ਝੋਨਾ ਲਗਾਉਣ ਵਾਲਾ ਮਾਸਟਰ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਜਸਵੰਤ ਪੰਜਾਬ ਟੈੱਟ ਪਾਸ ਗਰੀਬ ਮਾਂ ਬਾਪ ਦਾ ਬਹੁਤ ਮਿਹਨਤੀ ਲੜਕਾ ਸੀ। ਉਹ ਪਿੰਡ ਦੇ ਹੀ ਇੱਕ ਪ੍ਰਾਇਵੇਟ ਸਕੂਲ ਵਿੱਚ ਆਧਿਆਪਕ ਲੱਗਾ ਹੋਇਆ ਸੀ।ਪਿਛਲੇ ਕਈ ਮਹੀਨਿਆਂ ਦਾ ਲਾੱਕਡਾਉਨ ਲੱਗਾ ਹੋਣ ਕਰਕੇ ਸਕੂਲ ਬੰਦ ਪਏ ਸਨ ਅਤੇ ਸਾਰੇ ਆਧਿਆਪਕ ਬੱਚਿਆਂ ਨੂੰ ਆੱਨਲਾਈਨ ਕਲਾਸਾਂ ਦੇ ਮਾਧਿਅਮ ਨਾਲ ਪੜ੍ਹਾ ਰਹੇ ਸਨ , ਜਿਸਦੇ ਬਦਲੇ ਅਧਿਆਪਕਾਂ ਨੂੰ ਪੰਜਾਹ ਪ੍ਰਤੀਸ਼ਤ ਤਨਖਾਹ ਦਿੱਤੀ ਜਾਂਦੀ ਸੀ। ਜਸਵੰਤ ਵੀ ਦੋ ਘੰਟੇ ਬੱਚਿਆਂ ਦੀ ਆੱਨਲਾਈਨ ਕਲਾਸ ਲਗਾਉਂਦਾ ।

ਇਸ ਤੋਂ ਮਿਲਣ ਵਾਲੀ ਤਨਖਾਹ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਬੜ੍ਹੀ ਮੁਸ਼ਕਿਲ ਨਾਲ ਚਲਾੳਦੇ ਸਨ। ਫੇਰ ਜਦੋਂ ਦਸ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋਇਆ ਤਾਂ ਉੁਹ ਆੱਨਲਾਈਨ ਕਲਾਸ ਲਗਾਉਣ ਪਿੱਛੋਂ ਸਾਇਕਲ ਚੱਕ ਘਰਦਿਆਂ ਕੋਲ ਝੋਨਾ ਲਗਾਉਣ ਚਲਾ ਜਾਂਦਾ। ਉਹ ਜਿਹੜੇ ਘਰ ਦੇ ਝੋਨਾਂ ਲਗਾਉਣ ਲੱਗੇ ਹੋਏ ਸਨ, ਓਸ ਘਰ ਦੀ ਇੱਕ ਕੁੜੀ ਉਹਦੀ ਕਲਾਸ ਵਿੱਚ ਪੜ੍ਹਦੀ ਸੀ । ਉਹ ਸ਼ਾਮ ਵੇਲੇ ਘਰ ਦੇ ਕੋਲ ਪਨੀਰੀ ਪੱਟ ਰਹੇ ਸਨ ਤਾਂ ਉਹ ਆਵਦੀ ਦਾਦੀ ਨਾਲ ਉਨ੍ਹਾਂ ਨੂੰ ਚਾਹ ਫੜਾਉਣ ਆਈ ਤਾਂ ਉਹਨੇ ਆਪਣੇ ਮਾਸਟਰ ਨੂੰ ਪਨੀਰੀ ਪੱਟਦੇ ਨੂੰ ਵੇਖ ਲਿਆ ਅਤੇ ਜਸਵੰਤ ਵੀ ਕੁੜੀ ਦੇ ਸਾਹਮਣੇ ਆਪਣੇ ਆਪ ਨੂੰ ਸ਼ਰਮਿੰਦਾ ਜਿਹਾ ਮਹਿਸੂਸ਼ ਕਰ ਰਿਹਾ ਸੀ ।

ਕੁੜੀ ਨੇ ਆਵਦੀ ਦਾਦੀ ਨੂੰ ਕਿਹਾ , ਹਏ ਦਾਦੀ ! ਵੇਖ ਔਹ ਤਾਂ ਸਾਡੇ ਸਰ ਨੇ ਬਹੁਤ ਵਧੀਆ ਪੜ੍ਹਾਉਂਦੇ ਨੇ ਸਾਨੂੰ , ਦਾਦੀ ਕੁੜੀ ਦੀ ਗੱਲ ਸੁਣ ਕੇ ਚੁੱਪ ਜਿਹੀ ਕਰ ਗਈ ਤੇ ਘਰ ਵਾਪਿਸ ਆ ਗਈ , ਘਰ ਆਕੇ ਉਹਨੇ ਸਕੂਲ ਦੇ ਪ੍ਰਿਸੀਪਲ ਨੂੰ ਇਸ ਗੱਲ ਦੀ ਸ਼ਕਾਇਤ ਕੀਤੀ ਕਿ ਤੁਸੀਂ ਐਵੇਂ ਜਣੇ ਖਣੇ ਚੱਕ ਕੇ ਸਕੂਲ ਵਿੱਚ ਅਧਿਆਪਕ ਲਗਾ ਲੈਂਦੇ ਹੋ , ਕੋਈ ਚੱਜ ਹਾਲ ਦੇ ਟੀਚਰ ਤਾਂ ਸਕੂਲ ਰੱਖਿਆ ਕਰੋ। ਤੁਹਾਡੇ ਟੀਚਰ ਤਾਂ ਸਾਡੇ ਖੇਤ ਝੋਨਾ ਲਾਈ ਜਾਂਦੇ ਨੇ । ਕੁੜੀ ਦੀ ਦਾਦੀ ਨੇ ਕੁੜੀ ਤੋਂ ਪੁੱਛ ਕੇ ਉਸਦੇ ਅਧਿਆਪਕ ਦਾ ਨਾਂ ਦੱਸ ਦਿੱਤਾ।

ਫੇਰ ਸ਼ਾਮ ਨੂੰ ਅੱਠ ਕੁ ਵਜੇ ਜਦੋਂ ਜਸਵੰਤ ਆਪਣੇ ਘਰਦਿਆਂ ਨਾਲ ਵਾਪਸ ਘਰ ਆਇਆ ਤਾਂ ਉਸਦੇ ਫੋਨ ਦੀ ਘੰਟੀ ਵੱਜੀ ਤਾਂ ਦੇਖਿਆ ਸਕੂਲ ਦੇ ਪ੍ਰਿਸੀਪਲ ਦਾ ਫੋਨ ਸੀ, ਉਹਨੇ ਫੋਨ ਚੱਕਿਆ ਤਾਂ ਅੱਗੋਂ ਪ੍ਰਿਸੀਪਲ ਉਹਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੱਤੇ ਬਿਨਾ ਹੀ ਲੋਹੀ ਲਾਖੀ ਹੋ ਕੇ ਉਹਨੂੰ ਪੈ ਨਿਕਲੀ , ਤੁਸੀਂ ਕਲਾਸ ਲਗਾਉਣ ਤੋਂ ਬਾਦ ਝੋਨਾ ਲਗਾਉਣ ਜਾਂਦੇ ਹੋ , ਜਸਵੰਤ ਨੇ ਕਿਹਾ , ਜੀ ਹਾਂ, ਤੁਹਾਨੂੰ ਪਤਾ ਹੈ ਤੁਸੀਂ ਇਹੋ ਜਿਹੇ ਕੰਮ ਕਰਕੇ ਸਕੂਲ ਦੇ ਬੱਚਿਆਂ ਦੇ ਸਾਹਮਣੇ ਸਕੂਲ ਦਾ ਨਾਮ ਖਰਾਬ ਕਰ ਰਹੇ , ਹੁਣ ਤੁਸੀਂ ਝੋਨਾ ਹੀ ਲਗਾ ਲਓ, ਕੱਲ ਤੋਂ ਕਲਾਸ ਲਗਾਉਣ ਦੀ ਜਰੂਰਤ ਨਹੀਂ , ਸਾਨੂੰ ਝੋਨਾ ਲਗਾਉਣ ਵਾਲਾ ਮਾਸਟਰ ਨਹੀਂ ਚਾਹੀਦਾ । ਜਸਵੰਤ ਮੈਡਮ ਦੀਆਂ ਗੱਲਾਂ ਮੂਕ ਸਰੋਤਾ ਸੁਣਦਾ ਰਿਹਾ ਪਰ ਜਵਾਬ ਕੋਈ ਨਾ ਦੇ ਸਕਿਆ।

ਸਤਨਾਮ ਸਮਾਲਸਰੀਆ
ਸੰੰਪਰਕ: 9914298580

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly