ਯੋਗੀ ਖ਼ਿਲਾਫ਼ ਗੋਰਖਪੁਰ ਤੋਂ ਚੋਣ ਲੜਨਗੇ ਚੰਦਰਸ਼ੇੇਖਰ ਆਜ਼ਾਦ

 

  • ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਨੇ ਕੀਤਾ ਐਲਾਨ
  • ਭਾਜਪਾ ਖ਼ਿਲਾਫ਼ ਲੜਾਈ ਜਾਰੀ ਰੱਖਾਂਗਾ: ਚੰਦਰਸ਼ੇਖਰ ਆਜ਼ਾਦ

ਨੋਇਡਾ (ਉੱਤਰ ਪ੍ਰਦੇਸ਼) (ਸਮਾਜ ਵੀਕਲੀ): ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਮੁਖੀ ਚੰਦਰਸ਼ੇਖਰ ਆਜ਼ਾਦ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਗੋਰਖਪੁਰ ਸੀਟ ਤੋਂ ਯੋਗੀ ਆਦਿੱਤਿਆਨਾਥ ਖ਼ਿਲਾਫ਼ ਚੋਣ ਲੜਨਗੇ। ਇਹ ਐਲਾਨ ਅੱਜ ਪਾਰਟੀ ਵੱਲੋਂ ਕੀਤਾ ਗਿਆ ਹੈ। ਦਲਿਤ ਨੇਤਾ ਆਜ਼ਾਦ ਨੇ ਕਿਹਾ ਕਿ ਉਹ ਭਾਜਪਾ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਗੋਰਖਪੁਰ ਸ਼ਹਿਰੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਹ ਗੋਰਖਪੁੁਰ ਹਲਕੇ ਤੋਂ ਪੰਜ ਵਾਰ ਲੋਕ ਸਭਾ ਮੈਂਬਰ ਰਹੇ ਹਨ।

ਪਾਰਟੀ ਨੇ ਸੋਸ਼ਲ ਮੀਡੀਆ ’ਤੇ ਬਿਆਨ ਵਿੱਚ ਕਿਹਾ, ‘‘ਬੀ.ਆਰ. ਅੰਬੇਡਕਰ ਅਤੇ ਕਾਸ਼ੀਰਾਮ ਦੀ ‘ਬਹੁਜਨ ਹਿਤਾਏ-ਬਹੁਜਨ ਸੁਖਾਏ’ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦਿਆਂ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ), ਗੋਰਖਪੁਰ ਸਦਰ (332) ਸੀਟ ਤੋਂ ਚੰਦਰਸ਼ੇਖਰ ਆਜ਼ਾਦ ਨੂੰ ਆਪਣਾ ਉਮੀਦਵਾਰ ਐਲਾਨਦੀ ਹੈ।’’ ਆਜ਼ਾਦ ਸਮਾਜ ਪਾਰਟੀ ਦੀ ਕੌਮੀ ਕੋਰ ਕਮੇਟੀ ਦੇ ਮੈਂਬਰ ਮੁਹੰਮਦ ਆਕਿਬ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਟੀ ਦਾ ਰਜਿਸਟਰਡ ਨਾਮ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਹੈ। ਇਸੇ ਦੌਰਾਨ ਆਜ਼ਾਦ ਨੇ ਟਵੀਟ ਕੀਤਾ, ‘‘ਬਹੁਤ-ਬਹੁਤ ਧੰਨਵਾਦ। ਮੈਂ ਪਿਛਲੇ ਪੰਜ ਸਾਲਾਂ ਤੋਂ ਲੜ ਰਿਹਾ ਹਾਂ। ਮੈਂ ਲੜਦਾ ਰਹਾਂਗਾਂ। ਜੈ ਭੀਮ, ਜੈ ਮੰਡਲ, ਬਹੁਜਨ ਹਿਤਾਏ-ਬਹੁਜਨ ਸੁਖਾੲੇ।’’ ਜ਼ਿਕਰਯੋਗ ਹੈ ਕਿ ਚੰਦਰਸ਼ੇਖਰ ਆਜ਼ਾਦ (35) ਦਲਿਤ ਅਧਿਕਾਰ ਸੰਗਠਨ ਭੀਮ ਆਰਮੀ ਦੇ ਸਹਿ ਸੰਸਥਾਪਕ ਹਨ ਅਤੇ ਇਸ ਦੇ ਕੌਮੀ ਪ੍ਰਧਾਨ ਵੀ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly