ਪੰਜਾਬੀ ਗਾਇਕੀ ਸੁਨਹਿਰੇ ਮੋੜ ਤੇ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਕਿਸੇ ਸਮਾਜ , ਕਿਸੇ ਦੇਸ਼ ਤੇ ਕਿਸੇ ਕੌਮ ਦਾ ਅਕਸ ਉਸਦੇ ਲੋਕ ਗੀਤ ਹੁੰਦੇ ਹਨ। ਉਸਦੀਆਂ ਕਥਾਵਾਂ , ਕਹਾਣੀਆਂ, ਕਿੱਸੇ ਹੁੰਦੇ ਹਨ। ਲੋਕ ਕਹਾਵਤਾਂ, ਅਖਾਣ, ਮੁਹਾਵਰੇ ਐਂਵੇ ਇਕ ਦਿਨ “ਚ ਸਮਾਜਿਕ ਜਨ-ਜੀਵਨ ਦਾ ਅੰਗ ਨਹੀਂ ਬਣ ਜਾਂਦੇ, ਬਲਕਿ ਸਦੀਆਂ ਦੇ ਇਤਿਹਾਸਿਕ ਰਾਜ ਇਹਨਾਂ ਸਤਰਾਂ ਵਿੱਚ ਇਕ-ਰੰਗ ਹੋਏ ਹੁੰਦੇ ਹਨ। ਲੋਕ ਦੇ ਜੀਵਨ ਦੇ ਯਥਾਰਥ ਨੂੰ ਬਿਆਨਣ ਵਾਲਾ ਗੀਤ ਇਕ ਦਿਨ ਲੋਕ ਗੀਤ ਬਣ ਜਾਂਦਾ ਹੈ।

ਕਿਸੇ ਵੀ ਕੌਮ ਦੇ ਸੱਭਿਆਚਾਰਕ ਪਿਛੋਕੜ ਤੇ ਝਾਤ ਮਾਰਨੀ ਹੋਵੇ ਤਾਂ ਉਸ ਦੇ ਲੋਕ ਗੀਤਾਂ ਦੇ ਇਤਿਹਾਸ ਦੀ ਤਹਿ ਤੱਕ ਜਾਣਾ ਪਵੇਗਾ। ਲੋਕ ਗੀਤ ਲੋਕਾਂ ਦੇ ਆਚਾਰ -ਵਿਹਾਰ, ਸੱਭਿਆਚਾਰ, ਸਮਾਜਿਕ ਰੀਤੀ-ਰਿਵਾਜ਼ਾਂ ਦਾ ਆਪੇ ਹੋਂਦ ਵਿੱਚ ਆਇਆ ਲੋਕ-ਜੁਬਾਨਾਂ ਤੇ ਚੜਿਆ ਵਹੀ ਖਾਤਾ ਹੈ।ਕਿਸੇ ਕੌਮ -ਨਸਲ ਦੇ ਸੁਭਾਅ, ਭੇਦਾਂ ਬਾਰੇ ਖੋਜ ਕਾਰਜਾਂ ਵਿੱਚ ਗੀਤ ਹੀ ਚੰਗੀ ਤਰ੍ਹਾਂ ਮਾਰਗਦਰਸ਼ਨ ਕਰ ਸਕਦੇ ਹਨ।

ਗੀਤ ਜੁਬਾਨਾਂ ਤੇ ਚੜ੍ਹ ਕੇ ਸਦੀਵੀਂ ਅਮਰ ਹੋ ਜਾਂਦੇ ਹਨ। ਪੰਜਾਬ ਦੇ ਗੀਤ ਕਿੱਸਾ ਕਾਵਿ ਤੋਂ ਪ੍ਭਾਵਤ ਹੋ ਕੇ ਲਿਖੇ ਜਾਂਦੇ ਤੇ ਗਾਏ ਜਾਂਦੇ ਰਹੇ। ਕਿੱਸਾ ਕਾਵਿ ਇਸ਼ਕ ਮਜ਼ਾਜ਼ੀ ਦੀਆਂ ਬਾਤਾਂ ਪਾਉਂਦਾ ਤੇ ਨੈਤਿਕਤਾ ਦੀ ਸਿਖਿਆਵਾਂ ਦਿੰਦਾ ਪੀੜੀ ਦਰ ਪੀੜੀ ਚੱਲਦਾ ਰਿਹਾ ਤੇ ਅੱਜ ਵੀ ਪ੍ਰਚੱਲਿਤ ਹੈ।

ਗੀਤਾਂ ਨੇ ਸਮਾਜਿਕ ਸੁਧਾਰ ਕਰਨੇ ਹੁੰਦੇ ਹਨ। ਕੁਰੀਤੀਆਂ ਦੀ ਝਾੜਝੰਬ ਕਰਕੇ ਨਵੀਆਂ ਨੈਤਿਕ ਪਰਿਭਾਸ਼ਾਵਾਂ ਤਹਿ ਕਰਨੀਆਂ ਹੁੰਦੀਆਂ ਹਨ। ਵੀਰ ਰਸੀ ਲੈਅ-ਬੱਧ ਬੌਧਿਕ ਕਵਿਤਾਵਾਂ ਗਾ ਕੇ ਲੋਕ ਜਾਗ੍ਰਿਤੀ ਪੈਦਾ ਕਰਨੀ ਹੁੰਦੀ ਹੈ।ਜਬਰ ਜੁਲਮ ਦੇ ਖਿਲਾਫ਼ ਨਸਾਂ ਵਿੱਚ ਵਗਦੇ ਖੂਨ ਨੂੰ ਉਬਾਲਾ ਦੇਣਾ ਹੁੰਦਾ ਹੈ। ਜਜਵਾਤਾਂ ਦੇ ਵੇਗ ਵਿੱਚ ਡੌਲਿਆ ਦੇ ਫਰਕਾਉਣ ਤੱਕ, ਸੰਘਰਸ਼ ਦੇ ਅਖ਼ੀਰ ਤੱਕ ਗੀਤ ਮਾਨਸਿਕ ਸ਼ਕਤੀ ਬਣਕੇ ਮਨੁੱਖ ਦੀ ਸੋਚ ਨੂਂ ਅਣਖ ਦੀ ਪਾਣ ਦਿੰਦੇ ਰਹਿੰਦੇ ਹਨ। ਵੀਰ ਰਸੀ ਵਾਰਾਂ ਜਾਲਮ ਦੁਸਮਣ ਨਾਲ ਲੋਹਾ ਲੈਣ ਲਈ ਮਨੁੱਖ ਨੂੰ ਪ੍ਰੇਰਿਤ ਕਰਦੀਆਂ ਹਨ।

ਜਬਰ ਜੁਲਮ ਦੇ ਖਿਲਾਫ਼ ਲੋਕਾਂ ਨੂੰ ਲਾਮਬੰਦ ਕਰਨਾ ਗੀਤਕਾਰਾਂ ਤੇ ਗਾਇਕਾਂ ਦੇ ਮੋਢਿਆਂ ਦੀ ਚੁੱਕਣ ਵਾਲੀ ਹੀ ਜ਼ਿੰਮੇਵਾਰੀ ਹੈ। ਗੀਤ ਸਿਰਫ਼ ਰਿਸ਼ਤਿਆਂ ਨੂੰ ਦੂਸ਼ਤ ਕਰਨ ਲਈ ਹੀ ਨਹੀਂ ਹੁੰਦੇ ਸਗੋਂ ਦੂਸ਼ਿਤ- ਦਲਿਦਰਤਾ ਦਾ ਕੋਹੜ ਖਤਮ ਕਰਨਾ ਲਈ ਹੁੰਦੇ ਹਨ। ਗੀਤ ਤੁਰੰਨਮ ਵਿੱਚ ਲੋਕ ਮਨਾ ਨੂੰ ਸਿੱਧਾ ਪ੍ਭਾਵਤ ਕਰਦੇ ਹਨ। ਰੂਹਾਂ ਨੂੰ ਝੰਜੋੜਦੇ ਸਨ।ਇਨਕਲਾਬ ਦੀ ਸੋਚ ਨੂੰ ਜਾਗ਼ ਲਾਉਣਾ ਹੈ ਤਾਂ ਗੀਤਕਾਰੀ ਤੇ ਗੀਤ ਗਾਇਕੀ ਨੇ ਲਾਉਣਾ ਹੁੰਦਾ ਹੈ। ਇਸ ਤੋਂ ਬਿਨਾਂ ਲੋਕ ਰੋਹ ਨੂੰ ਜਾਗ਼ ਲਾਉਣਾ ਅਸੰਭਵ ਹੈ। ਪੰਜਾਬ ਦੇ ਸੱਭਿਆਚਾਰ ਨੂੰ ਪਿਛਲੇ ਕਈ ਦਹਾਕਿਆਂ ਤੋਂ ਸੋਲੋ ਤੇ ਦੋ-ਗਾਣਿਆਂ ਦੀ ਲੱਚਰ ਗੀਤਕਾਰੀ ਤੇ ਗਾਇਕੀ ਨੇ ਚਿੱਕੜ ਵਿੱਚ ਲਿਬੇੜਿਆ ਹੈ। ਪਾਕਿ-ਪਵਿੱਤਰ ਰਿਸ਼ਤਿਆਂ ਦੇ ਵਿੱਚ ਅਨੈਤਿਕਤਾ ਦੀ ਗੰਦਗ਼ੀ ਸੁੱਟ ਕੇ ਇੱਜ਼ਤਦਾਰ ਕਿਰਦਾਰਾਂ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਖੜਾ ਕੀਤਾ। ਪਰਿਵਾਰਿਕ ਰਿਸ਼ਤਿਆਂ ਨੂੰ ਬਿਖੇਰਿਆ ਹੈ। ਅਸ਼ਲੀਲਤਾ ਦਾ ਮਹੌਲ ਪੈਦਾ ਕਰਕੇ ਨੈਤਿਕਤਾ ਦਾ ਘਾਣ ਕੀਤਾ ਹੈ ।

ਗਾਇਕਾਂ ਨੇ ਲੋਕਾਂ ਦੀਆਂ ਜੇਬਾਂ ਝਾੜੀਆਂ, ਗੀਤਕਾਰਾਂ ਨੇ ਸ਼ਰਾਬ ਦੀ ਹਵਾੜ ਵਿੱਚ ਤੇ ਚੰਦ ਸਿੱਕਿਆਂ ਦੀ ਖਾਤਿਰ ਆਪਣੀ ਸੋਚ, ਆਪਣੀ ਜ਼ਮੀਰ ਡੋਬ ਦਿੱਤੀ । ਲੋਕਾਂ ਦੇ ਮੁੱਦਿਆਂ ਵਲੋਂ ਕਬੂਤਰ ਵਾਂਗ ਅੱਖਾਂ ਮੀਚ ਲਈਆਂ । ਸ਼ਾਇਦ ਉਨਾਂ ਗੀਤਕਾਰਾਂ ਤੇ ਗਾਇਕਾਂ ਦੀ ਸੋਚ ਹੀ ਤਰਕਹੀਣ ਸੀ। ਰਿਸ਼ਤਿਆਂ ਨੂੰ ਭੰਡਿਆ ਗਿਆ। ਲੋਕਾਂ ਦੀ ਹੋ ਰਹੀ ਆਰਥਿਕ ਲੁੱਟ ਦਾ ਕਦੇ ਜ਼ਿਕਰ ਤੱਕ ਨਹੀਂ ਕੀਤਾ।ਕਿਰਤੀ ਕਾਮਿਆ ਦੀ ਹੋ ਰਹੀ ਆਰਥਿਕ ਲੁੱਟ, ਜਿਸਮਾਨੀ ਸ਼ੋਸਣ ਤਾਂ ਗੀਤਕਾਰਾਂ ਤੇ ਗਾਇਕਾਂ ਨੂੰ ਕਦੇ ਦਿਖਿਆ ਹੀ ਨਹੀਂ, ਕਿਉਂਕਿ ਉਹਨਾਂ ਦੇ ਅਖਾੜਿਆਂ ਦੀ ਕੀਮਤ ਸ਼ੋਸਣ ਦੇ ਨਪੀੜੇ ਕਿਰਤੀ -ਕਾਮਿਆ ਨੇ ਥੋੜੀ ਦੇ ਸਕਣੀ ਸੀ, ਜਿਲੇਦਾਰਾਂ , ਲੰਬਰਦਾਰਾਂ, ਸਰਪੰਚਾਂ ਤੇ ਧੜੱਲੇਦਾਰ ਜਿਮੀਂਦਾਰਾਂ ਨੇ ਦੇਣੀ ਸੀ। ਨਸ਼ਿਆਂ ਦੀ ਉਸਤਿਤ ਕਰਦੇ ਉਸ ਸਮੇਂ ਦੇ ਗੀਤਕਾਰ ਤੇ ਗਾਇਕ ਇਹ ਸੋਚਣ ਦੇ ਕਾਬਿਲ ਹੀ ਨਹੀਂ ਸਨ ਕਿ ਅਸੀਂ ਗੀਤਾਂ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਪਰੋਸ ਰਹੇ ਹਾਂ। ਨਸ਼ਿਆਂ ਤੇ ਅਸ਼ਲੀਲਤਾ ਦੀ ਗੁੜਤੀ ਦੇ ਕੇ ਪੰਜਾਬੀ ਕੌਮ ਤੇ ਪੰਜਾਬੀਅਤ ਦਾ ਬੇੜਾ ਗ਼ਰਕ ਕਰ ਗਏ ।

ਪੰਜਾਬ ਦੇ ਕਿਸਾਨਾਂ ਦੀ ਲੁੱਟ, ਆਰਥਿਕ ਮੰਦਹਾਲੀ ਤੇ ਕਿਰਤੀ ਕਾਮਿਆਂ ਦੇ ਸ਼ੋਸਣ ਦੀ ਜੇਕਰ ਗੱਲ ਕੀਤੀ ਤਾਂ ਕਮਿਊਨਿਸਟਾਂ ਦੇ ਪਿੰਡਾਂ ‘ਚ ਲੱਗਦੇ ਡਰਾਮਿਆਂ-ਨਾਟਕ ਮੰਡਲੀਆਂ ਦੇ ਵਿੱਚ ਹੋਈ। ਲੋਕਾਂ ਨੇ ਰਜਵਾੜਿਆਂ ਤੇ ਜਾਗੀਰਦਾਰਾਂ ਦੇ ਖਿਲਾਫ਼ ਲੋਕਾਂ ਨੂੰ ਜਾਗਰਿਤ ਕਰਕੇ ਕਿਸਾਨਾਂ ਤੇ ਕਿਰਤੀਆਂ ਦੇ ਹੱਕ ਵਿੱਚ ਘੋਲ ਵਿੱਡੇ, ਮੋਰਚਾਬੰਦੀ ਕੀਤੀ, ਪਰ ਵੱਡੇ ਵੱਡੇ ਗੀਤਕਾਰ ਤੇ ਗਾਇਕ ਮੂੰਹ ਵਿੱਚ ਘੁੰਗਣੀਆਂ ਪਾ ਕੇ ਆਪਣੇ ਮੁਜ਼ਰੇ ਕਰਦੇ ਰਹੇ। ਸੰਤ ਰਾਮ ਉਦਾਸੀ ਜਿਹੇ ਗੀਤਕਾਰ ਕਿਰਤੀ ਕਾਮਿਆਂ ਦੀ ਗੱਲ ਗੀਤਾਂ ਵਿੱਚ ਕਰਦੇ ਅਮਰ ਹੋ ਗਏ। ਇਹੋ ਜਿਹੇ ਗੀਤਾਂ ਨੇ ਮੁਜ਼ਾਹਰਿਆਂ ਨੂੰ ਜ਼ਮੀਨੀ ਹੱਕ ਲੈਣ ਲਈ ਲਾਮਬੰਦ ਕੀਤਾ। ਇਹ ਕਲਮਾਂ ਤੇ ਗੀਤਾਂ ਦੀ ਬਦੌਲਤ ਸੰਭਵ ਹੋਇਆ ।

ਪਿਛਲੇ ਅਰਸੇ ਤੋਂ ਸੰਗੀਤਕ ਬਰੀਕੀਆਂ ਤੇ ਸੱਖਣੇ ਗਾਇਕਾਂ ਨੇ ਗਾਇਕੀ ਦੀਆਂ ਸੁਰਾਂ ਨੂੰ ਬੇਸੁਰਾ ਕਰਕੇ ਅਡਾਟ ਪਾਉਣਾ ਸ਼ੁਰੂ ਕਰ ਦਿੱਤਾ ਸੀ । ਜ਼ਮੀਨਾਂ ਗਹਿਣੇ ਧਰ ਕੈਸਿਟਾਂ ਰਿਕਾਰਡ ਕਰਵਾਉਣ ਲਈ ਮਿਉਜਿਕ ਕੰਪਨੀਆ ਦੀ ਲੁੱਟ ਦਾ ਸ਼ਿਕਾਰ ਹੋਏ। ਸਾਜ-ਸੁਰਾਂ ਦੇ ਗਿਆਨ ਤੋਂ ਕੋਰੇ ਘਟੀਆ ਪੱਧਰ ਦੀ ਗ਼ੈਰ-ਮਿਆਰੀ ਗੀਤਾਂ ਦੀ ਪੇਸ਼ਕਾਰੀ ਕਰਨ ਲੱਗੇ। ਗੀਤਕਾਰਾਂ ਨੇ ਫ਼ੋਕੀ ਸ਼ੌਹਰਤ ਖੱਟਣ ਲਈ ਜ਼ਮੀਰ ਗਹਿਣੇ ਧਰ ਦਿੱਤੀ। ਨਵੇਂ ਉੱਠੇ ਗਾਇਕਾਂ ਨਾਲ ਕੰਪਨੀਆਂ ਨੇ ਲਿਖਤੀ ਹਲਫ਼ੀਆ ਬਿਆਨ ਲੈ ਕੈ ਸਮਝੌਤੇ ਕਰ ਬਾਉਂਡ ਕਰ ਲਏ। ਕੰਪਨੀਆਂ ਨੇ ਪੈਸਾ ਕਮਾਉਣ ਦੀ ਖਾਤਿਰ ਦੋ-ਅਰਥੀ ਗੀਤਾਂ ਦਾ ਵਿਉਪਾਰ ਕਰ ਆਪਣੀਆਂ ਮਨ-ਮਰਜ਼ੀਆਂ ਕੀਤੀਆਂ ਤੇ ਗੀਤ- ਸੰਗੀਤ ਦਾ ਪ੍ਦੂਸ਼ਣ ਰੱਜ ਕੇ ਫੈਲਾਇਆ।

ਵਿਦੇਸ਼ਾਂ ਵਿੱਚ ਬੈਠੇ ਮਛੋਹਰ ਕਾਕਿਆਂ ਨੇ ਪੈਸੇ ਦੀ ਧੋਂਸ ਨਾਲ ਗੀਤਕਾਰੀ ਨੂੰ ਪੌਪ ਰੰਗਤ ਦੇ ਕੇ ਸ਼ਰਾਬ-ਸ਼ਬਾਬ ਤੇ ਕਬਾਬ ਲਿਆ ਕੇ ਅਧ-ਨੰਗੀਆਂ ਵੀਡੀਓ ਦੇਣੀਆ ਸ਼ੁਰੂ ਕਰ ਦਿੱਤੀਆਂ। ਹਥਿਆਰਾਂ ਦੀ ਚਰਚਾ ਨੇ ਸਮਾਜ ਅੰਦਰ ਅਪਰਾਧ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ। ਚੜਦੀ ਉਮਰ ਦੇ ਨੌਜਵਾਨ ਆਪਣੀ ਦਿਸ਼ਾ ਤੇ ਆਪਮੇ ਮਾਰਗਾਂ ਤੋ ਭਟਕ ਕੁਰਾਹੇ ਪੈਣੇ ਸ਼ੁਰੂ ਹੋ ਗਏ। ਅਪਰਾਧਿਕ ਬਿਰਤੀਆਂ ਨੇ ਜਨਮ ਲਿਆ। ਨੌਜਵਾਨ ਹਥਿਆਰਾਂ ਦੇ ਰਾਹ ਪੈ ਗਏ। ਗੈਂਗਸਟਰਾਂ ਦੀ ਆਪਸੀ ਖਾਨਾਜੰਗੀ ਵੀ ਘਟੀਆ ਪੱਧਰ ਦੇ ਗੀਤ ਸੱਭਿਆਚਾਰ ਦੀ ਦੇਣ ਸੀ।

ਪੰਜਾਬ ਦੇ ਗੀਤ-ਗਾਇਕੀ ਤੇ ਗੀਤਕਾਰੀ ਨੂੰ ਕਿਸਾਨ ਅੰਦੋਲਨ ਨੇ ਅਚਾਨਕ ਅਜਿਹਾ ਪ੍ਭਾਵਤ ਕੀਤਾ ਕਿ ਇਕ ਦਮ ਕਿਸਾਨ ਅੰਦੋਲਨ ਦੇ ਪੱਖ ਵਿੱਚ ਗੀਤ ਟੈਲੀਵਿਜ਼ਨ ਤੇ ਹੋਰ ਚੈਨਲਾਂ ਤੇ ਜ਼ੋਰ-ਸ਼ੋਰ ਨਾਲ ਲੋਕ ਹਿੱਤਾਂ ਤੇ ਹੱਕਾਂ ਦੀ ਆਵਾਜ਼ ਬਣ ਫਿਜ਼ਾਵਾਂ ਵਿੱਚ ਗੂੰਝਣ ਲੱਗੇ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਗੀਤ ਦਿੱਲੀ ਦੇ ਬਾਰਡਰਾਂ ਤੇ ਮੋਰਚਿਆਂ ਵਿੱਚ ਰੂਹ ਫੂਕਣ ਲੱਗੇ। ਗੀਤਕਾਰ ਤੇ ਗਾਇਕਾਂ ਨੇ ਲੋਕਾਂ ਵਿੱਚ ਜਾ ਕੇ ਬਿਨਾਂ ਕਿਸੇ ਲਾਲਚ ਦੇ ਸਟੇਜਾਂ ਤੇ ਲੋਕ ਰੋਹ ਨੂੰ ਬਲ ਦਿੱਤਾ। ਗੀਤਕਾਰੀ ਤੇ ਗਾਇਕੀ ਦੇ ਵਿਸ਼ੇ ਆਦਰਸ਼ਵਾਦੀ ਹੋ ਗਿਆ ਤੇ ਸ਼ਬਦ ਲੋਕ-ਹਿੱਤਾਂ ਨੂੰ ਪ੍ਣਾਏ ਗਏ। ਇਸ਼ਕ -ਮੁਸ਼ਕ ਦੀਆਂ ਗੱਲਾਂ ਵਿਸਰ ਗਈਆਂ।

ਕਿਰਤੀਆਂ-ਕਾਮਿਆਂ ਦੇ ਦਰਦ ਗੀਤਾਂ ਦੇ ਬੋਲ ਬਣ ਗਏ । ਸਰਕਾਰਾਂ ਦੀ ਧੱਕੇਸ਼ਾਹੀ ਤੇ ਜਬਰ ਦੇ ਖਿਲਾਫ਼ ਗੀਤ ਸੱਭਿਆਚਾਰ ਹੋਂਦ ਵਿੱਚ ਆ ਗਿਆ ਹੈ। ਹਰ ਨਵਾਂ-ਪੁਰਾਣਾ ਗਾਇਕ ਤੇ ਗੀਤਕਾਰ ਲੋਕ ਅੰਦੋਲਨ ਦੇ ਕਿਸਾਨ ਮੋਰਚਿਆਂ ਤੇ ਨਮੱਸਤਕ ਹੋਇਆ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਇਨਕਲਾਬ ਹੈ। ਅੱਜ ਦੇ ਸਮੇ ਵੀਰ ਰਸੀ ਗੀਤਾਂ ਦੇ ਬੋਲ ਸਮਾਜ ਵਿੱਚ ਜਾਗਰਤੀ ਪੈਦਾ ਕਰਨ ਲੱਗੇ ਹਨ। ਸਰਕਾਰੀ ਜਬਰ-ਜੁਲਮ ਨੂੰ ਲਲ਼ਕਾਰ ਦੇ ਰਹੇ ਹਨ। ਧਾਰਮਿਕ ਕੱਟੜਤਾ ਤੋਂ ਕੋਹਾਂ ਦੂਰ ਤਾਨਾਸ਼ਾਹ ਹਾਕਿਮਾਂ ਨੂੰ ਵੰਗ਼ਾਰ ਰਹੇ ਹਨ। ਇਨਕਲਾਬੀ ਗੀਤਾਂ ਦਾ ਬੋਲਬਾਲਾ ਦੇਸ਼ ਦੀਆਂ ਹੱਦਾਂ ਪਾਰ ਕਰਕੇ ਲੋਕ ਰੋਹ ਦੀ ਵੰਗਾਰ ਬਣ ਚੁੱਕਾ ਹੈ।

ਵਿਗੜੇ ਹਾਕਿਮਾਂ ਤੇ ਵਿਗੜੇ ਰਾਜਨੀਤਕ ਲੋਕਾਂ ਨੂੰ ਸਾਡੇ ਲੋਕਾਂ ਨੇ ਤਕਰੀਬਨ ਨੱਥ ਪਾ ਲਈ ਹੈ। ਪਿੰਡਾਂ ਵਿੱਚੋ ਘੇਰ ਘੇਰ ਕੇ ਰਾਜਨੀਤਿਕ ਦਲਾਂ ਦੇ ਸਿਆਸਤਦਾਨਾਂ ਨੂੰ ਸਵਾਲ ਕੀਤੇ ਜਾ ਰਹੇ ਹਨ। ਪਿੰਡਾਂ -ਸ਼ਹਿਰਾਂ ਵਿੱਚੋਂ ਬਾਈਕਾਟ ਕਰ ਦਿੱਤਾ ਗਿਆ ਹੈ। ਇਹੋ ਹਾਲ਼ ਘਟੀਆ ਮਿਆਰ ਦੇ ਗੀਤ ਗਾਉਣ ਵਾਲਿਆਂ ਨਾਲ ਤੇ ਲਿਖਣ ਵਾਲਿਆਂ ਨਾਲ ਕੀਤਾ ਜਾਣਾ ਚਾਹੀਂਦੈ ਹੈ, ਤਾਂ ਕਿ ਪੰਜਾਬੀ ਗਾਈਕੀ ਤੇ ਗੀਤਾਂ ਅੰਦਰੋਂ ਅਸ਼ਲੀਲਤਾ, ਫ਼ੁਕਰਪੁਣਾ, ਹਥਿਆਰਾਂ ਦਾ ਬੋਲ–ਬਾਲਾ ਖਤਮ ਕੀਤਾ ਜਾ ਸਕੇ। ਨਸ਼ਿਆਂ ਦੀ ਗੱਲ ਗੀਤ ਸੱਭਿਆਚਾਰ ਚੋਂ ਖਤਮ ਹੋਵੇ। ਉੱਚੇ -ਸੁੱਚੇ ਕਿਰਦਾਰ ਦੀ ਗੱਲ ਹੋਵੇ । ਨੈਤਕਿਤਾ ਨੂੰ ਮੁੜ ਸੁਰਜੀਤ ਕੀਤਾ ਜਾਵੇ। ਨੌਜਵਾਨਾਂ ਦਾ ਮਾਰਗ ਦਰਸ਼ਨ ਕਰਨ ਵਾਲੇ ਉਸਾਰੂ ਸੋਚ ਦੇ ਗੀਤ ਸਾਡੇ ਸਮਾਜ ਦਾ, ਸਮਾਜਿਕ ਇਕੱਠਾਂ ਦਾ ਮਨੋਰੰਜਨ ਬਣਨ।

ਜ਼ਿਕਰ ਕਰਨਾ ਬਣਦਾ ਹੈ ਜੁਲਾਈ 2021 ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਹਨ,ਜ਼ਿਲ੍ਹਾ ਪ੍ਰਸ਼ਾਸਨ ਨੂੰ ਗੰਦੇ ਗੀਤਾਂ ਤੇ ਨਸ਼ਿਆਂ-ਹਥਿਆਰਾਂ ਤੇ ਗਾਏ ਜਾਂਦੇ ਗੀਤਾਂ ਨੂੰ ਰੋਕਣ ਲਈ ਸ਼ਕਤੀਆਂ ਤੇ ਅਧਿਕਾਰ ਦਿੱਤੇ ਹਨ ਪਰ ਲੋਕਾਂ ਦੀ ਉਸਾਰੂ ਸੋਚ ਤੋਂ ਬਿਨਾਂ ਇਹ ਸਭ ਅਸੰਭਵ ਹੈ। ਲੋਕ ਖੁਦ ਹੀ ਰਾਜਨੀਤਿਕ ਨੇਤਾਵਾਂ ਨੂੰ ਸਵਾਲ ਤੇ ਘੇਰਾਬੰਦੀ ਕਰਨ ਵਾਂਗ ਇਹੋ ਜਿਹੇ ਗਾਇਕਾਂ ਨੂੰ ਨੱਥ ਪਾਉਣ ਤੇ ਸਮਾਜਿਕ ਬਾਈਕਾਟ ਕਰਨ ਤਾਂ ਹੋਰ ਵੀ ਚੰਗਾ ਹੋਵੇ । ਵਿਆਹ-ਸ਼ਾਦੀਆਂ ਵਿੱਚ ਚਲਦੇ ਡੀ.ਜੇ. ਸਾਫ਼-ਸੁਥਰੇ ਗੀਤ ਹੀ ਚਲਾਉਣ।

ਕਿਸਾਨ ਅੰਦੋਲਨ ਲੋਕ ਹਿੱਤਾਂ ਦੀ ਸਰਕਾਰੀ ਤਾਨਾਸ਼ਾਹੀ ਤੇ ਲੋਕ ਮਾਰੂ ਨੀਤੀਆਂ ਖਿਲਾਫ਼ ਮੁਹਿੰਮ ਹੈ, ਮੋਰਚਾ-ਬੰਦੀ ਹੈ। ਇਸ ਅੰਦੋਲਨ ਨੇ ਨੌਜਵਾਨਾਂ ਅੰਦਰ ਨਵੀਂ ਰੂਹ ਫੂਕੀ ਹੈ । ਉਸਾਰੂ ਸੋਚ ਪੈਦਾ ਕੀਤੀ ਹੈ। ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ ਤੇ ਚੱਲਣ ਦੀ ਮਾਰਗਦਰਸ਼ਨਾ ਕੀਤੀ ਹੈ । ਨੌਜਵਾਨਾਂ ਦੀ ਬਾਂਹ ਫੜ ਕੇ ਕਿਸਾਨ ਅੰਦੋਲਨ ਨੇ ਬਹੁਤ ਸਾਰੇ ਸਮਾਜਿਕ ਕੋਹੜ ਤੋਂ ਬਚਾਇਆ ਹੈ ।ਇਸ ਅੰਦੋਲਨ ਨੇ ਇੱਕ ਵੱਡੀ ਜੰਗ ਨੈਤਕਿਤਾ ਦੀ ਜਿੱਤ ਲਈ ਤੇ ਇਕ ਜੰਗ ਗੀਤਕਾਰੀ ਤੇ ਗਾਇਕਾਂ ਦੀ ਸੋਚ ਤੇ ਕਾਰਜਸ਼ੈਲੀ ਵਿੱਚ ਬਦਲਾਅ ਕਰਕੇ ਜਿੱਤ ਲਈ ਹੈ।

ਇਸ ਜਿੱਤ ਤੇ ਮੈਂ ਕਿਸਾਨ ਅੰਦੋਲਨ ਨੂੰ ਮੁਬਾਰਕਬਾਦ ਦਿੰਦਾਂ ਹਾਂ। ਨੌਜਵਾਨਾਂ ਨੇ ਆਪਣੇ ਆਪ ਨੂੰ ਹਰ ਪਾਸਿਓਂ ਸੰਭਾਲ਼ ਲਿਆ ਹੈ। ਸਾਡੇ ਵਿਰਸੇ ਦੇ ਯੋਧਿਆ-ਸੂਰਵੀਰਾਂ ਦੀਆਂ ਵਾਰਾਂ-ਗੀਤ ਉਹਨਾਂ ਦੀ ਜੁਬਾਨ ਤੇ ਗੀਤ ਬਣ ਚੁੱਕੇ ਹਨ। ਮੇਰੇ ਪੰਜਾਬ ਦੀ ਗੀਤਕਾਰੀ ਦਾ ਆਉਣ ਵਾਲਾ ਕੱਲ੍ਹ ਸੁਨਹਿਰਾ ਹੋਵੇਗਾ । ਇਹ ਮੇਰਾ ਯਕੀਨ ਹੈ । ਅਸੀਂ ਆਪਣੀਆਂ ਦਸਤਾਰਾਂ ਤੇ ਲੱਗੇ ਚਿੱਕੜ ਦੇ ਸਭ ਦਾਗ਼ ਧੋ ਦੇਵਾਂਗੇ। ਭਵਿੱਖ ਵਿੱਚ ਮੇਰੇ ਪੰਜਾਬ ਦੇ ਗੀਤਕਾਰ ਤੇ ਗਾਇਕ ਉਸਾਰੂ ਸੋਚ ਨੂੰ ਹੋਰ ਸੁਨਹਿਰਾ ਕਰਨਗੇ।

ਬਲਜਿੰਦਰ ਸਿੰਘ “ਬਾਲੀ ਰੇਤਗੜੵ”

0091-94651 29168
0091-70876 29168
baljinderbali68@gmail.com

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRecord 22.8 mn people in Afghanistan to face starvation
Next articleਸਾਡੀ ਕਿਤਾਬ ਅਬੂ ਜਾਨ ‘ਤੇ ਅਧਿਆਤਮਕ ਟਿੱਪਣੀ.