ਬਾਇਡਨ ਤੇ ਪੂਤਿਨ ਵੱਲੋਂ ਰਾਜਦੂਤਾਂ ਅਤੇ ਪਰਮਾਣੂ ਹਥਿਆਰਾਂ ਸਣੇ ਕਈ ਮੁੱਦਿਆਂ ’ਤੇ ਚਰਚਾ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਰੂਸ ਦੇ ਉਨ੍ਹਾਂ ਦੇ ਹਮਰੁਤਬਾ ਵਲਾਦੀਮੀਰ ਪੂਤਿਨ ਨੇ ਜਨੇਵਾ ਵਿਚ ਬੀਤੇ ਦਿਨ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਬਾਇਡਨ ਤੇ ਪੂਤਿਨ ਦੋਹਾਂ ਦੇਸ਼ਾਂ ਵਿਚਾਲੇ ਬੁਰੀ ਤਰ੍ਹਾਂ ਵਿਗੜਦੇ ਕੂਟਨੀਤਕ ਸਬੰਧਾਂ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਵਜੋਂ ਵਾਸ਼ਿੰਗਟਨ ਤੇ ਮਾਸਕੋ ਵਿਚ ਆਪੋ-ਆਪਣੇ ਰਾਜਦੂਤਾਂ ਵਾਪਸ ਭੇਜਣ ਲਈ ਰਾਜ਼ੀ ਹੋ ਗਏ।

ਅਮਰੀਕਾ ਵਿਚ ਰੂਸੀ ਰਾਜਦੂਤ ਅਨਾਤੋਲੀ ਅੰਤੋਨੋਵ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਵਾਸ਼ਿੰਗਟਨ ਤੋਂ ਵਾਪਸ ਸੱਦ ਲਿਆ ਗਿਆ ਸੀ ਜਦੋਂ ਬਾਇਡਨ ਨੇ ਪੂਤਿਨ ਨੂੰ ਹੱਤਿਆਰਾ ਕਿਹਾ ਸੀ ਅਤੇ ਵਿਰੋਧੀ ਆਗੂ ਐਲੇਕਸੀ ਨਵਾਲਨੀ ਨਾਲ ਵਿਵਹਾਰ ਨੂੰ ਲੈ ਕੇ ਰੂਸ ’ਤੇ ਨਵੀਆਂ ਰੋਕਾਂ ਲਗਾਈਆਂ ਸਨ। ਰੂਸ ਵਿਚ ਅਮਰੀਕੀ ਰਾਜਦੂਤ ਜੌਹਨ ਸੁਲੀਵਨ ਨੇ ਕਰੀਬ ਦੋ ਮਹੀਨੇ ਪਹਿਲਾਂ ਮਾਸਕੋ ਛੱਡ ਦਿੱਤਾ ਸੀ। ਬੁੱਧਵਾਰ ਨੂੰ ਹੋਈ ਗੱਲਬਾਤ ਦੌਰਾਨ ਦੋਵੇਂ ਰਾਜਦੂਤ ਮੌਜੂਦ ਸਨ। ਪੂਤਿਨ ਨੇ ਇਹ ਵੀ ਕਿਹਾ ਕਿ ਰੂਸ ਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੋਹਾਂ ਦੇਸ਼ਾਂ ਵਿਚਾਲੇ ਵਣਜ ਸਫ਼ਾਰਤਖਾਨੇ ਬੰਦ ਕਰਨ ਤੇ ਰੂਸ ਵਿਚ ਅਮਰੀਕੀ ਮਿਸ਼ਨਾਂ ਲਈ ਕੰਮ ਕਰਨ ਵਾਲੇ ਰੂਸੀ ਨਾਗਰਿਕਾਂ ਦੇ ਰੁਜ਼ਗਾਰ ਦੇ ਦਰਜੇ ਸਮੇਤ ਹੋਰ ਕੂਟਨੀਤਕ ਮੁੱਦਿਆਂ ’ਤੇ ਚਰਚਾ ਸ਼ੁਰੂ ਕਰਨਗੇ। ਬਾਇਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਲੀਵਨ ਦੇ ਅਗਲੇ ਹਫ਼ਤੇ ਮਾਸਕੋ ਪਰਤਣ ਦੀ ਸੰਭਾਵਨਾ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਸਰਕਾਰਾਂ ਨੇ ਵਣਜ ਸਫ਼ਾਰਤਖਾਨੇ ਤੇ ਸਥਾਨਕ ਕੌਂਸਲਖਾਨਿਆਂ ਦੇ ਮੁਲਾਜ਼ਮਾਂ ਦੇ ਮੁੱਦੇ ’ਤੇ ਚਰਚਾ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਦੋ ਮਹੀਨੇ ਵਿਚ ਕੋਈ ਸਮਝੌਤਾ ਹੋਣ ਦੀ ਆਸ ਹੈ।

ਸਾਈਬਰ ਸੁਰੱਖਿਆ ਦੇ ਮੁੱਦੇ ’ਤੇ ਕੋਈ ਵੱਡਾ ਐਲਾਨ ਤਾਂ ਨਹੀਂ ਹੋਇਆ ਪਰ ਆਗੂ ਘੱਟੋ-ਘੱਟ ਇਸ ਮੁੱਦੇ ’ਤੇ ਗੱਲ ਕਰਨ ਲਈ ਤਿਆਰ ਹੋ ਗਏ ਹਨ। ਬਾਇਡਨ ਨੇ ਰੂਸ ਨਾਲ ਸਾਈਬਰ ਅਪਰਾਧੀਆਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਮਰੀਕਾ ਤੇ ਰੂਸ ਦੀਆਂ ਸਰਕਾਰਾਂ ਕੁਝ ਅਪਰਾਧਿਕ ਮਾਮਲਿਆਂ ’ਤੇ ਕੰਮ ਕਰਨਗੀਆਂ। ਪੂਤਿਨ ਨੇ ਇਸ ਗੱਲ ’ਤੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਇਹ ਦੋਹਾਂ ਦੇਸ਼ਾਂ ਦੇ ਹਿੱਤ ਦਾ ਮਾਮਲਾ ਹੈ।

ਬਾਇਡਨ ਤੇ ਪੂਤਿਨ ਨੇ ਆਪਣੇ ਮੰਤਰੀਆਂ ਨੂੰ ਪਰਮਾਣੂ ਹਥਿਆਰਾਂ ਦੇ ਕੰਟਰੋਲ ਦੇ ਨਵੇਂ ਗੇੜ ਲਈ ਰੂਪ-ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ। ਫਿਲਹਾਲ ਗੱਲਬਾਤ ਸ਼ੁਰੂ ਕਰਨ ਲਈ ਕੋਈ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਪੂਤਿਨ ਨੇ ਕਿਹਾ ਕਿ ਉਹ ਤੇ ਬਾਇਡਨ ਪਰਮਾਣੂ ਹਥਿਆਰਾਂ ਨੂੰ ਸੀਮਿਤ ਕਰਨ ਵਾਲੇ ਨਵੇਂ ‘ਸਟਾਰਟ’ ਸਮਝੌਤੇ ਦੇ 2026 ਵਿਚ ਸਮਾਪਤ ਹੋਣ ਤੋਂ ਬਾਅਦ ਇਸ ਨੂੰ ਸੰਭਾਵੀ ਰੂਪ ਨਾਲ ਬਦਲਣ ਬਾਰੇ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤ ਹੋਏ ਹਨ। ਗੱਲਬਾਤ ਲਈ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਉੱਧਰ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਪੂਤਿਨ ਕੋਲ ਰੂਸ ਵਿਚ ਕੈਦ ਦੋ ਅਮਰੀਕੀਆਂ ਦੀ ਮਾੜੀ ਹਾਲਤ ਦਾ ਮੁੱਦਾ ਉਠਾਇਆ। ਪੂਤਿਨ ਨੇ ਕੈਦੀਆਂ ਦੇ ਤਬਾਦਲੇ ਲਈ ਗੱਲਬਾਤ ਜਾਰੀ ਰੱਖਣ ਦੀ ਗੱਲ ਕਹੀ ਅਤੇ ਬਾਇਡਨ ਨੇ ਵੀ ਇਸ ਮੁੱਦੇ ’ਤੇ ਹਾਮੀ ਭਰੀ। ਪੂਤਿਨ ਨੇ ਮੰਨਿਆ ਕਿ ਬਾਇਡਨ ਨੇ ਉਨ੍ਹਾਂ ਕੋਲ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾਇਆ ਜਿਸ ਵਿਚ ਵਿਰੋਧੀ ਆਗੂ ਐਲੇਕਸੀ ਨਵਾਲਨੀ ਦਾ ਮਾਮਲਾ ਵੀ ਸ਼ਾਮਲ ਸੀ। ਦੋਹਾਂ ਆਗੂਆਂ ਨੇ ਸੀਰੀਆ, ਅਫ਼ਗਾਨਿਸਤਾਨ ਤੇ ਇਰਾਕ ਦੇ ਮੁੱਦੇ ’ਤੇ ਵੀ ਗੱਲਬਾਤ ਕੀਤੀ। ਬਾਇਡਨ ਨੇ ਪੂਤਿਨ ਨੂੰ ਸੀਰੀਆ ਵਿਚ ਕੌਮਾਂਤਰੀ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਆਖਰੀ ਕਰੌਸਿੰਗ ਬੰਦ ਕਰਨ ਦੀਆਂ ਕੋਸ਼ਿਸ਼ਾਂ ਛੱਡਣ ਲਈ ਕਿਹਾ ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਹ ਮਾਮਲਾ ਅਮਰੀਕਾ ਲਈ ਕਿੰਨਾ ਅਹਿਮ ਹੈ। ਫਿਲਹਾਲ ਇਸ ਨੂੰ ਖੋਲ੍ਹਣ ਬਾਰੇ ਕੋਈ ਸਮਝੌਤਾ ਨਹੀਂ ਹੋਇਆ।

ਬਾਇਡਨ ਨੇ ਕਿਹਾ ਕਿ ਪੂਤਿਨ ਨੇ ਅਫ਼ਗਾਨਿਸਤਾਨ ਬਾਰੇ ਪੁੱਛਿਆ ਅਤੇ ਉੱਥੇ ਸ਼ਾਂਤੀ ਤੇ ਸੁਰੱਖਿਆ ਕਾਇਮ ਰੱਖਣ ਦੀ ਇੱਛਾ ਜਤਾਈ। ਇਸ ’ਤੇ ਬਾਇਡਨ ਨੇ ਪੂਤਿਨ ਨੂੰ ਕਿਹਾ ਕਿ ਇਹ ਕਾਫੀ ਹੱਦ ਤੱਕ ਉਨ੍ਹਾਂ ਉੱਪਰ ਨਿਰਭਰ ਕਰਦਾ ਹੈ ਅਤੇ ਪੂਤਿਨ ਨੇ ਸੰਕੇਤ ਦਿੱਤਾ ਕਿ ਉਹ ਇਰਾਨ ਦੇ ਨਾਲ ਹੀ ਅਫ਼ਗਾਨਿਸਤਾਨ  ਦੇ ਮੁੱਦੇ ’ਤੇ ਮਦਦ ਕਰਨ ਲਈ ਤਿਆਰ ਹਨ। ਬਾਇਡਨ ਨੇ ਇਸ ਤੋਂ ਇਲਾਵਾ ਹੋਰ ਜਾਣਕਾਰੀ ਨਹੀਂ ਦਿੱਤੀ। ਬਾਇਡਨ ਪ੍ਰਸ਼ਾਸਨ ਇਰਾਨ ਨੂੰ ਪਰਮਾਣੂ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣ ਕਰਨ ਲਈ ਮਨਾਉਣ ਦੀਆਂ ਨਵੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਦੇ ਬਾਗ਼ੀ ਵਿਧਾਇਕਾਂ ਵੱਲੋਂ ਰਾਹੁਲ ਨਾਲ ਮੁਲਾਕਾਤ
Next articleਤਿੰਨ ਯਾਤਰੀਆਂ ਸਣੇ ਚੀਨ ਦਾ ਪੁਲਾੜ ਯਾਨ ਦੇਸ਼ ਦੇ ਨਵੇਂ ਪੁਲਾੜ ਸਟੇਸ਼ਨ ਤਿਆਨਹੇ ਪਹੁੰਚਿਆ