ਤਰਕਸ਼ੀਲਾਂ ਔਰਤ ਨੂੰ ਕਚੀਲਾਂ ਤੋਂ ਮੁਕਤ ਕੀਤਾ –

ਮਾਸਟਰ ਪਰਮ ਵੇਦ
  • ਸਮਾਜ ਵੀਕਲੀ ਸਮਾਜ ਵਿੱਚ ਡਰ ਹਰੇਕ ਵਿਅਕਤੀ ਵਿੱਚ ਪਾਇਆ ਜਾਂਦਾ ਹੈ । ਕਿਸੇ ਨੂੰ ਮੌਤ ਦਾ ਹੁੰਦਾ ਹੈ ।  ਕਿਸੇ ਨੂੰ ਉਚੀ ਥਾਂ ਤੋਂ, ਕਿਸੇ ਨੂੰ ਪਾਣੀ ਤੋਂ ਕਿਸੇ ਨੂੰ ਭੂਤ ਪ੍ਰੇਤ ਤੋਂ। ਮਾਨਸਿਕ ਰੋਗੀ ਦਾ ਕਿਸੇ ਵਸਤੂ ਸਬੰਧੀ ਦ੍ਰਿਸ਼ਟੀਕੋਣ ਕੀ ਹੈ । ਉਸ ‘ ਤੇ ਨਿਰਭਰ ਕਰਦਾ ਹੈ ਫੋਬੀਆ ( ਭੈਅ , ਦਹਿਸ਼ਤ ) । ਇਹ ਅਜਿਹਾ ਮਾਨਸਿਕ ਰੋਗ ਹੈ , ਜੋ ਬੇਲੋੜਾ ਹੀ ਵਧਦਾ ਜਾਂਦਾ ਹੈ । ਕਿਸੇ ਵਸਤੂ ਪ੍ਰਤੀ ਮਾਨਸਿਕ ਰੋਗੀ ਦੀ ਅਪਣਾਈ ਤਰਕਹੀਣ ਪਹੁੰਚ ਕਾਰਨ ਰੋਗੀ ਤਬਾਹੀ ਵਾਸੇ ਪਾਸੇ ਵੱਲ ਵਧਦਾ ਹੈ । ਫੋਬੀਏ੍ ਕਾਰਨਬਬ ਮਾਨਸਿਕ ਰੋਗੀ ਵਿੱਚ ਬੇ ਮਤਲਬੇ ਖ਼ਿਆਲ ਆਉਂਦੇ ਰਹਿੰਦੇ ਹਨ । ਕਈ ਸਾਲ ਪਹਿਲਾਂ ਲਹਿਰਾਗਾਗਾ  ਤਰਕਸ਼ੀਲ ਸੁਸਾਇਟੀ ਕੋਲ ਇੱਕ ਔਰਤ ਦਾ ਫੋਬੀਆ ( ਡਰ ਲੱਗਣਾ ) ਨਾਲ ਸਬੰਧਿਤ ਕੇਸ ਆਇਆ । ਔਰਤ ਦਾ ਡਰ ਨਾਲ ਬਹੁਤ ਬੁਰਾ ਹਾਲ ਸੀ । ਉਸ ਦੇ ਚਿਹਰੇ ਦਾ ਰੰਗ ਉੱਡਿਆ ਪਿਆ ਸੀ । ਔਰਤ ਬਹੁਤ ਘਬਰਾਈ ਹੋਈ ਸੀ । ਉਸ ਦੇ ਦਿਲ ਦੀ ਧੜਕਣ ਵਧਣ ਕਾਰਨ ਸਾਹ ਦੀ ਗਤੀ ਤੇਜ਼ ਸੀ । ਔਰਤ ਦੀ ਉਮਰ ਤਕਰੀਬਨ 40 ਸਾਲ ਦੇ ਕਰੀਬ ਸੀ । ਉਸ ਅੰਦਰ ਕਲਪਨਿਕ ਵਸਤੂਆਂ ਦਾ ਡਰ ਬੈਠਿਆ ਹੋਇਆ ਸੀ । ਜੋ ਬਹੁਤ ਜ਼ਿਆਦਾ ਵਧਿਆ ਹੋਇਆ ਸੀ ।
ਉਹ ਔਰਤ ਘਬਰਾਈ ਰਹਿੰਦੀ ਸੀ ਤੇ ਉਸਦਾ ਚਿਹਰਾ ਡਰਾਉਣਾ ਬਣਿਆ ਹੋਇਆ ਸੀ । ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋ ਗਿਆ ਸੀ ਕਿ ਇਸਨੂੰ ਓਪਰੀ ਸ਼ੈਅ ਚਿੰਬੜ ਗਈ ਹੈ । ਡਰ ਉਸ ਅੰਦਰ ਏਨਾ ਜ਼ਿਆਦਾ ਘਰ ਕਰ ਗਿਆ ਕਿ ਉਸਨੂੰ ਦੌਰਾ ਪੈਣ ਲੱਗ ਗਿਆ । ਫਿਰ ਦੌਰਿਆਂ ਦੀ ਰਫ਼ਤਾਰ ਏਨੀ ਵਧ ਗਈ ਕਿ ਪਤਾ ਨਹੀਂ ਦਿਨ ਵਿੱਚ ਕਿੰਨੇ ਕੁ ਦੌਰੇ ਪੈਂਦੇ ਸਨ । ਅਨਪੜ੍ਹਤਾ ਤੇ ਤਰਕਹੀਣ ਸੋਚ ਕਾਰਨ ਉਹ ਅਖੌਤੀ ਸਿਆਣਿਆਂ ਦੇ ਜਾਲ ਚ ਫਸ ਗੲਏ ਸਨ । ਸਿਆਣਿਆਂ ਨੇ ਉਸਦੇ ਮਾਨਸਿਕ ਰੋਗ ਦਾ ਫਾਇਦਾ ਉਠਾ ਕੇ ਆਰਥਿਕ ਲੁੱਟ –  ਕੀਤੀ । ਜਿੱਥੇ ਵੀ ਉਸ ਔਰਤ ਦੇ ਪਰਿਵਾਰ ਨੂੰ ਕਿਸੇ ‘ ਸਿਆਣੇ’ ਦੀ ਦੱਸ ਪੈਂਦੀ , ਉਹ ਉਸ ਨੂੰ ਉੱਥੇ  ਲੈ ਕੇ ਜਾਂਦੇ । ਉਸ ਦੇ ਘਰ ਵਾਲੇ ਹਰਿਆਣੇ ਦੇ ਜ਼ਿਲ੍ਹਾ ਜੀਂਦ ‘ ਚ ਪੈਂਦੇ ਪਿੰਡ ਦੇ ਸਿਆਣਿਆਂ ਕੋਲ ਵੀ ਜਾ ਆਏ ਪ੍ਰੰਤੂ ਉਸ ਅੰਦਰ ਡਰ ਨਹੀਂ ਨਿਕਲਿਆ , ਸਗੋਂ ਹੋਰ ਵੀ ਵਧ ਗਿਆ ।
ਇੱਕ ਸਿਆਣੇ ਨੇ ਕਿਹਾ , “ ਇਸ ਮਗਰ ‘ ਕਚੀਲਾਂ ’ ਲੱਗੀਆਂ ਹੋਈਆਂ ਨੇ। ਉਨ੍ਹਾਂ ਨੂੰ ਉਤਾਰਨ ਲਈ ਟੂਣਾ ਕਰਨਾ ਪਵੇਗਾ । ਉਸਦੇ ਘਰ ਵਾਲੇ ਮੰਨ ਗਏ । ਸਿਆਣੇ ਨੇ ਇੱਕ ਮੁਰਗਾ , ਇੱਕ ਅੰਗਰੇਜ਼ੀ ਸ਼ਰਾਬ ਦੀ ਬੋਤਲ , ਕੁੱਝ ਨਕਦੀ ਚੁਰਸਤੇ ‘ ਚ ਰੱਖਣ ਲਈ ਕਿਹਾ  । ਇੱਕ ਸਿਆਣੇ ਨੇ ਉਸਨੂੰ ਕਿਹਾ ਕਿ ਤੁਹਾਡੇ ਘਰ ਨੂੰ ਕੀਲ ਦਿੰਦੇ ਹਾਂ । 1000 ਰੁਪਏ ਲੱਗਣਗੇ । ਉਨ੍ਹਾਂ ਨੇ ਮਨ ਨਾਲ ਸਮਝੌਤਾ ਕੀਤਾ ਕਿ ਇਹ ਵੀ ਕਰਕੇ ਦੇਖ ਲੈਂਦੇ ਹਾਂ । ਸਿਆਣਾ ਸਾਰੀ ਰਾਤ ਉਨ੍ਹਾਂ ਦੇ ਘਰ ਨੂੰ ਕੀਲਣ ਦੇ ਢਕਵੰਜ ਕਰਦਾ ਰਿਹਾ ਤੇ ਦਿਨ ਚੜ੍ਹਦੇ ਦੀ ਲਾਲੀ ਨਾਲ ਇੱਕ ਹਜ਼ਾਰ ਰੁਪਏ ਬਟੋਰ ਕੇ ਤੁਰਦਾ ਬਣਿਆ ।
ਪ੍ਰੰਤੂ ਕੀਲਿਆ ਘਰ ਵੀ ਰਾਸ ਨਾ ਆਇਆ । ਉਸ ਔਰਤ ਨੂੰ ਅਨੇਕਾਂ ਜਨਾਨੀਆਂ ਭੂਤਾਂ – ਚੁੜੇਲਾਂ ਬਣ – ਬਣ ਕੇ ਦਿਸਣ ਲੱਗੀਆਂ । ਪਾਖੰਡੀਆਂ ਦੇ ਜਾਲ ‘ ਚ ਫਸ ਕੇ ਅਨੇਕਾਂ ਟੂਣੇ – ਟਾਮਣ ਕੀਤੇ ਪ੍ਰੰਤੂ ਉਨ੍ਹਾਂ ਦੇ ਪੱਲੇ ਨਿਰਾਸਤਾ ਹੀ ਪਈ । ਉਸ ਔਰਤ ਦੀ ਸਰੀਰਕ ਤੇ ਮਾਨਸਿਕ ਹਾਲਤ ਦਿਨ – ਬ – ਦਿਨ ਨਿਘਰਦੀ ਗਈ । ਇੱਕ ਦਿਨ ਉਸ ਔਰਤ ਨੂੰ ਕਿਸੇ ਸਿਆਣੇ ਕੋਲ ਲਿਜਾਇਆ ਜਾ ਰਿਹਾ ਸੀ । ਰਸਤੇ ਵਿੱਚ ਉਹ ਇੱਕ ਔਰਤ ਨਾਲ ਆਪਣੇ ਦੁੱਖ ਦੀ ਗੱਲ ਕਰ ਰਹੀ ਸੀ । ਉੱਥੇ ਹੀ ਸਾਡਾ ਤਰਕਸ਼ੀਲ ਸਾਥੀ ਖੜ੍ਹਾ ਸੀ , ਜੋ ਸਾਰਾ ਕੁੱਝ ਸੁਣ ਰਿਹਾ ਸੀ । ਉਸ ਸੁਝਾਅ ਦਿੱਤਾ ਕਿ ‘ਸਿਆਣਿਆਂ’ ਕੋਲ ਕੁੱਝ ਨਹੀਂ ਹੁੰਦਾ । ਉਹ ਤਾਂ ਤੁਹਾਡੀ ਆਰਥਿਕ ਲੁੱਟ ਕਰਦੇ ਨੇ ਤੇ ਝੂਠੀ ਤਸੱਲੀ ਦਿਵਾ ਕੇ ਘਰ ਤੋਰ ਦਿੰਦੇ ਨੇ । ਕਿਸੇ ਐਤਵਾਰ ਵਾਲੇ ਦਿਨ  ਲਹਿਰਾਗਾਗਾ ਵਿਖੇ ਆ ਜਾਣਾ । ਉਸ ਦੱਸਿਆ ਕਿ ਸਾਡੀ ਇੱਕ ਪੰਜਾਬ ਪੱਧਰ ਦੀ ਤਰਕਸ਼ੀਲ ਸੁਸਾਇਟੀ ਬਣਾਈ ਹੋਈ ਹੈ , ਜੋ ਮਾਨਸਿਕ ਰੋਗੀਆਂ ਨੂੰ ਵਿਗਿਆਨਕ ਢੰਗ ਨਾਲ ਠੀਕ ਕਰਦੀ ਹੈ ਤੇ ਗੈਰ ਵਿਗਿਆਨਕ ਗੱਲਾਂ ਨੂੰ ਨੰਗਾ ਕਰਦੀ ਹੈ । ਅਸੀਂ ਕੋਈ ਪੈਸਾ ਨਹੀਂ ਲੈਂਦੇ ।
ਮਿੱਥੇ ਸਮੇਂ ‘ ਤੇ ਉਹ ਲਹਿਰਾਗਾਗਾ ਵਿਖੇ ਸਾਡੇ ਕੋਲ ਪਹੁੰਚ ਗਏ । ਉਸ ਸਮੇਂ ਉਸ ਔਰਤ ਨੂੰ ਬਹੁਤ ਦੌਰੇ ਪੈਂਦੇ ਸਨ । ਆ ਕੇ ਵੀ ਦੌਰਾ ਪੈ ਗਿਆ । ਉਸ ਔਰਤ ਨੂੰ ਕੁਰਸੀ ‘ ਤੇ ਆਰਾਮ ਨਾਲ ਬੈਠਣ ਲਈ ਕਿਹਾ ਤੇ ਪੁੱਛਿਆ ਕਿ ਤੈਨੂੰ ਭੂਤਾਂ ਕਦੋਂ ਤੋਂ ਦਿਸਣ ਲੱਗੀਆਂ ਨੇ ।
ਉਸਨੇ ਦੱਸਿਆ ਕਿ ਲਗਭਗ ਸਾਲ ਹੋ ਗਿਆ । ਪਹਿਲਾਂ ਮੈਨੂੰ ਡਰ ਸੀ ਕਿ ਮੈਨੂੰ ਭੂਤ ਚਿੰਬੜੀ ਹੋਈ ਹੈ । ਮੇਰਾ ਇਹ ਡਰ ਵਧਦਾ ਗਿਆ ਤੇ ਇਸ ਤੋਂ ਬਾਅਦ ਮੈਨੂੰ ਦੌਰੇ ਪੈਣ ਲੱਗ ਪਏ । ਮੈਂਨੂੰ ਘਰ ਵਾਲੇ
 ਬਹੁਤ ਸਿਆਣਿਆਂ ਕੋਲ  ਲੈ ਕੇ ਗਏ । ਆਪਣਾ ਸਾਰਾ ਘਰ ਬਰਬਾਦ ਕਰ ਲਿਆ ਪ੍ਰੰਤੂ ਕੋਈ ਵੀ ਗੱਲ ਰਾਸ ਨਾ ਆਈ । ਉਸਨੇ ਦੱਸਿਆ ਕਿ ਅਸੀਂ ਸਾਲ ਕੁ ਪਹਿਲਾਂ ਕਿਸੇ ਤੋਂ ਥਾਂ ਮੁੱਲ ਲੈ ਲਿਆ ਤੇ ਗੁਆਂਢਣ ਨੇ ਮੈਨੂੰ ਕਿਹਾ ਕਿ ਉੱਥੇ ਤਾਂ ਕਚੀਲ ਰਹਿੰਦੀ ਹੈ । ਜਿਨ੍ਹਾਂ ਨੇ ਪਹਿਲਾਂ ਥਾਂ ਲਿਆ ਸੀ , ਉਨ੍ਹਾਂ ਦੀ ਕੁੜੀ ਨੂੰ ਵੀ ਉਹ ਚਿੰਬੜ ਗਈ ਸੀ ਤੇ ਕਿਤੇ ਤੈਨੂੰ ਵੀ ਨਾ ਚਿੰਬੜ ਜਾਵੇ । ਮੈਂ ਦੋ – ਤਿੰਨ ਦਿਨ ਉੱਥੇ ਪਾਥੀਆਂ ਪੱਥਣ ਜਾਂਦੀ ਰਹੀ । ਇੱਕ ਦਿਨ ਮੈਂ ਸਿਖਰ ਦੁਪਹਿਰੇ ਗੋਹਾ ਲੈਣ ਚਲੀ ਗਈ ਤੇ ਉੱਥੇ ਬੇ ਸੁਰਤ ਹੋ ਕੇ ਡਿੱਗ ਪਈ । ਮੈਨੂੰ ਡਰ ਲੱਗਿਆ ਕਿ ਕਚੀਲ ਚਿੰਬੜ ਗਈ ।
 ਜਦੋਂ ਅਸੀਂ ਕੇਸ ਦੀ ਵਿਗਿਆਨਕ ਤੇ ਮਨੋਵਿਗਿਆਨਕ ਢੰਗ ਨਾਲ ਪੜਚੋਲ ਕੀਤੀ ਗਈ ਤਾਂ ਅਸਲੀਅਤ ਸਾਹਮਣੇ ਆਈ ਕਿ ਉਸ ਸਮੇਂ ਤੋਂ ਹੀ ਉਸ ਔਰਤ ਅੰਦਰ ‘ ਕਚੀਲ ‘ ਦਾ ਡਰ ਬੈਠ ਗਿਆ ਸੀ । ਉਸਦੀ ਕਲਪਣਾ ਕਰਕੇ ਉਹ ਡਰਦੀ ਰਹਿੰਦੀ ਸੀ । ਉਸਨੂੰ ਹਰ ਸਮੇਂ ਆਪਣੇ ਨਾਲ ‘ ਕਚੀਲ ‘ ਹੋਣ ਦਾ ਭਰਮ ਹੋ ਗਿਆ ਸੀ । ਉਸ ਔਰਤ ਅੰਦਰ ਅੰਤਾਂ ਦਾ ਡਰ ਪੈਦਾ ਹੋ ਗਿਆ ਤੇ ਕਚੀਲਾਂ ਦਿਸਣ ਲੱਗੀਆਂ ।
ਅਸਲ ‘ ਚ ਔਰਤ ਫੋਬੀਆ ਦੀ ਸ਼ਿਕਾਰ ਸੀ । ਸਾਰੀ ਗੱਲਬਾਤ ਪੁੱਛਣ ਤੋਂ ਬਾਅਦ ਉਸ ਔਰਤ ਅੰਦਰ ਕਚੀਲਾਂ ਦੇ ਡਰ ਨੂੰ ਗੱਲਬਾਤ ਵਿਧੀ ਰਾਹੀਂ ਦੂਰ ਕੀਤਾ ਗਿਆ।  ਉਸ ਨੂੰ ਬਹੁਤ ਸਾਰੇ ਸਾਰਥਿਕ ਸੁਝਾਅ ਦਿੱਤੇ ਗਏ ਕਿ ਕੋਈ ਭੂਤ – ਪ੍ਰੇਤ ਨਹੀਂ , ਇਹ ਤਾਂ ਸਿਰਫ਼ ਮਨ ਦਾ ਹੀ ਡਰ ਹੈ । ਉਸਨੂੰ ਸਮਝਾਇਆ ਗਿਆ ਕਿ ਸਾਡਾ ਮਨ ਹਰ ਕਹੀ
 ਸੁਣੀ  ਗਲ ਦਾ ਅਸਰ ਕਬੂਲਦਾ ਹੈ।ਇਸ ਦੁਨੀਆਂ ਵਿੱਚ ਭੂਤ ਪ੍ਰੇਤ ,ਕਚੀਲ ਨਾਂ ਦੀ ਕੋਈ ਚੀਜ ਨਹੀਂ।ਸਾਡੇ ਸੁਝਾਅ ਤੋਂ ਬਾਅਦ
ਉਹ ਕਾਫੀ ਡਰ ਮੁਕਤ ਹੋ ਗਈ ਸੀ।
ਜਦ ਉਹ ਅਗਲੇ ਹਫ਼ਤੇ ਫਿਰ ਆਈ ਤਾਂ ਉਸ ਨੂੰ ਦੌਰੇ ਪੈਣੇ ਤਾਂ ਬਿਲਕੁੱਲ ਖ਼ਤਮ ਹੋ ਗਏ ਸਨ ਪ੍ਰੰਤੂ ਥੋੜਾ ਥੋੜਾ ਡਰ ਅਜੇ ਉਸਦੇ
ਮਨ ਵਿੱਚ ਬੈਠਿਆ ਹੋਇਆ ਸੀ ।ਉਹ ਡਰ ਵੀ ਅਸੀਂ ਗਲਬਾਤ ਵਿਧੀ ਰਾਹੀਂ ਦੂਰ ਕਰਨ ਵਿੱਚ ਸਫਲ ਹੋਏ। ਇਕ ਮਹੀਨੇ ਮਗਰੋਂ ਰਿਪੋਰਟ ਮਿਲੀ ਕਿ ਹੁਣ ਉਹ ਬਿਲਕੁਲ ਠੀਕ ਹੈ।ਹੁਣ ਉਹ ਘਰ ਦੇ ਕੰਮਾਂ ਵਿੱਚ  ਰੁੱਝੀ ਰਹਿੰਦੀ ਹੈ, ਖੁਸ਼ ਰਹਿੰਦੀ ਹੈ।ਇਸ ਤਰ੍ਹਾਂ ਅਸੀਂ ਔਰਤ ਨੂੰ ਕਚੀਲਾਂ ਦੇ ਡਰ ਤੋ ਮੁਕਤ ਕਰ ਦਿੱਤਾ।ਸਾਨੂੰ ਵੀ ਬੜੀ ਖੁਸ਼ੀ ਮਿਲੀ । ਅਸੀਂ ਚਾਹੁੰਦੇ ਹਾਂ ਕਿ ਲੋਕ ਵਿਗਿਆਨਕ ਵਿਚਾਰਾਂ ਦੇ ਧਾਰਨੀ ਬਣਨ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349 ਅਫਸਰ ਕਲੋਨੀ ਸੰਗਰੂਰ
Previous articleਯਾਦਾਂ ‘ਚ ਰਹਿ ਗਏ ਕਿੱਸੇ – ਕਹਾਣੀਆਂ “
Next articleਰੀਤ