ਰੱਸੀਆਂ ਤੋਂ ਕਪੜੇ ਉਡਾਉਣ ਵਾਲੇ ਪਰੇਤ ਦਾ ਸਫਾਇਆ ਕੀਤਾ

ਪਰਮ ਵੇਦ ਸੰਗਰੂਰ

(ਸਮਾਜ ਵੀਕਲੀ)

ਕਈ ਸਾਲ ਪਹਿਲਾਂ ਦੀ ਗਲ । ਮੇਰੇ ਸਕੂਲ ਦੇ ਨਾਲ ਲਗਦੇ ਦਫ਼ਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ (ਹੁਣ ਮਰਹੂਮ)ਦਾ ਸੁਨੇਹਾ ਮਿਲਿਆ ਕਿ ਮੈਂ ਉਨਾਂ ਨੂੰ ਆ ਕੇ ਮਿਲਾਂ। ਉਨ੍ਹਾਂ ਦਾ ਸੁਨੇਹਾ ਮਿਲਦਿਆਂ ਹੀ ਮੈਂ ਉਨ੍ਹਾਂ ਕੋਲ ਪਹੁੰਚਿਆ । ਉਨ੍ਹਾਂ ਨੇ ਆਪਣੇ ਕੋਲ ਬੈਠੇ ਵਿਅਕਤੀ ਬਾਰੇ ਦੱਸਿਆ ਇਹ ਖਨੌਰੀ ਦੇ ਕੋਲੋਂ ਆਇਆ ਹੈ ਤੇ ਤਰਕਸ਼ੀਲਾਂ ਨੂੰ ਮਿਲਣਾ ਚਾਹੁੰਦਾ ਹੈ।ਇਨ੍ਹਾਂ ਦੇ ਘਰ ਕੁੱਝ ਰਹੱਸਮਈ ਘਟਨਾਵਾਂ ਵਾਪਰ ਰਹੀਆਂ ਹਨ।ਮੈਂ ਉਸ ਵਿਅਕਤੀ ਤੋਂ ਉਸਦੇ ਘਰ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਸ ਨੇ ਕਿਹਾ ਕਈ ਦਿਨਾਂ ਤੋਂ ਸਾਡੇ ਘਰ ਭੂਤ ਪ੍ਰੇਤ ਖੇਡਾਂ ਕਰ ਰਹੇ ਨੇ ,ਉਹ ਸਾਡੇ ਜੀਆਂ ਦੀ ਢੂੰਈ ਉੱਤੇ ਡੰਡੇ ਮਾਰਦੇ ਨੇ ਤੇ ਰੱਸੀ ਤੇ ਟੰਗੇ ਕੱਪੜੇ ਸਾਡੀਆਂ ਅੱਖਾਂ ਸਾਹਮਣੇ ਆਪਣੇ ਆਪ ਉਡਣ ਲਗ ਜਾਂਦੇ ਹਨ ।

ਸਾਡੀਆਂ ਅੱਖਾਂ ਦੇ ਸਾਹਮਣੇ ਹੀ ਰਸੋਈ ਦੇ ਭਾਂਡੇ ਆਪਣੇ ਆਪ ਸੈਲਫਾਂ ਤੋਂ ਹੇਠਾਂ ਆ ਜਾਦੇ ਹਨ ।ਕਈ ਗਹਿਣੇ ਵੀ ਗੁੰਮ ਹੋ ਚੁੱਕੇ ਹਨ।ਬਹੁਤ ਸਾਰੇ ਸਿਆਣਿਆਂ ਨੂੰ ਬੁਲਾ ਚੁੱਕੇ ਹਾਂ ,ਕੋਈ ਕਹਿੰਦਾ ,” ਵਡੇਰਾ ਕੁਲਟਿਆ ਹੋਇਆ ਹੈ ,” ਕੋਈ ਕਹਿੰਦਾ “ਘਰੇ ਪਰੇਤ ਆ ਵੜਿਆ ਹੈ।’ਉਨ੍ਹਾਂ ਨੂੰ ਕੱਢਣ ਲਈ ਵਧੇਰੇ ਯਤਨ ਕੀਤੇ,ਪਰ ਪਰੇਤ ਦੀ ਕਰਵਾਈ ਰੁਕ ਨਹੀਂ ਰਹੀ।

ਸਾਨੂੰ ਇਕ ਇਕ ਦਿਨ ਲੰਘਾਉਣਾ ਪਹਾੜ ਲੱਗ ਰਿਹਾ ਹੈ ।ਮੈਂ ਅਜ ਰਾਜਸਥਾਨ ਕਿਸੇ ਸਿਆਣੇ ਨੂੰ ਲੈਣ ਜਾ ਰਿਹਾ ਸੀ, ਰਸਤੇ ਵਿਚ ਪੈਟਰੋਲ ਮੁਕ ਗਿਆ। ਉਸ ਸਮੇਂ ਮੈਨੂੰ ਮੇਰਾ ਇਕ ਰਿਸ਼ਤੇਦਾਰ ਮਿਲਿਆ ਉਸ ਨੇ ਮੇਰੀ ਘਬਰਾਹਟ ਦਾ ਕਾਰਨ ਪੁਛਿਆ। ਸਾਰੀ ਗੱਲ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਇੱਕ ਵਾਰੀ ਤਰਕਸ਼ੀਲਾਂ ਕੋਲ ਜਾਣ ਦੀ ਸਲਾਹ ਦਿੱਤੀ ਹੈ।ਸੋ ਮੈਂ ਤੁਹਾਡੇ ਕੋਲ ਆਇਆਂ,ਸਾਡੀ ਪਰੇਸਸ਼ਾਨੀ ਦੂਰ ਕਰੋ।ਉਸ ਨੇ ਫਿਰ ਕਿਹਾ ,”ਸਾਡੇ ਘਰ ਬਹੁਤ ਵੱਡਾ ਪਰੇਤ ਵੜ ਗਿਆ ਹੈ। ਉਸ ਨੂੰ ਕਢਣ ਲਈ ਤੁਸੀਂ ਆਪਣੇ ਬੰਦੇ ਬਾਹਰੋਂ ਮੰਗਵਾ ਲਵੋ ,ਸਾਰਾ ਖਰਚਾ ਸਾਡਾ ਹੋਵੇਗਾ।”

ਮੈਂ ਕਿਹਾ ਕਲ ਨੂੰ ਅਸੀਂ ਤੁਹਾਡੇ ਘਰ ਆਵਾਂਗੇ ਅਤੇ ਪ੍ਰੇਤ ਫੜ ਲਿਆਵਾਂਗੇ। ਸਾਡੇ ਜਾਣ ਮਗਰੋਂ ਤੁਹਾਡੇ ਘਰੇ ਅਜਿਹੀ ਘਟਨਾ ਨਹੀਂ ਵਾਪਰੇਗੀ ਤੇ ਸਭ ਠੀਕ ਹੋ ਜਾਵੇਗਾ। ਬਸ ਇੱਕ ਗੱਲ ਦਾ ਖਿਆਲ ਰੱਖੋ ਜਿਵੇਂ ਅਸੀਂ ਕਹਾਂਗੇ ਉਸੇ ਤਰ੍ਹਾਂ ਸਾਡੀ ਗੱਲ ਮੰਨਣੀ ਪਵੇਗੀ ।
ਉਸ ਨੇ ਕਿਹਾ ਜੇ ਇਕ ਲੱਤ ਦੇ ਭਾਰ ਖੜਣ ਨੂੰ ਕਹੋਂਗੇ ,ਅਸੀਂ ਇੱਕ ਲੱਤ ਭਰ ਖੜਾਂਗੇ। ਦਿੱਤੇ ਸਮੇਂ ਮੁਤਾਬਕ ਸਾਡੀ ਟੀਮ ਸਬੰਧਤ ਘਰੇ ਜਾ ਪਹੁੰਚੀ ।ਘਰੇ ਸਹਿਮ ਭਰਿਆ ਮਾਹੌਲ ਸੀ। ਸਵੇਰੇ ਟਰੰਕ ਖੋਲ੍ਹ ਰਹੇ ਬਜ਼ੁਰਗ ਦੀ ਢੂੰਈ ਉਤੇ ਡੰਡਾ ਪਿਆ ਸੀ ਸਾਥੀ ਤਰਕ ਨੇ ਬਾਹਰ ਇਕੱਠੇ ਹੋਏ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਂ ਇਕੱਲੇ ਇਕੱਲੇ ਪਰਿਵਾਰਕ ਮੈਬਰਾਂ ਨਾਲ ਗੱਲ ਕਰਨੀ ਆਰੰਭੀ, ਅਤੇ ਮੇਰੇ ਦੂਜੇ ਸਾਥੀ ਨੇ ਪਰਿਵਾਰਕ ਮੈਂਬਰ ਤੇ ਨਿਗਰਾਨੀ ਰੱਖੀ ।ਥੋੜੇ ਸਮੇਂ ਵਿੱਚ ਹੀ ਮੈਂ ਘਟਨਾਵਾਂ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਕਰ ਲਈ।

ਜਦੋਂ ਪਰਿਵਾਰ ਦੇ ਇਕੱਲੇ ਇਕੱਲੇ ਮੈਂਬਰ ਤੋਂ ਘਟਨਾਵਾਂ ਬਾਰੇ ਪੁੱਛਿਆ ਤਾਂ ਇਕ ਤੋਂ ਬਿਨਾਂ ਸਾਰਿਆਂ ਨੇ ਕਿਹਾ, ਕਪੜੇ ਤੇ ਭਾਂਡੇ ਡਿਗੇ ਦੇਖੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਡਿਗਦੇ ਨਹੀਂ ਦੇਖੇ।ਇਕ ਨੇ ਹੀ ਕਿਹਾ ,’ਕਪੜੇ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਉੱਡਦੇ ਤੇ ਭਾਂਡੇ ਅੱਖਾਂ ਦੇ ਸਾਹਮਣੇ ਸੈਲਫਾਂ ਤੋਂ ਥੱਲੇ ਦੇਖੇ ਹਨ।” ਮੈਂ ਉਸ ਨੂੰ ਕਿਹਾ ,”ਸਵੇਰੇ ਤੇਰੇ ਹੱਥ ਵਿੱਚ ਡੰਡਾ ਸੀ ।”ਉਸ ਨੇ ਕਿਹਾ,” ਉਹ ਤਾਂ ਪਸ਼ੂਆਂ ਨੂੰ ਪਾਣੀ ਪਿਲਾਉਣ ਸਮੇਂ ਸੀ।” ਮੈਂ ਦੁਬਾਰਾ ਪੁੱਛਿਆ ,”ਕਪੜੇ ਤੈਨੂੰ ਆਪ ਆਪਣੇ ਉਡਦੇ ਦਿਖੇ ਨੇ?”ਉਸਨੇ ਕਿਹਾ,’ ਹਾਂ ਜੀ ,ਆਪਣੇ ਆਪ ਉੱਡਦੇ ਦਿਸਦੇ ਨੇ।” ਮੇਰੀ ਪਰਖ ਪੱਕੀ ਹੋ ਗਈ ।

ਮੈਂ ਅਗਲਾ ਸਵਾਲ ਕੀਤਾ,” ਤੂੰ ਇਹ ਕਿਉਂ ਕਰਦੀ ਹੈ,?” ਸਾਨੂੰ ਪਤਾ ਹੈ ਕਿ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਇਹ ਸੁਣ ਕੇ ਉਹ ਇਕਦਮ ਘਬਰਾ ਗਈ, ਮੈਂ ਉਸ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਘਬਰਾਉਣ ਦੀ ਲੋੜ ਨਹੀਂ ,ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਸਭ ਕੁਝ ਤੇਰੇ ਰਾਹੀਂ ਚਾਹੇ ਅਣਚਾਹੇ ਹੋ ਰਿਹਾ ਹੈ , ਜੇ ਤੂੰ ਸੱਚ ਦੱਸ ਦੇਵੇਂਗੀ ,ਤੇਰਾ ਨਾਮ ਨਹੀਂ ਲਿਆ ਜਾਵੇ। ਸਾਰੀਆਂ ਘਟਨਾਵਾਂ ਕਰਨ ਦੀ ਗੱਲ ਮੰਨਦੇ ਹੋਏ ਉਸ ਨੇ ਕਿਹਾ ,ਸਾਰਾ ਗੋਹਾ ਕੂੜਾ ਮੈਂ ਕਰਦੀ ਹੈ ,ਸਾਰੇ ਦੁਧਾਰੂ ਪਸੂਆਂ ਦੀ ਧਾਰ ਮੈ ਕਢਦੀ ਹਾਂ, ਵੱਡੀ ਕੁੱਝ ਨਹੀ ਕਰਦੀ।ਖੇਤਾਂ ਵਿੱਚ ਘਰ ਵਾਲਾ ਮੇਰਾ ਮਿੱਟੀ ਨਾਲ ਮਿੱਟੀ ਹੁੰਦਾ ਹੈ।

ਪਰ ਸਾਡੀ ਘਰ ਵਿੱਚ ਕੋਈ ਪੁੱਛ ਨਹੀਂ । ਮੇਰੀ ਸੱਸ ਆਏ ਸਾਲ ਸਾਰੀ ਕਮਾਈ ,ਆਪਣੀ ਕੁੜੀਆਂ ਨੂੰ ਲੁਟਾਈ ਜਾਂਦੀ ਹੈ।ਆਏ ਸਾਲ ਸੋਨੇ ਦੇ ਗਹਿਣੇ ਸਿਰਫ਼ ਉਨਾਂ ਲਈ। ਉਸ ਨੇ ਕਿਹਾ ਹੁਣ ਸਿਆਣਿਆਂ ਕੋਲ ਭੱਜੇ ਫਿਰਦੇ ਨੇ,ਮਨ ਨੂੰ ਬੜੀ ਖੁਸੀ ਮਿਲ ਰਹੀ ਹੈ, ਇਨ੍ਹਾਂ ਨੂੰ ਭੱਜੇ ਫਿਰਨ ਦਿਓ, ਲੁਟਾਉਣ ਦਿਓ ਪੈਸੇ।”ਉਸ ਦੀਆ ਬਹੁਤ ਸਾਰੀਆਂ ਨਰਾਜ਼ਗੀਆਂ ਸੁਣੀਆਂ ਤੇ ਬਹੁਤ ਸਾਰੀਆਂ ਗੱਲਾਂ ਉਸਨੂੰ ਸਮਝਾਈਆਂ। ਨਨਾਣ -ਭਰਜਾਈ ਦੇ ਨਿੱਘੇ ਰਿਸ਼ਤੇ ਦੀ ਗੱਲ ਸਮਝਾਈ। ਮੈਂ ਫਿਰ ਪੁੱਛਿਆ ਅੱਗੇ ਤੋਂ ਕੋਈ ਘਟਨਾ ਕਰੇਂਗੀ?ਉਸ ਨੇ ਕਿਹਾ,

“ਤੁਸੀਂ ਜਿਵੇਂ ਕਹੋਂਗੇ ,ਕਰਾਂਗੇ ।ਪਰ ਤੁਸੀਂ ਗੁੰਮ ਟੂੰਮਾਂ ਦੀ ਵਾਪਸੀ ਦੀ ਗਲ ਨਾ ਕਰਿਓ।”ਅਸੀ ਕਿਹਾ ਸਾਨੂੰ ਤੇਰੇ ਨਾਲ ਪੂਰੀ ਹਮਦਰਦੀ ਹੈ ਪਰ ਅੱਗੇ ਤੋਂ ਕੋਈ ਗੜਬੜ ਨਹੀਂ ਕਰਨੀ।ਤੇਰੀਆਂ ਸਮੱਸਿਆਵਾਂ ਖਤਮ ਕਰਵਾਂਗੇ,ਘਟਨਾਵਾਂ ਦਾ ਤੇਰਾ ਨਾਲ ਸੰਬੰਧ ਨਹੀਂ ਜੋੜਿਆ ਜਾਵੇਗਾ, ਤੈਨੂੰ ਤੇ ਤੇਰੇ ਘਰਵਾਲੇ ਨੂੰ ਪੂਰਾ ਮਾਨ ਸਤਿਕਾਰ ਮਿਲੇਗਾ।ਤੇਰਾ ਕੰਮ ਵੀ ਘਟਾਇਆ ਜਾਵੇਗਾ।ਆਮਦਨ ਬਰਾਬਰ ਮਿਲੇਗੀ।

ਗਹਿਣੇ ਤੇ ਕਪੜੇ ਬਰਾਬਰ ਮਿਲਣਗੇ।ਪਰਿਵਾਰ ਦੇ ਇਕੱਲੇ ਇਕੱਲੇ ਮੈਬਰ ਨਾਲ ਗਲ ਕਰਨ ਤੋਂ ਬਾਅਦ ਅਸੀਂ ਆਪਸ ਵਿਚ ਪਰਿਵਾਰ ਦੇ ਸਮੂਹਕ ਮੈਬਰਾਂ ਨਾਲ ਗਲ ਕਰਨ ਦੇ ਨੁਕਤੇ ਸਾਂਝੇ ਕੀਤੇ ।ਪਰਿਵਾਰ ਦੇ ਸਾਰੇ ਮੈਬਰਾਂ ਨੂੰ ਇਕੱਠਾ ਕਰਕੇ ਮੈਂ ਕਿਹਾ ਅੱਜ ਤੋਂ ਬਾਅਦ ਤੁਹਾਡੇ ਘਰੇ ਰੱਸੀਆਂ ਤੇ ਪਾਏ ਕੱਪੜੇ ਆਪਣੇ ਆਪ ਨਹੀਂ ਉਡਣਗੇ ਨਾ ਹੀ ਭਾਂਡੇ ਸੈੱਲਫ਼ਾਂ ਤੋਂ ਆਪਣੇ ਆਪ ਡਿਗਣਗੇ।ਕੋਈ ਪਰੇਤ ਢੂੰਈ ਤੇ ਡੰਡੇ ਨਹੀਂ ਮਾਰੇਗਾ। ਜੋ ਟੂੰਮਾਂ ਗੁੰਮ ਹੋਈਆਂ ਹਨ ,ਉਨ੍ਹਾਂ ਨੂੰ ਭੁਲ ਜਾਓ। ਅੱਗੇ ਤੋਂ ਚੀਜ਼ਾਂ ਗੁੰਮ ਨਹੀਂ ਹੋਣਗੀਆਂ।ਸਾਡੀਆਂ ਕੁੱਝ ਸ਼ਰਤਾਂ ਮੰਨਣੀਆਂ ਪੈਣਗੀਆਂ।ਘਰ,ਪਸ਼ੂਆਂ ਅਤੇ ਖੇਤੀ ਦਾ ਕੰਮ ਸਾਰਿਆਂ ਮੈਬਰਾਂ ਨੇ ਰਲ ਮਿਲਕੇ ਬਰਾਬਰ ਕਰਨਾ ਹੈ। ਕਿਸੇ ਨੇ ਵਿਹਲੇ ਨਹੀਂ ਰਹਿਣਾ ।ਘਰ ਦੇ ਸਾਰੇ ਮੈਬਰਾਂ ਨੂੰ ਆਪੋ ਆਪਣੀ ਪਸੰਦ ਦੇ ਗਹਿਣੇ ਤੇ ਕਪੜੇ ਬਰਾਬਰ ਬਣਾ ਕੇ ਦੇਣੇ ਹਨ ।

ਕਿਸੇ ਵੀ ਮੈਂਬਰ ਨਾਲ ਪੱਖਪਾਤ ਨਹੀਂ ਕਰਨਾ ਹੈ।ਖੇਤੀ ਦੀ ਕਮਾਈ ਘਰ ਵਿੱਚ ਪੱਕੇ ਤੌਰ ਤੇ ਰਹਿਣ ਵਾਲੇ ਮੈਬਰਾਂ ਲਈ ਹੀ ਖਰਚਣੀ ਹੈ। ਪਰਿਵਾਰ ਦੇ ਮੁਖੀ ਨੇ ਕਿਹਾ ,ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ, ਸਾਡੀ ਪਰੇਸ਼ਾਨੀ ਦੂਰ ਹੋਣੀ ਚਾਹੀਦੀ ਹੈ। ਵਧੀਆ ਤੇ ਬਰਾਬਰੀ ਵਾਲੇ ਮਹੌਲ ਵਾਲੇ ਘਰ ਵਿਚੋਂ ਭੂਤ ਪਰੇਤ ਰਫੂ ਚੱਕਰ ਹੋ ਜਾਂਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਸਾਡੀਆਂ ਗੱਲਾਂ ਤੇ ਅਮਲ ਕਰੋ, ਸਭ ਠੀਕ ਰਹੇਗਾ।ਰੱਸੀਆਂ ਤੋਂ ਕਪੜੇ ਉਡਾਣ ਵਾਲੇ ਤੇ ਢੂੰਈ ਤੇ ਡੰਡੇ ਮਾਰਨ ਵਾਲੇ ਪਰੇਤ ਦਾ ਸਫਾਇਆ ਕਰਕੇ ਅਤੇ ਘਰ ਦੇ ਸਹਿਮ ਭਰੇ ਡਰਾਉਣੇ ਮਹੌਲ ਨੂੰ ਖ਼ੁਸ਼ਗਵਾਰ ਬਣਾ ਕੇ ਅਸੀਂ ਘਰ ਮੁੜ ਆਏ।

ਮਾਸਟਰ ਪਰਮ ਵੇਦ
ਏ 86ਅਫਸਰ ਕਲੋਨੀ ਸੰਗਰੂਰ
9417422349

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly