ਸੀਵਰੇਜ ਸਮੱਸਿਆ ਨਾਲ ਜੂਝ ਰਿਹੈ ਝੀਲਾਂ ਦਾ ਸ਼ਹਿਰ ਬਠਿੰਡਾ

Punjab Finance Minister Manpreet Singh Badal

ਬਠਿੰਡਾ (ਸਮਾਜ ਵੀਕਲੀ):  ਬਠਿੰਡਾ ਵਿਧਾਨ ਸਭਾ ਹਲਕਾ ਮਾਲਵਾ ਖੇਤਰ ਦਾ ਅਹਿਮ ਹਲਕਾ ਹੈ, ਜਿੱਥੇ ਬਾਦਲ ਪਰਿਵਾਰ ਦਾ ਨਾਂ ਚਲਦਾ ਹੈ। ਲੋਕ ਸਭਾ ਹਲਕਾ ਬਠਿੰਡਾ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਕਾਬਜ਼ ਰਹੇ ਹਨ।

ਬਠਿੰਡਾ ਦੇ ਸੀਵਰੇਜ ਸਿਸਟਮ ’ਤੇ ਦੋਵੇਂ ਰਵਾਇਤੀ ਪਾਰਟੀਆਂ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਬਰਸਾਤਾਂ ਦੌਰਾਨ ਸ਼ਹਿਰ ਸਮੁੰਦਰ ਦਾ ਰੂਪ ਧਾਰਨ ਕਰ ਲੈਂਦਾ ਹੈ। ਝੁੱਗੀ-ਝੌਂਪੜੀ ਵਾਲੇ ਇਲਾਕੇ ਦੀਆਂ ਬਸਤੀਆਂ ਵਿਚਲੇ ਲੋਕ ਅਕਸਰ ਮੀਂਹ ਮਗਰੋਂ ਖੜ੍ਹੇ ਪਾਣੀ ਵਿੱਚ ਕਿਸ਼ਤੀਆਂ ਚਲਾ ਕੇ ਸਰਕਾਰ ਨੂੰ ਕੋਸਦੇ ਹਨ। ਸ਼ਹਿਰ ਵਿੱਚੋਂ ਪਾਣੀ ਬਾਹਰ ਕੱਢਣ ਲਈ ਲਸਾੜਾ ਡਰੇਨ ਵਿੱਚ ਪਾਈ ਜਾਣ ਵਾਲੀ ਪਾਈਪ ਲਾਈਨ ਦਾ ਕੰਮ ਹਾਲੇ ਅਧੂਰਾ ਹੈ। ਇਸੇ ਤਰ੍ਹਾਂ ਸ਼ਹਿਰ ਵਿੱਚ ਬਣਿਆ ਕੂੜਾ ਡੰਪ ਬਠਿੰਡਾ ਅਤੇ ਆਸ-ਪਾਸ ਦੀਆਂ ਦਰਜਨਾਂ ਕਲੋਨੀਆਂ ਲਈ ਮੁਸੀਬਤ ਬਣਿਆ ਹੋਇਆ ਹੈ। ਸ਼ਹਿਰ ਵਿੱਚੋਂ ਲੰਘਦੇ ਰਜਬਾਹੇ ਅਤੇ ਗੰਦੇ ਨਾਲੇ ਦੀ ਪਟੜੀ ਸਾਂਝੀ ਹੋਣ ਕਾਰਨ ਇਸ ਦਾ ਰਿਸਾਅ ਅਕਸਰ ਹੀ ਰਜਬਾਹੇ ਵਿੱਚ ਹੁੰਦਾ ਰਹਿੰਦਾ ਹੈ, ਜਿਸ ਕਾਰਨ ਪਾਣੀ ਪ੍ਰਦੂਸ਼ਿਤ ਹੁੰਦਾ ਹੈ। ਨਹਿਰੀ ਵਿਭਾਗ ਨੇ ਇਹ ਲੀਕੇਜ ਭਾਵੇਂ ਕਈ ਵਾਰ ਠੀਕ ਕਰਵਾਈ ਹੈ ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ। ਸ਼ਹਿਰ ਵਿੱਚੋਂ ਲੰਘਦੇ ਭਾਰੀ ਵਾਹਨ ਅਕਸਰ ਟਰੈਫਿਕ ਜਾਮ ਦਾ ਕਾਰਨ ਬਣਦੇ ਹਨ। ਲੋਕਾਂ ਦੀ ਮੰਗ ਹੈ ਕਿ ਭਾਰੀ ਵਾਹਨ ਰਿੰਗ ਰੋਡ ਰਾਹੀਂ ਬਾਹਰ ਕੱਢੇ ਜਾਣ।

ਬਠਿੰਡਾ ਤੋਂ ਵਿਧਾਇਕ ਅਤੇ ਮੌਜੂਦਾ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਬਠਿੰਡਾ ਵਾਸੀਆਂ ਨਾਲ ਕੀਤੇ ਵਾਅਦੇ ਲਗਭਗ ਸਾਰੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਅੰਦਰ ਬਰਨਾਲਾ ਬਾਈਪਾਸ ਤੋਂ ਸ਼ਹਿਰ ਦੇ ਆਈਟੀਆਈ ਚੌਕ ਤੱਕ 95 ਕਰੋੜ ਦੀ ਲਾਗਤ ਨਾਲ ਰਿੰਗ ਰੋਡ ਦਾ ਕੰਮ ਨੇਪਰੇ ਚਾੜ੍ਹ ਕੇ ਬਠਿੰਡਾ ਵਾਸੀਆਂ ਨੂੰ ਟਰੈਫਿਕ ਤੋਂ ਨਿਜਾਤ ਦਿਵਾਈ। ਇਸ ਤੋਂ ਇਲਾਵਾ ਰੇਲਵੇ ਪਾਰ ਕਲੋਨੀਆਂ ਸੰਜੈ ਨਗਰ, ਸੰਗੂਆਣਾ ਬਸਤੀ ਲਈ ਪੰਜ ਰੇਲ ਫਾਟਕਾਂ ’ਤੇ 95 ਕਰੋੜ ਦੀ ਲਾਗਤ ਨਾਲ ਓਵਰਬਰਿੱਜ ਬਣਾਏ। ਸ਼ਹਿਰ ਦੇ ਰੋਜ਼ ਗਾਰਡਨ ਵਿੱਚ 30 ਕਰੋੜ ਦੀ ਲਾਗਤ ਨਾਲ ਆਡੀਟੋਰੀਅਮ ਤੇ ਬਠਿੰਡਾ ਦੇ ਮੁੱਖ ਸਕੂਲ ਨੂੰ ਪੰਜਾਬ ਦੇ ਸੁੰਦਰ ਸਕੂਲ ਵਜੋਂ ਵਿਕਸਤ ਕਰਦਿਆਂ 35 ਕਰੋੜ ਰੁਪਏ ਖਰਚੇ। ਬਠਿੰਡਾ ਦੀ ਸਰਹਿੰਦ ਕੈਨਾਲ ਨਹਿਰ ਨੂੰ 27 ਕਰੋੜ ਦੀ ਲਾਗਤ ਨਾਲ ਪੱਕਾ ਕਰਵਾਇਆ ਅਤੇ ਸਮੁੱਚੇ ਸ਼ਹਿਰ ਅੰਦਰ ਕਰੋੜਾਂ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ, ਅੰਡਰ ਗਰਾਊਂਡ ਵਾਟਰ ਪਾਈਪ ਸਮੇਤ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਦੂਰ ਕੀਤੀ ਅਤੇ ਲੱਖਾਂ ਦੀ ਲਾਗਤ ਨਾਲ ਬਠਿੰਡਾ ਨੂੰ ਹਰੇ-ਭਰੇ ਪਾਰਕਾਂ ਦਾ ਸ਼ਹਿਰ ਬਣਾਇਆ।

ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਲਈ ਕੋਈ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ। ਗਲੀਆਂ-ਨਾਲੀਆਂ, ਸਕੂਲਾਂ ਦੀ ਉਸਾਰੀ ਸਰਕਾਰਾਂ ਦੇ ਆਮ ਕੰਮ ਹੁੰਦੇ ਹਨ।

ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਦੀ ਬਠਿੰਡਾ ਲਈ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਉਨ੍ਹਾਂ ਕਿਹਾ ਬਠਿੰਡਾ ਅੰਦਰ ਕੂੜਾ ਪਲਾਂਟ ਸ਼ਹਿਰ ਦੀਆਂ ਦਰਜਨਾਂ ਕਲੋਨੀਆਂ ਲਈ ਸਿਰਦਰਦੀ ਬਣਿਆ ਹੋਇਆ ਹੈ। ਗਿੱਲ ਨੇ ਕਿਹਾ ਝੂਠੇ ਵਾਅਦੇ ਕਰਨ ਵਾਲੇ ਮਨਪ੍ਰੀਤ ਬਠਿੰਡਾ ਵਾਸੀਆਂ ਨੂੰ ਕਹਿੰਦੇ ਨਹੀਂ ਸਨ ਥੱਕਦੇ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ਵਿੱਚ ਉਹ ਧੂੰਆਂ ਕੱਢਣਗੇ ਪਰ ਸਰਕਾਰ ਬਣਦਿਆਂ ਹੀ ਥਰਮਲ ਬੰਦ ਕਰ ਦਿੱਤਾ ਅਤੇ ਥਰਮਲ ਵਾਲੀ ਜ਼ਮੀਨ ’ਤੇ ਡਰੱਗ ਪਾਰਕ ਤਾਂ ਹਾਲੇ ਦੂਰ ਦੀ ਗੱਲ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly