ਪੰਜਾਬ ਵਿੱਚ ਵੀ ਤੇਲ ਕੀਮਤਾਂ ਘਟਣ ਦੀ ਸੰਭਾਵਨਾ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਸਰਕਾਰ ਲਈ ਹੁਣ ਤੇਲ ਕੀਮਤਾਂ ਵਿੱਚ ਕਟੌਤੀ ਕਰਨੀ ਸਿਆਸੀ ਮਜਬੂਰੀ ਬਣ ਗਈ ਹੈ। ਗੁਆਂਢੀ ਸੂਬਿਆਂ ’ਚ ਹੁਣ ਤੇਲ ਪੰਜਾਬ ਨਾਲੋਂ ਸਸਤਾ ਹੋ ਗਿਆ ਹੈ। ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਕੀਮਤਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਅਗਲੀ ਕੈਬਨਿਟ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਲੁਧਿਆਣਾ ਵਿੱਚ ਇਕ ਸਮਾਗਮ ਦੌਰਾਨ ਇਸ ਗੱਲ ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਮਗਰੋਂ ਕੋਈ ਆਖਰੀ ਫ਼ੈਸਲਾ ਲਿਆ ਜਾ ਸਕਦਾ ਹੈ।

ਚੇਤੇ ਰਹੇ ਕਿ ਜ਼ਿਮਨੀ ਚੋਣਾਂ ਵਿੱਚ ਹਾਰ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਵਿੱਚ ਪ੍ਰਤੀ ਲਿਟਰ 10 ਰੁਪਏ ਦੀ ਕਟੌਤੀ ਕੀਤੀ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਮਗਰੋਂ ਹੁਣ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਟੈਕਸਾਂ ਵਿੱਚ ਕਟੌਤੀ ਕਰ ਦਿੱਤੀ ਹੈ ਜਿਸ ਮਗਰੋਂ ਪੰਜਾਬ ਨਾਲੋਂ ਤੇਲ ਗੁਆਂਢੀ ਸੂਬਿਆਂ ਵਿੱਚ ਸਸਤਾ ਹੋ ਗਿਆ ਹੈ। ਪੰਜਾਬ ਦੇ ਪੈਟਰੋਲ ਪੰਪ ਡੀਲਰਜ਼ ਲਈ ਇਹ ਵੱਡਾ ਘਾਟੇ ਦਾ ਸੌਦਾ ਵੀ ਬਣ ਗਿਆ ਹੈ ਕਿਉਂਕਿ ਪੰਜਾਬ ਵਿੱਚ ਤੇਲ ਦੀ ਵਿਕਰੀ ਘਟੇਗੀ। ਕੇਂਦਰੀ ਫੈਸਲੇ ਮਗਰੋਂ ਹਰਿਆਣਾ ਸਰਕਾਰ ਨੇ ਡੀਜ਼ਲ ਦੋ ਰੁਪਏ ਅਤੇ ਪੈਟਰੋਲ 7 ਰੁਪਏ ਪ੍ਰਤੀ ਲਿਟਰ ਟੈਕਸ ਘਟਾ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 7 ਰੁਪਏ ਪ੍ਰਤੀ ਲਿਟਰ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ।

ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੈਟਰੋਲ ਦੀ ਕੀਮਤ 7.5 ਫੀਸਦੀ ਅਤੇ ਡੀਜ਼ਲ 8 ਫੀਸਦੀ ਘਟਾ ਦਿੱਤਾ ਹੈ। ਪੰਜਾਬ ਵਿਚ ਹੁਣ ਪੈਟਰੋਲ 106.20 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਹਰਿਆਣਾ ਵਿੱਚ 94.93 ਰੁਪਏ, ਚੰਡੀਗੜ੍ਹ ਵਿੱਚ 94.23 ਰੁਪਏ, ਹਿਮਾਚਲ ਪ੍ਰਦੇਸ਼ ਵਿੱਚ 95.97 ਰੁਪਏ ਪ੍ਰਤੀ ਲਿਟਰ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਡੀਜ਼ਲ ਹੁਣ 89.83 ਰੁਪਏ ਪ੍ਰਤੀ ਲਿਟਰ, ਹਰਿਆਣਾ ਵਿੱਚ 86.57 ਰੁਪਏ, ਚੰਡੀਗੜ੍ਹ ਵਿੱਚ 80.90 ਰੁਪਏ ਅਤੇ ਹਿਮਾਚਲ ਵਿੱਚ 80.54 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਅੱਜ ਪੰਜਾਬ ਸਰਕਾਰ ਵੱਲੋਂ ਤੇਲ ਕੀਮਤਾਂ ਵਿੱਚ ਕਟੌਤੀ ਕੀਤੇ ਜਾਣ ਦਾ ਇਸ਼ਾਰਾ ਕੀਤਾ ਹੈ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੁੂ ਨੇ ਵੀ ਇਸ ਬਾਰੇ ਆਸ ਜਤਾਈ ਹੈ। ਉਂਜ, ਪੰਜਾਬ ਸਰਕਾਰ ਨੂੰ ਤੇਲ ਕੀਮਤਾਂ ਵਿੱਚ ਹੋਏ ਵਾਧੇ ਨਾਲ ਚੋਖੀ ਕਮਾਈ ਹੋਈ ਹੈ। ਚਾਲੂ ਮਾਲੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਪੰਜਾਬ ਸਰਕਾਰ ਨੂੰ 1439 ਕਰੋੜ ਰੁਪਏ ਦੀ ਪਿਛਲੇ ਵਰ੍ਹੇ ਨਾਲੋਂ ਵੱਧ ਕਮਾਈ ਹੋਈ ਹੈ।

ਅਪਰੈਲ 2020 ਤੋਂ ਸਤੰਬਰ 2020 ਤੱਕ ਸਰਕਾਰ ਨੂੰ ਤੇਲ ਤੇ ਟੈਕਸਾਂ ਤੋਂ 2237 ਕਰੋੜ ਦੀ ਆਮਦਨ ਹੋਈ ਸੀ ਜਦੋਂ ਕਿ ਐਤਕੀਂ ਇਨ੍ਹਾਂ ਛੇ ਮਹੀਨਿਆਂ ਵਿੱਚ 3776 ਕਰੋੋੜ ਕਮਾਏ ਹਨ ਜੋ ਪਿਛਲੇ ਵਰ੍ਹੇ ਦੇ ਮੁਕਾਬਲੇ ਕਰੀਬ 61 ਫੀਸਦੀ ਵਾਧਾ ਬਣਦਾ ਹੈ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੀਨੀਅਰ ਆਗੂ ਵਿਨੋਦ ਬਾਂਸਲ (ਬਠਿੰਡਾ) ਦਾ ਪ੍ਰਤੀਕਰਮ ਸੀ ਕਿ ਹੁਣ ਜਦੋਂ ਗੁਆਂਢੀ ਸੂਬਿਆਂ ਨੇ ਤੇਲ ਕੀਮਤਾਂ ਵਿੱਚ ਕਟੌਤੀ ਕਰ ਦਿੱਤੀ ਹੈ ਤਾਂ ਅੰਤਰਰਾਜੀ ਸਰਹੱਦਾਂ ’ਤੇ ਪੈਂਦੇ ਪੈਟਰੋਲ ਪੰਪਾਂ ਨੂੰ ਵਿਕਰੀ ਵਿੱਚ ਵੱਡੀ ਸੱਟ ਵੱਜਣੀ ਹੈ। ਦੇਖਿਆ ਜਾਵੇ ਤਾਂ ਡੀਜ਼ਲ ਮਹਿੰਗਾ ਹੋਣ ਕਰਕੇ ਵੱਡਾ ਅਸਰ ਕਿਸਾਨੀ ’ਤੇ ਪੈਂਦਾ ਹੈ ਜਿਸ ਕਰਕੇ ਪੰਜਾਬ ਸਰਕਾਰ ਵੀ ਗੁਆਂਢੀ ਸੂਬਿਆਂ ਵਾਂਗ ਕਟੌਤੀ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਪੰਜਾਬ ਦੇ ਇੱਕ ਸੀਨੀਅਰ ਵਜ਼ੀਰ ਨੇ ਕਿਹਾ ਕਿ ਹੁਣ ਤਾਂ ਤੇਲ ਕੀਮਤਾਂ ਵਿੱਚ ਕਟੌਤੀ ਕਰਨੀ ਹੀ ਪਵੇਗੀ।

ਪੰਜਾਬ ਕੈਬਨਿਟ ਦੀ ਮੀਟਿੰਗ ਹੁਣ ਭਲਕੇ

ਪੰਜਾਬ ਕੈਬਨਿਟ ਦੀ ਮੀਟਿੰਗ ਹੁਣ 7 ਨਵੰਬਰ ਨੂੰ ਦੁਪਹਿਰ 12 ਵਜੇ ਹੋਵੇਗੀ ਜੋ ਪਹਿਲਾਂ 6 ਨਵੰਬਰ ਨੂੰ ਹੋਣੀ ਤੈਅ ਸੀ। ਪਤਾ ਲੱਗਿਆ ਹੈ ਕਿ ਕੈਬਨਿਟ ਮੀਟਿੰਗ ਵਿੱਚ ਐਤਕੀਂ ਕਾਫ਼ੀ ਵੱਡੇ ਏਜੰਡੇ ਆ ਰਹੇ ਹਨ ਜਿਸ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਅਤੇ ਬੀਐੱਸਐੱਫ ਦੇ ਅਧਿਕਾਰ ਖੇਤਰ ਵਿੱਚ ਕੀਤੇ ਵਾਧੇ ਦਾ ਮੁੱਦਾ ਸ਼ਾਮਲ ਹੈ। ਸੂਤਰ ਦੱਸਦੇ ਹਨ ਕਿ ਤੇਲ ਕੀਮਤਾਂ ਵਿਚ ਕਟੌਤੀ ਦਾ ਫੈਸਲਾ ਵੀ ਇਸੇ ਕੈਬਨਿਟ ਵਿੱਚ ਹੋ ਸਕਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀ20: ਭਾਰਤ ਨੇ ਸਕਾਟਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
Next articleਕਰੂਜ਼ ਡਰੱਗਜ਼ ਕੇਸ: ਸਮੀਰ ਵਾਨਖੇੜੇ ਜਾਂਚ ਤੋਂ ਲਾਂਭੇ