***ਗ਼ਜ਼ਲ/ਮਲਕੀਤ ਮੀਤ****

(ਸਮਾਜ ਵੀਕਲੀ)

ਬਾਪ ਮੇਰਾ ਮੇਰੀ ਖਾਤਿਰ ਖ਼ੌਰੇ ਕੀ-ਕੀ ਕਰਦਾ ਰਿਹਾ
ਕਿਹੜੇ-ਕਿਹੜੇ ਪਾਪੜ ਵੇਲ ਕੇ ਬੱਚਿਆਂ ਦਾ ਢਿੱਡ ਭਰਦਾ ਰਿਹਾ

ਜਨਮ ਦਿੱਤਾ ਤੇ ਦਿੱਤੀ ਜ਼ਿੰਦਗੀ ਫੁੱਲਾਂ ਵਰਗੀ ਹੋ ਜਾਵੇ
ਮੇਰੀ ਜ਼ਿੰਦਗੀ ਗੁਜ਼ਰੇ ਚੰਗੀ ਇਸ ਲਈ ਹਰਦਮ ਮਰਦਾ ਰਿਹਾ

ਇਹ ਜੀਵਨ ਤਾਂ ਡੂੰਘਾਂ ਸਾਗਰ ਖ਼ਵਰੇ ਕਿੱਥੇ ਕੀ ਹੋਵੇ
ਭਵ ਸਾਗਰ ਤੋਂ ਤਰ ਜਾਣ ਬੱਚੇ ਤਾਹੀਓਂ ਡੁੱਬਦਾ ਤਰਦਾ ਰਿਹਾ

ਇਹ ਦੁਨੀਆਂ ਤਾਂ ਧੁੱਪ ਵਰਗੀ ਏ ਕਿੱਧਰੇ ਵੀ ਨਾ ਛਾਂ ਮਿਲਦੀ
ਧੁੱਪਾਂ ਦੇ ਵਿੱਚ ਕਰ-ਕਰ ਛਾਵਾਂ ਆਪ ਸਦਾ ਹੀ ਸੜਦਾ ਰਿਹਾ

ਬੱਚੇ ਨਾਲੋਂ ਵੱਧ ਪਿਆਰੀ ਕੋਈ ਸ਼ੈ ਨਾ ਮਾਪਿਆਂ ਲਈ
ਬੱਚਿਆਂ ਦੀ ਜਿੱਤ ਦੀ ਖਾਤਿਰ ਆਪ ਸਦਾ ਹੀ ਹਰਦਾ ਰਿਹਾ

ਬੱਚਿਆਂ ਦੀਆਂ ਰੀਝਾਂ ਖਾਤਿਰ ਜ਼ਿੰਦਗੀ ਲੇਖੇ ਲਾ ਦਿੱਤੀ
ਆਪਣੇ ਦਿਲ-ਦਰਿਆ ਤੇ ਖੌਰੇ  ਕਿੰਨੇ ਪੱਥਰ ਧਰਦਾ ਰਿਹਾ

ਦੁੱਖਾਂ ਦੇ ਜਦ ਵਾਵਰੋਲੇ ਮੇਰੇ ਕੋਲ ਮਡਰਾਉਂਦੇ ਸੀ
ਮੀਂਹ ਬਣ ਕੇ ਫ਼ਿਰ ਮਿਹਰਾਂ ਦਾ “ਮੀਤ” ਦੇ ਸਿਰ ਤੇ ਵਰ੍ਹਦਾ ਰਿਹਾ

ਮਲਕੀਤ ਮੀਤ

– ਮਲਕੀਤ ਮੀਤ