ਮਾਲਵਾ ਲਿਖਾਰੀ ਸਭਾ ਵੱਲੋਂ ਰਾਜਿੰਦਰਜੀਤ ਸਿੰਘ ਕਾਲਾਬੂਲਾ ਦੀ ਮੱਦਦ ਕਰਨ ਦੀ ਮੰਗ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- “ਮਾਂ ਬੋਲੀ ਪੰਜਾਬੀ ਦੇ ਸਿਰੜੀ ਸਪੂਤ ਅਤੇ ਨਿਧੜਕ ਪੱਤਰਕਾਰ ਰਾਜਿੰਦਰਜੀਤ ਸਿੰਘ ਕਾਲਾਬੂਲਾ ਲੰਮੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਹਨ। ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਕੰਮ-ਧੰਦੇ ਬੰਦ ਹਨ ਅਤੇ ਉਨ੍ਹਾਂ ਦਾ ਆਪਣਾ ਇਲਾਜ਼ ਕਰਵਾਉਣ ’ਤੇ ਬਹੁਤ ਪੈਸਾ ਖਰਚ ਹੋ ਚੁੱਕਿਆ ਹੈ, ਇਸ ਲਈ ਸਰਕਾਰ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਅਜਿਹੇ ਔਖੇ ਸਮੇਂ ਵਿੱਚ ਹੱਕ, ਸੱਚ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕਰਨ ਵਾਲੇ ਇਸ ਜੁਝਾਰੂ ਕਲਮਕਾਰ ਦੀ ਦਿਲ ਖੋਲ੍ਹ ਕੇ ਆਰਥਿਕ ਮੱਦਦ ਕਰੇ।

ਰਾਜਿੰਦਰਜੀਤ ਸਿੰਘ ਕਾਲਾਬੂਲਾ ਇੱਕ ਮਾਣਮੱਤੀ ਸ਼ਖ਼ਸੀਅਤ ਹਨ, ਉਨ੍ਹਾਂ ਨੇ ਪੱਤਰਕਾਰੀ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਕਾਰਜ ਕੀਤਾ ਹੈ ਅਤੇ ਤਰਕਸ਼ੀਲ ਸੋਸਾਇਟੀ ਪੰਜਾਬ, ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਆਦਿ ਲੋਕ-ਪੱਖੀ ਜੱਥੇਬੰਦੀਆਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਅਤੇ ਉੱਘੇ ਬਾਲ ਕਵੀ ਜਗਜੀਤ ਸਿੰਘ ਲੱਡਾ ਨੇ ਰਾਜਿੰਦਰਜੀਤ ਸਿੰਘ ਕਾਲਾਬੂਲਾ ਨਾਲ ਉਨ੍ਹਾਂ ਦੇ ਘਰ ਜਾ ਕੇ ਹਾਲ-ਚਾਲ ਪੁੱਛਣ ਤੋਂ ਬਾਅਦ ਪ੍ਰੈੱਸ ਦੇ ਨਾਂ ਜਾਰੀ ਕੀਤੇ ਆਪਣੇ ਸਾਂਝੇ ਬਿਆਨ ਵਿੱਚ ਕਹੇ।

ਕਾਲਾ ਬੂਲਾ ਸਾਬ੍ਹ ਦੇ ਅਜੋਕੇ ਹਾਲਾਤਾਂ ਬਾਰੇ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਜੀ ਨਾਲ ਗੱਲਬਾਤ ਕੀਤੀ,ਮਾਲਵਾ ਲਿਖਾਰੀ ਸਾਹਿਤ ਸਭਾ ਤੇ ਸਾਹਿਤ ਸਭਾ ਧੂਰੀ ਦੇ ਸਾਰੇ ਮੈਂਬਰਾਂਨ ਗੁਰਦਿਆਲ ਨਿਰਮਾਣ ਧੂਰੀ,ਸੁਖਵਿੰਦਰ ਲੋਟੇ,ਅਮਨ ਜੱਖਲਾਂ,ਭੁਪਿੰਦਰ ਬੋਪਾਰਾਏ ਰਾਜਿੰਦਰ ਰਾਜਨ ਨੇ ਕਿਹਾ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਸਾਹਿਤਕਾਰ ਅਤੇ ਕਲਾਕਾਰ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਪਰ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ।ਸਾਹਿਤ ਸਭਾਵਾਂ ਸਮਾਜਿਕ ਜਥੇਬੰਦੀਆਂ ਤੇ ਪੰਜਾਬ ਸਰਕਾਰ ਨੂੰ ਪੱਤਰਕਾਰਾਂ ਤੇ ਲੇਖਕਾਂ ਦੀ ਦੁੱਖ ਸੁੱਖ ਦੀ ਘੜੀ ਵਿੱਚ ਬਾਂਹ ਫੜਨੀ ਚਾਹੀਦੀ ਹੈ ਕਿਉਂਕਿ ਪ੍ਰਿੰਟ ਮੀਡੀਆ ਲੋਕਰਾਜ ਦਾ ਚੌਥਾ ਥੰਮ੍ਹ ਹੈ।ਸਾਹਿਤਕਾਰ ਤੇ ਕਲਾਕਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਹਿਰੇਦਾਰ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਨਾ ਲਗਾਉਣ ਵਾਲਾ ਮਾਸਟਰ
Next articleਕਾਂਗਰਸ ਸਰਕਾਰ ਦੀ ਘਰ ਘਰ ਨੌਕਰੀ