ਜੇ ਪੌੜੀਆਂ ਸੁਰਗ ਤਕ ਜਾਂਦੀਆਂ

(ਸਮਾਜ ਵੀਕਲੀ)-ਮੈਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਸੀ।ਮੇਰੇ ਘਰ ਵਿਚ ਚੋਰੀ ਹੋ ਗਈ।ਮਨ ਵਿੱਚ ਖਿਆਲ ਆਇਆ ਇੱਕ ਕੁੱਤਾ ਰੱਖ ਲੈਣਾ ਚਾਹੀਦਾ।ਸਕੂਲ ਜਾ ਕੇ ਬੱਚਿਆਂ ਨੂੰ ਵੈਸੇ ਹੀ ਕਿਹਾ ਕਿ ਮੈਨੂੰ ਇੱਕ ਛੋਟਾ ਜਿਹਾ ਕਤੂਰਾ ਲਿਆ ਦਿਓ।ਬਸ ਦੂਸਰੇ ਹੀ ਦਿਨ ਬੱਚੇ ਇਕ ਛੋਟਾ ਜਿਹਾ ਕਤੂਰਾ ਚੁੱਕ ਲਿਆਏ।ਰੂੰ ਦੀ ਗੇੰਦ ਵਰਗਾ ਚਿੱਟਾ।ਸਕੂਲ ਵਿੱਚ ਹੀ ਇੱਕ ਕੌਲੀ ਵਿੱਚ ਉਸ ਨੂੰ ਦੁੱਧ ਪੀਣ ਨੂੰ ਦਿੱਤਾ।ਥੋੜ੍ਹਾ ਜਿਹਾ ਦੁੱਧ ਪੀ ਲਿਆ ਕਰੇ ਫਿਰ ਬੈਠ ਜਾਵੇ।ਬਹੁਤ ਹੀ ਪਿਆਰਾ ਲੱਗਾ।ਸਭ ਤੋਂ ਖ਼ੂਬਸੂਰਤ ਸੀ ਉਸ ਦੀ ਪੂੰਛ।ਪਤੀ ਨੂੰ ਟੈਲੀਫੋਨ ਕਰ ਦਿੱਤਾ ਕਿ ਅੱਜ ਮੈਨੂੰ ਲੈ ਕੇ ਜਾਓ।ਉਸ ਨਿੱਕੇ ਜਿਹੇ ਜੀਅ ਨੂੰ ਲੈ ਕੇ ਜਿਵੇਂ ਹੀ ਘਰ ਪਹੁੰਚੇ ਪਿਤਾ ਜੀ ਨੇ ਕਿਹਾ ਇੱਕ ਪ੍ਰਾਹੁਣਾ ਆਇਆ ਹੈ।ਥੋੜ੍ਹਾ ਜਿਹਾ ਦੁੱਧ ਮਾਈਕਰੋ ਵੇਵ ਵਿਚ ਕੋਸਾ ਕਰਕੇ ਉਸ ਨੂੰ ਪਾਇਆ।ਨਿੱਕੇ ਜੀਅ ਦੇ ਘਰ ਆਓਣ ਦੀ ਬਹੁਤ ਖ਼ੁਸ਼ੀ ਸੀ ਸਾਰਿਆਂ ਨੂੰ।ਰਾਤ ਨੂੰ ਹਰ ਕੋਈ ਜ਼ਿੱਦ ਕਰਨ ਲੱਗਾ ਕਿ ਮੈਂ ਇਸ ਨੂੰ ਆਪਣੇ ਨਾਲ ਸਵਾਉਣਾ।ਅਗਲੇ ਦਿਨ ਸਵੇਰੇ ਸਕੂਲ ਗਈ ਵਾਰ ਵਾਰ ਓਹੀ ਚਿਹਰਾ ਸਾਹਮਣੇ ਆਉਂਦਾ ਰਿਹਾ। ਘਰ ਆ ਕੇ ਸ਼ੁਰੂ ਹੋ ਗਈ ਬਹਿਸ ਉਸ ਦਾ ਨਾਮ ਰੱਖਣ ਦੀ।ਮੈਂ ਆਪਣੀ ਜ਼ਿੱਦ ਪੁਗਾ ਲਈ ਤੇ ਦਾ ਨਾਮ ਸੀਜ਼ਰ ਰੱਖ ਦਿੱਤਾ।ਦਹਾਕਿਆ ਤੋਂ ਸਾਡੇ ਘਰ ਜਿਹੜਾ ਵੀ ਕੁੱਤਾ ਆਉਂਦਾ ਉਸ ਦਾ ਨਾਮ ਸੀਜ਼ਰ ਰੱਖਦੇ।ਉਸ ਦੀਆਂ ਛੋਟੀਆਂ ਛੋਟੀਆਂ ਸ਼ਰਾਰਤਾਂ ਬਹੁਤ ਪਿਆਰੀਆਂ ਸਨ।ਇਕ ਗੱਲ ਧਿਆਨ ਦੇਣ ਵਾਲੀ ਸੀ ਕਿ ਥੱਕ ਬਹੁਤ ਜਲਦੀ ਜਾਂਦਾ ਸੀ।

ਮੇਰੀ ਮਾਂ ਨੂੰ ਤਾਂ ਜਿਵੇਂ ਆਹਰ ਲੱਭ ਗਿਆ।ਉਸ ਦੀ ਨਸਲ ਦਾ ਕੁੱਝ ਪੱਕਾ ਪਤਾ ਨਹੀਂ ਸੀ ਪਰ ਉਹ ਅਲਸੇਸ਼ਨ ਵਰਗਾ ਲੱਗਦਾ।ਬੜੇ ਤਿੱਖੇ ਨੱਕ ਵਾਲਾ।ਝੱਟ ਸੁਗੰਧ ਤੋਂ ਪਛਾਣ ਲੈਂਦਾ।ਸਰਦੀਆਂ ਦੇ ਦਿਨ ਸਨ।ਕਰੀਬ ਚਾਰ ਵਜੇ ਦੇ ਨੇੜੇ ਤੇੜੇ ਘਰ ਪਹੁੰਚਦੀ ਸੀ।ਜਿਉਂ ਹੀ ਘਰ ਆਉਂਦੀ ਉਹ ਮੇਰੇ ਪਿੱਛੇ ਪਿੱਛੇ ਘੁੰਮਣ ਲੱਗਦਾ।ਮਾਈਕਰੋਵੇਵ ਖੁੱਲ੍ਹਦੇ ਹੀ ਫੱਟ ਰਸੋਈ ਵਿੱਚ ਆ ਖੜ੍ਹਾ ਹੁੰਦਾ ਜਿਵੇਂ ਹਰ ਵਾਰ ਉਸ ਨੂੰ ਦੁੱਧ ਹੀ ਪਿਲਾਇਆ ਜਾਵੇਗਾ।ਮੇਰੇ ਪਤੀ ਦੋ ਮਹੀਨਿਆਂ ਦੀ ਛੁੱਟੀ ਤੇ ਘਰ ਆਏ ਹੋਏ ਸਨ।ਉਹ ਸਾਰਾ ਦਿਨ ਸੀਜ਼ਰ ਨਾਲ ਹੀ ਖੇਡਦੇ ਰਹਿੰਦੇ।ਜਿਵੇਂ ਜਿਵੇਂ ਸੀਜ਼ਰ ਵੱਡਾ ਹੋ ਰਿਹਾ ਸੀ ਬਹੁਤ ਪਿਆਰਾ ਬੱਚਾ ਬਣਦਾ ਜਾ ਰਿਹਾ ਸੀ।ਮੇਰੇ ਪਤੀ ਉਸ ਨੂੰ ਕੋਸੇ ਪਾਣੀ ਨਾਲ ਨਹਾਉਂਦੇ ਤੇ ਫੇਰ ਡ੍ਰਾਇਰ ਨਾਲ ਸੁਕਾ ਦਿੰਦੇ। ਸੀਜ਼ਰ ਪੜ੍ਹਾ ਹੀ ਮਿਲਣਸਾਰ ਸੁਭਾਅ ਦਾ ਸੀ।ਸਭ ਨਾਲ ਬਹੁਤ ਪਿਆਰ ਕਰਦਾ ।ਉਸ ਨੂੰ ਬਸ ਬਿੱਲੀਆਂ ਪਸੰਦ ਨਹੀਂ ਸਨ।ਸਰਦੀਆਂ ਹੋਣ ਕਾਰਨ ਮੈਂ ਉਸ ਨੂੰ ਆਪਣੀ ਇਕ ਜੈਕੇਟ ਦੀ ਟੋਪੀ ਵਿੱਚੋਂ ਕੋਟ ਬਣਾ ਕੇ ਪਾਇਆ।ਬੜਾ ਖ਼ੂਬਸੂਰਤ ਦਿਸਦਾ ਸੀ।ਕੋਟ ਉਸ ਤੇ ਬੜਾ ਫੱਬਦਾ।ਪੂੰਛ ਨੂੰ ਹਮੇਸ਼ਾ ਮਰੋੜਾ ਜਿਹਾ ਦੇ ਕੇ ਰੱਖਦਾ।ਸਾਰਾ ਦਿਨ ਸਭ ਦੇ ਪਿੱਛੇ ਭੱਜਦਾ ਫਿਰਦਾ ਰਹਿੰਦਾ।ਜਿਵੇਂ ਜਿਵੇਂ ਉਹ ਵੱਡਾ ਹੋਣ ਲੱਗਾ ਸਮਝਦਾਰ ਹੁੰਦਾ ਗਿਆ।ਮੇਰੇ ਪਤੀ ਵਾਪਸ ਚਲੇ ਗਏ।

ਇੱਕ ਦਿਨ ਸੀਜ਼ਰ ਨੂੰ ਉਲਟੀਆਂ ਲੱਗ ਗਈਆਂ।ਰਾਤ ਅੱਠ ਵਜੇ ਮੈਂ ਡਾਕਟਰ ਨੂੰ ਬੁਲਾਇਆ।ਡਾਕਟਰ ਨੇ ਕਿਹਾ ਜੇ ਅੱਜ ਦੀ ਰਾਤ ਕੱਢ ਗਿਆ ਤਾਂ ਬਚ ਜਾਏਗਾ।ਡਾਕਟਰ ਨੇ ਉਸ ਨੂੰ ਕੁਝ ਵੀ ਖਾਣ ਪੀਣ ਤੋਂ ਮਨ੍ਹਾ ਕੀਤਾ।ਮੈਨੂੰ ਹਦਾਇਤ ਕੀਤੀ ਕਿ ਉਸ ਨੂੰ ਓਆਰਐੱਸ ਦੀ ਇੱਕ ਬੂੰਦ 45 ਮਿੰਟ ਬਾਅਦ ਦੇਣੀ ਹੈ।ਮੈਂ ਸਾਰੀ ਰਾਤ ਜਾਗਦੀ ਰਹੀ।ਹੈਰਾਨੀ ਦੀ ਗੱਲ ਇਹ ਸੀ ਕਿ ਸੀਜ਼ਰ ਪੂਰੇ ਪੰਤਾਲੀ ਮਿੰਟ ਬਾਅਦ ਆ ਕੇ ਮੇਰੇ ਕੋਲ ਖੜ੍ਹਾ ਹੋ ਜਾਂਦਾ।ਜਿਊਣ ਦੀ ਇੱਛਾ ਉਸ ਦੇ ਅੰਦਰ ਸੀ।ਉਹ ਤੰਦਰੁਸਤ ਹੋ ਗਿਆ।ਘਰ ਵਿੱਚ ਸਿਰਫ਼ ਮੇਰੇ ਤੋਂ ਡਰਦਾ ਸੀ।ਦਿਨ ਵਿੱਚ ਕਈ ਵਾਰ ਬਾਹਰ ਭੱਜ ਜਾਂਦਾ ਸੀ।ਜੇਕਰ ਮੇਰੇ ਸਕੂਲ ਆਉਣ ਤੋਂ ਬਾਅਦ ਉਹ ਮੇਰੇ ਨਾਲ ਨਜ਼ਰ ਨਾ ਮਿਲਾਉਂਦਾ ਤਾਂ ਮੈਂ ਸਮਝ ਜਾਂਦੀ ਕਿ ਅੱਜ ਇਹ ਦਿਨ ਵਿੱਚ ਜ਼ਰੂਰ ਬਾਹਰ ਗਿਆ ਹੈ।ਮੇਰੇ ਪੁੱਛਣ ਤੇ ਕਿ ਅੱਜ ਬਾਹਰ ਭੱਜ ਗਿਆ ਸੀ ਨੀਵੀਂ ਪਾ ਲੈਂਦਾ।ਇੱਕ ਵਾਰ ਗੇਟ ਖੁੱਲ੍ਹਾ ਰਹਿ ਗਿਆ ਤਾਂ ਬਾਹਰ ਭੱਜ ਗਿਆ।ਗੁਆਂਢ ਵਿੱਚ ਕਿਸੇ ਦੀ ਮੌਤ ਹੋ ਜਾਣ ਕਾਰਨ ਦਰੀ ਵਿਛਾ ਕੇ ਕੁਝ ਲੋਕ ਅਫ਼ਸੋਸ ਲਈ ਬੈਠੇ ਸਨ।ਉਨ੍ਹਾਂ ਦੇ ਵਿੱਚ ਜਾ ਕੇ ਲੁਕ ਗਿਆ।ਜਦੋਂ ਮੈਂ ਘਰ ਆ ਕੇ ਦੱਸਿਆ ਤਾਂ ਮੰਮੀ ਕਹਿੰਦੇ ਇਹਨੂੰ ਪਤਾ ਹੈ ਕਿ ਇਹਦੀ ਮਾਂ ਅਫਸੋਸ ਕਰਨ ਨਹੀਂ ਜਾ ਸਕਦੀ ਇਸ ਲਈ ਆਪ ਚਲਾ ਗਿਆ।ਰੋਟੀ ਹਮੇਸ਼ਾ ਬੁਰਕੀਆਂ ਨਾਲ ਖਾਂਦਾ ਸੀ।ਮੰਮੀ ਉਸਨੂੰ ਬੁਰਕੀ ਤੋੜ ਕੇ ਰਾਇਤਾ ਲਾ ਕੇ ਖਵਾਉਂਦੇ।ਜੇਕਰ ਬੂੰਦੀ ਦਾ ਇੱਕ ਦਾਣਾ ਵੀ ਹੇਠਾਂ ਡਿੱਗ ਜਾਂਦਾ ਤਾਂ ਭੱਜ ਕੇ ਜਾ ਕੇ ਉਸ ਨੂੰ ਚੁੱਕ ਲੈਂਦਾ।ਜਲੇਬੀਆਂ ਉਸ ਦਾ ਮਨਪਸੰਦ ਖਾਣਾ ਸੀ।ਜੇਕਰ ਜਲੇਬੀਆਂ ਆਈਆਂ ਹੁੰਦੀਆਂ ਤਾਂ ਰੋਟੀ ਨੂੰ ਮੂੰਹ ਨਾ ਲਾਉਂਦਾ।ਰੋਟੀ ਮੰਗਣ ਦਾ ਤਰੀਕਾ ਵੀ ਬਹੁਤ ਵਧੀਆ ਸੀ।ਆਟੇ ਵਾਲੇ ਡੱਬੇ ਕੋਲ ਖਡ਼੍ਹੇ ਹੋ ਕੇ ਉਹ ਰੌਲਾ ਪਾਉਂਦਾ।ਮਟਰਾਂ ਦਾ ਬਹੁਤ ਸ਼ੌਕੀਨ ਸੀ।

ਸਾਡੇ ਘਰ ਕੰਮ ਕਰਨ ਵਾਲੀ ਕਾਲੇ ਨੂੰ ਉਹ ਗੁੱਸਾ ਕਰਦਾ ਜੇ ਉਹ ਲੇਟ ਆਉਂਦਾ।ਕਾਲਾ ਵੀ ਉਸ ਨਾਲ ਬਹੁਤ ਪਿਆਰ ਕਰਦਾ ਸੀ।ਸੀਜ਼ਰ ਦੇ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਨਹੀਂ ਵੱਢਿਆ।ਬਹੁਤ ਭੋਲਾ ਤੇ ਰਹਿਮ ਦਿਲ ਜਾਨਵਰ ਸੀ।ਮੈਨੂੰ ਯਾਦ ਹੈ ਇੱਕ ਵਾਰ ਚਿੜੀ ਦੇ ਪਿੱਛੇ ਭੱਜਿਆ ਉੱਥੇ ਜਦੋਂ ਫੜਨ ਲੱਗਾ ਚਿੜੀ ਮਰ ਗਈ।ਚਿੜੀ ਮਰੀ ਪਈ ਸੀ ਤੇ ਉਸ ਦੇ ਕੋਲ ਬੈਠਾ ਰੋ ਰਿਹਾ ਸੀ।ਸੀਜ਼ਰ ਕੋਈ ਨੇਕ ਦਿਲ ਰੂਹ ਸੀ ਉਸ ਨੇ ਬਹੁਤ ਕਸ਼ਟ ਕੱਟੇ।ਦਸ ਸਾਲ ਦੀ ਉਸ ਦੀ ਉਮਰ ਵਿੱਚ ਬਿਮਾਰੀ ਨੇ ਉਸ ਦਾ ਪਿੱਛਾ ਨਹੀਂ ਛੱਡਿਆ।ਕੋਈ ਨਾ ਕੋਈ ਬਿਮਾਰੀ ਲੱਗੀ ਹੀ ਰਹਿੰਦੀ ਸੀ।ਕਦੇ ਈਅਰ ਹੈਮਾਰਟੋਮਾ ਤੇ ਕਦੇ ਕੋਈ ਹੋਰ ਰੋਗ।ਚਮੜੀ ਹਲਕੀ ਗੁਲਾਬੀ ਹੋਣ ਕਾਰਨ ਚਮੜੀ ਦੇ ਰੋਗਾਂ ਤੋਂ ਵੀ ਉਹ ਬਹੁਤ ਪ੍ਰੇਸ਼ਾਨ ਰਿਹਾ।ਜਦੋਂ ਡਾ ਉਸਦੇ ਇੰਜੈਕਸ਼ਨ ਲਾਉਣ ਲਈ ਆਉਂਦਾ ਮੈਂ ਸਿਰਫ਼ ਇੰਨਾ ਕਹਿਣਾ ਪੈਂਦਾ ਸੀ ਕਿ ਸੀਜ਼ਰ ਬੱਚੇ ਡਾ ਇੰਜੈਕਸ਼ਨ ਲਾਉਣਗੇ ਯਕੀਨ ਜਾਣੋ ਉਹ ਪੈ ਜਾਂਦਾ ਤੇ ਇੱਕ ਲੱਤ ਅੱਗੇ ਕਰ ਦਿੰਦਾ।ਕਦੇ ਵੀ ਇੰਜੈਕਸ਼ਨ ਲਾਉਣ ਲਈ ਉਸਨੂੰ ਬੰਨਣਾ ਨਹੀਂ ਪਿਆ।ਕਈ ਵਾਰ ਮੈਂ ਉਸ ਨੂੰ ਕਹਿੰਦੀ ਦੀਦੀ ਨੂੰ ਦਿਖਾਓ ਸੱਟ ਕਿੱਥੇ ਲੱਗੀ ਹੈ।ਝੱਟ ਲੰਮਾ ਪੈ ਕੇ ਸੱਟ ਵਾਲਾ ਅੰਗ ਸਾਹਮਣੇ ਕਰ ਦਿੰਦਾ।ਬਸ ਜਦੋਂ ਮੈਂ ਕਿਤੇ ਬਾਹਰ ਗਈ ਹੁੰਦੀ ਫਿਰ ਕਿਸ ਦੇ ਕਾਬੂ ਨਾ ਆਉਂਦਾ।ਸਾਰੀ ਰਾਤ ਬਾਹਰ ਘੁੰਮਦਾ ਰਹਿੰਦਾ ਜਿਵੇਂ ਮੇਰਾ ਇੰਤਜ਼ਾਰ ਕਰ ਰਿਹਾ ਹੋਵੇ।ਮੈਂ ਆਪਣੀ ਜ਼ਿੰਦਗੀ ਵਿੱਚ ਏਨਾ ਆਪਣਾਪਨ ਸ਼ਾਇਦ ਹੀ ਕਿਸੇ ਨਾਲ ਮਹਿਸੂਸ ਕੀਤਾ ਹੋਵੇ ਜਿੰਨਾ ਸੀਜ਼ਰ ਨਾਲ ਸੀ।ਸਮਾਂ ਆਪਣੀ ਚਾਲੇ ਤੁਰਦਾ ਰਹਿੰਦਾ ਹੈ ਪਤਾ ਹੀ ਨਹੀਂ ਲੱਗਾ ਕਦੋਂ ਦਸ ਸਾਲ ਨਿਕਲ ਗਏ।ਸੀਜ਼ਰ ਦੀ ਇੱਕ ਆਦਤ ਸੀ ਕਿ ਉਹ ਸਾਰਾ ਦਿਨ ਮੇਰੇ ਬੈੱਡ ਦੇ ਪਿਛਲੇ ਪਾਸੇ ਛੁਪ ਕੇ ਸੁੱਤਾ ਰਹਿੰਦਾ।ਉਸ ਦੇ ਅਖੀਰਲੇ ਦਿਨਾਂ ਵਿੱਚ ਮੈਂ ਦੇਖਿਆ ਕਿ ਉਹ ਪਿੱਛੇ ਹੀ ਲੁਕਿਆ ਰਹਿੰਦਾ।ਬਹੁਤ ਘੱਟ ਮੇਰੇ ਸਾਹਮਣੇ ਆਉਂਦਾ।ਇੱਕ ਦਿਨ ਧਿਆਨ ਨਾਲ ਦੇਖਿਆ ਤਾਂ ਮੈਨੂੰ ਲੱਗਾ ਜਿਵੇਂ ਉਸ ਦੀ ਚਮੜੀ ਤੇ ਸੋਜ਼ਿਸ਼ ਹੈ।ਡਾਕਟਰ ਨੇ ਇਕ ਇੰਜੈਕਸ਼ਨ ਲਾਇਆ ਆਇਵਰਮੈਕਟਿਨ ਦਾ ਤੇ ਕਿਹਾ ਕਿ ਅਗਲੇ ਹਫ਼ਤੇ ੲਿਕ ਹੋਰ ਲੱਗੇਗਾ।ਮੈਨੂੰ ਉਮੀਦ ਸੀ ਸੀਜ਼ਰ ਠੀਕ ਹੋ ਜਾਵੇਗਾ।

ਦੂਜਾ ਇੰਜੈਕਸ਼ਨ ਲੱਗਣ ਤੋਂ ਬਾਅਦ ਉਸਦੀ ਹਾਲਤ ਕਾਫੀ ਵਿਗੜ ਗਈ।ਉਸ ਨੂੰ ਖੂਨ ਦੀਆਂ ਉਲਟੀਆਂ ਹੋਣ ਲੱਗੀਆਂ।ਮੈਂ ਡਾਕਟਰ ਨੂੰ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਿ ਹੁਣ ਇਸ ਦਾ ਆਖਰੀ ਸਮਾਂ ਆ ਗਿਆ ਹੈ।ਅਖੀਰਲੇ ਦਿਨ ਉਹ ਹਰ ਉਸ ਥਾਂ ਤੇ ਬੈਠਾ ਜਿੱਥੇ ਉਹ ਬੈਠਿਆ ਕਰਦਾ ਸੀ।ਝੂਲਾ ਉਸ ਦਾ ਮਨਪਸੰਦ ਸੀ।ਉਸ ਦਿਨ ਕੁਝ ਦੇਰ ਝੂਲੇ ਤੇ ਬੈਠਾ,ਨਿੰਬੂ ਦੇ ਥੱਲੇ ਅਤੇ ਅਖ਼ੀਰ ਵਿੱਚ ਜਾ ਕੇ ਅੰਬ ਦੇ ਥੱਲੇ ਬੈਠ ਗਿਆ।ਮੰਮੀ ਉਸ ਨੂੰ ਦੇਖਣ ਗਏ ਮੈਂ ਤਾਂ ਉਹ ਔਖੇ ਔਖੇ ਸਾਹ ਲੈ ਰਿਹਾ ਸੀ।ਮੰਮੀ ਨੇ ਮੈਨੂੰ ਆਵਾਜ਼ ਮਾਰੀ ਜਦ ਤਕ ਮੈਂ ਬਾਹਰ ਆਈ ਉਹ ਪ੍ਰਾਣ ਤਿਆਗ ਚੁੱਕਾ ਸੀ।ਮੇਰਾ ਦਸਾਂ ਸਾਲਾਂ ਦਾ ਸਾਥੀ ਦੁਨੀਆਂ ਚੋਂ ਜਾ ਚੁੱਕਾ ਸੀ।
ਉਸ ਦੀ ਇੱਕ ਵਿਸ਼ੇਸ਼ ਗੱਲ ਇਹ ਸੀ ਜਿਸ ਪਾਸੇ ਸੌਂ ਜਾਂਦਾ ਸੀ ਸਾਰੀ ਰਾਤ ਉਸੇ ਤਰ੍ਹਾਂ ਸੁੱਤਾ ਰਹਿੰਦਾ ਸੀ।ਮੈਨੂੰ ਕਿਤੇ ਪੜ੍ਹਿਆ ਯਾਦ ਆਉਂਦਾ ਕਿ ਮਹਾਤਮਾ ਬੁੱਧ ਨੇ ਕਿਹਾ ਸੀ ਜੋ ਸਹਿਜ ਅਵਸਥਾ ਵਿੱਚ ਹੈ ਉਹ ਪਾਸੇ ਨਹੀਂ ਪਰਤਦਾ।ਮੈਂ ਪੁਨਰ ਜਨਮ ਨੂੰ ਨਹੀਂ ਮੰਨਦੀ ਪਰ ਜੇ ਮਨ ਦੀ ਤਾਂ ਹਮੇਸ਼ਾ ਹੀ ਸੋਚਦੀ ਕਿ ਸੀਜ਼ਰ ਕੋਈ ਨੇਕ ਆਤਮਾ ਸੀ ਉਸ ਦੀ ਕਿਸੇ ਇੱਕ ਭੁੱਲ ਕਾਰਨ ਉਸ ਨੂੰ ਇਹ ਜਨਮ ਮਿਲਿਆ ਸੀ ।ਮੈਂ ਉਸ ਨੂੰ ਆਪਣੀ ਜ਼ਿੰਦਗੀ ਚੋਂ ਕਦੇ ਮਨਫ਼ੀ ਨਹੀਂ ਕਰ ਸਕੀ।ਅੱਜ ਵੀ ਹਰ ਰੋਜ਼ ਉਸ ਨੂੰ ਯਾਦ ਕਰਦੀ ਹਾਂ।ਉਸ ਨਾਲ ਜੁੜੀਆਂ ਹੋਈਆਂ ਹਜ਼ਾਰਾਂ ਯਾਦਾਂ ਹਨ ਜਿਨ੍ਹਾਂ ਨੂੰ ਇੱਕ ਨਾਵਲ ਦੇ ਰੂਪ ਵਿਚ ਕਦੀ ਲਿਖਣ ਦਾ ਸੋਚਦੀ ਹਾਂ।
ਜੇ ਪੌੜੀਆਂ ਸੁਰਗ ਤਕ ਜਾਂਦੀਆਂ
ਤਾਂ ਮੈਂ ਤੈਨੂੰ ਲੈ ਆਉਂਦੀ
ਵਾਪਸ ਮੇਰੇ ਦੋਸਤ

ਹਰਪ੍ਰੀਤ ਕੌਰ ਪਟਿਆਲਵੀ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਡੀ ਗਿਣਤੀ ਵਿਚ ਪਰਿਵਾਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ
Next articleਨੀਰੂ ਜੱਸਲ ਦੇ ਧਾਰਮਿਕ ਟਰੈਕ “ਗੁਰੂ ਮੇਰਾ” ਦਾ ਵੀਡੀਓ ਸ਼ੂਟ ਹੋਇਆ ਮੁਕੰਮਲ