ਮਸ਼ਹੂਰ ਤੁਕਬਾਜ਼ ਅ-ਕਵੀ “ਖਾਜ ਬਦਨਵੀ'” ਨਾਲ਼ ਮੁਲਾਕਾਤ

(ਸਮਾਜ ਵੀਕਲੀ)

ਸੰਦਰਭ : ਚਲੰਤ ਵਕ਼ਤ ਵਿਚ ਜ਼ਿੰਦਗੀ ਅਕਾਊ ਹੋ ਰਹੀ ਹੈ। ਮਹਿੰਗੀਆਂ ਸ਼ੈਆਂ ਵੀ ਥੋੜ੍ਹ ਚਿਰਾ ਸਰੂਰ ਦਿੰਦੀਆਂ ਨੇ। ਏਸ ਲਈ “ਖਾਜ ਬਦਨਵੀ” ਨਾਂ ਦਾ ਤੁਕਬਾਜ਼ ਅ-ਕਵੀ ਪਾਤਰ ਸਿਰਜ ਕੇ ਮਜ਼ਾਹੀਆ ਸੰਵਾਦ ਲਿਖਿਆ ਹੈ। ਏਸ ਲੇਖਲੜੀ ਤਹਿਤ ਇਹ ਸਾਡੀ ਪਲੇਠੀ ਕੋਸ਼ਿਸ਼ ਹੈ। ਏਸ ਪਿੱਛੋਂ ਮੁੱਲਾ ਨਸਰੂਦੀਨ, ਓਹਦੀ ਹਿੰਦ ਵਾਸੀ ਪਰਮ ਸਖੀ “ਜੰਗਪ੍ਰੀਤ” ਦੇ ਫਰਜ਼ੀ ਕਿਰਦਾਰ ਘੜ੍ਹ ਕੇ ਮਜ਼ਾਹੀਆ ਪੈਗ਼ਾਮ ਦਿਆਂਗੇ।

*ਯਾਦਵਿੰਦਰ*

ਕਲਾ ਦੀ ਮੰਡੀ ਵਿਚ ਸਭ ਕੁਝ ਸੰਭਵ ਹੈ। ਪਿਛਲੇ ਸਮੇਂ ਦੀ ਯਾਦ ਤਾਜ਼ੀ ਕਰ ਰਹੇ ਹਾਂ। ਜਦੋਂ ਗ਼ਲਤ ਫੋਨ ਨੰਬਰ ਮਿਲ ਜਾਣ ਪਿੱਛੋਂ ਸਾਡਾ ਸੰਜੋਗੀ-ਮੇਲ ਵਪਾਰੀ ਵਿਰਤੀ ਵਾਲੇ ਤੁਕਬਾਜ਼ ਅ-ਕਵੀ ਨਾਲ ਹੋ ਗਿਆ। ਅਸੀਂ ਏਨਾ ਕੀ ਆਖ ਦਿੱਤਾ ਕਿ ਅਸੀਂ ਲਿਖਾਰੀ ਹਾਂ, ਖਾਜ ਸਾਨੂੰ ਖਾਰਸ਼ ਵਾਂਗ ਚਿੰਬੜ ਗਿਆ। ਲੰਘੇ ਇਕ ਵਰ੍ਹੇ ਤੋਂ ਇਹ ਅ-ਕਵੀ ਸਾਨੂੰ ਹਾਕਾਂ ਮਾਰ ਰਿਹੈ, ਮਜਬੂਰਨ ਓਹਨੂੰ ਮਿਲਣ, ਓਹਦੇ ਦਫ਼ਤਰ ਜਾ ਰਹੇ ਹਾਂ। (ਜਿਹਨੂੰ ਓਹ “ਡਪਤਰ” ਆਖਦਾ ਹੈ)।

ਜਿਉਂ ਹੀ ਅਸੀਂ, ਅ-ਕਵੀ ਦਫ਼ਤਰ ਵਿਚ ਪ੍ਰਵੇਸ਼ ਕਰਦੇ ਹਾਂ। ਮਾਹੌਲ ਅਜੀਬ ਜਿਹਾ ਮਹਿਸੂਸ ਹੋਣ ਲੱਗਦਾ ਹੈ। ਅਸੀਂ ਏਧਰ ਓਧਰ ਝਾਕਦੇ ਹਾਂ ਪਰ ਕੋਈ ਗਵੰਤਰੀ, ਕੋਈ ਲਿਖਣਤਰੀ, ਕੋਈ ਸ਼ਖ਼ਸ ਨਿਗ੍ਹਾ ਵਿਚ ਆ ਰਿਹਾ ਹੈ।
(ਚੁਫ਼ੇਰੇ ਚੁੱਪ ਵਰਤ ਗਈ ਮਹਿਸੂਸ ਹੋ ਰਹੀ ਹੈ..!!)

” … ਓ ਹਾਂ ਜੀ ਹਾਂ ਜੀ ਬਾਬਿਓ … ਆਜੋ ਆਜੋ … ਸਵੇਰੇ ਤੁਹਾਡੀ ਗੱਲ ਸਾਡੇ ਨਾਲ਼ ਈ ਹੋਈ ਸੀ।”
ਇਹ ਆਵਾਜ਼ ਸੁਣੀ ਹੋਈ ਜਾਪਦੀ ਸੀ, ਇਹ ਸ਼ਾਇਦ ਜੁਗਾੜੀ ਕਵੀ ਖਾਜ ਬਦਨਵੀ ਹੋਵੇਗਾ.!
****
ਗਾਉਣ ਵਾਲਿਆਂ ਦੀ ਮੰਡੀ ਵਿਚ ਇਹ ਨਾਮ, ਖਾਜ ਬਦਨਵੀ, ਖ਼ਾਸ ਚਰਚਾ ਵਿਚ ਹੈ। …ਸਾਡੇ ਖ਼ਿਆਲਾਂ ਦੀ ਉਡਾਰੀ ਨੂੰ ਰੋਕਦਿਆਂ ਹੋਇਆ ਖਾਜ ਸਾਨੂੰ ਹਲੂਣਾ ਦੇਣ ਵਾਂਗ ਪੁੱਛਦਾ ਹੈ! ਪਾਜ਼ੀ, ਕੋਲਡ ਡਰਿੰਕ ਮੰਗਾਵਾਂ, ਪੀਓਗੇ?
“ਹਾਂਜੀ, ਗਰਮੀ ਤਾਂ ਲੱਗ ਰਹੀ ਹੈ, ਮੰਗਾਅ ਲਓ”। (ਇਹ ਸਾਡਾ ਜਵਾਬ ਸੀ)
ਅ-ਕਵੀ ਖਾਜ, ਆਪਣੀ ਗੈਰ-ਸ਼ਾਇਰਾਨਾ ਆਵਾਜ਼ ਵਿਚ ਸ਼ਾਗਿਰਦ ‘ਖੁਸ਼ੀਆ ਗ਼ਮਗੀਨ’ ਨੂੰ ਕਿਤੇ ਭੇਜਦਾ ਹੈ … ਤੇ ਨਾਲ਼ ਈ ਫੋਨ ਉੱਤੇ ਆਰਡਰ ਮਾਰਦਾ ਹੈ, “ਓ ਹੈਲੋ ਪਾਜ਼ੀ, ਤਿੰਨ ਨਿੱਕੇ ਤੋਂ ਨਿੱਕੇ ਗਲਾਸ ਠੰਢੇ ਦੇ ਪੇਜ਼ ਦਿਓ ਨਾ..!
(“ਭ” ਨੂੰ “ਪ” ਬੋਲਣਾ … ਤੇ … “ਜ” ਨੂੰ “ਜ਼” ਬੋਲਣਾ ਖਾਜ ਬਦਨਵੀ ਦੀ ਆਦਤ ਹੈ)।

ਵਾਹਵਾ ਚਿਰ ਮਗਰੋਂ ਕੁੱਕੜ ਕਲਗੀ ਵਰਗੀ ਵਾਲ ਸਜਾਵਟ ਵਾਲਾ ਸ਼ਾਗਿਰਦ ਖੁਸ਼ੀਆ ਗ਼ਮਗੀਨ, 3 “ਅਤਿ ਨਿੱਕੇ ਮੋਮੀ ਗਲਾਸ” ਲੈ ਕੇ ਹਾਜ਼ਰ ਹੁੰਦਾ ਹੈ। ਇਹ ਮੋਮੀ ਗਲਾਸ ਅੱਧੇ ਖਾਲੀ ਹਨ, ਸੌਰੀ ਅੱਧੇ ਭਰੇ ਹੋਏ ਨੇ..!
ਚਿੜੀ ਜਿੰਨੀ ਪਿਆਸ ਤਾਂ ਸਾਨੂੰ ਲੱਗਦੀ ਨਈ … ਸੋ … ਅਸੀਂ … ਇੱਕੋ ਘੁੱਟ ਵਿਚ ਸਾਡੀ ਖ਼ਿਦਮਤ ਵਿਚ ਪੇਸ਼ ਕੀਤੇ ਕੋਲਡ ਡਰਿੰਕ ਨੂੰ ਡੀਕ ਜਾਂਦੇ ਹਾਂ…।
****
ਹਾਂ ਜੀ, sir ਜੀ … ਮੇਰੀ ਇੰਟਰਵਿਊ ਕਰ ਲੋ ਹੁਣ!… ਕਿ ਦੇਰ ਕਰੋਗੇ..! (ਸਰ ਦੇ ਨਾਲ਼ ਜੀ ਲਾ ਕੇ ਖਾਜ ਸਾਡੀ ਖੁਸ਼ਾਮਦ ਕਰ ਰਿਹਾ ਹੈ, ਜਦਕਿ ਓਹਦੀ ਆਵਾਜ਼ ਦੇ ਸੁਰਾਂ ਵਿਚ ਤਰਲਾ ਜਿਹਾ ਹੈ।)

ਖਾਜ ਬਦਨਵੀ ਦੀ ਉਤਾਵਲ ਵੇਖ ਕੇ ਸਾਡੇ ਮੂੰਹੋਂ ਆਪ ਮੂਹਾਰੇ “ਹਾਂ” ਨਿੱਕਲ ਜਾਂਦਾ ਹੈ। ਮਾੜੀ ਮੋਟੀ ਏਧਰ ਓਧਰਲੀ ਗੱਲ ਮਾਰ ਕੇ ਸਾਡੇ ਨਾਲ ਆਇਆ ਸਭਿਆਚਾਰਕ ਰਸਾਲੇ ਦਾ ਨੁਮਾਇੰਦਾ ਦੋਸਤ ਇੰਟਰਵਿਊ ਦੀ ਅਰੰਭਤਾ ਕਰ ਦਿੰਦਾ ਹੈ।

ਸਵਾਲਕਰਤਾ : ਖਾਜ ਬਾਊ, ਮੇਰਾ ਮਤਲਬ ਹੈ ਭਾਅਜੀ, ਇਹ ਦੱਸੋ ਕਿ ਤੁਹਾਨੂੰ ਤੁਕਬਾਜ਼ੀ ਦੀ ਚੇਟਕ ਕਿਥੋਂ ਲੱਗੀ? ਕੀ ਟੱਬਰ ਵਿਚ ਕੋਈ ਹੋਰ ਅਨਸਰ ਵੀ ਗਾਉਣ ਵਜਾਉਣ ਵਾਲਿਆਂ ਦੀ ਮੰਡੀ ਵਿਚ ਤੁਕਬਾਜ਼ੀ ਜਾਂ ਛੰਦਾਬੰਦੀ ਕਰਦਾ ਸੀ?
ਖਾਜ ਬਦਨਵੀ : (ਰੋਂਦੜ੍ਹ ਜਿਹਾ ਹਾਸਾ ਹੱਸਦੇ ਹੋਏ) ਓ ਪਾਜ਼ੀ, ਹਾਂਜੀ ਹਾਂਜੀ ਮੇਰੇ ਦੂਰੋਂ ਪਾਰੋਂ ਲੱਗਦੇ ਚਾਚਾਜੀ ਤੇ ਮੌਜੂਦਾ ਉਸਤਾਦ ਸ੍ਰੀ ਹੈਪੀ ਉਦਾਸ ਜੀ ਗਾਉਣ ਵਜਾਉਣ ਵਾਲਿਆਂ ਦੀ ਮੰਡੀ ਵਿਚ ਮਛੂਰ ਬੰਦੇ ਸੀਗੇ। ਉਨ੍ਹਾਂ ਨੇ ਮੈਨੂੰ ਤੁਕਬਾਜ਼ੀ ਕਰਨੀ ਸਖਾਈ ਸੀ।

ਸਵਾਲ : ਮਛੂਰ ਕਿ ਮਸ਼ਹੂਰ?
ਖਾਜ ਬਦਨਵੀ : ਹਾਂਜੀ ਹਾਂਜੀ, ਓਹੀ..!

ਸਵਾਲ : ਪੰਜਾਬੀ ਸ਼ਾਇਰੀ ਤੇ ਸੱਭਿਆਚਾਰ ਦੀ ਸੇਵਾ ਕਰ ਕੇ ਕਿਵੇਂ ਲੱਗਦਾ ਆ?
ਖਾਜ ਬਦਨਵੀ : ਕਿਹੜਾ ਸੱਭਿਆਚਾਰ? ਕਿਹੜੀ ਸੇਵਾ? ਦੇਖੋ ਅਸੀਂ ਤਾਂ …ਪਾਪੀ ਪੇਟ ਭਰਨ ਲਈ …. ਲਿਖਦੇ ਹਾਂ। ਅਸੀਂ ਕੋਈ ਸੇਵਾ ਸੂਵਾ ਨਹੀਂ ਕਰਦੇ … ਇਟ’ਜ਼ ਜਸਟ ਲਾਈਕ ਪ੍ਰੋਫੈਸ਼ਨ.. ਜੂ ਨੋ!!
(ਅੰਗਰੇਜ਼ੀ ਬੋਲਦਿਆਂ ਖਾਜ, ਯੂ ਨੋ ਨੂੰ ਜੂ ਨੋ ਆਖ ਜਾਂਦਾ ਐ?)।

ਸਵਾਲ : ਅੱਛਾ, ਖਾਜ ਸਾਹਬ ਇਹ ਦੱਸੋ ਕਿ ਤੁਹਾਡਾ ਨਾਂ ਬੜਾ ਅਜੀਬ ਹੈ। ਖਾਜ ਬਦਨਵੀ!! ਇਹ ਨਾਂ ਕਿਓੰ ਰੱਖਿਆ?
ਖਾਜ ਬਦਨਵੀ : ਪਾਜ਼ੀ, ਇਹ ਨਾਮ ਮੈਂ ਆਪ ਨਹੀਂ ਰੱਖਿਆ! ਦਰਸ਼ਕਾਂ ਨੇ ਰੱਖਿਆ ਆ।

ਸਵਾਲ : ਦਰਸ਼ਕ ਕੌਣ?
ਖਾਜ ਬਦਨਵੀ : ਜਿਹੜੇ ਮੇਰੀ ਤੁਕਬਾਜ਼ੀ ਸੁਣਦੇ ਨੇ! ਦਾਦ ਦਿੰਦੇ ਨੇ।
ਸਵਾਲ : ਪਰ… ਓਹ ਤਾਂ ਸਰੋਤੇ ਹੁੰਦੇ ਨੇ?
ਖਾਜ ਬਦਨਵੀ : ਆਹੋ ਆਹੋ, ਓਹੀ! ਸਰੋਤੇ।

ਸਵਾਲ : ਪੂਰੀ ਗੱਲ ਦੱਸੋ, ਅ-ਕਵੀਵਰ?
ਖਾਜ ਬਦਨਵੀ : ਦੇਖੋ ਜੀ, ਕੋਈ ਲੁਕਾਅ ਨਹੀਂ। ਨਿੱਕਾ ਹੁੰਦਾ ਸੀ ਤੇ ਹਰ ਰੋਜ਼ ਨਹਾਉਣ ਨਾ ਕਰ ਕੇ ਘਰਦਿਆਂ ਨੇ ਨਾਂ ਖਜਿੰਦਰ ਰੱਖ ਦਿੱਤਾ। ਫ਼ੇਰ ਜਦੋਂ, ਸਕੂਲੇ ਪੜ੍ਹਨ ਲਾਇਆ ਤਾਂ ਮਾਸਟਰਨੀ ਭੈਣਜੀ ਕਹਿਣ ਲੱਗੇ ਕਿ ਨਾਮ ਔਖਾ ਐ, ਉਨ੍ਹਾਂ ਨੇ ਨਾਮ ਖਾਜਵੀਰ ਰੱਖ ਦਿੱਤਾ। …ਤੇ ਫੇਰ..!!

ਸਵਾਲ : … ਤੇ ਫੇਰ ਕੀ..?
ਖਾਜ : ਫੇਰ ਜਦੋਂ ਮੈਨੂੰ ਸਟੇਜਾਂ ਤੋਂ ਤੁਕਬਾਜ਼ੀ ਸੁਣਾਉਣ ਦਾ ਭੁੱਸ ਪਿਆ ਤਾਂ ਨਿੱਕੇ ਹੁੰਦੇ ਪਈਆਂ ਆਦਤਾਂ ਕਾਰਨ ਅਸੀਂ ਨਹਾਉਣ ਧੋਣ ਘੱਟ ਵੱਧ ਈ ਰੱਖਿਆ। ਉਦੋਂ …ਜਦੋਂ …ਮੰਚ ਤੋੰ ਤੁਕਬਾਜ਼ੀ ਸੁਣਾਉਂਦਿਆਂ ਪਿੰਡੇ ਉੱਤੇ ਖ਼ੁਰਕ ਹੋਣੀ ਤਾਂ ਲੋਕ ਵੀ ਨੋਟਿਸ ਕਰਦੇ ਰਹੇ। ਮੇਰੇ ਉਸਤਾਦ ਜਨਾਬ ਹੈਪੀ ਉਦਾਸ ਜੀ ਕਹਿਣ ਲੱਗੇ ਕਿ ਖਾਜਿਆ, ਖਾਜ ਤਾਂ ਤੈਨੂੰ ਹੁੰਦੀ ਈ ਰਹਿਣੀ ਏ, ਜੇ ਤੂੰ ਮਛੂਰ ਹੋਣਾ ਵਾ ਤਾਂ ਪੁੱਠਾ ਸਿੱਧਾ ਨਾਮ ਰੱਖ ਲੈ। (ਖਾਜ ਕੰਨਾਂ ਨੂੰ ਹੱਥ ਲਾ ਰਿਹਾ ਹੈ) ਮੇਰੇ ਉਸਤਾਦ ਜਨਾਬ ਹੈਪੀ ਉਦਾਸ ਨੇ ਕਿਹਾ, “ਖਾਜਵੀਰ, ਅੱਜ ਤੋਂ ਤੇਰਾ ਨਾਮ ਅਸੀਂ ਖਾਜ ਬਦਨਵੀ ਰੱਖਦੇ ਹਾਂ, ਕਿਉਂਕਿ ਤੇਰੇ ਬਦਨ ਤੇ ਖਾਜ ਦਰਮਿਆਨ ਅਟੁੱਟ ਰਿਸ਼ਤਾ ਨਿੱਕੇ ਹੁੰਦੇ ਤੋੰ ਹੈ। ਤੇਰਾ ਨਾਮ ਅਸੀਂ “ਖ਼ੁਰਕ ਪਿੰਡੇ ਵਾਲਾ” ਵੀ ਰੱਖ ਸਕਦੇ ਹਾਂ”। … ਪਰ, ਇਹ ਨਾਂ ਪੇਂਡੂ ਲੋਕ ਈ ਸਮਝ ਸਕਣਗੇ ਏਸ ਲਈ ਹੈਪੀ ਉਦਾਸ ਨੇ ਸਾਡਾ ਨਾਂ “ਖਾਜ ਬਦਨਵੀ” ਰੱਖ ਦਿੱਤਾ।

ਸਵਾਲਕਰਤਾ : ਕਿਤੇ ਏਦਾਂ ਤਾਂ ਨਈ ਕਿ ਨਿੱਕੇ ਹੁੰਦਿਆਂ ਕਿਸੇ ਖ਼ੁਰਕ ਖਾਧੇ ਕੁੱਤੇ ਨੇ ਤੁਹਾਨੂੰ ਚੱਕ ਮਾਰ ਦਿੱਤਾ ਹੋਵੇ ਤੇ ਤੁਹਾਨੂੰ ਖਾਰਸ਼ ਦੀ ਪ੍ਰੋਬਲਮ ਹੋ ਗਈ ਹੋਵੇ? ਫੇਰ ਘਰਦਿਆਂ ਨੇ ਇਹ ਨਾਮ ਰੱਖ ਦਿੱਤਾ ਗਿਆ ਹੋਵੇ?
ਖਾਜ ਬਦਨਵੀ : ਕਦੇ ਸੋਚਿਆ ਹੀ ਨ੍ਹੀ ਪਾਜ਼ੀ। ਸਾਡੇ ਉਸਤਾਦ ਜਨਾਬ ਹੈਪੀ ਉਦਾਸ ਇਕ ਮੰਤ੍ਰ ਦਿੰਦੇ ਆ ਕਿ ਟੈਨਸ਼ਨ ਨ੍ਹੀ ਲੈਣੀ, ਦੇਣੀ ਆ..! ਅਸੀਂ ਬਾਹਲਾ ਨੀ ਸੋਚਦੇ..! ਪੈਸਾ ਕੱਠਾ ਕਰੀਦਾ ਆ ਬੱਸ।

ਸਵਾਲਕਰਤਾ : ਤੁਹਾਨੂੰ ਲੋਕ ਫਨੀ ਪੋਇਟ ਕਿਓੰ ਕਹਿੰਦੇ ਨੇ?
ਖਾਜ ਬਦਨਵੀ : ਓਹ ਕੀ ਹੁੰਦਾ?

ਸਵਾਲਕਰਤਾ : ਮਜ਼ਾਹੀਆ ਸ਼ਾਇਰ?
ਖਾਜ : ਕਿਹੜਾ ਸ਼ਹਿਰ!

ਸਵਾਲਕਰਤਾ : ਓ ਸ਼ਹਿਰ ਨਹੀਂ ਖਾਜ ਸਾਬ, ਸ਼ਾਇਰ?
ਖਾਜ ਬਦਨਵੀ : “ਸ਼ਾਇਰ” ਬਾਰੇ ਮੈਨੂੰ ਨ੍ਹੀ ਪਤਾ ਕੀ ਹੁੰਦਾ, ਮੇਰੇ ਉਸਤਾਦ ਜਨਾਬ ਹੈਪੀ ਉਦਾਸ ਨੇ ਕਦੇ ਸਾਡੇ ਡਮਾਕ ਵਿਚ ਪਾਇਆ ਈ ਨ੍ਹੀ। ਫੋਨ ਕਰ ਕੇ ਉਦਾਸ ਉਸਤਾਦ ਨੂੰ ਪੁੱਛਾਂਗਾ।

ਸਵਾਲਕਰਤਾ : ਹੈਪੀ ਉਦਾਸ ਹੋਰ ਕੀ ਕਰਦੇ ਨੇ… ਤੁਕਬਾਜ਼ੀ ਤੋਂ ਇਲਾਵਾ..?
ਖਾਜ ਬਦਨਵੀ : ਓਹ ਝਟਕਈ ਨੇ ਜੀ। ਸਾਡੇ ਡਪਟਰ ਲਾਗੇ ਉਨ੍ਹਾਂ ਦੀ ਕੁੱਕੜ ਤੇ ਬੱਕਰੇ ਵੱਢਣ ਦੀ ਹੱਟੀ ਹੈ। ਫਾਲਤੂ ਟਾਈਮ ਓਹ ਤੁਕਬਾਜ਼ੀ ਲਿਖਦੇ ਨੇ। ਪੰਜ ਮਹਾਨ ਤੇ ਮਛੂਰ ਗਾਇਕ ਉਨ੍ਹਾਂ ਦੇ ਗਾਣੇ ਗਾ ਕੇ ਪੂਰੀ ਬੱਲੇ ਬੱਲੇ ਕਰਾਅ ਚੁੱਕੇ ਨੇ।

ਸਵਾਲਕਰਤਾ : ਓਹ, 5 ਕਿਹੜੇ ਨੇ?
ਖਾਜ ਬਦਨਵੀ : ਗੋਨੀ ਡੀ, ਨਿਰਵੈਲ ਐਬੀ, ਮਿੰਟਾ ਮੋਹਾਲੀਵਾਲਾ, ਚਿੰਕਾ ਚੰਡੀਗੜ੍ਹੀਆ ਤੇ ਮੇਰੇ ਛੋਟੇ ਉਸਤਾਦ ਜਨਾਬ ਦਾਤੂ ਗਰੀਬਗੜ੍ਹੀਆ ਹੁਰੀਂ।

ਸਵਾਲਕਰਤਾ : ਹੁਣੇ ਤੁਸੀਂ ਆਖਿਆ ਕਿ ਹੈਪੀ ਉਦਾਸ ਉਸਤਾਦ ਹੈ, ਹੁਣ ਇਹ ਗਰੀਬਗੜ੍ਹੀਆ ਕੌਣ ਆ?
ਖਾਜ ਬਦਨਵੀ : ਦੇਖੋ ਜੀ, ਉਸਤਾਦ ਇੱਕ ਅੱਧਾ ਬਣਾਅ ਕੇ ਨ੍ਹੀ ਸਰਦਾ ਹੁੰਦਾ। (ਕੰਨਾਂ ਨੂੰ ਹੱਥ ਲਾਉਂਦੇ ਹੋਏ) ਜਦੋਂ ਹੈਪੀ ਉਦਾਸ, ਬੱਕਰੇ ਕੁੱਕੜ ਵੱਢ ਰਿਹਾ ਹੋਵੇ, ਕੋਈ ਅੰਤਰਾ ਜਾਂ ਮਿਸਰਾ ਫੱਸ ਜਾਵੇ ਫੇਰ ਉਸਤਾਦ ਗਰੀਬਗੜ੍ਹੀਆ ਨੂੰ ‘ਵਾਜ ਮਾਰ ਲਈਦੀ ਆ।

ਸਵਾਲਕਰਤਾ : ਖਾਜ ਸਾਬ, ਇਹ ਦੱਸੋ ਕਿ ਤੁਹਾਡੇ ਇਕ ਗਾਣੇ ਦਾ ਮੁੱਖੜਾ ਆ ਕਿ “ਜੀਹਨੇ ਪੈਂਦੇ ਗਿੱਧੇ ਵਿਚ ਫੜ੍ਹ ਲਈ ਮੇਰੀ ਬਾਂਹ ਭਾਬੀਏ, ਤੇਰਾ ਓਹ ਕੰਤ ਸਾਨੂੰ ਜਾਨ ਤੋਂ ਪਿਆਰਾ ਭਾਬੀਏ..!”
ਇਹ ਕੀ ਬਕਵਾਸ ਏ? ਜੇ ਨਣਾਨ ਭਾਬੀ ਨੂੰ ਆਖਦੀ ਏ ਕਿ ਤੇਰੇ ਪਤੀ ਨੇ ਗਿੱਧੇ ਵਿਚ ਮੇਰੀ ਬਾਂਹ ਫੜ ਲਈ ਹੈ ਪਰ ਓਹ ਕੁੜੀ ਨੂੰ ਜਾਨ ਤੋਂ ਪਿਆਰਾ ਹੈ। ਇਹ ਭਾਬੀ ਦਾ ਘਰਵਾਲਾ, ਨਨਾਣ ਦਾ ਭਰਾ ਨ੍ਹੀ ਲੱਗਿਆ?
ਖਾਜ ਬਦਨਵੀ : (ਖਚਰਾ ਹਾਸਾ ਹੱਸਦੇ ਹੋਏ)। ਓ ਪਿਆਰਿਓ, ਬਿਲਕੁਲ ਸਹੀ ਗੱਲ ਫੜੀ ਏ ਤੁਸੀਂ। …ਪਰ ਦਾਰੂ ਵਿਚ ਟੱਲੀ ਹੋਏ ਭਰਾ ਜਦੋਂ ਥਕੇਵਾਂ ਲਾਹੁਣ ਲਈ ਸਾਡੇ ਦੇਸਾਂ ਪਰਦੇਸਾਂ ਵਿਚ ਰਹਿੰਦੇ ਪੰਜਾਬੀ ਭਰਾ ਆਹ ਗੀਤ ਵਜਾਅ ਕੇ ਨੱਚਦੇ ਨੇ, ਓਹ ਗਾਣੇ ਦੇ ਮਤਲਬ ਥੋੜ੍ਹਾ ਕੱਢਦੇ ਆ…। ਦੇਖੋ, ਪਾਜ਼ੀ। ਹੈਪੀ ਉਦਾਸ, ਉਸਤਾਦ ਸਾਡਾ ਇਕ ਗੱਲ ਦੱਸਦਾ ਆ ਕਿ ਟੈਨਸ਼ਨ ਲੈਣੀ ਨਹੀਂ ਖਾਜਿਆ… ਦੇਣੀ ਆ।

ਸਵਾਲਕਰਤਾ : ਕਦੇ ਮਨ ਵਿਚ ਨ੍ਹੀ ਆਇਆ ਕਿ ਚੱਜ ਦੀ ਸ਼ਾਇਰੀ ਕਰਾਂ? ਕੋਈ ਚੰਗਾ ਨਾਮ ਰੱਖਾਂ?
ਖਾਜ ਬਦਨਵੀ : ਨਹੀਂ…। ਨਾ ਸੰਜੀਦਾ ਕਵਿਤਾਕਾਰੀ ਕੀਤੀ ਏ, ਨਾ ਕਰਨੀ ਏ। ਗੰਭੀਰ ਕਵੀ ਤਾਂ ਜਨਤਾ ਰੋਲ਼ ਦਿੰਦੀ ਆ। ਹੁਣ ਤੁਸੀਂ ਦੇਖ ਲੋ…।
ਤੁਸੀਂ ਪੁਰਾਣੀ ਕਾਰ ਦੀ ਸਵਾਰੀ ਕਰ ਕੇ ਆਏ ਓ। ਬਾਹਰ ਮੇਰੀਆਂ 2 ਮਹਿੰਗੀਆਂ ਨਵੀਆਂ ਕਾਰਾਂ ਖੜ੍ਹੀਆਂ ਨੇ। 38 ਲੱਖ ਬੈਂਕ ਵਿਚ ਡਿਪੋਜ਼ਿਟ ਕਰਵਾਇਆ ਆ। ਅੱਧੀ ਦੁਨੀਆਂ ਘੁੰਮ ਚੁੱਕਿਆ ਹਾਂ। ਕਬੂਤਰਬਾਜ਼ੀ ਵੱਖ ਕਰੀਦੀ ਏ।

ਸਵਾਲਕਰਤਾ : ਕਬੂਤਰਬਾਜ਼ੀ ਕਿਹੜੀ ਖਾਜ ਵੀਰੇ?
ਖਾਜ ਬਦਨਵੀ : ਇਹ ਮੇਰਾ ਸ਼ਾਗਿਰਦ ਹੈ : ਪੋ ਪੋ ਪੋਮੀਪ੍ਰੀਤ। ਇਹਦੇ ਪਿਓ ਕਿੰਦੇ ਦਾ ਗਾਉਣ ਵਜਾਉਣ ਦੇ ਧੰਦੇ ਸਬੰਧੀ (ਇਕ) ਰਸਾਲਾ ਛੱਪਦਾ ਆ : ਬੱਲੇ ਬੱਲੇ ਟਾਈਮਜ਼। ਪੋ ਪੋ ਪੋਮੀ ਦੇ ਰਸਾਲੇ ਵਿਚ ਹਰ ਅਵਾਰਾਗਰਦ ਤੇ 35 ਲੱਖ ਖਰਚਣ ਵਾਲੇ ਮੁੰਡੇ ਦੇ ਹੱਥ ਵਿਚ ਬੈਂਜੋ, ਵਾਜਾ ਵਜਾਉਂਦੇ ਦੀ ਫੋਟੋ ਸਣੇ ਆਰਟੀਕਲ ਛਪਾਅ ਲਈਦਾ ਆ। ਅੰਬੈਸੀ ਵਿਚ ਲਾ ਕੇ ਵੀਜ਼ਾ ਲੁਆ ਕੇ ਕਬੂਤਰ ਚੀਨਾ ਅੰਗਲੈਂਡ, ‘ਮਰੀਕਾ ਛੱਡ ਆਈਦਾ। ਏਦਾਂ ਲੱਖਾਂ ਰੁਪਏ ਕਮਾਅ ਲਈਦੇ ਆ। ਇਹ ਆ ਕਬੂਤਰਬਾਜ਼ੀ!

ਸਵਾਲਕਰਤਾ : ਪੋ ਪੋ ਪੋਮੀਪ੍ਰੀਤ ਬਾਰੇ ਹੋਰ ਦੱਸੋ?
ਖਾਜ ਬਦਨਵੀ : ਇਹ ਸਾਡੇ ਯਾਰ ਗਾਣਾ ਲਿਖਣਤਰੀ “ਕਿੰਦਾ ਕੈਲੇਫੋਰਨੀਆਵਾਲਾ” ਦਾ ਕਾਕਾ ਆ। ਗਾਉਂਦਾ ਆ। ਇਹ ਜਦੋਂ ਓਧਰੋਂ ‘ਮਰੀਕਾ ਤੋਂ ਏਧਰ ਸਿੰਗਲ ਟਰੈਕ ਕਰਵਾਉਣ ਆਇਆ ਤਾਂ ਇਹਨੂੰ ਇਹਦੇ ਡੈਡ ਨੇ ਕਿਹਾ ਸੀ ਕਿ ਕਿਸੇ ਸੰਗੀਤਕਾਰ ਨੂੰ ਸੈਵੈਂਟੀ ਥਾਊਜ਼ੈਨਡ ਤੋਂ ਵੱਧ ਮਿਹਨਤਾਨਾ ਨਹੀਂ ਦੇਣਾ। ਇਹ ਪੁੱਤਰ ਸਾਡਾ ਪੋ ਪੋ ਪੋਮੀਪ੍ਰੀਤ ਜਦੋਂ ਇੰਡੀਆ ਨੂੰ ਆਇਆ ਤਾਂ ਇਹਨੂੰ ਇਕ ਸੰਗੀਤਕਾਰ ਟੱਕਰ ਪਿਆ। ਪੋ ਪੋ ਪੋਮੀ ਨੇ ਪੁੱਛਿਆ ਕਿ ਵੀਰੇ ਇਕ ਗਾਣਾ ਕਰਾਉਣਾ ਆ, ਸੰਗੀਤਕ ਤਰਜ਼ ਬਣਾਉਣ ਦਾ ਕੀ ਲਏਗਾ? ਉਹ ਕਹਿੰਦਾ, ਕੰਮ ਤੱਸਲੀ ਵਾਲਾ ਕਰੂੰਗਾ ਪਰ ਮੈਂ ਆਪਣੀ ਮਿਹਨਤ ਪੂਰੀ 50 ਹਜ਼ਾਰ ਰੁਪਏ ਵਸੂਲਾਂਗਾ। ਇਹ ਪੋ ਪੋ ਪੋਮੀਪ੍ਰੀਤ ਅੱਗਿਓਂ ਅੜ੍ਹੀ ਕਰਨ ਲੱਗ ਪਿਆ ਕਿ ਮੈਂ ਤਾਂ ਮਸਾਂ ਸੈਵੈਂਟੀ ਥਾਊਜੈਂਨਡ (70 ਹਜ਼ਾਰ) ਦੇਣੇ ਆ। ਏਦਾਂ ਦਾ ਭੋਲਾ ਆ ਇਹ…।

ਸਵਾਲਕਰਤਾ : ਉਰਦੂ ਸ਼ਾਇਰਾ ਮੋਹਤਰਮਾ ਗ਼ਨੀਮਤ ਗੁਲ਼ ਨੇ ਇਲਜ਼ਾਮ ਲਾਏ ਹਨ ਕਿ ਖਾਜ ਬਦਨਵੀ ਮੇਰੀ ਸ਼ਾਇਰੀ ਦਾ ਚਰਬਾ ਅਨੁਵਾਦ ਕਰ ਕੇ ਆਪਣੇ ਨਾਂ ਥੱਲੇ ਗਾਣਾ ਲਿਖ ਗਿਐ! ਕੀ ਕਹਿਣਾ ਚਾਹੇਗਾ?
ਖਾਜ ਬਦਨਵੀ : ਦੇਖੋ ਜੀ, ਸਿੰਪਲ ਜਿਹੀ ਗੱਲ ਆ ਕਿ ਬੰਦਾ ਏਧਰ ਓਧਰ ਝਾਤੀ ਤਾਂ ਮਾਰਦਾ ਈ ਹੁੰਦਾ ਆ। ਬੀਬਾ ਗ਼ਨੀਮਤ ਗੁਲ਼ ਸੋਹਣਾ ਲਿਖਦੀ ਆ। ਖਾਧੀ ਪੀਤੀ ਵਿਚ ਸ਼ਾਇਰੀ ਦਾ ਚਰਬਾ ਹੋ ਗਿਆ। ਓਹਨੂੰ ਆਖੋ, ਮੇਰੀ ਤੁਕਬਾਜ਼ੀ ਦਾ ਉਰਦੂ ਤਰਜਮਾ ਕਰ ਕੇ ਆਪਣੇ ਨਾਂ ਥੱਲੇ ਛਾਪ ਲਵੇ, ਮੈਨੂੰ ਕੋਈ ਸ਼ਿਕ਼ਵਾ ਨਹੀਂ।

ਸਵਾਲਕਰਤਾ : ਕਦੇ ਚਿੱਤ ਵਿਚ ਨਹੀਂ ਆਇਆ ਕਿ ਪਿੰਗਲ, ਅਰੂਜ਼ ਸਿੱਖ ਕੇ ਕਾਵਿ ਕਲਾ ਦੇ ਸੰਜੀਦਾ ਸਰੋਤਿਆਂ ਦਰਮਿਆਨ ਨਾਮਣਾ ਖੱਟ ਲਵਾਂ?
ਖਾਜ ਬਦਨਵੀ : ਦੇਖੋ ਜੀ, ਸਿੰਪਲ ਜਿਹੀ ਗੱਲ ਹੈ ਕਿ ਉਸਤਾਦ ਹੈਪੀ ਉਦਾਸ ਆਖਦੈ ਕਿ ਜੇ ਅਵੱਲੀਆਂ ਮਾਰਨ ਨਾਲ਼ ਘਰ ਭਰਦਾ ਹੋਵੇ, ਕਮਲੇ ਬੰਦੇ ਤੁਹਾਡੇ ‘ਪੱਖੇ’ ਬਣ ਜਾਣ, ਹੋਰ ਕੀ ਲੈਣਾ? ਪੈਸਾ ਏਨਾ ਮਿਲਦਾ ਆ ਕਿ ਫੂਕਿਆਂ ਨ੍ਹੀ ਮੁੱਕਦਾ..!

ਸਵਾਲਕਰਤਾ : ਪੱਖੇ? ਕੀ ਮਤਲਬ??
ਖਾਜ ਬਦਨਵੀ : ਓਹੀ, ਜਿੰਨੂ ਫੈਨ ਕਹਿੰਦੇ ਨੇ..!

ਸਵਾਲਕਰਤਾ : ਤੁਕਬਾਜ਼ੀ ਛੱਡਣ ਦਾ ਕੀ ਲਵੋਗੇ?
ਖਾਜ ਬਦਨਵੀ : ਸਿੰਪਲ ਜਿਹੀ ਗੱਲ ਆ ਜੀ, ਲੱਖਾਂ ਰੁਪਏ ਕਮਾਅ ਲਏ ਨੇ। ਲੱਖਾਂ ਹੋਰ ਕਮਾਉਣੇ ਨੇ। ਜਦੋਂ ਤੱਕ ਝੱਲੇ ਬੰਦੇ ਸਾਡਾ ਘਰ ਭਰਦੇ ਰਹਿਣਗੇ, ਤੁਕਬਾਜ਼ੀ ਦਾ ਮੈਦਾਨ ਨਹੀਂ ਛੱਡਣਾ (ਐ)।

ਸਵਾਲਕਰਤਾ : ਸਵਾਲ ਮੁੱਕ ਗਏ ਨੇ! ਬੱਸ ਕਰੀਏ ਹੁਣ?

ਖਾਜ ਬਦਨਵੀ : ਹਾਂ ਜੀ, ਛੇਤੀ ਛੇਤੀ … ਇਹ ਸਵਾਲ/ਜਵਾਬਨਾਮਾ…ਵੈੱਬ ਉੱਤੇ ਅਪਲੋਡ ਕਰੇਓ …ਤੇ ਮੈਨੂੰ …ਲਿੰਕ ਜ਼ਰੂਰ ਘੱਲਿਓ…।
(ਖ਼ਤਮ)

ਸੰਪਰਕ : ਸਰੂਪ ਨਗਰ। ਰਾਓਵਾਲੀ। ਜਲੰਧਰ।
9465329617

Previous articleਰਾਹੁਲ ਗਾਂਧੀ ਨੂੰ ਮਿਲੇ ਹਰੀਸ਼ ਰਾਵਤ, ਅਸਤੀਫ਼ੇ ਦੀ ਇੱਛਾ ਜਤਾਈ
Next articleਪੁਲੀਸ ਹਿਰਾਸਤ ਵਿੱਚ ਮੌਤ ਦੇ ਮਾਮਲੇ ’ਚ ਛੇ ਪੁਲੀਸ ਕਰਮੀ ਮੁਅੱਤਲ