- ਸੇਵਾ ਟਰੱਸਟ ਯੂ.ਕੇ. ਨੂੰ ਬੀਤੇ ਸਮੇਂ ਦੌਰਾਨ ਕੀਤੀਆਂ ਸੇਵਾਵਾਂ ਲਈ ਕਾਰਪੋਰੇਟ ਲਾਈਵ ਵਾਇਰ ਪ੍ਰੈਸਟੀਗੇਟ ਐਵਾਰਡ ਟੀਮ ਲੰਡਨ ਈਸਟ ਵਲੋਂ ਐਨ. ਪੀ. ਓ. ਪੁਰਸਕਾਰ (ਨਾਨ ਪ੍ਰਾਫਟੇਬਲ ਆਰਗੇਨਾਈਜੇਸ਼ਨ ਆਫ ਦ ਯੀਅਰ) ਨਾਲ ਸਨਮਾਨਿਤ ਕੀਤਾ ਗਿਆ | ਪੁਰਸਕਾਰ ਵੰਡ ਸੰਸਥਾ ਦੀ ਸ਼੍ਰੀਨਾ ਮਸੀਹ ਨੇ ਕਿਹਾ ਕਿ ਜੱਜਾਂ ਦੇ ਪੈਨਲ ਨੇ ਸੇਵਾ ਟਰੱਸਟ ਯੂ.ਕੇ. ਨੂੰ ਕੋਵਿਡ 19 ਦੌਰਾਨ ਬੈਡਫੋਰਡਸ਼ਾਇਰ ਵਿਚ ਸਾਰੇ ਭਾਈਚਾਰਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤੀਆਂ ਸੇਵਵਾਂ ਨੂੰ ਮੁੱਖ ਰੱਖਦਿਆਂ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ | ਮਹਾਂਮਾਰੀ ਦੌਰਾਨ ਸੇਵਾ ਟਰੱਸਟ ਵਲੋਂ ਕੀਤੀਆਂ ਸੇਵਾਵਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ | ਸੇਵਾ ਟਰੱਸਟ ਦੇ ਸੰਸਥਾਪਕ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਕਿਹਾ ਸਾਨੂੰ ਖੁਸ਼ੀ ਤੇ ਮਾਣ ਹੈ ਕਿ ਇਸ ਪੁਰਸਕਾਰ ਲਈ ਉਨ੍ਹਾਂ ਨੂੰ ਚੁਣਿਆ ਗਿਆ ਹੈ | ਇਹ ਪੁਰਸਕਾਰ ਪੂਰੀ ਟੀਮ ਨੂੰ ਸਮਰਪਿਤ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਲੋਕ ਸੇਵਾ ਕਰ ਸਕੇ ਹਾਂ |