ਰਾਹੁਲ ਤੇ ਪ੍ਰਸ਼ਾਂਤ ਦੀ ਚਾਲ ਨੇ ਵਿਰੋਧੀ ਕੀਤੇ ਚਾਰੇ ਖਾਨੇ ਚਿੱਤ!

ਸੰਦਰਭ : ਪੰਜਾਬ ‘ਚ ਮੁੱਖ ਮੰਤਰੀ ਦੀ ਤਬਦੀਲੀ ਮਗਰੋਂ ਹਰ ਰਾਜਸੀ ਪਾਰਟੀ ਰਣਨੀਤੀ ਬਦਲਣ ਲਈ ਮਜਬੂਰ

ਆਮ ਬਸ਼ਰ 14
– ਯਾਦਵਿੰਦਰ
(ਸਮਾਜ ਵੀਕਲੀ)-  ਪਿੱਛੇ ਜਿਹੇ ਜਦੋਂ ਕਾਂਗਰਸ ਦੇ ਅਣ ਐਲਾਨੇ ਸਰਵੋ ਸਰਵਾ ਰਾਹੁਲ ਗਾਂਧੀ ਨੇ ਅਚਾਨਕ ਪੰਜਾਬ ਵਿਚ ਮੁੱਖ ਮੰਤਰੀ ਬਦਲ ਦਿੱਤਾ ਤਾਂ ਨਾ-ਸਿਰਫ਼ ਇਹ ਅਣ ਕਿਆਸਿਆ ਫ਼ੈਸਲਾ, ਸਾਬਿਕ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਲਈ ਹੈਰਾਨਕੁਨ ਸਾਬਤ ਹੋਇਆ ਸੀ, ਬਲਕਿ ਹਰ ਰਾਜਸੀ ਖਿਡਾਰੀ ਏਸ ਫ਼ੈਸਲੇ ਮਗਰੋਂ ਸੁੰਨ ਹੋਇਆ ਨਜ਼ਰੀਂ ਪਿਆ। ਜੇ ਕਿਸੇ ਨੂੰ ਕੋਈ ਸ਼ਕ਼ ਸ਼ੁਬਾ ਹੋਵੇ ਤਾਂ ਓਹ ਓਸ ਦੌਰ ਦੇ ਅਖ਼ਬਾਰ, ਟੀ ਵੀ ਚੈਨਲਜ਼ ਦੇ ਵੀਡੀਓ ਕਲਿਪਸ ਵਗੈਰਾ ਵੇਖ ਸਕਦਾ ਹੈ।
ਪੰਜਆਬ ਵਿਚ ਇਹ ਤਬਦੀਲੀ ਦਿਲਚਸਪ ਏਸ ਕਰ ਕੇ ਸਾਬਤ ਹੋਈ ਕਿਉਂਕਿ ਇਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਆਲ੍ਹਾ ਆਗੂ ਸਨ, ਜਿਹੜੇ ਗੁਜਰਾਤ ਵਿਚ ਵਾਰ ਵਾਰ ਮੁੱਖ ਮੰਤਰੀ ਦਾ ਮੋਹਰਾ ਬਦਲ ਰਹੇ ਸਨ। ਪ੍ਰਧਾਨ ਮੰਤਰੀ ਨਰੇਂਦਰ ਦਾਮੋਦਰ ਮੋਦੀ ਤੇ ਉਨ੍ਹਾਂ ਦੇ ਲਫਟੈਨ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਵਿਚ ਇਹ ਰੱਦੋ ਬਦਲ ਕਰ ਰਹੇ ਸਨ, ਕਦੇ ਅਨੰਦੀਬੇਨ, ਕਦੇ ਰੂਪਾਨੀ ਕਦੇ ਕੋਈ। ਏਸੇ ਅਰਸੇ ਵਿਚ ਅੱਗੜ ਪਿੱਛੜ ਉੱਤਰਾਖੰਡ ਵਿਚ 2 ਜਾਂ 3 ਰਾਵਤ ਮੁੱਖ ਮੰਤਰੀ ਬਦਲ ਕੇ, ਫੇਰ ਪੁਸ਼ਪੇਂਦਰ ਸਿੰਹ ਧਾਮੀ ਨੂੰ ਮਾਣ ਤਾਣ ਦਿੱਤਾ ਗਿਆ।
ਰਾਹੁਲ, ਜਿਹਨੂੰ ਭਾਜਪਾ ਵਾਲੇ “ਪੱਪੂ” ਕਹਿੰਦੇ ਹੁੰਦੇ ਸਨ, ਓਸੇ ਰਾਹੁਲ ਨੇ ਪੁਰਾਣੇ ਤੋਂ ਪੁਰਾਣੇ ਵੋਟ ਖਿਡਾਰੀ ਨੂੰ “ਪਿਓ” ਬਣ ਕੇ ਵਿਖਾਅ ਦਿੱਤਾ ਹੈ, ਠੀਕ ਹੈ ਕਿ ਏਸ ਵਰਤਾਰੇ ਪਿੱਛੇ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਤੇ ਹੋਰ ਸਹਾਇਕਾਂ ਦਾ ਰੋਲ ਹੈ ਪਰ ਪਾਰਟੀ ਦਾ ਸੁਪਰ ਕਮਾਂਡਰ ਕਿਉਂਕਿ ਰਾਹੁਲ ਹੈ, ਏਸ ਲਈ ਰਾਹੁਲ ਦਾ (ਹੀ) ਹਵਾਲਾ ਦਿੱਤਾ ਜਾਵੇਗਾ।
*****
ਇੰਝ ਪੱਪੂ ਜਾਂ ਗੱਪੂ ਸਾਬਤ ਹੋਏ ਘਾਗ ਸਿਆਸਤਦਾਨ

          ਯਾਦਵਿੰਦਰ

1. ਅਕਾਲੀ ਦਲ (ਬਾਦਲ ਗਰੁੱਪ) ਦਾ ਮਾਇਆਵਤੀ ਦੀ ਪ੍ਰਧਾਨਗੀ ਵਾਲੀ ਬਹੁਜਨ ਸਮਾਜ ਪਾਰਟੀ ਨਾਲ ਚੋਣਾਂਵੀ ਸਮਝੌਤਾ ਹੈ। ਏਸ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਤੋਂ ਆਖਿਆ ਹੋਇਆ ਸੀ ਕਿ ਲੋਕ, ਜੇ, ਉਸਦੀ ਪਾਰਟੀ ਤੇ ਬਸਪਾ ਨੂੰ ਵੋਟਾਂ ਪਾ ਦੇਣਗੇ ਤਾਂ ਓਹ ਖ਼ੁਦ ਮੁੱਖ ਮੰਤਰੀ ਬਣਦੇ ਸਾਰ ਪਾਰਟੀ ਸਮਝੌਤੇ ਮੁਜਬ ਅਨੂਸੂਚਿਤ ਸਮਾਜ ਦੇ ਸਿਆਸਤਦਾਨ ਨੂੰ ਡਿਪਟੀ ਮੁੱਖ ਮੰਤਰੀ ਬਣਾਅ ਦਵੇਗਾ। ਏਸ ਮੁਤਾਬਕ ਪਵਨ ਟੀਨੂੰ, ਜਸਬੀਰ ਗੜ੍ਹੀ ਤੇ ਡਾ. ਸੁੱਖਵਿੰਦਰ ਕੁਮਾਰ ਸੁੱਖੀ ਬਾਰੇ ਖ਼ਿਆਲ ਆ ਜਾਂਦਾ ਸੀ। ਹੁਣ, ਕਿਉਂਕਿ ਰਾਹੁਲ, ਪ੍ਰਿਅੰਕਾ ਤੇ ਪ੍ਰਸ਼ਾਂਤ ਦੀ ਤਿੱਕੜੀ ਨੇ ਅਨੂਸੂਚਿਤ ਵਰਗ ਦੇ ਸਿਆਸਤਦਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਹੋਇਆ ਹੈ, ਏਸ ਲਈ ਬਾਦਲ ਦਲ ਤੇ ਬਸਪਾ ਨਿਰਉੱਤਰ ਹੋਏ ਹੋਣ ਕਾਰਣ ਫੂਕ ਨਿੱਕਲ ਗਈ ਮਹਿਸੂਸ ਕਰ ਰਹੇ ਪ੍ਰਤੀਤ ਹੋ ਰਹੇ ਹਨ। ਜਦਕਿ ਅਸੀਂ ਸਮਝਦੇ ਹਾਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਫ਼ੀ ਪੜ੍ਹੇ ਲਿਖੇ ਹਨ, ਏਸ ਲਈ ਉਨ੍ਹਾਂ ਦੀ ਪਛਾਣ ਵਿਚ ਇਹ ਗੱਲ ਜੋੜੀ ਜਾਣੀ ਚਾਹੀਦੀ ਸੀ ਤੇ ਹੈ।
2. ਦਿੱਲੀ ਦਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦਾ ਕੌਮੀ ਕਨਵੀਨਰ ਏਸ ਦਾਅ ਵਿਚ ਸੀ ਕਿ ਓਹ ਪੰਜਾਬ ਵਿਚ ਕਾਂਗਰਸ ਦੇ ਕਾਟੋ ਕਲੇਸ਼ ਨੂੰ ਮੁੱਦਾ ਬਣਾ ਕੇ ਭੜਥੂ ਪਾ ਲਵੇਗਾ। ਵਜ੍ਹਾ ਸਾਫ਼ ਸੀ ਕਿ ਬੇਅਦਬੀ ਕਾਂਡ ਵਿਚ ਕਈ ਐੱਸ ਆਈ ਟੀਜ਼ ਬਣਾ ਕੇ ਵੀ ਦੋਸ਼ੀ ਕਾਬੂ ਨਹੀਂ ਆਏ ਸਨ। ਰੇਤ ਮਾਫੀਆ, ਪੁਟਾਈ ਮਾਫੀਆ ਤੇ ਭਾਂਤ ਭਾਂਤ ਦੇ ਮਾਫੀਆ ਗੁੰਡੇ ਸਰਕਾਰ ਨੇ ਫੜ੍ਹ ਕੇ ਜੇਲ੍ਹ ਵਿਚ ਨਹੀਂ ਤੁੰਨੇ ਸਨ, ਜਦਕਿ ਮੁੱਖ ਮੰਤਰੀ ਦੇ ਤੌਰ ਉੱਤੇ ਹਲਫ਼ ਲੈਣ ਤੋਂ ਪਹਿਲਾਂ ਕਪਤਾਨ ਅਮਰਿੰਦਰ ਨੇ ਵਾਅਦਾ ਕੀਤਾ ਹੋਇਆ ਸੀ ਕਿ ਓਹ ਲਟਕਦੇ ਮਸਲੇ ਫੌਰੀ ਹੱਲ ਕਰੇਗਾ। ਕੇਜਰੀਵਾਲ ਏਸ ਦਾਅ ਵਿਚ ਸੀ ਕਿ ਪੰਜਾਬ ਧਾਰਮਕ ਪੱਖੋਂ ਜਜ਼ਬਾਤੀ ਲੋਕਾਂ ਦਾ ਸੂਬਾ ਹੈ ਤੇ ਓਹ ਮਿੱਠਾ ਪਿਆਰਾ ਬਣ ਕੇ, ਇਹ ਮੁੱਦੇ ਛੇੜ ਕੇ ਆਪਣਾ ਬੁੱਤਾ ਸਾਰ ਲਵੇਗਾ। ਸੂਤਰਾਂ ਮੁਤਾਬਕ ਕੇਜਰੀਵਾਲ ਏਸੇ ਕਰ ਕੇ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਰਿਹਾ ਕਿਉਂਕਿ ਉਹ ਦਲਿਤ ਪੱਤਾ ਖੇਡਣ ਦਾ ਮਨ ਬਣਾ ਰਿਹਾ ਸੀ। ਦਰਅਸਲ, ਹਰਪਾਲ ਸਿੰਘ ਚੀਮਾ ਨੂੰ ਪੰਜਾਬ ਕ਼ਾਨੂੰਨਸਾਜ਼ ਅਸੰਬਲੀ ਵਿਚ ਵਿਰੋਧੀ ਧਿਰ ਦਾ ਲੀਡਰ ਲਾਉਣ ਪਿੱਛੇ ਗੁੱਝੀ ਚਾਲ ਇਹੀ ਸੀ ਪਰ ਹੁਣ “ਆਪ” ਕੋਲ ਇਹ ਵੀ ਮੁੱਦਾ ਨਹੀਂ ਬਚਿਆ ਕਿਉਂਕਿ ਕਾਂਗਰਸ ਨੇ ਐਨ ਮੌਕੇ ਉੱਤੇ ਅਨੂਸੂਚਿਤ ਵਰਗ ਨਾਲ ਸਬੰਧਤ ਵਿਧਾਇਕ (ਮੰਤਰੀ ਵੀ) ਨੂੰ ਮੁੱਖ ਮੰਤਰੀ ਬਣਾ ਕੇ ਸਾਰਿਆਂ ਸਿਆਸੀ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ ਹੋਇਆ ਹੈ।
*****
ਗੱਲ ਭਾਜਪਾ ਦੀ
ਭਾਜਪਾ ਵਿਚ ਸਥਿਤੀ ਰੋਚਕ ਹੈ। ਵਰਕਰਾਂ ਦੀਆਂ ਮੀਟਿੰਗਾਂ ਵਿਚ ਜਿੰਨੇ ਮੂੰਹ, ਓਨੀਆਂ ਗੱਲਾਂ ਵਾਲੇ ਹਾਲਾਤ ਬਣੇ ਹੋਏ ਹਨ। ਇਕ ਪਾਸੇ ਪਾਰਟੀ ਦੇ ਤਾਰਨਹਾਰ ਕਹਿੰਦੇ ਨੇ ਕਿ ਉਹ ਹਰਿਆਣੇ ਵਾਂਗ ਪੰਜਾਬ ਵਿਚ ਗੈਰ-ਜੱਟ ਮੁੱਖ ਮੰਤਰੀ ਦੇਣਗੇ, ਅੱਧੇ ਜਣੇ ਇਹ ਕਹੀ ਜਾਂਦੇ ਹਨ ਕਿ ਦਲਿਤ ਮੁੱਖ ਮੰਤਰੀ ਦਿਆਂਗੇ। ਕਾਂਗਰਸ ਨੇ ਜਿਹੜਾ ਧਮਾਕਾ ਕਰ ਦਿੱਤਾ ਹੋਇਆ ਹੈ, ਓਹਦੀ ਕਾਟ ਇਹ ਲੱਭੀ ਹੈ ਕਿ ਉਹ ਆਖ ਰਹੇ ਹਨ ਕਿ ਕਾਂਗਰਸ ਨੇ 4 ਕੁ ਮਹੀਨਿਆਂ ਲਈ ਮੁੱਖ ਮੰਤਰੀ ਬਦਲ ਕੇ ਲੋਕਾਂ ਦੀ ਅੱਖੀਂ ਘੱਟਾ ਪਾਇਆ ਹੈ, ਚੋਣਾਂ ਮਗਰੋਂ ਜੇ ਕਾਂਗਰਸ ਨੂੰ ਬਹੁਮਤ ਮਿਲ ਗਿਆ ਤਾਂ ਉਹ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਨਹੀਂ ਬਣਾਉਣਗੇ। …. ਪਰ ਮੁੱਕਦੀ ਗੱਲ ਇਹ ਹੈ ਕਿ ਇਹਦੇ ਨਾਲ ਭਾਜਪਾ ਦਾ ਕੀ ਸੁਆਰਿਆ ਜਾਵੇਗਾ? ਹੰਸ ਰਾਜ ਹੰਸ, ਵਿਜੈ ਸਾਂਪਲਾ, ਸੋਮ ਪ੍ਰਕਾਸ਼, ਵਨੀਤ ਜੋਸ਼ੀ, ਅਸ਼ਵਨੀ ਸ਼ਰਮਾ, ਸੰਜੇ ਟੰਡਨ, ਤਰੁਣ ਚੁੱਘ ਤੇ ਹੋਰ ਅਨੇਕ ਸਿਆਸੀ ਖਾਹਸ਼ਮੰਦ ਏਸ ਵੇਲੇ ਲਾ-ਜਵਾਬ ਹੋਣ ਦੀ ਸਥਿਤੀ ਹੰਢਾਅ ਰਹੇ ਹਨ। ਪਾਰਟੀ ਕਹਿੰਦੀ ਹੈ ਕਿ 117 ਦੀਆਂ 117 ਅਸੰਬਲੀ ਸੀਟਾਂ ਉੱਤੇ ਚੋਣ ਲੜ ਕੇ, ਕਾਮਯਾਬ ਹੋਵੇਗੀ ਪਰ ਮੈਦਾਨੀ ਹਕੀਕਤ ਇਹ ਹੈ ਕਿ ਕਿਸਾਨ ਕਾਰਕੁਨ ਇਨ੍ਹਾਂ ਦੇ ਘਰਾਂ ਅੱਗੇ ਗੋਹਾ ਸੁੱਟ ਕੇ ਗੁੱਸਾ ਜ਼ਾਹਰ ਕਰ ਰਹੇ ਹਨ। ਇਨ੍ਹਾਂ ਦਾ ਤੋਰਾ ਫੇਰਾ ਮੁਹਾਲ ਹੋ ਚੁੱਕਿਆ ਹੈ, ਇਹ ਕਿਵੇਂ ਪ੍ਰਚਾਰ ਕਰ ਲੈਣਗੇ। ਕਿਹੜੀਆਂ ਚੋਣਾਂ ਤੇ ਕਿਹੜਾ ਮੁੱਖ ਮੰਤਰੀ?
*******
ਚੰਨੀ ਦੀ ਨਵੀਂ ਪਾਰੀ ਦੀ ਤਿਆਰੀ
ਮੁੱਖ ਮੰਤਰੀ ਚਰਨਜੀਤ ਚੰਨੀ ਜਾਣਦੇ ਹਨ ਕਿ ਇਹ ਦੌਰ, ਆਮ ਆਦਮੀ ਦੀ ਰਾਜਨੀਤੀ ਦਾ ਹੈ। ਉਨ੍ਹਾਂ ਨੇ ਸਾਦਗ਼ੀ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਹੈ। ਲੋਕਾਂ ਨੂੰ ਸਹਿਜ ਸੁਭਾਅ ਮਿਲ ਰਹੇ ਹਨ। ਪ੍ਰੋਟੋਕੋਲ ਤੋੜ ਕੇ ਵਿਦਿਆਰਥੀਆਂ ਨਾਲ ਸੰਵਾਦ ਕਰ ਰਹੇ ਹਨ। ਪਤਾ ਹੈ ਕਿ ਕੇਜਰੀਵਾਲ ਦੀ ਸਿਆਸਤ ਨੇ ਸਾਰਿਆਂ ਨੂੰ ਕੇਜਰੀਵਾਲ ਵਰਗਾ ਬਣਣ ਲਈ ਬੇਵੱਸ ਕਰ ਦਿੱਤਾ ਹੈ। ਚੰਨੀ ਦਾ ਸਾਰਾ ਜ਼ੋਰ ਏਧਰ ਲੱਗਿਆ ਹੈ ਕਿ ਇਕ ਤਾਂ ਅਗਲੀ ਵਾਰ ਆਪਣੀ ਵਿਧਾਇਕੀ ਬਚਾਉਣੀ ਹੈ। ਦੂਜਾ ਇਹ ਕਿ ਜੇ ਕਾਂਗਰਸ ਬਹੁਮਤ ਲੈ ਗਈ ਤਾਂ ਦੁਬਾਰਾ ਮੁੱਖ ਮੰਤਰੀ ਬਣ ਕੇ ਟੀਸੀ ਵਾਲਾ ਬੇਰ ਲਾਹੁਣਾ ਹੈ!!
*****
ਸਿੱਧੂ ਦੇ ਸੰਸੇ
ਸੂਤਰਾਂ ਦੀ ਮੰਨੀਏ ਤਾਂ ਜਦੋਂ ਰਾਹੁਲ ਗਾਂਧੀ, ਪ੍ਰਿਅੰਕਾ ਵਾਡਰਾ ਤੇ ਪ੍ਰਸ਼ਾਂਤ ਕਿਸ਼ੋਰ ਪੰਜਾਬ ਵਿਚ ਮੁੱਖ ਮੰਤਰੀ ਬਦਲਣ ਤੇ ਏਸ ਫ਼ੈਸਲੇ ਦੇ ਅਗਾਊਂ ਅਸਰਾਤ ਬਾਰੇ ਦਿੱਲੀ ਵਿਚ ਮੀਟਿੰਗਾਂ ਕਰਦੇ ਹੁੰਦੇ ਸਨ, ਉਦੋਂ ਨਵਜੋਤ ਸਿੱਧੂ ਵੀ ਹਾਜ਼ਰ ਹੁੰਦਾ ਸੀ। ਸਿੱਧੂ ਨੂੰ ਜਾਪ ਰਿਹਾ ਸੀ ਜਿਵੇਂ ਟੀਸੀ ਵਾਲਾ ਬੇਰ ਓਹਦੀ ਝੋਲੀ ਸੁੱਟਣ ਲਈ ਸਾਰੀ ਕਵਾਇਦ ਚੱਲ ਰਹੀ ਹੋਵੇ ਪਰ ਰਾਹੁਲ ਨੇ ਕਈਆਂ ਨੂੰ ਫੁੰਡਣ ਵਾਲਾ ਨਿਸ਼ਾਨਾ ਲਾਉਣਾ ਸੀ। ਕਿਸੇ ਨੂੰ ਸਮਝ ਨਹੀਂ ਪਈ ਕਿ ਮੁੱਖ ਮੰਤਰੀ ਹੁੰਦਿਆਂ ਕਪਤਾਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਦੀ ਜਾਣਕਾਰੀ ਤੇ ਪਾਰਟੀ ਹਾਈ ਕਮਾਂਡ ਨਾਲ ਨੇੜਤਾ ਦਾ ਲੋਹਾ ਮੰਨ ਲਿਆ ਸੀ। ਅਮਰਿੰਦਰ ਨੇ ਕਈ ਵਾਰ ਕਿਹਾ ਸੀ ਕਿ ਪ੍ਰਸ਼ਾਂਤ ਉਸ ਦਾ ਦੋਸਤ ਹੈ। ਏਸੇ ਲਈ ਪ੍ਰਸ਼ਾਂਤ ਨੂੰ ਆਪਣੇ ਨਿੱਜੀ ਸਲਾਹਕਾਰ ਦਾ ਰੁਤਬਾ ਦਿੱਤਾ ਤੇ ਕੈਬਨਿਟ ਵਜ਼ੀਰ ਦੀ ਤਾਕ਼ਤ ਦਿੱਤੀ। ….ਪਰ ਪ੍ਰਸ਼ਾਂਤ ਨੇ ਅਸਤੀਫ਼ਾ ਦੇ ਦਿੱਤਾ ਸੀ, ਘਾਗ ਸਿਆਸਤਦਾਨ ਅਮਰਿੰਦਰ ਨੂੰ ਸਮਝ ਨਾ ਪੈ ਸਕੀ ਕਿ ਅੱਖ ਦੀ ਸ਼ਰਮ ਰੱਖਣ ਲਈ ਪ੍ਰਸ਼ਾਂਤ ਦੂਰੀ ਬਣਾ ਰਿਹਾ ਸੀ। ਪ੍ਰਸ਼ਾਂਤ ਲਗਾਤਾਰ ਕੈਪਟਨ ਤੋਂ ਦੂਰ ਹੋਣ ਦਾ ਦਾਅ ਖੇਡ ਰਿਹਾ ਸੀ। ਓਧਰ,ਸਿੱਧੂ, ਅਤਿ ਉਤਸ਼ਾਹੀ ਹੋਣ ਕਾਰਣ ਟਪਲਾ ਖਾ ਗਿਆ। ਓਹ ਸਮਝ ਰਿਹਾ ਸੀ ਕਿ ਖਣੀ ਓਹਨੂੰ ਮੁੱਖ ਮੰਤਰੀ ਬਣਾਉਣ ਲਈ ਮੋਹਰੇ ਬਦਲੇ ਜਾਂ ਰਹੇ ਹਨ। ਠੋਕੋ ਤਾੜੀ।
*****
ਕੈਪਟਨ ਤੋਂ ਕਿਓਂ ਖੋਹੀ ਕਪਤਾਨੀ?
ਪੰਜਆਬ ਦੀ ਸਿਆਸਤ ਨੂੰ ਨੇੜਿਓਂ ਸਮਝਣ ਦਾ ਦਾਅਵਾ ਕਰਨ ਵਾਲੇ ਹਾਲੇ ਤਕ ਅਵਾਕ ਹਨ ਕਿ ਰਾਹੁਲ ਤੇ ਪ੍ਰਿਅੰਕਾ ਨੇ ਏਨਾ ਸਖ਼ਤ ਫ਼ੈਸਲਾ ਕਿਓਂ ਲਿਆ? ਅਮਰਿੰਦਰ ਤੇ ਨਹਿਰੂ/ਗਾਂਧੀ ਪਰਵਾਰ ਦੀ ਨੇੜਤਾ ਦਹਾਕਿਆਂ ਪੁਰਾਣੀ ਹੈ। ਫੇਰ ਏਨੀ ਸਖ਼ਤੀ ਕਿਓਂ?
ਓਹਦਾ ਜਵਾਬ ਇਹ ਦੱਸਿਆ ਜਾਂ ਰਿਹਾ ਹੈ ਕਿ ਰਾਹੁਲ ਨੇ ਪਾਰਟੀ ਵਿਚ ਜਬਰਦਸਤ ਤਬਦੀਲੀ ਦਾ ਮਨ ਬਣਾ ਲਿਆ ਹੋਇਆ ਹੈ। ਅਮਰਿੰਦਰ ਬਾਰੇ ਰਿਪੋਰਟਾਂ ਮਿਲ ਰਹੀਆਂ ਸਨ ਕਿ ਉਹ ਰਾਜੇ ਮਹਾਰਾਜੇ ਵਾਂਗ ਪੰਜਾਬ ਵਿਚ ਰਾਜ ਭਾਗ ਚਲਾ ਰਿਹਾ ਹੈ। ਬਹੁਤ ਸਾਰੇ ਨਿਗਰਾਨ ਇਹ ਰਿਪੋਰਟ ਕਰ ਰਹੇ ਸਨ ਕਿ ਇਹ ਕਾਂਗਰਸ ਦੀ ਨਹੀਂ, ਕੈਪਟਨ ਦੀ ਸਰਕਾਰ ਹੈ, ਵਗੈਰਾ ਵਗੈਰਾ। ਸੂਤਰ ਦੱਸਦੇ ਹਨ ਕਿ ਇਹ ਸਾਰੀਆਂ ਗੱਲਾਂ, ਰਾਹੁਲ ਤਾਂ ਕੀ ਪ੍ਰਿਅੰਕਾ ਦਾ ਨਾ-ਬਾਲਿਗ ਪੁੱਤਰ ਰੇਹਾਨ ਗਾਂਧੀ ਵੀ ਸਹਿਣ ਨਹੀਂ ਕਰਨ ਵਾਲਾ। ਵਜ੍ਹਾ ਇਹ ਹੈ ਕਿ ਮਾਲਕ ਕਦੇ ਵੀ ਆਪਣੇ ਫ਼ਰੈਂਨਚਾਈਜ਼ੀ ਨੂੰ ਮੁਕੰਮਲ ਮਾਲਕ ਨਹੀਂ ਬਣਣ ਦਿੰਦੇ ਹੁੰਦੇ। ਕਾਂਗਰਸ ਸਰਮਾਏਦਾਰੀਪ੍ਰਸਤ ਹੋ ਸਕਦੀ ਹੈ ਪਰ ਰਜਵਾੜ੍ਹਾਸ਼ਾਹੀ ਦੀ ਘੋਰ ਵਿਰੋਧੀ ਹੈ।
ਪੰਜਾਬ ਹੀ ਨਹੀਂ ਰਾਹੁਲ ਦੀ ਅੱਖ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਉੱਤੇ ਵੀ ਹੈ। ਜੋਗੀ ਆਦਿਤਿਆਨਾਥ ਦਾ ਰਾਹ ਰੋਕਣ ਲਈ ਸਕੀਮਾਂ ਲਾਈਆਂ ਜਾਂ ਰਹੀਆਂ ਹਨ। ਏਸ ਤੋਂ ਪਹਿਲਾਂ ਕਾਂਗਰਸ ਨੇ ਮਹਾਰਾਸ਼ਟਰ ਵਿਚ ਸ਼ਿੰਦੇ ਨੂੰ ਮੁੱਖ ਮੰਤਰੀ ਲਾ ਕੇ ਸਾਰਾ ਜੱਗ ਹੈਰਾਨ ਕਰ ਦਿੱਤਾ ਸੀ। ਹੁਣ ਵੀ ਕੁਝ ਵੀ ਹੋ ਸਕਦਾ ਹੈ!!!

ਨਹਿਰੂ ਮੁੜ ਜ਼ਿੰਦਾ!
ਵਿਰੋਧੀਆਂ ਦੇ ਦੋਸ਼ ਹਨ ਕਿ ਹੁਣ ਜਦੋਂ ਕੇਂਦਰ ਵਿਚ ਭਾਜਪਾ ਦਾ ਰਾਜ ਹੈ। ਘੱਟ ਗਿਣਤੀ ਮੁਸਲਮਾਨਾਂ, ਈਸਾਈਆਂ, ਖੱਬੇ ਪੱਖੀਆਂ, ਯੂਨੀਅਨਿਸਟਾਂ ਉੱਤੇ ਹਮਲੇ ਦੀਆਂ ਖ਼ਬਰਾਂ/ਰਿਪੋਰਟਾਂ ਆ ਜਾਂਦੀਆਂ ਹਨ। ਏਸ ਸਾਰੇ ਵਰਤਾਰੇ ਨੇ ਜਵਾਹਰ ਲਾਲ ਨਹਿਰੂ ਤੇ ਉਨ੍ਹਾਂ ਦੀ ਸੋਚ/ਸੰਸਿਆਂ ਨੂੰ ਪੁਖ਼ਤਾ ਕਰ ਦਿੱਤਾ ਹੈ। ਅਸੀਂ ਖ਼ੁਦ ਕਾਂਗਰਸ ਨੂੰ ਚੰਗੀ ਪਾਰਟੀ ਨਹੀਂ ਸਮਝਦੇ ਰਹੇ ਪਰ ਨਹਿਰੂ ਦੀ ਥਿਊਰੀ, ਕਾਂਗਰਸ ਦੇ ਆਜ਼ਾਦੀ ਘੋਲ ਵਿਚ ਯੋਗਦਾਨ ਤੇ ਸਾਰੀਆਂ ਸੋਚਾਂ ਵਾਲਿਆਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਕਿਤੇ ਨਾ ਕਿਤੇ ਇਹ ਸੂਹ ਦਿੰਦੀ ਹੈ ਕਿ ਦੱਖਣਪੰਥੀ ਕੱਟੜ ਧਾਰਮਕ ਪਾਰਟੀ ਦੇ ਮੁਕਾਬਲਤਨ ਇਹ ਪਾਰਟੀ ਸਹੀ ਹੈ। ਜਿਗਣੇਸ਼ ਮੇਵਾਨੀ, ਕਨ੍ਹਈਆ ਕੁਮਾਰ ਨੂੰ ਪਾਰਟੀ ਨੇ ਆਪਣੇ ਦਾਇਰੇ ਵਿਚ ਲੈ ਕੇ ਦੋ ਚੰਗੇ ਬੁਲਾਰੇ ਆਪਣੇ ਵੱਸ ਵਿਚ ਕਰ ਲਏ ਹਨ। ਏਸ ਤੋਂ ਪਹਿਲਾਂ ਪਾਟੀਦਾਰ ਅੰਦੋਲਨ ਵਾਲਾ ਹਾਰਦਿਕ ਪਟੇਲ ਵੀ ਕਾਂਗਰਸ ਵਿਚ ਸ਼ਾਮਲ ਹੋ ਕੇ ਗੁਜਰਾਤ ਦੇ ਸਮੀਕਰਨ ਬਦਲ ਚੁੱਕਿਆ ਹੈ। ਕੈਪਟਨ ਤੋਂ ਕਪਤਾਨੀ ਖੋਹਣ ਦੀ ਵਜ੍ਹਾਹ ਇਹ ਸੀ ਕਿ ਰਾਹੁਲ ਹੁਣ ਬੌਧਿਕ ਤੌਰ ਉੱਤੇ ਜਵਾਹਰ ਲਾਲ ਨਹਿਰੂ ਦੀ ਸ਼ਰਨ ਵਿਚ ਹੈ। ਨਹਿਰੂ ਨੇ ਧਾਰਮਕ ਕੱਟੜਵਾਦ, ਜਗੀਰੂ ਕਦਰਾਂ ਕੀਮਤਾਂ, ਰਾਜਾਸ਼ਾਹੀ ਤੇ ਹੋਰ ਪਰੰਪਰਾਵਾਂ ਨਾਲ ਦਸਤਪੰਜਾ ਲਿਆ ਸੀ। ਏਸੇ ਲਈ ਨਹਿਰੂਵੀਅਨ (Nehruvian) ਖਿਆਲਾਤ ਦੇ ਕਾਂਗਰਸੀ ਵੀ ਏਸ ਪਾਰਟੀ ਵਿਚ ਵਿਚਰਦੇ ਰਹੇ ਹਨ। ਜਿਹੜਾ ਵੀ ਬੰਦਾ, ਨਹਿਰੂ ਦੀ ਕਿਤਾਬ Discovery of India ਪੜ੍ਹੇਗਾ, ਜਾਂ ਉਨ੍ਹਾਂ ਦੀਆਂ ਲਿਖਤਾਂ ਪੜ੍ਹੇਗਾ, ਓਹ ਨਾ ਤਾਂ ਜਗੀਰੂ ਸੋਚ ਨੂੰ ਪਸੰਦ ਕਰੇਗਾ ਤੇ ਨਾ ਹੀ, ਧਾਰਮਕ ਮੂਲਵਾਦ ਨੂੰ ਪਸੰਦ ਕਰੇਗਾ ਬਲਕਿ ਇਨ੍ਹਾਂ ਦੇਸੀ ਕੁਰੀਤੀਆਂ ਦੇ ਖ਼ਾਤਮੇ ਲਈ ਜਿਹਾਦ ਛੇੜ ਦਵੇਗਾ। ਰਾਹੁਲ ਤੇ ਪ੍ਰਿਅੰਕਾ ਜੇ ਨਹਿਰੂ ਨੂੰ ਪੜ੍ਹਦੇ ਹੋਣਗੇ ਤਾਂ ਕੁਝ ਤਾਂ ਜਜ਼ਬ ਕਰਦੇ ਈ ਹੋਣਗੇ!
ਕੁਝ ਤਾਂ ਪੱਲੇ ਪੈਂਦਾ ਈ ਹੋਊਗਾ। ਆਖ਼ਰ ਖ਼ੂਨ ਨੇ ਉਬਾਲਾ ਮਾਰਨਾ ਈ ਹੁੰਦਾ ਹੈ, ਹੈਅ ਕਿ ਨਹੀਂ!!

ਸੰਪਰਕ : ਸਰੂਪ ਨਗਰ, ਰਾਓਵਾਲੀ।
9465329617

Previous articleHindutva movement is causing waves
Next articleਜਦੋਂ ਮੈਨੂੰ ਪੁਰਸਕਾਰ ਮਿਲਿਆ !