ਰਾਜਾ ਵੜਿੰਗ ਵੱਲੋਂ ਅਧਿਕਾਰੀਆਂ ਨੂੰ ਹੁਕਮ: ਨਾਜਾਇਜ਼ ਬੱਸਾਂ ਨੂੰ ਤੁਰੰਤ ਡੱਕਿਆ ਜਾਵੇ

ਬਠਿੰਡਾ (ਸਮਾਜ ਵੀਕਲੀ):  ਪੰਜਾਬ ਦੇ ਟਰਾਂਸਪੋਰਟਰ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੰਡੀਗੜ੍ਹ ਤੋਂ ਗਿੱਦੜਬਾਹਾ ਜਾਂਦਿਆਂ ਕਾਂਗਰਸੀ ਆਗੂਆਂ ਵੱਲੋਂ ਬਠਿੰਡਾ ਵਿੱਚ ਸਵਾਗਤ ਕੀਤਾ ਗਿਆ। ਉਨ੍ਹਾਂ ਇਥੇ ਟਰਾਂਸਪੋਰਟ ਅਧਿਕਾਰੀ ਨੂੰ ਬਗ਼ੈਰ ਪਰਮਿਟ ਅਤੇ ਟੈਕਸ ਦੀ ਅਦਾਇਗੀ ਤੋਂ ਸੜਕਾਂ ਨਾਪਣ ਵਾਲੀਆਂ ਬੱਸਾਂ ਨੂੰ ਫੜ੍ਹਨ ਦੇ ਹੁਕਮ ਦਿੱਤੇ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮਾਮਲੇ ’ਚ ਟਰਾਂਸਪੋਰਟਰ ਦੇ ‘ਵੱਡੇ’ ਜਾਂ ‘ਰਸੂਖ਼ਵਾਨ’ ਹੋਣ ਦਾ ਖ਼ੌਫ਼ ਪਾਸੇ ਰੱਖ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਸ੍ਰੀ ਵੜਿੰਗ ਨੇ ਕਿਹਾ ਕਿ ਬਠਿੰਡੇ ਦੇ ਬੱਸ ਸਟੈਂਡ ਦੀ ਹਫ਼ਤੇ ਦੇ ਅੰਦਰ-ਅੰਦਰ ਦਿੱਖ ਬਦਲਣ ਲਈ ਵੱਡੇ ਕਦਮ ਚੁੱਕੇ ਜਾਣਗੇ। ਉਨ੍ਹਾਂ ਪੰਜਾਬ ਭਰ ਦੇ ਬੱਸ ਅੱਡਿਆਂ ਤੋਂ ਨਾਜਾਇਜ਼ ਕਬਜ਼ੇ ਖਤਮ ਕਰਕੇ ਸਾਫ਼-ਸਫ਼ਾਈ ਵਾਲਾ ਅਤੇ ਚੰਗਾ ਵਾਤਾਵਰਣ ਪੈਦਾ ਕਰ ਕੇ ਬਦਲਾਅ ਲਿਆਉਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਆਖਿਆ ਕਿ ਕੁੱਝ ਟਰਾਂਸਪੋਰਟਰਾਂ ਵੱਲੋਂ ਜਾਣਬੁੱਝ ਕੇ ਟੈਕਸਾਂ ਦੀ ਅਦਾਇਗੀ ਰੋਕੀ ਹੋਈ ਹੈ, ਜਿਸ ਨੂੰ ਸਰਕਾਰ ਸਖ਼ਤੀ ਨਾਲ ਵਸੂਲੇਗੀ। ਟੈਕਸ ਨਾ ਭਰਨ ਵਾਲੇ ਟਰਾਂਸਪੋਰਟਰਾਂ ਦੀਆਂ ਬੱਸਾਂ ਬੰਦ ਕੀਤੀਆਂ ਜਾਣਗੀਆਂ। ਛੋਟੇ-ਵੱਡੇ ਟਰਾਂਸਪੋਰਟਰਾਂ ਵਿਚਲਾ ਪਾੜਾ ਪੂਰਨ ਲਈ ਛੋਟੇ ਟਰਾਂਸਪੋਰਟਰਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਤਰਜੀਹੀ ਆਧਾਰ ’ਤੇ ਸੁਣੀਆਂ ਜਾਣਗੀਆਂ। ਉਨ੍ਹਾਂ ਬਗ਼ੈਰ ਪਰਮਿਟ ਜਾਂ ਇੱਕੋ ਪਰਮਿਟ ’ਤੇ ਦੌੜਦੀਆਂ ਕਈ-ਕਈ ਬੱਸਾਂ ਅਤੇ ਬੱਸ ਤੋਂ ਬੱਸ ਦਰਮਿਆਨ ਰਵਾਨਗੀ ਦੇ ਟਾਈਮ ਨੂੰ ਛੇਤੀ ਹੀ ਤਰਕਸੰਗਤ ਬਣਾਏ ਜਾਣ ਦੀ ਗੱਲ ਆਖੀ। ਇਸ ਮੌਕੇ ਮੁਕਾਮੀ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ, ਮੋਹਣ ਲਾਲ ਝੁੰਬਾ, ਵਿਸ਼ਾਲ ਮੌਜੂਦ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਐਡਵੋਕੇਟ ਸੰਦੀਪ ਮੌਦਗਿਲ ਦੇ ਨਾਂ ਦੀ ਸਿਫ਼ਾਰਸ਼
Next articleਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਜਪਾਨ ਦੇ ਅਗਲੇ ਪ੍ਰਧਾਨ ਮੰਤਰੀ