Punjab Assembly Special Session: ਸੰਵਿਧਾਨ ਦਿਵਸ ਮੌਕੇ ਵਿਧਾਨ ਸਭਾ ‘ਚ ਛਾਇਆ ਰਿਹਾ ਸੰਵਿਧਾਨਕ ਉਲੰਘਣਾ ਦਾ ਮੁੱਦਾ

ਚੰਡੀਗੜ੍ਹ : ਸੰਵਿਧਾਨ ਦਿਵਸ ਦੇ ਮੌਕੇ ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ‘ਚ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ, 84 ਸਿੱਖ ਵਿਰੋਧੀ ਅਤੇ ਗੁਜਰਾਤ ਮੁਸਲਮਾਨ ਵਿਰੋਧੀ ਕਤਲੇਆਮ, ਐਮਰਜੈਂਸੀ, ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ, ਜਗਮੇਲ ਹੱਤਿਆ ਕਾਂਡ, ਘੱਟ ਗਿਣਤੀਆਂ ‘ਤੇ ਹਮਲੇ ਸਮੇਤ ਸੰਵਿਧਾਨ ਦੀਆਂ ਉਲੰਘਣਾਂ ਦੇ ਮੁੱਦਿਆਂ ਦੀ ਗੂੰਜ਼ ਪਈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆਂ ਨੇ ਸਪੀਕਰ ਤੋਂ ਦਲ ਬਦਲਣ ਵਾਲੇ ਵਿਧਾਇਕਾਂ ਦਾ ਅਸਤੀਫ਼ਾ ਮੰਜ਼ੂਰ ਕਰਨ ਦੀ ਮੰਗ ਕੀਤੀ।

ਬਾਅਦ ਦੁਪਹਿਰ ਸ਼ੁਰੂ ਹੋਏ ਸਦਨ ‘ਚ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸੰਵਿਧਾਨ ਪ੍ਰਵਾਨ ਕਰਨ ਦੀ 70ਵੀਂ ਵਰ੍ਹੇਗੰਢ ਮੌਕੇ ‘ਤੇ ਸਦਨ ਵਿਚ ਕੇਵਲ ਸਰਕਾਰੀ ਕੰਮਕਾਜ ਕਰਨ ਦੀ ਗੱਲ ਕਹੀ। ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਤੇ ਪਵਨ ਕੁਮਾਰ ਟੀਨੂੰ ਨੇ ਇਸਦਾ ਵਿਰੋਧ ਕਰਦਿਆਂ ਕਿਹਾ ਕਿ ਇਕ ਪਾਸੇ ਅੱਜ ਸੰਵਿਧਾਨ ਦਿਵਸ ਮਨਾ ਰਹੇ ਹਾਂ ਪਰ ਸੰਵਿਧਾਨ ਦਿਵਸ ‘ਤੇ ਸੰਵਿਧਾਨਿਕ ਨਿਆਂ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਇਹ ਵਿਧਾਇਕਾਂ ਦੀਆਂ ਭਾਵਨਾਵਾਂ ਦੀ ਉਲੰਘਣਾ ਹੈ।

ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾਂ ਨੇ ਭਾਰਤੀ ਸੰਵਿਧਾਨ ਨੂੰ ਅਪਨਾਉਣ, ਇਸਦੀ ਯਾਦਗਾਰ ਨੂੰ ਸੰਵਿਧਾਨ ਵਜੋਂ ਕੌਮੀ ਪੱਧਰ ‘ਤੇ ਮਨਾਉਣ, ਬਾਬਾ ਸਾਹਿਬ ਡਾ ਭੀਮ ਰਾਓ ਦੇ ਵੱਡਮੁੱਲੇ ਯੋਗਦਾਨ ਬਾਰੇ ਸਰਕਾਰੀ ਮਤਾ ਪੇਸ਼ ਕੀਤਾ। ਪ੍ਰਸਤਾਵ ‘ਤੇ ਚਰਚਾ ਕਰਦਿਆਂ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਇਕੱਠੇ ਆਜ਼ਾਦ ਹੋਏ ਸਨ, ਪਰ ਪਾਕਿਸਤਾਨ ਨੇ ਸੰਵਿਧਾਨ ਦੀ ਉਲੰਘਣਾਂ ਕਰਕੇ ਸੰਸਦ, ਸੁਪਰੀਮ ਕੋਰਟ ਤੇ ਹੋਰ ਅਦਾਰਿਆਂ ਦੀ ਮਹੱਤਤਾ ਨੂੰ ਘਟਾਇਆ ਜਿਸ ਕਰਕੇ ਅੱਜ ਪਾਕਿਸਤਾਨ ਆਰਥਿਕ, ਸਮਾਜਿਕ ਪੱਖੋਂ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਭਾਰਤ ਵਿਚ ਅੰਤਾਂ ਦਾ ਭ੍ਰਿਸ਼ਟਾਚਾਰ ਹੈ ਪਰ ਭਾਰਤ ਨੇ ਲੋਕਤੰਤਰ ਨੂੰ ਬਚਾਕੇ ਰੱਖਿਆ ਹੈ ਸਮੇਂ ਸਿਰ ਚੋਣਾਂ ਹੁੰਦੀਆਂ ਰਹੀਆਂ ਹਨ। ਇਸ ਕਰਕੇ ਭਾਰਤ ਖੁਸ਼ਹਾਲ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਭਾਰਤ ਸੁਪਰ ਪਾਵਰ ਸ਼ਕਤੀ ਵਜੋਂ ਉਭਰੇਗਾ।

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਰਾਸ਼ਟਰਵਾਦ ਦੇ ਮੁੱਦੇ ‘ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਉਮਰ ਸੰਘੀ ਢਾਂਚੇ ਦੀ ਵਕਾਲਤ ਕੀਤੀ ਪਰ ਇਕ ਕੁਰਸੀ ਲਈ ਧਾਰਾ 370 ‘ਤੇ ਉਨ੍ਹਾਂ (ਬਾਦਲ) ਦੇ ਧੀਆਂ ਪੁੱਤਰਾਂ ਨੇ ਯੂ ਟਰਨ ਲੈ ਲਿਆ। ਚੰਨੀ ਦੇ ਕਿਹਾ ਕਿ ਅੱਜ ਵੀ ਦਲਿਤ ਵਰਗ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਸੰਵਿਧਾਨਕ ਅਹੁੱਦਿਆਂ ‘ਤੇ ਬੇਸ਼ੱਕ ਦਲਿਤ ਵਰਗ ਦੇ ਆਗੂਆਂ ਨੂੰ ਕੁਰਸੀ ਨਸੀਬ ਹੋ ਰਹੀ ਹੈ। ਪਰ ਹੋਰ ਜ਼ੁੰਮੇਵਾਰ ਤੇ ਸ਼ਕਤੀ ਵਾਲਿਆਂ ਅਹੁੱਦਿਆਂ ‘ਤੇ ਦਲਿਤਾਂ ਨੂੰ ਦੂਰ ਰੱਖਿਆ ਜਾਂਦਾ ਹੈ ਇਥੋਂ ਤੱਕ ਕਿ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ) ਲਿਖਣ ਵੇਲ੍ਹੇ ਵੀ ਦੇਖਿਆ ਜਾਂਦਾ ਕਿ ਕਿਤੇ ਇਹ ਐਸ.ਸੀ ਤਾਂ ਨਹੀਂ। ਚੰਨੀ ਨੇ ਕਿਹਾ ਕਿ ਡਾ ਬੀ.ਆਰ ਅੰਬੇਦਕਰ ਸਿੱਖ ਧਰਮ ਅਪਨਾਉਣਾ ਚਾਹੁੰਦੇ ਸਨ ਪਰ ਉਸ ਸਮੇਂ ਦੇ ਅਕਾਲੀਆਂ ਨੇ ਸਿੱਖ ਧਰਮ ਗ੍ਰਹਿਣ ਨਹੀਂ ਕਰਨ ਦਿੱਤਾ। ਚੰਨੀ ਦੇ ਇਸ ਬਿਆਨ ‘ਤੇ ਅਕਾਲੀ ਭੜਕ ਗਏ।

ਇਸਦੇ ਜਵਾਬ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੰਮੂ ਕਸ਼ਮੀਰ ਬਾਰੇ ਬਾਦਲ ਨੇ ਧਾਰਾ 25 ਦਾ ਵਿਰੋਧ ਕੀਤਾ। ਮਜੀਠੀ ਨੇ ਕਾਂਗਰਸ ਦੇ ਪੰਜ ਵਿਧਾਇਕਾਂ ਵਲੋਂ ਫੋਨ ਟੈਪ ਕਰਨ, ਮਹਾਰਾਸ਼ਟਰ, ਐਮਰਜੈਂਸੀ, 84 ਸਿੱਖ ਵਿਰੋਧ ਦੰਗੇ, ਵਿਧਾਇਕਾਂ ਦਾ ਅਸਤੀਫ਼ਾ ਪ੍ਰਵਾਨ ਨਾ ਕਰਨ ਮੁੱਦਾ ਚੁੱਕਦਿਆਂ ਇਨ੍ਹਾਂ ਨੂੰ ਸੰਵਿਧਾਨ ਦੀ ਉਲੰਘਣਾ ਦੱਸਿਆ।

ਮਜੀਠੀ ਨੇ ਅਨੁਸੂਚਿਤ ਜਾਤੀ ਭਲਾਈ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ 85ਵੀਂ ਸੰਵਿਧਾਨ ਸੋਧ ਲਾਗੂ ਨਾ ਕਰਨ ਦੇ ਬਿਆਨ ‘ਤੇ ਕਿਹਾ ਕਿ ਅੱਜ ਧਰਮਸੋਤ ਸਦਨ ਵਿਚ ਦੱਸਣ ਕਿ ਕਿਹੜੇ ਸਾਥੀ ਮੰਤਰੀ 85ਵੀਂ ਸੋਧ ਲਾਗੂ ਨਹੀਂ ਕਰਨ ਦੇਣਾ ਚਾਹੁੰਦੇ ਜਾਂ ਫਿਰ ਉਹ ਆਪਣਾ ਅਸਤੀਫ਼ਾ ਦੇਣ। ਉਨ੍ਹਾਂ ਸਦਨ ਵਿਚ ਡਾ ਅੰਬੇਦਕਰ ਦੀ ਫੋਟੋ ਲਗਾਉਣ ਦੀ ਮੰਗ ਵੀ ਕੀਤੀ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਵਿਧਾਨ ਨੂੰ ਲਗਾਤਾਰ ਤੋੜਿਆ ਜਾ ਰਿਹਾ ਹੈ। ਸਿੱਖਿਆ ਤੇ ਸੰਵਿਧਾਨਕ ਸੰਸਥਾਵਾਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਪਾਰਟੀਆਂ ਬਦਲਣ ਵਾਲੇ ਵਿਧਾਇਕਾਂ ਦਾ ਅਸਤੀਫ਼ਾ ਪ੍ਰਵਾਨ ਕਰਨ, 85 ਵੀਂ ਸੰਵਿਧਾਨਕ ਸੋਧ ਲਾਗੂ ਕਰਨ ਦੀ ਮੰਗ ਕੀਤੀ।

ਚਰਚਾ ਨੂੰ ਨਿਬੇੜਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਦਨ ਵਿਚ ਬੈਠੇ ਲੋਕਾਂ ਨੇ ਸੰਵਿਧਾਨ ਨਹੀਂ ਪੜ੍ਹਿਆ ਅਤੇ ਜਿਨ੍ਹਾਂ ਲੋਕਾਂ ਨੇ ਅੱਜ ਇਹ ਦਿਨ ਲਿਆਂਦੇ ਹਨ, ਉਨ੍ਹਾਂ ਨੂੰ ਅਸੀਂ ਭੁੱਲੀ ਬੈਠੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਧਿਕਾਰ ਚੇਤੇ ਹਨ ਪਰ ਫਰਜ਼ ਭੁੱਲ ਰਹੇ ਹਾਂ। ਬਾਜਵਾ ਨੇ ਸਦਨ ਵਿਚ ਵਿਧਾਇਕਾਂ ਵਲੋਂ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ 84 ਦੇ ਦੰਗੇ ਮਾੜੇ ਸਨ ਤੇ ਖੂਨ ਕਿਸੇ ਦਾ ਡੁੱਲ੍ਹੇ ਮਾੜੀ ਗੱਲ ਹੈ। ਪਰ, 84 ਦੰਗਿਆਂ ਦੀ ਗੱਲ ਕਰਨ ਵਾਲੇ ਗੁਜ਼ਰਾਤ ਮੁਸਲਿਮ ਵਿਰੋਧੀ, ਜੰਮੂ ਕਸ਼ਮੀਰ ‘ਚ ਲੱਗੀ ਐਮਰਜੈਂਸੀ ਬਾਰੇ ਚੁੱਪ ਕਿਉਂ ਹਨ? ਬਾਜਵਾ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ, ਕੇਂਦਰੀ ਜਾਂਚ ਬਿਊਰੋ (ਸੀਬੀਆਈ), ਆਈ.ਬੀ ਸਮੇਤ ਹੋਰਨਾਂ ਸੰਵਿਧਾਨਕ ਸੰਸਥਾਨਾਂ ਦੀ ਹੌਂਦ ਨੂੰ ਖਤਰਾ ਖੜ੍ਹਾ ਹੋ ਗਿਆ ਹੈ ਅਤੇ ਘੱਟ ਗਿਣਤੀਆਂ ਦੇ ਮਨਾਂ ਵਿਚ ਡਰ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲਤ ਨੂੰ ਗਲਤ ਕਹਿਣਾ ਧਰਮ ਹੈ।

Previous articleInsurance firms test niche products to expand profit cover
Next articleਨੇੜਲਿਆਂ ਦੀ ਬਗ਼ਾਵਤ ਨੇ ਕੈਪਟਨ ਅਮਰਿੰਦਰ ਨੂੰ ਚਿੰਤਾ ‘ਚ ਪਾਇਆ, ਵਿਦੇਸ਼ ਦੌਰੇ ਤੋਂ ਵਾਪਸ ਪਰਤੇ ਮੁੱਖ ਮੰਤਰੀ