ਮੁਲਾਇਮ ਦਾ ਸਾਢੂ ਭਾਜਪਾ ’ਚ ਸ਼ਾਮਲ

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦਾ ਸਾਢੂ ਸਾਬਕਾ ਵਿਧਾਇਕ ਪ੍ਰਮੋਦ ਗੁਪਤਾ ਅੱਜ ਭਾਜਪਾ ’ਚ ਸ਼ਾਮਲ ਹੋ ਗਿਆ। ਇਸ ਦੇ ਨਾਲ ਕਾਂਗਰਸ ਦੇ ‘ਲੜਕੀ ਹੂੰ, ਲੜ ਸਕਤੀ ਹੂੰ’ ਪੋਸਟਰ ਦਾ ਚਿਹਰਾ ਪ੍ਰਿਯੰਕਾ ਮੌਰਿਆ ਨੇ ਵੀ ਭਾਜਪਾ ਦਾ ਅੱਜ ਇਥੇ ਲੜ ਫੜ ਲਿਆ। ਸਮਾਜਵਾਦੀ ਪਾਰਟੀ ਨੂੰ ਦੋ ਦਿਨਾਂ ’ਚ ਦੂਜਾ ਝਟਕਾ ਲੱਗਾ ਹੈ ਕਿਉਂਕਿ ਇਕ ਦਿਨ ਪਹਿਲਾਂ ਮੁਲਾਇਮ ਦੀ ਨੂੰਹ ਅਪਰਣਾ ਯਾਦਵ ਭਾਜਪਾ ’ਚ ਸ਼ਾਮਲ ਹੋ ਗਈ ਸੀ। ਪ੍ਰਮੋਦ ਅਤੇ ਪ੍ਰਿਯੰਕਾ ਨੂੰ ਪਾਰਟੀ ’ਚ ਸ਼ਾਮਲ ਕਰਨ ਸਮੇਂ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਲਕਸ਼ਮੀਕਾਂਤ ਬਾਜਪਾਈ ਵੀ ਹਾਜ਼ਰ ਸਨ। ਬਾਜਪਾਈ ਨੇ ਕਿਹਾ,‘‘ਮੈਂ ਮੁਲਾਇਮ ਸਿੰਘ ਜੀ ਦੇ ਪਰਿਵਾਰ ਨੂੰ ਚੇਤੇ ਕਰਾਉਣਾ ਚਾਹੁੰਦਾ ਹਾਂ ਕਿ ‘ਸਮਧੀ’ ਹਰੀਓਮ ਯਾਦਵ, ਨੂੰਹ ਅਪਰਣਾ ਯਾਦਵ ਅਤੇ ਅੱਜ ਸਾਢੂ ਪ੍ਰਮੋਦ ਗੁਪਤਾ ਭਾਜਪਾ ’ਚ ਸ਼ਾਮਲ ਹੋ ਗਏ ਹਨ। ਤੁਸੀਂ ਸਾਰੇ ਪਰਿਵਾਰ ’ਚ ਸਾਢੂ ਦੀ ਵੁੱਕਤ ਨੂੰ ਜਾਣਦੇ ਹੋ।’’

ਪ੍ਰਿਯੰਕਾ ਮੌਰਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਤਾਕਤ ਅਤੇ ਸਮਰੱਥਾ ਨਾਲ ਭਾਜਪਾ ਦੇ ਚੋਣ ਪ੍ਰਚਾਰ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ। ਮੌਰਿਆ ਹੋਮਿਓਪੈਥੀ ਦੀ ਡਾਕਟਰ ਹੈ ਅਤੇ ਸਮਾਜਿਕ ਕਾਰਕੁਨ ਹੈ। ਉਸ ਦੇ ਨਾਲ ਅਯੁੱਧਿਆ ਦੀ ਲੋਕ ਗਾਇਕਾ ਵੰਦਨਾ ਮਿਸ਼ਰਾ ਵੀ ਭਾਜਪਾ ’ਚ ਸ਼ਾਮਲ ਹੋਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਮੋਦ ਗੁਪਤਾ ਨੇ ਦੋਸ਼ ਲਾਇਆ,‘‘ਕਿਸੇ ਨੂੰ ਵੀ ਮੁਲਾਇਮ ਸਿੰਘ ਯਾਦਵ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਜਿਨ੍ਹਾਂ ਨੂੰ ਅਖਿਲੇਸ਼ ਯਾਦਵ ਨੇ ਬੰਦੀ ਬਣਾਇਆ ਹੋਇਆ ਹੈ। ਮੁਲਾਇਮ ਸਿੰਘ ਅਤੇ ਸ਼ਿਵਪਾਲ ਸਿੰਘ ਨੂੰ ਸਮਾਜਵਾਦੀ ਪਾਰਟੀ ’ਚ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਪਾਰਟੀ ਵਰਕਰ ਨਿਰਾਸ਼ ਹਨ। ਮੁਲਾਇਮ ਸਿੰਘ ਖ਼ਿਲਾਫ਼ ਮਾੜੀ ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪਾਰਟੀ ’ਚ ਤਰਜੀਹ ਦਿੱਤੀ ਜਾ ਰਹੀ ਹੈ। ਅਜਿਹੇ ਹਾਲਾਤ ’ਚ ਸਮਾਜਵਾਦੀ ਵਿਚਾਰਧਾਰਾ ਕਿਥੇ ਰਹਿ ਜਾਵੇਗੀ।’’ ਗੁਪਤਾ 2012 ’ਚ ਔਰੱਈਆ ਦੇ ਬਿਧੂਨਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਉਹ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਦੇ ਰਿਸ਼ਤੇਦਾਰਾਂ ’ਚੋਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly