ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਐਕਟ ਦੀਆਂ ਕਾਪੀਆਂ ਸਾੜ ਕੇ ਕੀਤੀ ਜ਼ੋਰਦਾਰ ਨਾਅਰੇਬਾਜੀ

ਕੈਪਸ਼ਨ- ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਐਕਟ ਦੀਆਂ ਕਾਪੀਆਂ ਸਾੜਣ ਮੌਕੇ ਹਾਜ਼ਰ ਮੁਲਾਜ਼ਮ
ਕਪੂਰਥਲਾ, 24 ਨਵੰਬਰ (ਕੌੜਾ)- 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲੀ ਤੇ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਾਉਂਣ ਲਈ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਤੇ ਪੰਜਾਬ ਭਰ ਵਿਚ ਪਫਰਡਾ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਅਤੇ ਮੰਗ ਕੀਤੀ ਕਿ ਸਰਕਾਰ ਮੁਲਾਜ਼ਮਾਂ ਦਾ ਮਿਹਨਤ ਦਾ ਪੈਸਾ ਸ਼ੇਅਰ ਬਾਜ਼ਾਰ ਵਿਚ ਲਗਾ ਕੇ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫਾ ਪਹੁੰਚਾ ਰਹੀ ਹੈ ਜਦਕਿ ਰਿਟਾਇਰਮੈਂਟ ਤੇ ਮੁਲਾਜ਼ਮ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ ਅਤੇ ਉਨ੍ਹਾਂ ਦਾ ਬੁਢਾਪਾ ਧੁੰਦਲਾ ਹੋ ਰਿਹਾ ਹੈ।
            ਉਨ੍ਹਾਂ ਮੰਗ ਕੀਤੀ ਕਿ ਇਸ ਲਈ ਸਰਕਾਰ 2004 ਤੋਂ ਪਹਿਲਾਂ ਵਾਂਗ ਹੀ ਪੁਰਾਣੀ ਪੈਨਸ਼ਨ ਬਹਾਲ ਕਰੇ। ਇਸ ਮੌਕੇ ਬੋਲਦਿਆਂ ਦੀਪਕ ਆਨੰਦ  ਨੇ ਕਿਹਾ ਕਿ ਇਕ ਦੇਸ਼ ਵਿਚ ਅਲੱਗ-ਅਲੱਗ ਕਾਨੂੰਨ ਚਲਾਏ ਜਾ ਰਹੇ ਹਨ, ਇਕ ਪਾਸੇ ਸਰਕਾਰੀ ਮੁਲਾਜ਼ਮ 20-30 ਸਾਲ ਦੀ ਨੌਕਰੀ ਤੋਂ ਬਾਅਦ ਵੀ ਪੈਨਸ਼ਨ ਦਾ ਹੱਕਦਾਰ ਨਹੀਂ ਹੈ ਤੇ ਦੂਸਰੇ ਪਾਸੇ ਐਮ.ਐਲ.ਏ./ਐਮ.ਪੀ. 5-5, 7-7 ਪੈਨਸ਼ਨਾਂ ਲੈ ਰਹੇ ਹਨ। ਇਸ ਮੌਕੇ ਬੋਲਦਿਆਂ ਮਮਤਾ ਆਨੰਦ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ।
          ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਮਾਨ, ਰਜਿੰਦਰ ਸਿੰਘ ਮਮਤਾ, ਪੂਜਾ ਤਾਲੂਜਾ, ਮੋਨਿਕਾ ਅਰੋੜਾ,ਬਲਵਿੰਦਰ ਕੌਰ, ਰਜਿੰਦਰ ਸਿੰਘ ਸੈਣੀ ਆਦਿ ਨੇ ਚੰਨੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਜ਼ੋਰਦਾਰ ਸੰਘਰਸ਼ ਅਰੰਭਣ ਦਾ ਐਲਾਨ ਕੀਤਾ।