ਮੇਰੀ ਮਾਂ- ਫ਼ਰਿਸ਼ਤਾ

ਕੇਵਲ ਸਿੰਘ ਰੱਤੜਾ

(ਸਮਾਜ ਵੀਕਲੀ)

– ਕੇਵਲ ਸਿੰਘ ਰੱਤੜਾ

ਮੇਰੀ ਮਾਂ ਨਾਲ ਮੇਰਾ ਇੱਕ ਅਨੋਖਾ ਰਿਸ਼ਤਾ ਹੈ ।
ਹੋਰਾਂ ਲਈ ਜੋ ਮਰਜ਼ੀ, ਮੇਰੇ ਲਈ ਫ਼ਰਿਸ਼ਤਾ ਹੈ।
ਜੰਮੀ ਸੀ ਤਾਂ ਧੀ , ਫਿਰ ਉਹ ਬਣੀ ਭੈਣ ਤੇ ਭੂਆ,
ਨਣਦ, ਸਹੇਲੀ, ਆਂਢ ਗੁਆਂਢੇ ‘ਡੀਕੇ ਹਰ ਇੱਕ ਬੂਹਾ।

ਬਾਪੂ ਦੀ ਉਹ ਰਾਜ ਕੁਮਾਰੀ, ਮਾਂ ਦੀ ਹਮ ਖਿਆਲੀ,
ਲੜ੍ਹ ਪੈਂਦੀ ਸੀ ਨਾਲ ਭਰਾਵਾਂ, ਫਿਰ ਵੀ ਸਾਂਝ ਭਿਆਲੀ ।
ਪਿਉ ਦੀ ਪੱਗ ਦਾ ਛੱਮਲ਼ਾ ਹੁੰਦੀ,ਇੱਜ਼ਤ ਖ਼ਾਨਦਾਨਾਂ ਦੀ,
ਵੀਰੇ ਦੀ ਮੁੱਛ ਚੁੰਨੀ ਉਹਦੀ, ਪਹਿਰੇਦਾਰ ਆਨਾਂ ਦੀ।

ਸੁੰਨਾ ਕਰ ਬਾਬੁਲ ਦਾ ਵਿਹੜਾ, ਜਦ ਬਹਿੰਦੀ ਹੈ ਡੋਲ੍ਹੀ
ਸਭ ਸ਼ਰਮਾਂ-ਧਰਮਾਂ ਦੀ ਪਾਲਕ,ਬਣਦੀ ਭੋਲੀ ਗੋਲੀ
ਵਹੁਟੀ ਬਣਕੇ ਲਾੜੇ ਦੀ, ਬਣ ਜਾਂਦੀ, ਦਿਲ ਦੀ ਰਾਣੀ,
ਛੰਮ ਛੰਮ ਕਰਦੀ, ਭਾਗ ਜਗਾਉਂਦੀ, ਵੰਸ਼ ਦੀ ਘੜ੍ਹੇ ਕਹਾਣੀ,

ਨੂੰਹ ਬਣੀ ਤਾਂ ਭਾਬੀ,ਚਾਚੀ, ਨਾਲੇ ਬਣੀ ਦਰਾਣੀ,
ਮਾਮੀ, ਤਾਈ, ਖੁੱਦ ਹੀ ਬਣ ਗਈ, ਨਾਲੋ ਨਾਲ ਜਠਾਣੀ।
ਸੱਸ ਮੰਗਦੀ ਜੀ ਹਜ਼ੂਰੀ, ਉਹ ਵੀ ਕਰਨੀ ਪੂਰੀ,
ਸਹੁਰੇ ਦੀਆਂ ਬਿੜਕਾਂ ਵੀ ਰੱਖਦੀ, ਦੇਵਰ ਮੰਗਦਾ ਚੂਰੀ ।

ਮੇਰੀ ਮਾਂ ਨੇ ਸਾਰੇ ਰਿਸ਼ਤੇ, ਸਾਂਭੇ ਅਤੇ ਹੰਢਾਏ,
ਪੂਰੀ ਤਾਣ ਲਾਈ ਕਿ ਕੋਈ ਗੁੱਸੇ ਨਾ ਰਹਿ ਜਾ ਜਾਏ।
ਫਿਰ ਵੀ ਕਦੇ ਕਦਾਈਂ , ਬਾਪੂ ਦੀਆਂ ਖਾਧੀਆਂ ਗਾਲ੍ਹਾਂ,
ਬਿਨ ਗਲਤੀ ਦੇ, ਮਨ ਸਮਝਾਕੇ, ਕੱਟੀਆਂ ਕਈ ਤਰਕਾਲ੍ਹਾਂ

ਸਾਡੇ ਘਰ ਚੋਂ ਮੇਰੀ ਮਾਂ ਹੀ, ਸਭ ਤੋਂ ਪਹਿਲਾਂ ਜਾਗੇ,
ਰੋਟੀ, ਕੱਪੜੇ ਝਾੜੂ ਧਾਰਾਂ , ਕੋਈ ਨਾ ਲੱਗਦਾ ਲਾਗੇ।
ਵੱਡੇ ਛੋਟੇ ਬੱਚੇ ਬੁੱਢੇ, ਸਭਦੇ ਸੁਆਦ ਉਹ ਜਾਣੇ
ਖੁੱਦ ਦੀਆਂ ਰੀਝਾਂ ਚਾਅ ਤਾਂ ਉਹਨੇ ਛੱਡੇ ਰੱਬ ਦੇ ਭਾਣੇ।

ਆਈ ਸੀ ਤਾਂ ਨੂੰਹ ਪਰਾਈ, ਹੁਣ ਵੱਡੀ ਮਹਾਂਰਾਣੀ
ਬੱਚਿਆਂ ਦੀ ਫੁੱਲਵਾੜੀ ਮਹਿਕੇ , ਉਸਦੀ ਸਫਲ ਕਹਾਣੀ।
ਨਾਨੀ ਦਾਦੀ ਵਾਲੇ ਡੰਡੇ, ਚੜ੍ਹਦੀ ਗਈ ਉਹ ਪੌੜੀ
ਵਕਤ ਗਿਆਂ ਉਹਦੀ ਮਿੱਠੀ ਬੋਲੀ ,ਲੱਗਣ ਲੱਗ ਪਈ ਕੌੜੀ

ਫਿਰ ਇੱਕ ਦਿਨ ਉਹ ਛੱਡ ਖਿਲਾਰਾ ਤੁਰ ਗਈ ਜਿਥੋਂ ਆਈ
ਮੇਰੀ ਮਾਂ ਦੀ ਰੱਬ ਕੋਲੋਂ ਵੀ ਭਰ ਨਹੀਂ ਹੋਣੀ ਖਾਈ।
ਜਦ ਵੀ ਉਹ ਮੇਰੇ ਸੁਪਨੇ ਵਿੱਚ, ਕਦੇ ਕਦਾਈਂ ਆਵੇ
“ਟੈਮ ਨਾਲ ਪੁੱਤ ਰੋਟੀ ਖਾ ਲਈਂ” ਰੱਤੜਾ ਇਹ ਸਮਝਾਵੇ।

ਮੇਰੀ ਮਾਂ ਨਾਲ ਮੇਰਾ ਇੱਕ ਅਨੋਖਾ ਰਿਸ਼ਤਾ ਹੈ
ਹੋਰਾਂ ਲਈ ਜੋ ਮਰਜੀ, ਮੇਰੇ ਲਈ ਫ਼ਰਿਸ਼ਤਾ ਹੈ।

Previous articleBiden signs bill making Juneteenth federal holiday
Next articleDeaths in Spain up by 17% in 2020