ਵਿਧਾਇਕ ਵੱਲੋਂ ਭੁੱਚੋ ਖੁਰਦ ਵਾਸੀਆਂ ਨੂੰ ਪੰਚਾਇਤੀ ਜ਼ਮੀਨ ਛੱਡਣ ਦੀ ਹਦਾਇਤ

ਭੁੱਚੋ ਮੰਡੀ (ਸਮਾਜ ਵੀਕਲੀ) : ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਵਿੱਢੀ ਮੁਹਿੰਮ ਤਹਿਤ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪਿੰਡ ਭੁੱਚੋ ਖੁਰਦ ਵਿੱਚ ਨਾਜਾਇਜ਼ ਕਬਜ਼ੇ ਹੇਠਲੀ ਜ਼ਮੀਨ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਪਿੰਡ ਭੁੱਚੋ ਕਲਾਂ ਦੀ ਸਾਢੇ ਛੇ ਏਕੜ ਪੰਚਾਇਤੀ ਜ਼ਮੀਨ ਛੱਡਣ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੇ ਪਿੰਡ ਭੁੱਚੋ ਖੁਰਦ ਦੇ ਵਾਸੀਆਂ ਨੇ ਇਸ ਜ਼ਮੀਨ ਦਾ ਕਬਜ਼ਾ ਨਾ ਛੱਡਿਆ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਨੇ ਨਥਾਣਾ ਦੇ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਨੂੰ ਨਾਜਾਇਜ਼ ਕਬਜ਼ੇ ਹੇਠਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਨਥਾਣਾ ਦੇ ਬੀਡੀਪੀਓ ਰਾਜਾ ਸਿੰਘ, ਟਰੱਕ ਯੁਨੀਅਨ ਦੇ ਕਮੇਟੀ ਮੈਂਬਰ ਸਰਬਜੀਤ ਸਿੰਘ ਮਾਹਲ, ਹਰਦੀਪ ਸਿੰਘ ਮਾਹਲ, ‘ਆਪ’ ਦੇ ਦਫ਼ਤਰ ਇੰਚਾਰਜ ਗੁਰਸੇਵਕ ਸੇਕੀ ਹਾਜ਼ਰ ਸਨ।

ਪਿੰਡ ਭੁੱਚੋ ਕਲਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਸਰਾਂ ਅਨੁਸਾਰ 16 ਏਕੜ ਜ਼ਮੀਨ ਉੱਤੇ ਭੁੱਚੋ ਖੁਰਦ ਦੇ ਲੋਕਾਂ ਦਾ ਕਬਜ਼ਾ ਹੈ। ਇਸ ਵਿੱਚ ਸਾਢੇ ਛੇ ਏਕੜ ਜ਼ਮੀਨ ਵਾਹੀਯੋਗ ਅਤੇ ਸਾਢੇ ਨੌਂ ਏਕੜ ਵਿੱਚ ਲੋਕਾਂ ਵੱਲੋਂ ਘਰ ਅਤੇ ਧਾਰਮਿਕ ਅਸਥਾਨ ਉਸਾਰੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਰਫ਼ ਵਾਹੀਯੋਗ ਸਾਢੇ ਛੇ ਏਕੜ ਜ਼ਮੀਨ ਛੱਡਣ ਲਈ ਕਿਹਾ ਗਿਆ ਹੈ। ਇਸ ਵਿੱਚ ਢਾਈ ਏਕੜ ਜ਼ਮੀਨ ’ਤੇ ਗੁਰਦੁਆਰਾ ਕਮੇਟੀ ਕਾਬਜ਼ ਹੈ ਅਤੇ ਬਾਕੀ ਚਾਰ ਏਕੜ ’ਤੇ ਹੋਰ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।

ਦੂਜੇ ਪਾਸੇ ਪਿੰਡ ਭੁੱਚੋ ਖੁਰਦ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਪਿੰਡ ਦਾ ਮੁੱਢ ਬੱਝਣ ਵੇਲੇ ਤੋਂ ਹੀ ਉਨ੍ਹਾਂ ਕੋਲ ਹੈ। ਇਸ ਵਿੱਚ ਧਾਰਮਿਕ ਸਥਾਨ ਅਤੇ ਸ਼ਮਸ਼ਾਨਘਾਟ ਸਣੇ ਲਗਪਗ ਸੱਤ ਦਰਜਨ ਘਰ ਵਸੇ ਹੋਏ ਹਨ। ਜ਼ਿਕਰਯੋਗ ਹੈ ਕਿ ਪਿੰਡ ਖੁਰਦ ਦੇ ਵਾਸੀਆਂ ਨੇ 26 ਮਈ ਨੂੰ ਪਿੰਡ ਵਿੱਚ ਵੱਡਾ ਇਕੱਠ ਕਰਕੇ ਕਬਜ਼ੇ ਹੇਠਲੀ ਜ਼ਮੀਨ ਛੱਡਣ ਤੋਂ ਕੋਰਾ ਜਵਾਬ ਦੇ ਦਿੱਤਾ ਸੀ ਅਤੇ ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਵੀ ਹੋਈ ਹੈ। ਭਾਕਿਯੂ ਡਕੌਂਦਾ ਦੇ ਆਗੂ ਨਛੱਤਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਅੱਜ ਸ਼ਾਮ ਨੂੰ ਪਿੰਡ ਵਾਸੀਆਂ ਵੱਲੋਂ ਮੀਟਿੰਗ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly