ਕੀਤਾ ਤਬਾਹ ਸਾਨੂੰ ਲਾਰਿਆਂ ਦੇ ਨਾਲ ……

ਸੁਰਿੰਦਰ ਕੌਰ
  • ਸਮਾਜ ਵੀਕਲੀ ਛੋਟੇ ਬੱਚੇ ਨੂੰ ਜਦੋਂ ਸਕੂਲ ਪਾਇਆ ਜਾਂਦਾ ਹੈ ਤਾਂ ਉਹ ਬਹੁਤ ਰੋਂਦਾ ਹੈ ।ਉਹ ਸਕੂਲ ਜਾਣਾ ਪਸੰਦ  ਨਹੀਂ ਕਰਦਾ ਅਤੇ ਅਸੀਂ ਉਸ ਨੂੰ ਖਾਣ ਪੀਣ ਦੇ ਜਾਂ ਹੋਰ ਕਈ  ਤਰ੍ਹਾਂ ਦੇ ਲਾਲਚ ਦੇ ਕੇ ਸਕੂਲ ਭੇਜਦੇ ਹਾਂ। ਜਿਉਂ ਜਿਉਂ ਉਹ ਵੱਡਾ ਹੁੰਦਾ ਹੈ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ।ਉਹ ਰੋਣਾ  ਬੰਦ ਕਰ ਦਿੰਦਾ ਹੈ ਅਤੇ ਇਕ ਜ਼ਿੰਮੇਵਾਰੀ ਨਾਲ ਸਕੂਲ ਜਾਣ ਲਗਦਾ ਹੈ ਉਸ ਨੂੰ ਪੜ੍ਹਾਈ ਦੀ  ਅਹਿਮੀਅਤ ਦੀ ਸਮਝ ਆ ਜਾਂਦੀ ਹੈ ਪ੍ਰੰਤੂ ਸਾਨੂੰ ਅਜੇ ਤੱਕ ਆਪਣੀ ਵੋਟ ਦੀ ਅਹਿਮੀਅਤ ਸਮਝ ਨਹੀਂ ਆਈ। ਇਸ  ਮਾਮਲੇ ਵਿੱਚ ਸਾਡਾ ਮਾਨਸਿਕ ਵਿਕਾਸ ਸ਼ਾਇਦ ਕਦੇ ਹੋਇਆ ਹੀ ਨਹੀਂ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਲੀਡਰ ਘਰ ਘਰ ਵੋਟਾਂ ਮੰਗਦੇ ਫਿਰਦੇ  ਹਨ ।  ਕਈ ਤਰ੍ਹਾਂ ਦੇ ਲਾਲਚ ਦਿੰਦੇ ਹਨ, ਵੱਡੇ ਵੱਡੇ ਵਾਅਦੇ ਕਰਦੇ ਹਨ। ਅਸੀਂ ਹਰ ਵਾਰ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਾਂ ਤੇ ਵੋਟਾਂ ਪਾਉਂਦੇ ਹਾਂ ।ਉਹ ਜਿੱਤ ਜਾਂਦੇ ਹਨ ਅਤੇ ਫਿਰ ਪੰਜ ਸਾਲ ਕਿਸੇ ਦੀ ਕੋਈ ਖ਼ਬਰ ਨਹੀਂ ਲੈਂਦੇ ਹੁਣ ਸਾਨੂੰ ਇਸ ਵਿਸ਼ੇ ਸੰਜੀਦਾ ਹੋਣ ਦੀ ਲੋੜ ਹੈ  ਤਾਂ ਕਿ ਸਾਨੂੰ ਇਹ ਹੋਰ ਬੇਵਕੂਫ ਨਾ ਬਣਾ ਸਕਣ ।
         ਹੁਣ ਜਿਵੇਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਫਿਰ ਸ਼ੁਰੂ ਹੋ ਗਿਆ ਹੈ ਉਹੀ ਰਾਗ ਘਰ ਘਰ ਨੌਕਰੀ, ਨਸ਼ੇ ਖ਼ਤਮ ਕਰਨੇ ,ਮੁਫ਼ਤ ਬਿਜਲੀ ,ਮੁਫ਼ਤ ਪਾਣੀ ਅਤੇ ਹੋਰ ਵੀ ਬਹੁਤ ਕੁਝ ਕਹਿਣਗੇ ।ਹੁਣ ਸਾਨੂੰ  ਉਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ ਹੈ। ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਕੋਈ ਨੇਤਾ ਜਦੋਂ ਵੀ ਸਾਡੇ ਕੋਲ ਵੋਟਾਂ ਮੰਗਣ ਆਉਂਦਾ  ਹੈ ਤਾਂ ਉਸ ਤੋਂ ਉਸਦੇ ਪਿਛਲੇ ਕੀਤੇ ਕੰਮਾਂ ਬਾਰੇ ਪੁੱਛਿਆ ਜਾਵੇ ਕਿ ਉਸ ਨੇ ਕਿਹੜੇ ਵਾਅਦੇ ਪੂਰੇ ਕੀਤੇ ਹਨ ।ਇਹ ਨੇਤਾ ਸਾਨੂੰ ਸਭ ਕੁਝ ਮੁਫ਼ਤ ਦੇਣ ਦੇ ਚੱਕਰਾਂ ਵਿੱਚ ਪਾ ਕੇ ਬੇਵਕੂਫ ਬਣਾਉਂਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ  ਰੁਜ਼ਗਾਰ ਮੰਗੀਏ ਨਾ ਕੇ ਮੁਫ਼ਤਖੋਰ ਬਣੀਏ ਜੇਕਰ ਸਾਡੇ ਕੋਲ  ਅਾਮਦਨ ਹੈ ਤਾਂ ਸਾਨੂੰ ਕੋਈ ਚੀਜ਼ ਮੁਫਤ ਲੈਣ ਦੀ ਜਰੂਰਤ  ਨਹੀਂ ।ਸਾਨੂੰ ਹਰ ਚੀਜ਼ ਵਾਜਿਬ ਮੁੱਲ ਤੇ ਦਿਓ ਨਾ ਕਿ ਮੁਫ਼ਤ ,ਜੋ ਨੇਤਾ ਸ਼ਰਾਬ ਵੰਡ  ਕੇ  ਵੋਟਾਂ ਖ਼ਰੀਦ ਰਹੇ ਨੇ ਉਨ੍ਹਾਂ ਤੋਂ ਅਸੀਂ ਨਸ਼ੇ ਬੰਦ ਕਰਨ ਦੀ ਉਮੀਦ ਕਿਵੇਂ ਕਰ ਸਕਦੇ ਹਾਂ ? ਸਾਨੂੰ ਸਭ ਨੂੰ ਸਮਝਣ ਦੀ ਲੋੜ ਹੈ ਕਿ ਅੱਜ ਤੱਕ  ਇਨ੍ਹਾਂ ਸਰਕਾਰਾਂ ਨੇ ਸਾਨੂੰ ਕਿਵੇਂ ਲਾਰਿਆਂ ਦੇ ਨਾਲ  ਬਰਬਾਦ ਕੀਤਾ ਹੈ। ਸਾਡੇ ਪੜ੍ਹੇ ਲਿਖੇ ਬੱਚੇ ਅੱਜ ਬੇਰੁਜ਼ਗਾਰ ਹਨ ।ਉਹ ਵਿਦੇਸ਼ ਜਾਣ ਲਈ ਮਜਬੂਰ ਹਨ ।ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ।ਹਰ ਚੀਜ਼ ਦੀ ਮਹਿੰਗਾਈ ਇੰਨੀ ਵਧ ਗਈ ਹੈ ਕਿ ਆਮ ਇਨਸਾਨ ਨੂੰ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਬੇਰੁਜ਼ਗਾਰ ਨੌਜਵਾਨ ਨਸ਼ੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ ।ਹਰ ਵਰਗ ਪ੍ਰੇਸ਼ਾਨ ਹੈ ।ਆਪਣੇ ਹੱਕਾਂ ਲਈ ਥਾਂ ਥਾਂ ਤੇ ਲੱਗੇ ਧਰਨੇ ਸਾਡੇ ਦੇਸ਼ ਦੇ ਵਿਕਾਸ ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ ।
         ਜੇਕਰ ਅਸੀਂ ਹੁਣ ਵੀ ਨਹੀਂ ਸਮਝੇ ਤਾਂ ਦੇਸ਼ ਨੂੰ ਬਰਬਾਦ  ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਫ਼ੈਸਲਾ ਸਾਡੇ ਹੱਥ ਵਿੱਚ ਹੈ ਆਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰੋ ।ਕਿਸੇ ਲਾਲਚ ਵਿੱਚ ਆ ਕੇ ਵੋਟ ਨਾ ਪਾਓ ।ਪੜ੍ਹੇ ਲਿਖੇ ਅਤੇ  ਈਮਾਨਦਾਰ ਲੋਕਾਂ ਨੂੰ ਰਾਜਨੀਤੀ ਵਿਚ ਲੈ ਕੇ ਆਉ ਅਤੇ ਉਨ੍ਹਾਂ ਦਾ ਸਾਥ ਦਿਓ ਤਾਂ ਹੀ ਅਸੀਂ ਆਉਣ ਵਾਲਾ ਸਮਾਂ ਬਿਹਤਰ ਬਣਾ ਸਕਾਂਗੇ ।

                                ਸੁਰਿੰਦਰ ਕੌਰ

                                ਨਗਾਰੀ ( ਮੁਹਾਲੀ )

                                6283188928

Previous articleHigher Education in UAE and its Scope for International Students
Next article” ਕਿਸਾਨੀ-ਝੰਡਾ “