ਭਰੂਣ ਹੱਤਿਆਂ

ਪਰਮਜੀਤ ਕੌਰ

(ਸਮਾਜ ਵੀਕਲੀ)

ਰਮਨ ਦੇ ਪਹਿਲਾਂ ਇਕ ਧੀ ਸੀ ਤੇ ਹੁਣ ਜਦੋਂ ਉਹ ਦੁਬਾਰਾ ਮਾਂ ਬਨਣ ਜਾ ਰਹੀ ਸੀ ਤੇ ਉਸਦੇ ਗਰਭ ਵਿੱਚ ਹੁਣ ਵੀ ਇੱਕ ਧੀ ਪਲ ਰਹੀ ਸੀ । ਅੱਜ ਉਸਦਾ ਪਤੀ ਤੇ ਉਸਦੀ ਸੱਸ ਉਸਨੂੰ ਮਜਬੂਰ ਕਰਕੇ ਹਸਪਤਾਲ ਲਿਜਾ ਰਹੇ ਸੀ ਤਾਂ ਜੋ ਇਸ ਧੀ ਨੂੰ ਗਰਭ ਵਿੱਚ ਹੀ ਮਾਰ ਦਿੱਤਾ ਜਾਵੇ ।

ਪਰ ਰਮਨ ਰੋਂਦੀ ਹੋਈ ਕਹਿੰਦੀ ,” ਕਿਉੰ ਪਾਪ ਦੇ ਭਾਗੀ ਬਣਦੇ ਹੋ ? ਕੀ ਹੋਇਆਂ ਧੀ ਹੈ ? ਇਹ ਆਪਣੇ ਨਾਲ ਬਰਕਤਾਂ ਲੈ ਕੇ ਆਂਉਦੀਆਂ… ਮੈ ਵੀ ਤਾਂ ਔਰਤ ਹਾਂ… ਹਰ ਮਹੀਨੇ ਹਜ਼ਾਰਾ ਕਮਾਉਣੀ.. ਨਾਲੇ ਅਸੀਂ ਪੜ੍ਹੇ ਲਿਖੇ ਹਾਂ ਅਸੀਂ ਤਾਂ ਸਮਾਜ ਬਦਲਣਾ… ਤੁਹਾਨੂੰ ਪਤਾ ਅਖ਼ਬਾਰ ਵਿਚ ਕਿੰਨੀ ਵਾਰ ਮੈਂ ਭਰੂਣ ਹੱਤਿਆ ਤੇ ਲਿਖਿਆ ਤੇ ਕਿੰਨੀ ਵਾਰ ਮੈਂ ਸਟੇਜਾਂ ਤੇ ਇਸ ਵਿਰੋਧੀ ਭਾਸ਼ਣ ਬੋਲੇ …ਫਿਰ ਦੱਸੋ ? ਮੈਂ ਕਿਵੇਂ ਆਪਣੇ ਜਮੀਰ ਨੂੰ ਮਾਰ ਲਵਾ.. ਕੀ ਕਮੀ ਹੈ ਸਾਡੇ ਘਰ ਵਿੱਚ ?

ਕੀ ਅਸੀਂ ਇੱਕ ਹੋਰ ਧੀ ਨੂੰ ਨੀ ਪਾਲ ਸਕਦੇ.? ਨਹੀਂ! ਮੈਂ ਅਜਿਹਾ ਨਹੀਂ ਕਰਾਂਗੀ..। ਪਰ ਉਸਦੀ ਸੱਸ ਤੇ ਉਸਦੇ ਪਤੀ ਨੇ ਉਸਦੀ ਇੱਕ ਨਾ ਸੁਣੀ ਤੇ ਮਜਬੂਰ ਕਰਕੇ ਹਸਪਤਾਲ ਲੇ ਗਏ । ਵਾਰੀ ਦੇ ਇੰਤਜ਼ਾਰ ਵਿੱਚ ਰਮਨ ਡਾਕਟਰ ਕੋਲ ਬੈਠੀ ਸੀ ਤੇ ਸੋਚਣ ਲੱਗੀ ,” ਭਰੂਣ ਹੱਤਿਆ ਲਈ ਵੀ ਵਾਰੀ ਦੀ ਉਡੀਕ ! ਇਸ ਤਰ੍ਹਾਂ ਤਾਂ ਰੋਜ ਕਿੰਨੀਆ ਧੀਆਂ ਜਨਮ ਤੋ ਪਹਿਲਾ ਹੀ ਮਾਰ ਦਿੱਤੀਆਂ ਜਾਂਦੀਆਂ…ਕਿੰਨੀਆ ਦੇ ਖੰਭ ਉਡਾਣ ਤੋ ਪਹਿਲਾ ਹੀ ਤੋੜ ਦਿੱਤੇ ਜਾਂਦੇ..ਕਿਵੇਂ ਫੁੱਲਾ ਦਾ ਬਗੀਚਾ ਬਣ ਜਾਉ ਸਾਡਾ ਸਮਾਜ !!

ਇੱਥੇ ਤਾਂ ਕਲੀਆਂ ਹੀ ਮਰੋੜ ਦਿੱਤੀਆਂ ਜਾਂਦੀਆਂ ” ਰਮਨ ਕਿੰਨੇ ਹੀ ਸਵਾਲਾਂ ਵਿੱਚ ਉਲਝੀ ਹੋਈ ਸੀ ਕਿ ਇੱਕ ਹੋਰ ਲੜਕੀ ਡਾਕਟਰ ਦੇ ਕੈਬਿਨ ਵਿਚ ਦਾਖਿਲ ਹੋਈ ਜਿਹੜੀ ਬਹੁਤ ਘਬਰਾਈ ਹੋਈ ਸੀ ਰਮਨ ਨੂੰ ਲੱਗਿਆ ਕਿ ਇਹ ਵਿਚਾਰੀ ਵੀ ਉਸਦੀ ਤਰ੍ਹਾਂ ਮਜਬੂਰ ਹੋਣੀ । ਪਰ ਜਦੋਂ ਡਾਕਟਰ ਨੇ ਉਸ ਨੂੰ ਕਿਹਾ ਕਿ ਆਪਣੇ ਪਤੀ ਨੂੰ ਵੀ ਨਾਲ ਲਿਆਵੇ ਤਾਂ ਉਹ ਫੁੱਟ ਫੁੱਟ ਕੇ ਰੋਂਦੀ ਹੋਈ ਕਹਿਣ ਲੱਗੀ ,” ਡਾਕਟਰ ਸਾਹਿਬ !!

ਮੈਂ ਆਪਣੇ ਪਤੀ ਜਾ ਕਿਸੇ ਵੀ ਪਰਿਵਾਰਿਕ ਮੈਂਬਰ ਨੂੰ ਨਾਲ ਨੀ ਲਿਆ ਸਕਦੀ ਕਿਉੰਕਿ ਮੈਂ ਇੱਕ ਅਣਵਿਆਹੀ ਮਾਂ ਹਾਂ ਤੇ ਬੱਚੇ ਦਾ ਪਿਤਾ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਛੱਡ ਗਿਆ.. ਮੇਰੀ ਜਿੰਦਗੀ ਖਰਾਬ ਹੋ ਜਾਣੀ .. ਮੈ ਬੱਚੇ ਨੂੰ ਜਨਮ ਨੀ ਦੇ ਸਕਦੀ…ਇੱਕੋ ਸਾਹ ਕਿੰਨਾ ਕੁਝ ਕਹਿ ਗਈ ਤੇ ਰਮਨ ਇਹ ਦੇਖ ਕੇ ਹੱਕੀ ਬੱਕੀ ਰਹਿ ਗਈ ਤੇ ਆਪ ਮੁਹਾਰੇ ਸੋਚਣ ਲੱਗੀ,” ਇਹ ਕੀ? ਇਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸਦੇ ਪੇਟ ਚ ਧੀਂ ਹੈ ਜਾ ਪੁੱਤ…ਅਸੀਂ ਤਾਂ ਰੋਜ ਇਸ ਬੁਰਾਈ ਨੂੰ ਹੀ ਪਿੱਟੀ ਜਾਨੇ ਕਿ ਧੀਆਂ ਦੀ ਹੀ ਭਰੂਣ ਹੱਤਿਆ ਹੁੰਦੀ…. ਨਹੀਂ !

ਇਹ ਸੱਚ ਨਹੀਂ …ਕਿੰਨਾ ਗੰਦਲਾ ਹੋ ਗਿਆ ਹੈ ਸਾਡਾ ਸਮਾਜ !! ਆਪਣੀ ਹਵਸ ਤੋ ਬਾਅਦ ਭਰੂਣ ਦੀ ਹੱਤਿਆ ਕਰ ਦਿੰਦਾ.. ਆਹ ! ਜਿਹੜੇ ਨਿੱਤ ਕੂੜੇ ਦੇ ਢੇਰਾਂ ਚੋਂ ਤੇ ਕੁੱਤਿਆ ਦੇ ਮੂੰਹ ਚੋ ਅਣਜੰਮੇ ਭਰੂਣ ਮਿਲਦੇ ਓਹ ਸਿਰਫ ਧੀਆਂ ਦੇ ਹੀ ਨੀ ਹੁੰਦੇ..ਕੁਝ ਸਮਾਜ ਦੇ ਘਟੀਆ ਲੋਕ ਵੀ ਅਣਚਾਹੇ ਭਰੂਣ ਦੀ ਹੱਤਿਆ ਕਰਦੇ … ਇਹ ਲੜਕੀ ਭਰੂਣ ਹੱਤਿਆਂ ਕਰਵਾਉਣਾ ਚਾਹੁੰਦੀ ਕਿਉੰਕਿ ਇਸ ਨੂੰ ਸਮਾਜ ਦਾ ਡਰ ਹੈ ਤੇ ਇਸਦਾ ਪਤੀ ਨਹੀਂ ।

ਪਰ ਮੈਨੂੰ ਕਿਸਦਾ ਡਰ ਹੈ ?? ਮੈਂ ਤਾਂ ਅਣਵਿਆਹੀ ਮਾ ਨਹੀਂ….ਮੈਨੂੰ ਤਾਂ ਸਮਾਜ ਦਾ ਡਰ ਨਹੀਂ.. ਫਿਰ ਮੈਂ ਕਿਉਂ ??? ਏਨਾ ਸੋਚਦੇ ਹੋਏ ਰਮਨ ਇਕ ਦਮ ਖੜੀ ਹੋਈ ਤੇ ਉਸ ਵਿੱਚ ਹਿੰਮਤ ਭਰ ਗਈ ਤੇ ਡਾਕਟਰ ਦੇ ਕੈਬਿਨ ਚੋ ਬਾਹਰ ਆ ਗਈ ਤੇ ਆਪਣੇ ਪਤੀ ਤੇ ਸੱਸ ਨੂੰ ਕੋਰਾ ਜਵਾਬ ਦਿੰਦਿਆ ਕਿਹਾ, ” ਪੇਟ ਵਿੱਚ ਪਲ ਰਿਹਾ ਭਰੂਣ ਧੀ ਹੈ ਤਾਂ ਕੀ ਹੋਇਆ ??

… ਮੈ ਅਪਣੇ ਪੈਰਾਂ ਤੇ ਖੜੀ ਹਾਂ.. ਧੀਂ ਤੁਹਾਨੂੰ ਭਾਰ ਲੱਗਦੀ ਹੋਵੇਗੀ ਮੈਨੂੰ ਨਹੀਂ.. ਮੈ ਇਸਨੂੰ ਜਨਮ ਦੇਵਾਗੀ.. ਮੈ ‘ ਭਰੂਣ ਹੱਤਿਆਂ ‘ ਨਹੀਂ ਕਰਵਾਉਣੀ .. ਅੱਗੇ ਤੋ ਸਾਵਧਾਨ ! ਭਰੂਣ ਹੱਤਿਆਂ ਦਾ ਨਾਮ ਵੀ ਨੀ ਲੈਣਾ ਮੇਰੇ ਕੋਲ..” ਇਹਨਾਂ ਕਹਿ ਕੇ ਰਮਨ ਕਾਹਲੀ ਨਾਲ ਹਸਪਤਾਲ ਵਿੱਚੋਂ ਬਾਹਰ ਆ ਗਈ .. ਰਮਨ ਦਾ ਪਤੀ ਤੇ ਸੱਸ ਉਸਦਾ ਇਹ ਚੰਡੀ ਦਾ ਰੂਪ ਦੇਖ ਕੇ ਡਰ ਗਏ ਤੇ ਉਹਨਾਂ ਮੁੜਕੇ ਕਦੇ ਘਰ ਵਿੱਚ ‘ ਭਰੂਣ ਹੱਤਿਆਂ ‘ ਦੀ ਗੱਲ ਨੀ ਕੀਤੀ …

ਪਰਮਜੀਤ ਕੌਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ
Next articleਫੇਸਬੁੱਕ-ਦੋਸਤ