ਬੰਬੀਹਾ ’ਚ ਫਾਇਰਿੰਗ ਦਾ ਮਾਮਲਾ ਸੁਲਝਾਉਣ ਦਾ ਦਾਅਵਾ

ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ) : ਪਿੰਡ ਬੰਬੀਹਾ ਦੇ ਖੇਤਾਂ ਵਿੱਚ ਰਹਿੰਦੇ ਇਕ ਕਿਸਾਨ ਪਰਵਾਰ ਵਲੋਂ ਪੰਜ ਲੱਖ ਦੀ ਫਿਰੌਤੀ ਨਾ ਦੇਣ ’ਤੇ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਫਾਇਰਿੰਗ ਕਰਨ ਦੀ ਘਟਨਾ 20 ਜੂਨ ਨੂੰ ਵਾਪਰੀ ਸੀ। ਪੁਲੀਸ ਨੇ 48 ਘੰਟਿਆਂ ਵਿੱਚ ਮਾਮਲੇ ਦੀ ਗੁੱਥੀ ਸੁਲਝਾ ਕੇ ਤਿੰਨ ਵਿਅਕਤੀਆਂ ਨੂੰ ਇੱਕ ਪਸਤੌਲ ਤੇ ਰਿਵਾਲਵਰ ਸਣੇ ਰੌਂਦਾਂ ਦੇ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਮੋਗਾ ’ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਤਰਲੋਚਨ ਸਿੰਘ ਨੇ ਵਿਦੇਸ਼ ਜਾਣਾ ਸੀ ਤੇ ਉਸਨੇ ਅਸਲਾ ਲਾਇਸੈਂਸ ਅਪਲਾਈ ਕੀਤਾ ਹੋਇਆ ਸੀ।

ਅਸਲਾ ਲਾਇਸੈਂਸ ਨਾ ਬਣਨ ਕਰਕੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਵਰਤ ਕੇ ਵਿਦੇਸ਼ ’ਚੋਂ ਫਿਰੌਤੀ ਲਈ ਖੁਦ ਹੀ ਫੋਨ ਕਰਵਾ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਰਲੋਚਨ ਸਿੰਘ ਵਾਸੀ ਬੰਬੀਹਾ ਵੱਲੋਂ ਦਰਜ ਕਰਵਾਈ ਇਤਲਾਹ ’ਤੇ ਕੇਸ ਦਰਜ ਕਰਕੇ ਜਾਂਚ ਲਈ ਸ਼ਮਸ਼ੇਰ ਸਿੰਘ ਉਪ ਕਪਤਾਨ ਪੁਲੀਸ ਬਾਘਾਪੁਰਾਣਾ ਮੋਗਾ, ਇੰਸਪੇਕਟਰ ਦਲਜੀਤ ਸਿੰਘ ਥਾਣਾ ਮੁਖੀ ਸਮਾਲਸਰ ਤੇ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀਆਈਏ ਸਟਾਫ ਬਾਘਾਪੁਰਾਣਾ ਆਧਾਰਤ ਟੀਮ ਵੱਲੋਂ ਮੁੱਦਈ ਤਰਲੋਚਨ ਸਿੰਘ ਕੋਲੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਤਰਲੋਚਨ ਸਿੰਘ ਵੱਲੋਂ 32 ਬੋਰ ਰਿਵਾਲਵਰ ਆਪਣੇ ਦੋਸਤ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਰੇਸ਼ਮ ਸਿੰਘ ਵਾਸੀ ਬਰਗਾੜੀ ਪਾਸੋਂ ਤੇ 315 ਬੋਰ ਦਾ ਦੇਸੀ ਕੱਟਾ ਸੁਖਵੰਤ ਸਿੰਘ ਉਰਫ ਫੌਜੀ ਪੁੱਤਰ ਆਤਮਾ ਸਿੰਘ ਵਾਸੀ ਚੀਦਾ ਕੋਲੋਂ ਮੰਗਵਾਇਆ ਸੀ। ਸੁਖਵੰਤ ਸਿੰਘ ਉਰਫ ਫੌਜੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਕੱਟਾ ਜਗਮੀਤ ਸਿੰਘ ਉਰਫ ਜਗਮੀਤਾ ਪੁੱਤਰ ਜਗਸੀਰ ਸਿੰਘ ਵਾਸੀ ਚੁੰਨੀਆਂ ਥਾਣਾ ਸਾਦਿਕ ਜ਼ਿਲ੍ਹਾ ਫਰੀਦਕੋਟ ਕੋਲੋਂ ਲੈ ਕੇ ਆਇਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly