ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਬਠਿੰਡਾ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਪੁਲਿਸ ਵੱਲੋਂ ਕਿਸਾਨਾਂ ‘ਤੇ ਕੀਤੇ ਜਬਰ ਤਸ਼ੱਦਦ ਵਿਰੁੱਧ ਦੋਨੀਂ ਥਾਂਈਂ ਸੜਕ ਜਾਮ ਅਤੇ ਧੱਕੇ ਨਾਲ ਜ਼ਮੀਨਾਂ ਖੋਹਣ ਵਿਰੁੱਧ ਪੱਕੇ ਮੋਰਚੇ ਸ਼ੁਰੂ

ਚੰਡੀਗੜ੍ਹ 26 ਜੂਨ (ਸਮਾਜ ਵੀਕਲੀ)- ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਛੇ ਮਾਰਗੀ ਸੜਕਾਂ ਲਈ ਜ਼ਮੀਨਾਂ ਧੱਕੇ ਨਾਲ ਖੋਹਣ ਦਾ ਜਨਤਕ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਬੀਤੇ ਦਿਨ ਕੀਤੇ ਗਏ ਪੁਲਿਸ ਜਬਰ ਵਿਰੁੱਧ ਅੱਜ ਪਿੰਡ ਸੈਣੇਵਾਲ (ਬਠਿੰਡਾ) ਵਿਖੇ ਬਠਿੰਡਾ-ਡੱਬਵਾਲੀ ਰੋਡ ਅਤੇ ਪਿੰਡ ਕੋਟਆਗਾ (ਲੁਧਿਆਣਾ) ਵਿਖੇ ਡੇਹਲੋਂ-ਪੱਖੋਵਾਲ ਰੋਡ 10 ਤੋਂ 4 ਵਜੇ ਤੱਕ ਜਾਮ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਦੱਸਿਆ ਗਿਆ ਹੈ ਕਿ ਸੜਕਾਂ ਜਾਮ ਕਰਨ ਸਮੇਂ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ ਹੋਏ ਲਾਮਿਸਾਲ ਇਕੱਠ ਕਿਸਾਨਾਂ ਦੀ ਹੱਕੀ ਆਵਾਜ਼ ਨੂੰ ਦਬਾਉਣਾ ਲੋਚਦੀ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਤਿੱਖੇ ਰੋਹ ਦਾ ਪ੍ਰਗਟਾਵਾ ਹੋ ਨਿੱਬੜੇ। ਬਾਅਦ ਵਿੱਚ ਬਠਿੰਡਾ ਸ਼ਹਿਰ ਵਿਖੇ ਲਾਮਿਸਾਲ ਰੋਹ ਭਰਪੂਰ ਰੋਸ ਮਾਰਚ ਵੀ ਕੀਤਾ ਗਿਆ ਜਿਹੜਾ ਡੀ ਸੀ ਦਫ਼ਤਰ ਅੱਗੇ ਚਿਤਾਵਨੀ ਦੇ ਕੇ ਖ਼ਤਮ ਕੀਤਾ ਗਿਆ। ਧਰਨਿਆਂ ਦੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਨਕ ਸਿੰਘ ਭੁਟਾਲ ਅਤੇ ਰੂਪ ਸਿੰਘ ਛੰਨਾਂ ਅਤੇ ਜ਼ਿਲ੍ਹਿਆਂ/ਬਲਾਕਾਂ ਦੇ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਐਲਾਨ ਕੀਤਾ ਗਿਆ ਕਿ ਪਥਰਾਲਾ (ਬਠਿੰਡਾ) ਅਤੇ ਕੋਟਆਗਾ (ਲੁਧਿਆਣਾ) ਵਿਖੇ ਕਿਸਾਨਾਂ ਦੇ ਪੱਕੇ ਧਰਨੇ ਉਦੋਂ ਤੱਕ ਦਿਨੇ ਰਾਤ ਜਾਰੀ ਰੱਖੇ ਜਾਣਗੇ ਜਦੋਂ ਤੱਕ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨਾਂ ਦੇ ਪੂਰੇ ਰੇਟ ਨਹੀਂ ਦਿੱਤੇ ਜਾਂਦੇ ਅਤੇ ਇਸ ਤੋਂ ਪਹਿਲਾਂ ਧੱਕੇ ਨਾਲ ਕਿਸਾਨਾਂ ਦੀ ਇੱਕ ਇੰਚ ਜ਼ਮੀਨ ਉੱਤੇ ਵੀ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਸਰਕਾਰ ਜਿੰਨਾ ਮਰਜ਼ੀ ਜਬਰ ਢਾਹ ਲਵੇ।

ਇਸ ਮੁੱਖ ਮੰਗ ਤੋਂ ਇਲਾਵਾ ਧਰਨਾਕਾਰੀਆਂ ਦੀ ਮੰਗ ਹੈ ਕਿ ਜ਼ਖ਼ਮੀ ਕਿਸਾਨਾਂ ਦਾ ਪੂਰਾ ਇਲਾਜ ਸਰਕਾਰੀ ਖਰਚੇ ਤੇ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਵੀ ਦਿੱਤਾ ਜਾਵੇ। ਇਸ ਵਹਿਸ਼ੀ ਕਾਰੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੜਕਾਂ ਦੇ ਠੇਕੇਦਾਰ ਲੁਟੇਰੇ ਕਾਰਪੋਰੇਟ ਘਰਾਣਿਆਂ ਦਾ ਇੱਕਤਰਫਾ ਪੱਖ ਲੈਣ ਦੇ ਜੁਰਮ ਦੀ ਭਾਗੀਦਾਰ ਬਣ ਰਹੀ ਹੈ, ਪ੍ਰੰਤੂ ਸਰਕਾਰ ਦਾ ਇਹ ਵਤੀਰਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜਾਰੀ ਕਰਤਾ: ਸੁਖਦੇਵ ਸਿੰਘ, ਕੋਕਰੀ ਕਲਾਂ 9417466038