ਅਰਤਿੰਦਰ ਸੰਧੂ ਦੀ ਸ਼ਾਹਕਾਰ ਵਾਰਤਕ ਪੁਸਤਕ : ‘ਜੜ੍ਹਾਂ ਦੇ ਵਿਚ ਵਿਚਾਲੇ’

ਰਵਿੰਦਰ ਸਿੰਘ ਸੋਢੀ

(ਸਮਾਜ ਵੀਕਲੀ)

ਕਵਿਤਾ ਮਨ ਦੇ ਮਨੋਭਾਵਾਂ ਦਾ ਆਪ ਮੁਹਾਰਾ ਪ੍ਰਗਟਾ ਹੈ, ਪਰ ਵਾਰਤਕ ਵਿਚ ਅਜਿਹਾ ਨਹੀਂ ਹੁੰਦਾ। ਵਾਰਤਕਾਰ ਨੂੰ ਆਪਣੇ ਵਿਸ਼ੇ ਦੀ ਚੋਣ ਵੇਲੇ ਵੀ ਸਰਕਤ ਰਹਿਣਾ ਪੈਂਦਾ ਹੈ ਅਤੇ ਵਿਚਾਰਾਂ ਦੇ ਪ੍ਰਗਟਾ ਸਮੇਂ ਵੀ। ਉਸ ਨੂੰ ਆਪਣੇ ਚੁਣੇ ਹੋਏ ਵਿਸ਼ੇ ਦੀ ਵਿਸਤ੍ਰਿਤ ਜਾਣਕਾਰੀ ਹੋਣੀ ਹੀ ਜਰੂਰੀ ਨਹੀਂ ਹੁੰਦੀ, ਉਸ ਦੇ ਗਿਆਨ ਦਾ ਭੰਡਾਰ ਅਸੀਮ ਹੋਣਾ ਵੀ ਲਾਜ਼ਮੀ ਹੁੰਦਾ ਹੈ। ਸੰਬੰਧਤ ਵਿਸ਼ੇ ਨੂੰ ਪ੍ਰਗਟਾਉਣ ਲਈ ਉਸ ਕੋਲ ਸਹਾਇਕ ਸਰੋਤਾਂ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ ਤਾਂ ਜੋ ਉਹ ਆਪਣੇ ਵਿਸ਼ੇ ਨੂੰ ਇਸ ਢੰਗ ਨਾਲ ਪਾਠਕਾਂ ਦੇ ਸਨਮੁੱਖ ਕਰੇ ਕਿ ਪਾਠਕਾਂ ਦੇ ਗਿਆਨ ਵਿਚ ਨਿਗਰ ਵਾਧਾ ਹੋਵੇ।

ਇਸ ਦੇ ਨਾਲ-ਨਾਲ ਜੇ ਵਾਰਤਕਾਰ ਦੀ ਸ਼ੈਲੀ ਪਾਠਕਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰੇ ਤਾਂ ਨਿਸ਼ਚੇ ਹੀ ਉਹ ਸਫਲ ਵਾਰਤਕਾਰ ਹੁੰਦਾ ਹੈ। ਅਰਤਿੰਦਰ ਸੰਧੂ ਪੰਜਾਬੀ ਦੀ ਇਕ ਅਜਿਹੀ ਸਾਹਿਤਕਾਰ ਹੈ ਜੋ ਪੰਜਾਬੀ ਕਾਵਿ ਖੇਤਰ ਵਿਚ ਆਪਣਾ ਵਿਸ਼ੇਸ਼ ਮੁਕਾਮ ਹਾਸਲ ਕਰ ਚੁੱਕੀ ਹੈ। ਆਧੁਨਿਕ ਪੰਜਾਬੀ ਕਾਵਿ ਜਗਤ ਦੀ ਚਰਚਾ ਕਰਨ ਸਮੇਂ ਉਸ ਦੇ ਜਿਕਰ ਤੋਂ ਬਿਨਾ ਅਜਿਹੀ ਚਰਚਾ ਅਧੂਰੀ ਮੰਨੀ ਜਾਵੇ ਗੀ। ਕਵਿਤਾ ਦੇ ਨਾਲ ਹੀ ਉਸ ਨੇ ਵਾਰਤਕ ਦੇ ਖੇਤਰ ਵਿਚ ਆਪਣੇ ਪਹਿਲੇ ਹੀ ਉੱਦਮ ਨਾਲ ਇਕ ਸੁਲਝੀ ਹੋਈ ਵਾਰਤਕ ਲੇਖਕ ਹੋਣ ਦਾ ਪ੍ਰਮਾਣ ਦਿੱਤਾ ਹੈ। ਉਸ ਦੀ ਵਾਰਤਕ ਪੁਸਤਕ ‘ਜੜ੍ਹਾਂ ਦੇ ਵਿਚ ਵਿਚਾਲੇ’ ਮੇਰੇ ਉਪਰੋਕਤ ਕਥਨ ਦੀ ਹਾਮੀ ਭਰਦੀ ਹੈ।

ਪ੍ਰਸਤੁਤ ਪੁਸਤਕ ਵਿਚ ਅਰਤਿੰਦਰ ਨੇ ਦੋ ਭਾਗਾਂ ਵਿਚ ਵੀਹ ਲੇਖ ਦਰਜ ਕੀਤੇ ਹਨ। ਪਹਿਲੇ ਭਾਗ ਵਿਚ ਗਿਆਰਾਂ ਅਤੇ ਦੂਜੇ ਭਾਗ ਵਿਚ ਨੌਂ। ਵੈਸੇ ਤਾਂ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਣ ਦੀ ਜਰੂਰਤ ਨਹੀਂ ਸੀ, ਪਰ ਕਿਉਂ ਜੋ ਦੂਜੇ ਭਾਗ ਦੇ ਲੇਖ ਕਿਸੇ ਸਮੇਂ ਇਕ ਮਾਸਿਕ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੁੰਦੇ ਰਹੇ ਹਨ, ਇਸ ਲਈ ਉਹਨਾਂ ਨੂੰ ਵੱਖ ਕਰ ਦਿੱਤਾ। ਪੁਸਤਕ ਦੇ ਮੁੱਖ ਬੰਦ ਵਿਚ ਲੇਖਿਕਾ ਦੇ ਵਿਚਾਰ ਵੀ ਪੜ੍ਹਨ ਵਾਲੇ ਹਨ। ਉਸ ਦਾ ਵਿਚਾਰ ਹੈ ਕਿ ਵਰਤਮਾਨ ਸਮੇਂ ਦੀ ਤੇਜ਼ ਰਫ਼ਤਾਰ ਤਰੱਕੀ ਕਰਕੇ ਸਾਡੀ ਤੋਰ ਸਾਂਵੀਂ ਨਹੀਂ ਰਹੀ। ਸਾਡੀਆਂ ਭਾਈਚਾਰਕ, ਸਦਾਚਾਰਕ, ਸਭਿਆਚਾਰਕ ਤੇ ਮਨੁੱਖੀ ਤੰਦਾਂ ਤਿੜਕੀਆਂ ਹਨ, ਰਿਸ਼ਤਿਆਂ ਦੇ ਰੂਪ ਵੀ ਬਦਲੇ ਹਨ।

ਪਹਿਲੇ ਹਿੱਸੇ ਦੇ ਲੇਖਾਂ ਦਾ ਸੰਬੰਧ ਉਪਰੋਕਤ ਤਬਦੀਲੀਆਂ ਨਾਲ ਹੈ। ਉਹ ਅੱਗੇ ਲਿਖਦੀ ਹੈ ਕਿ ਜ਼ਿੰਦਗੀ ਵਿਚ ਆਪੋਧਾਪੀ ਪੈਦਾ ਹੋਈ ਹੈ ਅਤੇ ਸਾਡੇ ਸਹਿਜ ਨਾਲ ਜੀਣ ਨੂੰ ਕਾਹਲ ਭਰੀ ਬੇਤਰਤੀਬੀ ਵਿਚ ਬਦਲ ਦਿੱਤਾ ਹੈ। ਇਹ ਵਰਤਾਰਾ ਸਾਡੀਆਂ ਜੜ੍ਹਾਂ ਦੇ ਧੁਰ ਅੰਦਰ ਤੱਕ ਪਹੁੰਚ ਗਿਆ ਹੈ। ਨਿਸ਼ਚੇ ਹੀ ਜ਼ਿੰਦਗੀ ਨੂੰ ਨੇੜੇ ਤੋਂ ਨਿਹਾਰਨ ਵਾਲੀ ਲੇਖਿਕਾ ਦੀਆਂ ਇਹ ਟਿਪਣੀਆਂ ਸਾਡੇ ਸਮੇਂ ਦਾ ਕੌੜਾ ਯਥਾਰਥ ਹਨ।

ਪਹਿਲੇ ਭਾਗ ਦੇ ਪਹਿਲੇ ਹੀ ਲੇਖ ਦਾ ਸਿਰਲੇਖ ‘ਬੁਰਾ ਨਹੀਂ ਹੁੰਦਾ ਬੋਰ ਹੋਣਾ’ ਹੀ ਪਾਠਕਾਂ ਦਾ ਧਿਆਨ ਖਿੱਚਦਾ ਹੈ। ਇਸ ਲੇਖ ਦੇ ਮੁੱਢ ਵਿਚ ਹੀ ਵਾਕ ਪੜ੍ਹਨ ਨੂੰ ਮਿਲਦਾ ਹੈ-ਬੋਰ ਹੋਣ ਦੇ ਬੀਜ ਸਾਡੀ ਧਰਤੀ, ਸਾਡੇ ਵਾਯੂਮੰਡਲ ਵਿਚ ਵਿਆਪਕ ਰੂਪ ਵਿਚ ਖਿਲਰੇ ਪਏ ਹਨ ਤੇ ਇਸ ਤੋਂ ਪਾਰ ਬ੍ਰਹਿਮੰਡ ਵਿਚ ਵੀ ਹੋਣ ਗੇ। ਇਸ ਲੇਖ ਦਾ ਦਿਲਚਸਪ ਪਹਿਲੂ ਇਹ ਹੈ ਕਿ ਅਰਤਿੰਦਰ ਨੇ ਇਸ ਬੋਰੀਅਤ ਜਾਂ ਉਕਤਾਹਟ ਦੀ ਅਵਸਥਾ ਤੋਂ ਬਾਅਦ ‘ਗਤੀ ਪੈਦਾ ਹੋਣ’ ਦੀ ਗੱਲ ਕਰਦੇ ਹੋਏ ਲਿਖਿਆ ਹੈ ਕਿ ਅਜਿਹੀ ‘ਗਤੀ ਸਿਰਜਣਾਤਮਕ ਵੀ ਹੋ ਸਕਦੀ ਹੈ ਅਤੇ ਤਬਾਹਕੁੰਨ ਵੀ।’ ਇਹ ਲੇਖ ਪੜ੍ਹ ਕੇ ਲੇਖਿਕਾ ਦੀ ਇਸ ਗੱਲ ਤੋਂ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਇਸ ਖੇਤਰ ਵਿਚ ਹੋ ਚੁੱਕੀਆਂ ਮਹਤੱਵਪੂਰਨ ਖੋਜਾਂ ਦਾ, ਖੋਜਾਰਥੀਆਂ ਦਾ ਅਤੇ ਉਹਨਾਂ ਵੱਲੋਂ ਲਿਖੀਆਂ ਪੁਸਤਕਾਂ ਦਾ ਹਵਾਲਾ ਵੀ ਦਿੱਤਾ ਹੈ, ਜਿਸ ਨਾਲ ਪਾਠਕਾਂ ਦੇ ਗਿਆਨ ਵਿਚ ਵਾਧਾ ਤਾਂ ਹੁੰਦਾ ਹੀ ਹੈ, ਉਥੇ ਹੀ ਅਰਤਿੰਦਰ ਸੰਧੂ ਦੇ ਵਿਸ਼ਾਲ ਅਧਿਐਨ ਦਾ ਵੀ ਪਤਾ ਚੱਲਦਾ ਹੈ।

ਲੇਖਿਕਾ ਨੇ ਬੋਰੀਅਤ ਮਹਿਸੂਸ ਕਰਨ ਵਾਲੇ ਲੋਕਾਂ ਲਈ ਇਕ ਬਹੁਤ ਹੀ ਭਾਵਪੂਰਤ ਵਾਕ ਲਿਖਿਆ ਹੈ ‘ਇਸ ਨਾਲ(ਬੋਰੀਅਤ) ਜ਼ਿੰਦਗੀ ਦੇ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ।’ ਇਸ ਇਕ ਲੇਖ ਲਈ ਲੇਖਿਕਾ ਨੇ ਕਿੰਨੇ ਹੋਰ ਸ੍ਰੋਤਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੋਵੇ ਗੀ, ਇਸ ਦਾ ਪਤਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਉਸਨੇ ਤਕਰੀਬਨ ਪੰਦਰਾਂ ਵਿਦਵਾਨਾਂ ਦੇ ਪ੍ਰਗਟਾਏ ਵਿਚਾਰਾਂ ਨੂੰ ਪ੍ਰਮਾਣ ਵਜੋਂ ਪੇਸ਼ ਕੀਤਾ ਹੈ ਅਤੇ ਕੁਝ ਯੂਨੀਵਰਸਿਟੀਆਂ ਵਿਚ ਹੋਈਆਂ ਖੋਜਾਂ ਦਾ ਹਵਾਲਾ ਵੀ ਦਿੱਤਾ ਹੈ। ਇਸ ਲੇਖ ਦਾ ਅੰਤ ਵੀ ਬੜੇ ਭਾਵਪੂਰਤ ਵਾਕ ਨਾਲ ਕੀਤਾ ਹੈ–ਸੋ ਆਓ ਬੋਰ ਹੁੰਦੇ ਰਹੀਏ-ਤਕਨਾਲੋਜੀ ਤੋਂ ਕੁਝ ਬਚਾਕੇ। ਪੁਸਤਕ ਦੇ ਕੁਝ ਹੋਰ ਲੇਖਾਂ ਜਿਵੇਂ; ਲੋਕ ਕਥਾਵਾਂ ਵਿਚ ਸੁਨੇਹੇ, ਰਾਹਾਂ ਕੁਰਾਹੇ ਦੀ ਉਲਝੀ ਤਾਣੀ ਆਦਿ ਵਿਚ ਵੀ ਆਪਣੇ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਸੰਬੰਧਤ ਖੇਤਰ ਦੇ ਵਿਦਵਾਨਾਂ ਦੇ ਵਿਚਾਰਾਂ ਜਾਂ ਖੋਜਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਹ ਸਹਾਇਕ ਸਰੋਤਾਂ ਨੂੰ ਭਾਲਣ ਲਈ ਮਿਹਨਤ ਕਰਦੀ ਹੈ।

ਪੁਸਤਕ ਵਿਚ ਦਰਜ ਲੇਖਾਂ ਦੇ ਸਿਰਲੇਖ ਹੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਸ ਨੇ ਮਹੱਤਵਪੂਰਣ ਵਿਸ਼ਿਆਂ ਦੇ ਨਾਲ ਨਾਲ ਕੁਝ ਅਜਿਹੇ ਨਿਗੂਣੇ ਵਿਸ਼ਿਆਂ ਤੇ ਵੀ ਕਲਮ ਚਲਾਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਛੋਟੀਆਂ ਚੀਜ਼ਾਂ ਵਿਚੋਂ ਵੀ ਵਿਸ਼ਾਲਤਾ ਭਾਲ ਸਕਦੀ ਹੈ। ਉਸ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਜਾਂ ਚੀਜ਼ਾਂ ਦੀ ਪਰਖ ਕਰਨ ਦੀ ਖਾਸ ਸੋਝੀ ਹੈ। ਇਸ ਨੂੰ ਉਸ ਦੀ ਵਾਰਤਕ ਕਲਾ ਦਾ ਪ੍ਰਮੁੱਖ ਗੁਣ ਮੰਨਿਆ ਜਾ ਸਕਦਾ ਹੈ। ਜਿਵੇਂ; ਇਕ ਪਿੰਡ ਦਾ ਵਸਣਾ ਤੇ ਉਜੜਣਾ, ਪੰਖੇਰੂਆਂ ਦੀ ਨਵੇਕਲੀ ਦੁਨੀਆਂ, ਸਬਬਾਂ ਦਾ ਵਿਧੀ ਵਿਧਾਨ, ਰਾਹਾਂ ਕੁਰਾਹਾਂ ਦੀ ਉਲਝੀ ਤਾਣੀ, ਤਰਕਾਲਾਂ ਦਾ ਜਾਦੂ ਆਦਿ।

ਪ੍ਰਸਤੁਤ ਪੁਸਤਕ ਦੇ ਅਧਿਐਨ ਦੌਰਾਨ ਮੈਂ ਇਹ ਮਹਿਸੂਸ ਕੀਤਾ ਹੈ ਕਿ ਵਿਦਵਾਨ ਲੇਖਿਕਾ ਵਿਸ਼ੇ ਦੀ ਭੂਮਿਕਾ ਬੰਨ੍ਹਣ ਵਿਚ ਬਹੁਤਾ ਸਮਾਂ ਬਰਬਾਦ ਨਹੀਂ ਕਰਦੀ ਸਗੋਂ ਸੰਖੇਪ ਪਰ ਭਾਵਪੂਰਤ ਢੰਗ ਨਾਲ ਸ਼ੁਰੂ ਕਰ ਕੇ ਵਿਚਾਰਾਂ ਦੀ ਲੜੀ ਨੂੰ ਨਿਰੰਤਰ ਅਗੇ ਤੋਰਦੀ ਰਹਿੰਦੀ ਹੈ, ਜਿਸ ਨਾਲ ਪਾਠਕਾਂ ਦੀ ਦਿਲਚਸਪੀ ਬਣੀ ਰਹਿੰਦੀ ਹੈ। ‘ਇਕ ਟੁਕੜਾ ਅਮਰੀਕਾ’ ਦੇ ਪਹਿਲੇ ਵਾਕ ਵਿਚ ਪੰਜਾਬੀ ਕਹਾਵਤ ਦੀ ਗੱਲ ਕਰਕੇ, ਦੂਜੇ ਵਾਕ ਵਿਚ ਅੱਜ ਦੇ ਸਮੇਂ ਦੇ ਤੇਜ ਚੱਲਣ ਵਾਲੇ ਜਹਾਜ਼ਾਂ ਦਾ ਜ਼ਿਕਰ ਹੈ ਤੀਜੇ ਵਾਕ ਵਿਚ ਕਲਬੰਸ ਵੱਲੋਂ ਅਮਰੀਕਾ ਲੱਭਣ ਦਾ ਹਵਾਲਾ ਦੇ ਕੇ ਅਸਲ ਵਿਸ਼ੇ ਨੂੰ ਛੋਹ ਲਿਆ ਹੈ। ਉਸ ਦੀ ਵਾਰਤਕ ਵਿਚ ਕਹਾਣੀ ਰਸ ਵਰਗੀ ਰਵਾਨੀ ਝਲਕਦੀ ਹੈ। ਆਮ ਪਾਠਕ ਦਾ ਵਾਰਤਕ ਤੋਂ ਉਪਰਾਮ ਹੋਣ ਦਾ ਮੁੱਖ ਕਾਰਨ ਇਹ ਹੀ ਹੁੰਦਾ ਹੈ ਕਿ ਵਾਰਤਕਕਾਰ ਤੱਥਾਂ ਨੂੰ ਪ੍ਰਗਟਾਉਣ ਦੇ ਲਾਲਚ ਵਿਚ ਨੀਰਸ ਸਮਗਰੀ ਪਰੋਸੀ ਜਾਂਦਾ ਹੈ। ਇਹੋ ਕਾਰਨ ਹੈ ਕਿ ਲੇਖਕ ਦਸ-ਪੰਦਰਾਂ ਪੰਨਿਆ ਦੀ ਕਹਾਣੀ ਜਾਂ ਵੱਡੇ ਨਾਵਲ ਨੂੰ ਤਾਂ ਲਗਾਤਾਰ ਪੜ੍ਹਨ ਵਿਚ ਮਸਤ ਰਹਿੰਦਾ ਹੈ, ਪਰ ਪੰਜ-ਸੱਤ ਪੰਨਿਆਂ ਦੇ ਲੇਖ ਨੂੰ ਇਕ ਵਾਰ ਵਿਚ ਨਹੀਂ ਪੜ੍ਹ ਸਕਦਾ। ‘ਜੜ੍ਹਾਂ ਦੇ ਵਿਚ ਵਿਚਾਲੇ’ ਪੁਸਤਕ ਪੜ੍ਹਨ ਸਮੇਂ ਮੈਨੂੰ ਅਜਿਹੀ ਕੋਈ ਪ੍ਰੇਸ਼ਾਨੀ ਨਹੀਂ ਹੋਈ।

ਇਸ ਦਾ ਮੁੱਖ ਕਾਰਨ ਇਹ ਹੈ ਕਿ ਲੇਖਾਂ ਵਿਚ ਤੱਥਾਂ ਦੇ ਪ੍ਰਗਟਾ ਸਮੇਂ ਬੌਧਿਕ ਪੱਧਰ ਦੀ ਭਾਸ਼ਾ ਵਰਤ ਕੇ ਵਿਸ਼ੇ ਨੂੰ ਬੋਝਲ ਕਰਨ ਦੀ ਥਾਂ ਤੱਥਾਂ ਨੂੰ ਸਹਿਜ ਨਾਲ ਪੇਸ਼ ਕੀਤਾ ਗਿਆ ਹੈ, ਵਿਚਾਰਾਂ ਦੀ ਲੜੀ ਨੂੰ ਨਿਰੰਤਰ ਅੱਗੇ ਤੋਰਿਆ ਗਿਆ ਹੈ, ਇਕ ਵਿਚਾਰ ਤੋਂ ਦੂਜਾ ਵਿਚਾਰ ਨਿਕਲਦਾ ਹੈ, ਛੋਟੇ ਛੋਟੇ ਵਾਕ ਰਾਹੀਂ ਹੀ ਵੱਡੀ ਤੋਂ ਵੱਡੀ ਗੱਲ ਕਹਿਣ ਦੀ ਕੁਸ਼ਲਤਾ ਵਰਤੀ ਗਈ ਹੈ। ਇਸ ਦੇ ਨਾਲ ਥਾਂ ਪੁਰ ਥਾਂ ਲੋਕ ਕਥਾਵਾਂ, ਮੁਹਾਵਰਿਆਂ ਦੀ ਵਰਤੋਂ ਨਾਲ ਆਮ ਪਾਠਕ ਨੂੰ ਸਹੀ ਜਾਣਕਾਰੀ ਦੇਣ ਦਾ ਸਫਲ ਯਤਨ ਕੀਤਾ ਗਿਆ ਹੈ। ਲੋੜ ਅਨੁਸਾਰ ਗੁਰਬਾਣੀ ਦੀਆਂ ਤੁਕਾਂ ਵਰਤ ਕੇ ਗੱਲ ਨੂੰ ਸਪਸ਼ਟ ਕੀਤਾ ਗਿਆ ਹੈ। ਵਿਗਿਆਨਕ ਤੱਥਾਂ ਨੂੰ ਆਮ ਬੋਲ ਚਾਲ ਦੀ ਭਾਸ਼ਾ ਵਿਚ ਸਮਝਾਉਣਾ ਕਿਸੇ ਵੀ ਲੇਖਕ ਲਈ ਵੱਡੀ ਚੁਣੌਤੀ ਹੁੰਦਾ ਹੈ, ਪਰ ਅਰਤਿੰਦਰ ਨੇ ਇਸ ਪੱਖੋਂ ਵੀ ਸਫਲਤਾ ਹਾਸਲ ਕੀਤੀ ਹੈ।

‘ਜੜ੍ਹਾਂ ਦੇ ਵਿਚ ਵਿਚਾਲੇ’ ਲੇਖ ਵਿਚ ਲੇਖਿਕਾ ਨੇ ਸੰਖੇਪਤਾ ਤੋਂ ਕੰਮ ਲੈਂਦੇ ਹੋਏ ਬਨਸਪਤੀ ਜਗਤ ਦੇ ਮੁੱਢਲੇ ਦੌਰ ਦੀ ਗੱਲ ਕਰਦੇ ਹੋਏ, ਜੜ੍ਹਾਂ ਨੂੰ ਪੌਦੇ ਦੀ ਹੋਂਦ ਦਾ ਅਧਾਰ ਵਾਲਾ ਪੱਖ ਪੇਸ਼ ਕਰ ਕੇ ਲਿਖਿਆ ਹੈ ਕਿ ‘ਟਾਹਣੀਆਂ ਕੱਟੇ ਜਾਣ ਤੋਂ ਵੀ ਪੁੰਗਰਦੀਆਂ ਹਨ।’ ਜੇ ਦੇਖਿਆ ਜਾਵੇ ਤਾਂ ਇਹ ਵਾਕ ਬਨਸਪਤੀ ਵਿਗਿਆਨ ਦੀ ਸਚਾਈ ਪੇਸ਼ ਕਰਨ ਦੇ ਨਾਲ-ਨਾਲ ਇਨਸਾਨ ਲਈ ਪ੍ਰੇਰਨਾ ਸਰੋਤ ਵੀ ਹੈ ਕਿ ਸਭ ਕੁਝ ਗੁਆਉਣ ਤੋਂ ਬਾਅਦ ਵੀ ਜ਼ਿੰਦਗੀ ਵਿਚ ਬਹਾਰ ਆ ਸਕਦੀ ਹੈ। ਅੰਗਰੇਜ਼ੀ ਭਾਸ਼ਾ ਦਾ ਕਥਨ ‘ਟੂ ਰੀਡ ਬਿਟਵਿਨ ਦਾ ਲਾਈਨਜ਼’ ਲੇਖਿਕਾ ਦੀ ਵਾਰਤਕ ਤੇ ਪੂਰਾ ਢੁੱਕਦਾ ਹੈ। ਉਹ ਸੰਬੰਧਤ ਵਿਸ਼ੇ ਸੰਬੰਧੀ ਕੋਈ ਤੱਥ ਪੇਸ਼ ਕਰਦੀ ਹੋਈ ਜ਼ਿੰਦਗੀ ਦੀ ਕੋਈ ਹੋਰ ਸਚਾਈ ਵੀ ਪੇਸ਼ ਕਰ ਜਾਂਦੀ ਹੈ। ਇਸ ਮਜਮੂਨ ਵਿਚ ਵੀ ਬੜੀ ਤਰਤੀਬ ਨਾਲ ਕੜੀਆਂ ਜੋੜੀਆਂ ਗਈਆਂ ਹਨ।

ਮਸਲਨ ਪੌਦਿਆਂ ਦੀਆਂ ਜੜ੍ਹਾਂ ਦਾ ਅਦਿੱਖ ਹੋਣਾ ਅਤੇ ਮਨੁੱਖ ਦੇ ਅੰਦਰ ਵੀ ਉਸ ਦੀਆਂ ਪੁਸ਼ਤੈਨੀ ਜੜ੍ਹਾਂ ਕੁਝ ਹੱਦ ਤੱਕ ਚਲਦੀਆਂ ਰਹਿੰਦੀਆਂ ਹਨ(” ਸਾਡੀ ਮੌਜੂਦਾ ਜ਼ਿੰਦਗੀ ਦੀਆਂ ਜੜ੍ਹਾਂ ਸਾਡੇ ਪੁਰਖੇ ਹਨ।”) ਇਸੇ ਲੇਖ ਵਿਚ ਇਹ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਹਰ ਬੱਚਾ ਆਪਣੇ ਮਾਤਾ-ਪਿਤਾ ਦੇ ਗੁਣ ਔਗੁਣ ਗ੍ਰਹਿਣ ਕਰਨ ਦੇ ਨਾਲ-ਨਾਲ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਅਤੇ ਉਹਨਾਂ ਤੋਂ ਵੀ ਪੂਰਬਲੇ ਬਜੁਰਗਾਂ ਦੇ ਸੁਭਾਅ ਦੇ ਕੁਝ ਕੁ ਅੰਸ਼ ਲੈਂਦਾ ਹੈ। ਇਸ ਨੂੰ ਸਮਝਾਉਣ ਲਈ ਵਿਦਵਾਨ ਲੇਖਿਕਾ ਨੇ ਪੰਜਾਬੀ ਲੋਕ ਸਾਹਿਤ ਵਿਚੋਂ ਇਕ ਪ੍ਰੇਰਨਾਮਈ ਕਹਾਣੀ ਦਾ ਜ਼ਿਕਰ ਕੀਤਾ ਹੈ ਜੋ ਨੌਜਵਾਨ ਪੀੜ੍ਹੀ ਲਈ ਸਿੱਖਿਆਦਾਇਕ ਹੈ। ਅਜਿਹੀ ਪ੍ਰੇਰਣਾ ਕਿਸੇ ਸਮਾਜ ਸੁਧਾਰਕ ਦਾ ਪ੍ਰਚਾਰ ਮਈ ਭਾਸ਼ਨ ਨਹੀਂ ਲੱਗਦੀ ਸਗੋਂ ਬੜੇ ਸਹਿਜ ਨਾਲ ਕੀਤੀ ਗੱਲ ਵਰਗੀ ਹੈ। ਇਸ ਲੇਖ ਵਿਚ ਬਨਸਪਤੀ ਵਿਗਿਆਨ ਦੀਆਂ ਕੁਝ ਅਹਿਮ ਗੱਲਾਂ ਕੀਤੀਆਂ ਗਈਆਂ ਹਨ, ਪਰ ਪਾਠਕਾਂ ਨੂੰ ਇਹ ਪਤਾ ਨਹੀਂ ਲੱਗਦਾ ਕਿਉਂ ਜੋ ਵਿਚਾਰ ਪ੍ਰਗਟਾਉਣ ਦਾ ਢੰਗ ਸਾਹਿਤਕ ਹੈ।

ਇਸ ਪੁਸਤਕ ਦੇ ਤਕਰੀਬਨ ਹਰ ਲੇਖ ਤੇ ਹੀ ਚਰਚਾ ਕੀਤੀ ਜਾ ਸਕਦੀ ਹੈ, ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਪੁਸਤਕ ਸੰਬੰਧੀ ਕਿਸੇ ਸੈਮੀਨਾਰ ਵਿਚ ਪੇਪਰ ਪੜ੍ਹਨਾ ਹੋਵੇ। ਪੁਸਤਕ ਚਰਚਾ ਜਾਂ ਰੀਵਿਊ ਲਈ ਅਜਿਹੇ ਵਿਸਥਾਰ ਵਿਚ ਨਹੀਂ ਜਾਇਆ ਜਾ ਸਕਦਾ। ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਲੇਖਾਂ ਦੇ ਵਿਸ਼ਿਆਂ ਦੀ ਚੋਣ ਅਤੇ ਵਿਸ਼ੇ ਦੀ ਮੰਗ ਅਨੁਸਾਰ ਹਰ ਤਰਾਂ ਦੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਲੇਖਿਕਾ ਨੇ ਆਪਣੀ ਨਿਜੀ ਜ਼ਿੰਦਗੀ ਵਿਚੋਂ ਕੁਝ ਉਦਾਹਰਣਾ ਦੇ ਕੇ ਵੀ ਵਿਸ਼ੇ ਨੂੰ ਸਪਸ਼ਟ ਕੀਤਾ ਹੈ। ਪੰਜਾਬੀ ਮੁਹਾਵਰਿਆਂ/ਅਖਾਣਾਂ ਵਿਚਲੇ ਆਪਣੇ ਅਕਸ ‘ਚੋਂ ਉਭਰੀ ਔਰਤ, ਪੰਜਾਬੀ ਬੋਲਚਾਲ ਵਿਚ ਜਾਨਵਰਾਂ ਨਾਲ ਜੁੜੀਆਂ ਅਖੌਤਾਂ ਤੇ ਮੁਹਾਵਰੇ(ਇਹਨਾਂ ਦੋ ਲੇਖਾਂ ਰਾਹੀਂ ਪਾਠਕਾਂ ਨੂੰ ਲੋਕ ਸਾਹਿਤ ਨਾਲ ਜੋੜਿਆ ਗਿਆ ਹੈ),ਨਾਇਕਤਵ ਦਾ ਸੰਕਟ, ਰਾਹਾਂ ਕੁਰਾਹਾਂ ਦੀ ਉਲਝੀ ਤਾਣੀ ਆਦਿ ਲੰਮੇ ਸਮੇਂ ਤੱਕ ਯਾਦ ਰਹਿਣ ਵਾਲੇ ਲੇਖ ਹਨ।

ਇਸ ਪੁਸਤਕ ਵਿਚ ਵਰਤੀ ਗਈ ਸਾਹਿਤਕ ਭਾਸ਼ਾ ਦੀਆਂ ਕੁਝ ਉਦਾਹਰਣਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ।
ਇਕ ਲੇਖ ਵਿਚ ਰੈਡ ਇੰਡੀਅਨ ਲੋਕਾਂ ਦੀ ਕਹਾਵਤ ਦਿੱਤੀ ਗਈ ਹੈ – ਧਰਤੀ ਅਸੀਂ ਆਪਣੇ ਵੱਡੇ-ਵੱਡੇਰਿਆਂ ਤੋਂ ਨਹੀਂ ਲੈਂਦੇ ਉਸ ਨੂੰ ਆਪਣੇ ਬੱਚਿਆਂ ਤੋਂ ਉਧਾਰ ਲੈਂਦੇ ਹਾਂ।
ਕਲ-ਕਲ ਕਰਦੇ ਨਿਰਮਲ ਪਾਣੀਆਂ, ਹਰੇ-ਭਰੇ ਬਿਰਖਾਂ ਦੀਆਂ ਛਾਂਵਾਂ ਤੇ ਪਾਕ ਸਾਫ਼ ਹਵਾ ਦੀ ਥਾਂ ਜੋ ਅਸੀਂ ਧਰਤੀ ਤੇ ਛੱਡ ਕੇ ਜਾਣ ਵਾਲੇ ਹਾਂ, ਉਸਦੇ ਅੰਕੜੇ ਸੱਚ ਮੁੱਚ ਡਰਾਉਣ ਵਾਲੇ ਹਨ। (51)
ਸ਼ਾਇਦ ਸਾਡੇ ਸਾਹਾਂ ਦੀ ਹਵਾ ਦਾ ਪ੍ਰਦੂਸ਼ਣ ਹੁਣ ਦਿਲਾਂ, ਦਿਮਾਗਾਂ ਤੇ ਸੋਚਾਂ ਤੱਕ ਵਿਚ ਰਚ ਮਿਚ ਗਿਆ ਹੈ। (55)
ਕਾਵਾਂ ਵਿਚਕਾਰ ਦੇਖਿਆ ਇਹ ਭਾਈਚਾਰਾ ਹਮੇਸ਼ਾਂ ਮੈਨੂੰ ਮਨੁੱਖਾਂ ਵਿਚਕਾਰ ਖੁਰਦ ਜਾਂਦੇ ਭਾਈਚਾਰੇ ਦਾ ਚੇਤਾ ਕਰਵਾ ਦਿੰਦਾ ਹੈ।(63)
ਜਿਵੇਂ ਦਿਨ ਦੀ ਤਪਸ਼ ਤੇ ਤੇਜੀ ਨੂੰ ਸਹਿਜ ਸੁਹਜ ਤੇ ਸੀਤਲ ਸਲੀਕੇ ਭਰੀ ਸ਼ਾਇਸਤਗੀ ਦਾ, ਕਾਹਲਿਆਂ ਨੂੰ ਅਰਾਮ ਦਾ, ਦਿਨ ਵੇਲੇ ਰੋਜ਼ੀ ਰੋਟੀ ਤੇ ਕੰਮਾਂ ਧੰਦਿਆਂ ਲਈ ਖਿਲਰੇ ਪਰਿਵਾਰਾਂ ਨੂੰ ਮੁੜ ਬੈਠਣ ਦਾ———
ਮੁਹੱਬਤਾਂ ਨੂੰ ਕੁਝ ਪਲ ਆਪਣੇ ਨਾਮ ਲਿਖ ਲੈਣ ਦਾ, ਬੂਟਿਆਂ ਨੂੰ ਰਾਤ ਨੂੰ ਫੁੱਲ ਪੰਖੜੀਆਂ ਸਿਰਜਣ ਲਈ ਤਿਆਰ ਹੋਣ ਦਾ, ਖਿਆਲਾਂ ਦੇ ਵਹਾਆਂ ਨੂੰ ਠਹਿਰਾਅ ਦਾ ਤੇ ਕਿਰਤੀਆਂ ਨੂੰ ਚੈਨ ਦੀ ਤਰਜ ਵਿਚ ਦਾਖਲ ਹੋ ਕੇ ਟਿਕਾਅ ਦਾ ਨਿਉਤਾ ਹਨ ———(78)
ਪੰਜਾਬੀ ਦੇ ਕੁਝ ਵਾਰਤਕਾਰ ਜਿਵੇਂ ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰਿੰਸੀਪਲ ਤੇਜਾ ਸਿੰਘ, ਲਾਲ ਸਿੰਘ ਕਮਲਾ ਅਕਾਲੀ, ਬਲਵੰਤ ਗਾਰਗੀ, ਡਾ ਨਰਿੰਦਰ ਸਿੰਘ ਕਪੂਰ, ਗੁਰਚਰਨ ਸਿੰਘ ਭੁੱਲਰ, ਵਰਿੰਦਰ ਸਿੰਘ ਵਾਲੀਆ, ਸਵਰਾਜਬੀਰ ਆਦਿ ਆਪਣੀ ਵਾਰਤਕ ਸ਼ੈਲੀ ਲਈ ਪ੍ਰਸਿੱਧ ਹਨ। ਜੇ ਅਰਤਿੰਦਰ ਸੰਧੂ ਵੀ ਵਾਰਤਕ ਖੇਤਰ ਵਿਚ ਹੋਰ ਉਡਾਰੀਆਂ ਲਾਉਂਦੀ ਹੈ ਤਾਂ ਨਿਸ਼ਚੇ ਹੀ ਉਹ ਵੀ ਆਪਣੀ ਵਾਰਤਕ ਸ਼ੈਲੀ ਲਈ ਜਾਣੀ ਜਾਵੇ ਗੀ।
ਨਿਰਸੰਦੇਹ ਅਜਿਹੀਆਂ ਕਿਤਾਬਾਂ ਪਾਠਕਾਂ ਵਿਚ ਪੁਸਤਕ ਸਭਿਆਚਾਰ ਪੈਦਾ ਕਰਨ ਵਿਚ ਸਹਾਈ ਹੋ ਸਕਦੀਆਂ ਹਨ।

ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ, ਕੈਨੇਡਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly