ਡਾ. ਅੰਬੇਡਕਰ ਦੀ ਵਿਚਾਰਧਾਰਾ ਹੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ — ਬਾਲੀ

ਸੋਸਾਇਟੀ ਦੇ ਮੈਂਬਰ ਸ਼੍ਰੀ ਲਾਹੌਰੀ ਰਾਮ ਬਾਲੀ ਨੂੰ ਬੁੱਕੇ ਭੇਂਟ ਕਰਦੇ ਹੋਏ.

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ ਜਲੰਧਰ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸਦੀ ਪ੍ਰਧਾਨਗੀ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਕੀਤੀ. ਇਸ ਸਮਾਗਮ ਵਿਚ ਉੱਘੇ ਅੰਬੇਡਕਰਵਾਦੀ, ਲੇਖਕ ਅਤੇ ਚਿੰਤਕ ਸਤਿਕਾਰਯੋਗ ਸ਼੍ਰੀ ਲਾਹੌਰੀ ਰਾਮ ਬਾਲੀ ਦਾ 91ਵਾਂ ਜਨਮ ਦਿਨ ਕੇਕ ਕਟ ਕੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ. ਸੋਸਾਇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਬੁੱਕੇ ਦੇ ਕੇ ਅਤੇ ਇੱਕ ਯਾਦਗਾਰੀ ਮੋਮੈਂਟੋ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ. ਅੰਬੇਡਕਰ ਭਵਨ ਦੇ ਟਰੱਸਟੀਆਂ ਅਤੇ ਆਲ ਇੰਡੀਆ ਸਮਤਾ ਏ ਦਲ (ਰਜਿ.), ਪੰਜਾਬ ਇਕਾਈ ਦੇ ਮੈਂਬਰਾਂ ਨੇ ਵੀ ਸ਼੍ਰੀ ਬਾਲੀ ਜੀ ਨੂੰ ਉਨ੍ਹਾਂ ਦੇ 91 ਵੇਂ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ. ਸੋਸਾਇਟੀ ਦੇ ਵਾਈਸ ਪ੍ਰੈਸੀਡੈਂਟ ਸ਼੍ਰੀ ਚਰਨ ਦਾਸ ਨੇ ਸ਼੍ਰੀ ਬਾਲੀ ਜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਸਿਥਿਤੀਆਂ ਦੇ ਉਲਟ, ਲੱਖ ਵਿਰੋਧਾਂ ਦੇ ਬਾਬਜੂਦ, ਸਾਧਨਾਂ ਤੋਂ ਬਿਨਾਂ ਵਕਤ ਦੇ ਸੀਨੇ ਤੇ ਆਪਣੀ ਸਥਾਪਤੀ ਦੀ ਮੋਹਰ ਲਾਉਣੀ, ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ. ਇੱਜਤ, ਅਣਖ ਅਤੇ ਆਪਣੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ, ਸਾਬਤ ਕਦਮ ਮੰਜਿਲਾਂ ਨੂੰ ਸਰ ਕਰਨਾ, ਇਹ ਮਾਣ ਵੀ ਦੁਨੀਆਂ ਵਿਚ ਚੰਦ ਲੋਕਾਂ ਦੇ ਹਿੱਸੇ ਆਇਆ ਹੈ, ਉਨ੍ਹਾਂ ‘ਚੋਂ ਇੱਕ ਨੇ ਮੇਰੇ ਪ੍ਰੇਰਨਾ ਸਰੋਤ ਮੇਰੇ ਗੁਰੂ ਸਤਿਕਾਰ ਯੋਗ ਸ਼੍ਰੀ ਲਾਹੌਰੀ ਰਾਮ ਬਾਲੀ. ਅੰਬੇਡਕਰ ਭਵਨ ਦੇ ਟਰੱਸਟੀ ਸ਼੍ਰੀ ਹਰਮੇਸ਼ ਜੱਸਲ ਨੇ ਅੰਬੇਡਕਰ ਭਵਨ ਦੇ ਸਮੂਹ ਟਰੱਸਟੀਆਂ ਬਾਲੀ ਸਾਹਿਬ ਨੂੰ ਉਨ੍ਹਾਂ ਦੇ 91ਵੇਂ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਮੈਂ ਬਾਲੀ ਸਾਹਿਬ ਨਾਲ ਉਨ੍ਹਾਂ ਦੇ ਚਲਾਏ ਹੋਏ ਅਖਬਾਰਾਂ ਪੰਜਾਬੀ ਭੀਮ ਪਤ੍ਰਿਕਾ ਅਤੇ ਕਿਰਤੀ ਵਿਚ ਕਾਫੀ ਸਮਾਂ ਕੰਮ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਬਹੁਤ ਕੁਝ ਸਿਖਿਆ ਹੈ.

ਪੰਜਾਬ ਬੁੱਧਿਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਨੇ ਪੰਜਾਬ ਬੁੱਧਿਸਟ ਸੋਸਾਇਟੀ ਅਤੇ ਸੋਫੀ ਪਿੰਡ ਬੁੱਧ ਵਿਹਾਰ ਸ਼੍ਰੀ ਬਾਲੀ ਜੀ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ ਅਤੇ ਕਿਹਾ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਅੰਬੇਡਕਰ ਮਿਸ਼ਨ ਸੋਸਾਇਟੀ ਵਿਚ ਕੰਮ ਕਰ ਰਿਹਾ ਹਾਂ ਅਤੇ ਮੈਂ ਇਸਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ ਹੈ. ਉਨ੍ਹਾਂ ਕਿਹਾ ਕਿ ਬਾਲੀ ਸਾਹਿਬ ਨਾਲ ਰਹਿ ਕੇ ਬਹੁਤ ਕੁਝ ਸਿਖਿਆ ਹੈ, ਖਾਸ ਕਰਕੇ ਕਿਸੇ ਵੀ ਕੰਮ ਵਾਸਤੇ ਉਨ੍ਹਾਂ ਦੀ ਦ੍ਰਿੜ੍ਹਤਾ ਤੋਂ ਮੇਰੇ ਵਿਚ ਆਤਮ ਵਿਸ਼ਵਾਸ ਦਾ ਬੱਲ ਆਇਆ ਹੈ ਅਤੇ ਮੈਂ ਕਿਸੇ ਵੀ ਵੱਡੇ ਤੋਂ ਵੱਡੇ ਅਧਿਕਾਰੀ ਨੂੰ ਮਿਲਣ ਤੋਂ ਘਬਰਾਉਂਦਾ ਨਹੀਂ ਅਤੇ ਮੈਂ ਆਪਣੀ ਗੱਲ ਉਨ੍ਹਾਂ ਸਾਹਮਣੇ ਰੱਖਦਾ ਹਾਂ. ਸ਼੍ਰੀ ਬਾਲੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਜੋ ਵਚਨ ਬਾਬਾਸਾਹਿਬ ਨੂੰ 30 ਸਤੰਬਰ 1956 ਨੂੰ ਦਿੱਤਾ ਸੀ ਉਹ ਨਿਭਾਇਆ ਅਤੇ ਨਿਭਾ ਰਿਹਾ ਹਾਂ. ਆਪਣੇ ਸੰਦੇਸ਼ ‘ਚ ਬਾਲੀ ਜੀ ਨੇ ਕਿਹਾ ਕਿ ਨੌਜਵਾਨਾਂ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਡਾ ਸਾਹਿਤ ਪੜ੍ਹਨਾ ਚਾਹੀਦਾ ਹੈ ਅਤੇ ਉਸਤੇ ਆਚਰਣ ਕਰਨਾ ਚਾਹੀਦਾ ਹੈ ਕਿਓਂਕਿ ਵਿਚਾਰਧਾਰਾ ਹੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ. ਮੈਡਮ ਸੁਦੇਸ਼ ਕਲਿਆਣ ਨੇ ਕਿਹਾ ਕਿ ਬਾਲੀ ਸਾਹਿਬ ਸਾਡੇ ਪ੍ਰੇਰਨਾ ਸਰੋਤ ਹਨ ਅਤੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ. ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਰਾਜ ਭਾਰਦਵਾਜ , ਹਰਮੇਸ਼ ਲਾਲ ਜੱਸਲ, ਹਰਭਜਨ ਨਿਮਤਾ, ਚੌਧਰੀ ਹਰੀ ਰਾਮ, ਡਾ. ਮਹਿੰਦਰ ਸੰਧੂ, ਰਾਮ ਸਰੂਪ ਬਾਲੀ, ਕ੍ਰਿਸ਼ਨ ਲਾਲ ਕਲਿਆਣ, ਹਰਜਿੰਦਰ ਪ੍ਰਕਾਸ਼, ਯਸ਼ ਪਾਲ, ਜੋਤੀ ਪ੍ਰਕਾਸ਼, ਗੁਰਮੀਤ ਕੌਰ, ਮਨਜੀਤ ਕੌਰ ਅਤੇ ਸੁਖਵਿੰਦਰ ਕੌਰ ਹਾਜਰ ਸਨ. ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.

ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

                                                                             ਸੋਸਾਇਟੀ ਦੇ ਮੈਂਬਰ ਸ਼੍ਰੀ ਲਾਹੌਰੀ ਰਾਮ ਬਾਲੀ ਨੂੰ ਮੋਮੈਂਟੋ ਭੇਂਟ ਕਰਦੇ ਹੋਏ
                                                                                             ਸੋਸਾਇਟੀ ਦੇ ਮੈਂਬਰ ਤ੍ਰਿਸ਼ਰਣ ਦਾ ਪਾਠ ਕਰਦੇ ਹੋਏ
                                                                                ਮੈਡਮ ਸੁਦੇਸ਼ ਕਲਿਆਣ ਸ਼੍ਰੀ ਲਾਹੌਰੀ ਰਾਮ ਬਾਲੀ ਨੂੰ ਕੇਕ ਖੁਆਉਂਦੇ ਹੋਏ