ਹਾਏ! ਮਹਿੰਗਾਈ 

ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ)-ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ । ਕਰੋਨਾ ਮਹਾਮਾਰੀ ਨੇ ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਮਾਰੀ ਸੀ। ਚੰਗੀ ਤਰ੍ਹਾਂ ਗੱਡੀ ਅਜੇ ਮੁੱੜ ਲੀਹ ਤੇ ਨਹੀਂ ਆਈ ਹੈ। ਮਾਰਕੀਟ ਵਿੱਚ ਹਰ ਚੀਜ਼ ਅੱਗ ਦੇ ਭਾਅ ਵਿੱਕ ਰਹੀ ਹੈ।ਹਰੀ ਸਬਜ਼ੀਆਂ ਤੇ ਤਾਂ ਹੱਥ ਤੱਕ ਨਹੀਂ ਟਿਕਦਾ। ਪਿਛਲੇ ਮਹੀਨੇ ਟਮਾਟਰ 400 ਰੁਪਏ ਕਿੱਲੋ  ਤੱਕ ਵਿਕਿਆ। ਅੱਜ ਵੀ ਟਮਾਟਰ 100 ਰੁਪਏ  ਕਿਲੋ ਵਿਕ ਰਿਹਾ ਹੈ। ਅਦਰਕ 400 ਤੋਂ 550 ਵਿਚਕਾਰ ਵਿੱਕ ਰਿਹਾ ਹੈ। ਹਰੇ ਧਨੀਏ ਦੀ ਕੀਮਤਾਂ ਵੀ ਅਸਮਾਨੀਂ ਛੂਹ ਰਹੀਆਂ ਹਨ।ਸ਼ਿਮਲਾ ਮਿਰਚਾਂ ,ਗੋਭੀ ,ਬੈਂਗਣ,ਆਲੂ , ਪਿਆਜ਼ ਤਕਰੀਬਨ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਹੁਣ ਪਿਆਜ਼ ਹੰਝੂ ਕਢਵਾ ਰਿਹਾ ਹੈ।45 ਰੁਪਏ ਕਿੱਲੋ ਪਿਆਜ਼ ਦੀ ਅੱਜ ਕੀਮਤ ਹੈ। ਦਿਨੋਂ ਦਿਨੀਂ ਰੇਟ ਵੱਧ ਰਹੇ ਹਨ। ਇੱਕ ਤਰਾਂ ਨਾਲ ਘਰੇਲੂ ਰਸੋਈ ਦਾ ਬਜਟ ਹਿਲ ਚੁੱਕਾ ਹੈ। ਕੁਝ ਦਿਨਾਂ ਬਾਅਦ ਤਿਉਹਾਰ ਸ਼ੁਰੂ ਹੋਣ ਵਾਲੇ ਹਨ। ਇਹ ਤਾਂ ਹੁਣ ਘਰ ਦੇ ਮੁੱਖੀ ਨੂੰ ਹੀ ਪਤਾ ਹੋਣਾ ਕਿਸ ਤਰਾਂ ਉਹ ਇੰਨੀ ਮਹਿੰਗਾਈ ਵਿਚ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੋਣਾ।ਜੇਕਰ ਫਲਾਂ ਦੀ ਗੱਲ ਕਰੀਏ ਤਾਂ ਸੇਬ 450 ਰੁਪਏ ਕਿਲੋ ਹੈ। ਹੜ੍ਹਾਂ ਕਰਕੇ ਪਹਾੜੀ ਰਸਤੇ ਬੰਦ ਹਨ। ਜੋ ਸੇਬ ਹੈ, ਉਹ ਪਹਾੜੀ ਖੇਤਰਾਂ ਤੋਂ ਆਉਂਦਾ ਹੈ। ਰਸਤੇ ਬੰਦ ਹੋਣ ਕਾਰਨ ਫਲਾਂ ਦੇ ਰੇਟਾਂ ਨੂੰ ਵੀ ਅੱਗ ਲੱਗੀ ਹੋਈ ਹੈ। ਖਾਣ ਪੀਣ ਨੂੰ ਤਾਂ ਸਾਰਿਆ ਦਾ ਹੀ ਦਿਲ ਕਰਦਾ ਹੈ। ਚਾਵਲ ,ਆਟਾ ਤੇ ਕਰਿਆਨਾ ਸਾਰਾ ਕੁੱਝ ਮਹਿੰਗਾ ਹੋ ਚੁੱਕਿਆ ਹੈ। ਕਿਹੋ ਜਿਹਾ ਸਮਾਂ ਆ ਗਿਆ ਕਿ ਬੰਦਾ ਇੰਨੀ ਮਹਿੰਗਾਈ ਵਿੱਚ ਦਿਲ ਖੋਲ ਕੇ  ਖ਼ਰਚ ਵੀ ਨਹੀਂ ਕਰ ਸਕਦਾ। ਘਰ ਵਿਚ ਵਰਤੋਂ  ਵਾਲੀ ਹਰ ਚੀਜ਼ ਮਹਿੰਗੀ ਹੋ ਚੁੱਕੀ ਹੈ ।ਕਿਸੇ ਚੀਜ਼ ਬਿਨਾਂ ਸਰਦਾ ਨਹੀ ਹੈ।ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਸਰੋਂ ਦੇ ਤੇਲ, ਰਿਫਾਇੰਡ ਦੀਆਂ ਕੀਮਤਾਂ ਵੀ ਵੱਧ ਹਨ। ਜੋ ਘਰੇਲੂ ਰਸੋਈ ਵਿੱਚ ਗੈਸ ਵਰਤੋਂ ਕੀਤੀ ਜਾਂਦੀ ਹੈ ਉਸ ਦੀ ਕੀਮਤ ਵੀ 1100 ਦੇ ਉੱਪਰ ਹੈ। ਅਕਸਰ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਮਹਿੰਗਾਈ ਬੇਲਗਾਮ ਹੋ ਜਾਂਦੀ ਹੈ। ਪਹਾੜੀ ਖੇਤਰਾਂ ਵਿੱਚ ਜਿਆਦਾ ਬਾਰਸ਼ ਹੋਣ ਕਾਰਨ ਸਪਲਾਈ ਵਿੱਚ ਵਿਘਨ ਪੈ ਜਾਂਦਾ ਹੈ। ਦੋ ਕੁ ਮਹੀਨੇ ਪਹਿਲਾਂ ਕਿਸਾਨਾਂ ਨੇ ਸ਼ਿਮਲਾ ਮਿਰਚਾਂ ਨੂੰ ਸੜਕ ਤੇ ਸੁੱਟਿਆ ਸੀ। ਕਿਉਂਕਿ ਉਹਨਾਂ ਨੂੰ ਸ਼ਿਮਲਾ ਮਿਰਚਾਂ ਦਾ ਵਾਜਿਬ ਮੁੱਲ ਨਹੀਂ ਮਿਲ ਰਿਹਾ ਸੀ। ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰੀ ਸਬਜ਼ੀਆਂ ਨੂੰ ਅੱਗ ਲੱਗੀ ਹੋਈ ਹੈ।ਹਾਲਾਂਕਿ ਕੇਂਦਰ ਸਰਕਾਰ ਤਾਂ  ਹਰ ਵਾਰ ਦਾਅਵਾ ਕਰਦੀ ਹੈ ਕਿ ਮਹਿੰਗਾਈ ਕੰਟ੍ਰੋਲ ਵਿੱਚ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜਿਸ ਪਰਿਵਾਰ ਵਿਚ ਕਮਾਉਣ ਵਾਲਾ ਇੱਕ ਬੰਦਾ ਤੇ ਖਾਣ ਵਾਲੇ ਪੰਜ ਹੋਣ ਤਾਂ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹੋਣਗੇ। ਬੱਚਿਆਂ ਦੀ ਸਕੂਲ ਫ਼ੀਸ ਵੀ ਭਰਨੀ ਹੁੰਦੀ ਹੈ। ਰੱਬ ਨਾ ਕਰੇ ਜੇ ਕੋਈ ਬਿਮਾਰੀ ਆ ਜਾਵੇ ਤਾਂ  ਇਲਾਜ ਵੀ ਕਰਵਾਉਣਾ ਹੈ। ਟੈਸਟ ਵੀ ਬਹੁਤ ਮਹਿੰਗੇ ਹਨ। ਡਾਕਟਰਾਂ ਦੀ ਫੀਸ ਬਹੁਤ ਜ਼ਿਆਦਾ ਹੈ। ਪ੍ਰਾਈਵੇਟ ਹਸਪਤਾਲ ਮਰੀਜ਼ ਦੀ ਚੰਗੀ ਤਰ੍ਹਾਂ ਲੁੱਟ-ਖਸੁੱਟ ਕਰਦੇ ਹਨ। ਘਰ ਬਣਾਉਣ ਲਈ  ਬਜਰੀ, ਰੇਤਾ ,ਸੀਮਿੰਟ , ਇੱਟਾਂ ਦੀਆਂ ਕੀਮਤਾਂ ਵੀ ਅਸਮਾਨੀਂ ਹਨ। ਦੇਖਿਆ ਜਾਂਦਾ ਹੈ ਕਿ ਲੋਕ ਜਿਸ ਚੀਜ਼ ਦੀ ਜ਼ਰੂਰਤ ਹੈ, ਉਹੀ ਚੀਜ਼ ਖਰੀਦਦੇ ਹਨ। ਕਰੋਨਾ ਤੋਂ ਬਾਅਦ ਲੋਕਾਂ ਦਾ ਬਜਟ ਹਿੱਲ ਚੁੱਕਾ ਹੈ। ਹੱਥ ਖੁੱਲਾ ਕਰਕੇ ਲੋਕ ਖਰਚਾ ਨਹੀਂ ਕਰ ਰਹੇ ਹਨ। ਪ੍ਰਾਈਵੇਟ ਕੰਪਨੀਆਂ ਤਾਂ ਆਪਣੀ ਮਨਮਰਜ਼ੀ ਨਾਲ ਤਨਖਾਹਾਂ ਦਿੰਦੀਆਂ ਹਨ। ਯੋਗਤਾ ਦੇ ਮੁਤਾਬਕ ਅੱਜਕੱਲ੍ਹ ਨੌਜਵਾਨਾਂ ਨੂੰ ਰੁਜ਼ਗਾਰ ਵੀ ਨਹੀਂ ਮਿਲ ਰਿਹਾ ਹੈ। ਮਜਬੂਰੀ ਵਸ ਉਹ ਥੋੜ੍ਹੇ ਪੈਸਿਆਂ ਤੇ ਹੀ ਰੁਜ਼ਗਾਰ ਕਰਨ ਲਈ ਤਿਆਰ ਹਨ।ਖੁੱਲਾ ਖ਼ਰਚਾ ਕਰਨ ਤੋਂ ਪਹਿਲਾਂ ਬੰਦਾ ਸੌ ਵਾਰ ਸੋਚਦਾ ਹੈ। ਰੋਟੀ, ਕੱਪੜਾ ਅਤੇ ਮਕਾਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਜੋ  ਜ਼ਰੂਰਤਮੰਦ ਚੀਜ਼ਾਂ ਹਨ, ਉਨ੍ਹਾਂ ਨੂੰ ਸਸਤੀ ਕਰਨਾ ਚਾਹੀਦਾ ਹੈ।ਸਰਕਾਰ ਨੂੰ ਮਹਿੰਗਾਈ ਨੂੰ ਰੋਕਣ ਲਈ ਠੋਸ ਨੀਤੀ ਘੜਨੀ ਚਾਹੀਦੀ ਹੈ। ਚੰਗੀਆਂ ਨੀਤੀਆਂ ਲਿਆ ਕੇ ਮਹਿੰਗਾਈ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਸੂਬਾ ਸਰਕਾਰਾਂ ਨੂੰ ਵੀ ਕੇਂਦਰ ਸਰਕਾਰ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਨਿਜਾਤ ਮਿਲ ਸਕੇ। ਜੋ ਬੁਨਿਆਦੀ ਲੋੜਾਂ ਹਨ, ਉਹ ਹਰ ਇਨਸਾਨ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਸਰਕਾਰ ਦੀ ਇਹ ਬਹੁਤ ਵੱਡੀ ਨੈਤਿਕ ਜਿੰਮੇਵਾਰੀ ਬਣਦੀ ਹੈ।
ਸੰਜੀਵ ਸਿੰਘ ਸੈਣੀ,
ਮੋਹਾਲੀ 7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleहरियाणा में वंचित जातियां: एक पुनर्विलोकन
Next articleਤਰਕਸ਼ੀਲ਼ ਸੁਸਾਇਟੀ ਵਲੋਂ ਡਾ. ਦਾਭੋਲਕਰ ਯਾਦਗਾਰੀ ਸਮਾਜਿਕ ਚੇਤਨਾ ਹਫ਼ਤਾ ਮਨਾਇਆ ਪੰਜਾਬ ਵਿੱਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਮੰਗ  ਬਰਨਾਲਾ 22 ਅਗਸਤ 2023