Navjot Singh Sidhu ਦਾ ਸਰਕਾਰ ‘ਚ ਵਾਪਸੀ ਤੋਂ ਇਨਕਾਰ, ਪੰਜਾਬ ‘ਚ ਹੋ ਸਕਦੇ ਨੇ AAP ਦਾ ਚਹਿਰਾ

ਸਰਕਾਰ ਤੋਂ ਨਾਰਾਜ਼ ਹੋ ਕੇ ਲੰਬੇ ਸਮੇਂ ਤੋਂ ਘਰ ਬੈਠੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਵਿਚ ਵਾਪਸੀ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਦੇ ਇਕ ਸੀਨੀਅਰ ਆਗੂ ਨਾਲ ਮੁਲਾ…

ਚੰਡੀਗੜ੍ਹ /ਨਕੋਦਰ (ਹਰਜਿੰਦਰ ਛਾਬੜਾ)– : ਸਰਕਾਰ ਤੋਂ ਨਾਰਾਜ਼ ਹੋ ਕੇ ਲੰਬੇ ਸਮੇਂ ਤੋਂ ਘਰ ਬੈਠੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਵਿਚ ਵਾਪਸੀ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਦੇ ਇਕ ਸੀਨੀਅਰ ਆਗੂ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਕਾਂਗਰਸੀ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ‘ਚ ਪਰਤ ਆਉਣਾ ਚਾਹੀਦਾ ਹੈ ਪਰ ਸਿੱਧੂ ਨਹੀਂ ਮੰਨੇ। ਇਹ ਮੀਟਿੰਗ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਸੀ।
ਸਿੱਧੂ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕਰਦੇ। ਉਹ ਜਨਤਕ ਤੌਰ ‘ਤੇ ਵੀ ਇਸ ਗੱਲ ਨੂੰ ਕਹਿਣ ਤੋਂ ਨਹੀਂ ਖੁੰਝਦੇ। ਉਧਰ, ਇਸ ਸਾਰੇ ਘਟਨਾਕ੍ਰਮ ਦੌਰਾਨ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਸਿੱਧੂ ਨੂੰ ਆਪਣੇ ਪਾਲ਼ੇ ‘ਚ ਲਿਆਉਣ ਦੀ ਤਿਆਰੀ ‘ਚ ਲੱਗ ਗਈ ਹੈ। ਕਾਂਗਰਸੀ ਆਗੂ ਨੇ ਦੱਸਿਆ ਕਿ ਇਹ ਗੱਲ ਉਨ੍ਹਾਂ ਦੀ ਜਾਣਕਾਰੀ ਵਿਚ ਹੈ ਕਿ ਦੋਵੇਂ ਪਾਸੇ ਗੱਲ ਚੱਲ ਰਹੀ ਹੈ ਪਰ ਇਹ ਕਿਸ ਪੱਧਰ ‘ਤੇ ਪੁੱਜੀ ਹੈ ਇਸ ਦੀ ਜਾਣਕਾਰੀ ਨਹੀਂ ਹੈ।
ਕਾਂਗਰਸ ‘ਚ ਇਸ ਗੱਲ ਦੀ ਚਰਚਾ ਹੈ ਕਿ ਪਾਰਟੀ ‘ਚ ਨੁੱਕਰੇ ਲੱਗੇ ਸਿੱਧੂ ਆਪ ਦਾ ਝਾੜੂ ਫੜ ਸਕਦੇ ਹਨ। ਇਸ ਲਈ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਾਂਗਰਸ ਦੇ ਹੱਕ ‘ਚ ਇਕ ਵੀ ਰੈਲੀ ਨਹੀਂ ਕੀਤੀ ਕਿਉਂਕਿ ਇਹ ਜਾਣਦੇ ਸਨ ਕਿ ਉਨ੍ਹਾਂ ਨੂੰ ‘ਆਪ’ ਖ਼ਿਲਾਫ਼ ਹੀ ਬੋਲਣਾ ਪਵੇਗਾ। ਹਾਲਾਂਕਿ ਆਪ ਵੱਲੋਂ ਕਿਸੇ ਨੇ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਆਪ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਾਰਟੀ ਉਨ੍ਹਾਂ ਨੂੰ ਕੇਵਲ ਸਟਾਰ ਪ੍ਰਚਾਰਕ ਬਣਾ ਕੇ ਰੱਖਣਾ ਚਾਹੁੰਦੀ ਸੀ। ਅਜਿਹੇ ‘ਚ ਉਨ੍ਹਾਂ ਦੀ ਗੱਲ ਨਹੀਂ ਸੀ ਬਣੀ। ਹੁਣ ਆਪ ਤੇ ਸਿੱਧੂ ਦੋਵਾਂ ਲਈ ਹਾਲਾਤ ਬਦਲ ਗਏ ਹਨ।
ਪੁਰਾਣੀਆਂ ਗ਼ਲਤੀਆਂ ਨਹੀਂ ਦੁਹਰਾਉਣਾ ਚਾਹੁੰਦੀ ਆਪ
ਦਿੱਲੀ ਵਿਧਾਨ ਸਭਾ ਚੋਣਾਂ ‘ਚ ਪ੍ਰਚੰਡ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਮੁੜ ਪੰਜਾਬ ‘ਤੇ ਲੱਗ ਗਈਆਂ ਹਨ। ਪਾਰਟੀ ਇਸ ਵਾਰ ਉਹ ਗ਼ਲਤੀਆਂ ਨਹੀਂ ਦੁਹਰਾਉਣਾ ਚਾਹੁੰਦੀ ਜੋ ਪਿਛਲੀਆਂ ਚੋਣਾਂ ਹੋਈਆਂ ਸਨ। ਆਮ ਆਦਮੀ ਪਾਰਟੀ ਤੇ ਨਵਜੋਤ ਸਿੰਘ ਸਿੱਧੂ ਦੋਵਾਂ ਲਈ ਇਹ ਕਾਫ਼ੀ ਢੁੱਕਵਾਂ ਮੌਕਾ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਝਾੜੂ ਤਿੰਨ ਸਾਲਾਂ ਤੋਂ ਖਿਲਰ ਰਿਹਾ ਹੈ। ਪਾਰਟੀ ਦੇ ਅੱਧਾ ਦਰਜਨ ਤੋਂ ਵੱਧ ਵਿਧਾਇਕ ਮੁੱਖ ਗਰੁੱਪ ਨੂੰ ਛੱਡ ਚੁੱਕੇ ਹਨ। ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਆਦਿ ਚੋਟੀ ਦੇ ਆਗੂ ਪਾਰਟੀ ਲਾਈਨ ਤੋਂ ਵੱਖਰ ਚੱਲ ਰਹੇ ਹਨ। ਪਾਰਟੀ ਕੋਲ ਭਗਵੰਤ ਮਾਨ ਨੂੰ ਛੱਡ ਕੇ ਕੋਈ ਵੱਡਾ ਚਿਹਰਾ ਨਹੀਂ ਹੈ। ਉਨ੍ਹਾਂ ਨੂੰ ਵੱਡੇ ਜੱਟ ਸਿੱਖ ਚਿਹਰੇ ਦੀ ਭਾਲ ਹੈ ਜੋ ਸਿੱਧੂ ਪੂਰਾ ਕਰ ਸਕਦੇ ਹਨ।