ਮਨ ਦਾ ਫੇਰ

ਬੀ ਼ਡੀ ਸ਼ਰਮਾ

(ਸਮਾਜ ਵੀਕਲੀ)

ਜੰਗੀਰ ਸਿਹੁੰ ਦੀ ਘਰ *ਚ ਵੱਡਾ ਹੋਣ ਕਰਕੇ ਪੂਰੀ ਚਲਦੀ ਸੀ। ਛੋਟਾ ਭਰਾ ਕਦੇ ਉਸ ਅੱਗੇ ਉਭਾਸਰਿਆ ਨਹੀਂ ਸੀ।ਜੋ ਕਰੇ ਉਹੀ ਕਰੇ। ਪਿੰਡ *ਚ ਸਕੀਰੀਆਂ *ਚ ਜੋ ਕਾਰ ਵਿਹਾਰ ਹੋਣੇ ਉਹੀ ਜਾਂਦਾ ਸੀ। ਸੌਦਾ ਪੱਤਾ ਮੰਡੀਓ ਲਿਆਉਣਾ ਉਸੇ ਦੀ ਜਿੰਮੇਵਾਰੀ ਸੀ। ਜੇਹੋ ਜਾ ਕੱਪੜਾ ਲੀੜਾ ਉਹ ਲਿਆਉਂਦਾ ਘਰ ਦਾ ਕੋਈ ਜੀਅ ਕਦੇ ਮੀਨ ਮੇਖ ਨਹੀਂ ਸੀ ਕਰਦਾ। ਬਲਬੀਰ ਸਿਹੁੰ, ਉਸ ਦੀ ਘਰ ਵਾਲੀ ,ਰੱਬ ਵਾਂਗੂੰ ਵੱਡੇ ਭਰਾ ਨੂੰ ਮਾਣ ਦਿੰਦੇ।

ਦਿੰਦੇ ਵੀ ਕਿਉਂ ਨਾ ਜੰਗੀਰ ਸਿਹੁੰ ਨੇ ਕਦੇ ਆਪਣੇ ਬੱਚਿਆਂ ਅਤੇ ਭਰਾ ਦੇ ਬੱਚਿਆਂ *ਚ ਫਰਕ ਨਹੀਂ ਸੀ ਕੀਤਾ । ਜਿਹੜੀ ਚੀਜ਼ ਲਿਆਉਣੀ ਸਾਰਿਆਂ ਨੂੰ ਬਰਾਬਰ ਦੇਣੀ। ਆਪਣੀ ਘਰਵਾਲੀ ਦੀ ਲੋੜ ਭਾਵੇਂ ਟਾਲ ਦਿੰਦਾ ਪਰ ਭਰਾ ਭਰਜਾਈ ਨੂੰ ਕਦੇ ਥੁੜਨ ਨਾ ਦਿੰਦਾ ਕਿਸੇ ਗੱਲੋਂ।ਛੋਟੇ ਦੇ ਬੱਚੇ ਵੀ ਆਪਣੇ ਵੱਡੇ ਭੈਣ ਭਰਾਵਾਂ ਦੀ ਰੀਸ ਨਾਲ ਉਸ ਨੂੰ ਬਾਪੂ ਕਹਿੰਦੇ ਅਤੇ ਆਪਣੇ ਪਿਓ ਨੂੰ ਚਾਚਾ । ਪਿੰਡ *ਚ ਵੀ ਭਰਾਵਾਂ ਦੇ ਮੋਹ ਤੇ ਇਤਫ਼ਾਕ ਦੀਆਂ ਗੱਲਾਂ ਹੁੰਦੀਆਂ।ਇਕ ਦਿਨ ਜੰਗੀਰ ਸਿਹੂੰ ਬਾਹਰੋਂ ਆਇਆ ਦੋਹੇਂ ਜੁਆਕ ਭੱਜਕੇ “ਬਾਪੂ ਜੀ ਆਗੇ,ਬਾਪੂ ਜੀ ਆਗੇ” ਕਹਿੰਦੇ ਉਸ ਦੀਆਂ ਲੱਤਾਂ ਨੂੰ ਚਿੰਬੜ ਗਏ। “ ਬਾਪੂ ਜੀ ਕੀ ਲੈਕੇ ਆਏ ਹੋਂ ” ਲਾਡ ਨਾਲ ਪੁੱਛਣ ਲੱਗੇ।

ਉਸ ਨੇ ਬੰਦ ਮੁੱਠੀਆਂ ਜਿਨ੍ਹਾਂ *ਚ ਅੰਬ ਫੜੇ ਸੀ ਬੱਚਿਆਂ ਅੱਗੇ ਕਰਕੇ ਕਿਹਾ “ਜਿਹੜਾ ਜਿਹੜੀ ਮੁੱਠੀ ਨੂੰ ਹੱਥ ਲਾਊ ਉਹੀ ਅੰਬ ਉਹਦਾ ” ਦੋਵਾਂ ਬੱਚਿਆਂ ਨੇ ਮੁੱਠੀਆਂ ਛੋਹ ਲਈਆਂ। ਇੱਕ ਦਮ ਜੰਗੀਰ ਸਿਹੁੰ ਦੇ ਮਨ *ਚ ਆਇਆ ਕਿ ਭਤੀਜੇ ਵਾਲਾ ਅੰਬ ਵੱਡਾ ਹੈ। ਉਹ ਹੱਸ ਕੇ ਕਹਿੰਦਾ “ਬਈ ਇਕ ਵਾਰੀ ਫੇਰ ਲਾਓ ਹੱਥ”। ਬੱਚਿਆਂ ਨੇ ਸਬੱਬੀ ਬਦਲਕੇ ਹੱਥ ਲਾ ਦਿੱਤੇ ਅਤੇ ਉਹਨੇ ਅੰਬ ਉਹਨਾਂ ਨੂੰ ਦੇਤੇ । ਬੱਚੇ ਖੁਸ਼ੀ ਖੁਸ਼ੀ ਅੰਬ ਲੈਕੇ ਦੋੜ ਗਏ। ਬਲਵੀਰ ਸਿਹੁੰ ਜੋ ਦੂਰੋਂ ਬੈਠਾ ਇਹ ਦ੍ਰਿਸ਼ ਦੇਖ ਰਿਹਾ ਸੀ ਉੱਠ ਕੇ ਵੱਡੇ ਭਰਾ ਕੋਲੇ ਆਇਆ ਤੇ ਬੜੀ ਹਲੀਮੀ ਨਾਲ ਕਹਿਣ ਲੱਗਿਆ ਸਿਹੁੰ “ਬਾਈ ਹੁਣ ਆਪਾਂ ਅੱਡ ਹੋ ਜੀਏ”। ਜੰਗੀਰ ਸਿੰਘ ਉਸ ਦੇ ਮਨ ਦੀ ਸਮਝਦੇ ਹੋਏ ਆਪਣੀ ਗਲਤੀ *ਤੇ ਪਛਤਾ ਰਿਹਾ ਸੀ।

ਬੀ ਼ਡੀ ਸ਼ਰਮਾ
ਡਿਪਟੀ ਡਾਇਰੈਕਟਰ ਕੈਰੀਅਰ ਗਾਈਡੈਂਸ ਐਂਡ ਕਾਉਂਸਲਿੰਗ
ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼,ਦਿਉਣ ,ਬਠਿੰਡਾ
ਮੋ:9501115015

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਕਾਹਲਵਾ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਭਰਵੀ ਮੀਟਿੰਗ
Next articleਪੰਜਾਬ ਰਾਜ ਅਧਿਆਪਕ ਗਠਜੋੜ ਦੀ ਚੀਫ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਨਾਲ 8 ਸਤੰਬਰ ਨੂੰ ਪੈਨਲ ਮੀਟਿੰਗ