ਅਕ਼ਲ ਮੁਰੀਦੀ

(ਸਮਾਜ ਵੀਕਲੀ)- ਐਤਕੀਂ ਗ਼ਦਰੀ ਬਾਬਿਆਂ ਦੇ ਮੇਲੇ ਉੱਤੇ ਹਾਜ਼ਰੀ ਲਾਉਂਦਿਆਂ, ਆਦਤਨ, ਮੈਂ, 5 ਕਿਤਾਬਾਂ ਖ਼ਰੀਦ ਲਿਆਇਆ ਸਾਂ। ਉਂਝ ਤਾਂ ਜਦੋਂ ਵੀ ਮੇਰੇ ਘਰ ਕਿਤਾਬਾਂ ਪਈਆਂ ਹੋਣ, ਤੇ, ਉਪਰੋਂ ਗੁਆਂਢੀ ਸੰਤੋਖ ਤੋਖੀ ਆਇਆ ਹੋਵੇ ਤਾਂ ਮੇਰੀ ਨੁਕਤਾਚੀਨੀ ਹੋ (ਹੀ) ਜਾਂਦੀ ਐ!!!
ਏਸ ਵਾਰ (ਵੀ) ਇੰਝ (ਹੀ) ਹੋਇਆ, ਸੰਤੋਖ ਤੋਖੀ ਜੇਹੜਾ ਹਰ ਰੋਜ਼ ਮਹਿੰਗੀ ਦਾਰੂ ਦਾ 450 ਰੁਪਏ ਦਾ ਅਧੀਆ ‘ਕੱਲ੍ਹਾ ਡੱਫ ਜਾਂਦਾ ਹੈ, ਮੈਨੂੰ ਉਪਦੇਸ਼ ਦੇ ਗਿਐ ਕਿ ਮੈਂ ਕਿਤਾਬਾਂ ਖਰੀਦ ਕੇ ਫਜ਼ੂਲਖ਼ਰਚੀ ਕਰ ਆਇਆ!! (ਤੋਖੀ ਚਾਲੂ ਬੰਦਾ ਐ, ਪ੍ਰਾਪਰਟੀ ਦੇ ਸੌਦੇ ਮਾਰਦਾ ਐ ਤੇ ਨਾਲੇ ਪੁਰਾਣੇ ਸਕੂਟਰ, ਮੋਟਰਸਾਈਕਲਾਂ ਦੀ ਵੇਚ ਵੱਟਕ ਕਰਦਾ ਐ। ਲੋਕਲ ਕੌਂਸਲਰ ਦਾ ਜੁੱਤੀਚੱਟ ਹੈ… ਇਲਾਕੇ ਦਾ “ਲਘੂ-ਨੇਤਾ” ਐ) ਅਨਪੜ੍ਹ ਹੋਣ ਦੇ ਬਾਵਜੂਦ ਬੀ. ਏ. ਲਿਖੀ ਪੜ੍ਹੀ ਨਾਲ ਵਿਆਹਿਆ ਹੋਇਆ ਐ।
ਹੁਣ ਤਾਂ ਹੱਦ ਹੋ ‘ਗੀ!! ਓਹਦੀ ਬੀਵੀ ਜੇਹੜੀ ਕਿਸੇ ਨਿੱਜੀ ਵਿਚ ਪੜ੍ਹਾਉਂਦੀ ਐ, ਓਸ ਨੇ ਵੀ ਬਿਨਾਂ ਮੰਗਿਆਂ ਮਸ਼ਵਰਾ ਭੇਜ ਦਿੱਤੈ, ਅਖੇ, “ਪਾਜੀ” ਨੂੰ ਕਹਿਓ ਕਿਤਾਬਾਂ ਉੱਤੇ ਪੈਸੇ ਫਜ਼ੂਲ ਨਾ ਖਰਚਿਆ ਕਰਨ!!! (ਪਾਜੀ ਤੇ ਭਾਅਜੀ ਦਾ ਫ਼ਰਕ… ਖ਼ੈਰ..!!) ਪਾਜੀ ਕੰਮ ਤਾਂ ਕਰੀਂ ਜਾਂਦੇ ਨੇ ਅਖ਼ਬਾਰ ਵਿਚ, ਹੁਣ ਓਹਨੇ ਕੀ ਬਣਨਾ ਆ? ਕਿ ਓਹ ਕਿਤਾਬਾਂ ਮੁੱਲ ਖ਼ਰੀਦ ਕੇ ਪੜ੍ਹੀ ਜਾਂਦੇ ਆ?
****
ਜੀਅ ਤਾਂ ਕਰਦੈ ਤੋਖੀ ਜੁਗਾੜੀ ਦੀ ਬੀਵੀ ਨੂੰ ਸੁਨੇਹਾ ਲਾ ਦਿਆ, ਜਾਂ ਕਿਤੇ ਮਿਲ ਪਵੇ ਤਾਂ ਦੱਸ ਦੇਆਂ ਕਿ ਕਿਤਾਬਾਂ ਸਿਰਫ਼, ਸਰਟੀਫਿਕੇਟ/ਡਿਗਰੀਆਂ ਲੈਣ ਲਈ ਨਹੀਂ ਪੜ੍ਹੀਆਂ ਜਾਂਦੀਆਂ, ਜ਼ਿਹਨੀ ਵਿਗਾਸ ਲਈ ਵੀ ਪੜ੍ਹ ਲਈਦੀਆਂ ਨੇ! ਓਹਨੂੰ ਬੀ. ਏ. ਪੜ੍ਹ ਕੇ ਕੀ ਮਿਲ ਗਿਐ? 8 ਘੰਟੇ ਨਿੱਜੀ ਸਕੂਲ ਦੀ ਨੌਕਰੀ ਕਰ ਕੇ ਵੀ, ਮਾਹਵਾਰ ਮਸਾਂ 6000 ਰੁਪਏ ਚੱਕਦੀ ਹੋਊਗੀ! ਜੇ, ਓਹਨੇ ਸਾਹਿਤ ਪੜ੍ਹਿਆ ਹੁੰਦਾ, ਬਗ਼ਾਵਤ ਦਾ ਕੋਈ ਅੰਸ਼ ਹੁੰਦਾ ਤਾਂ ਏਸ ਲੁੱਟ ਵਿਰੁੱਧ ਆਵਾਜ਼ ਜ਼ਰੂਰ ਕੱਢਦੀ!
*****
ਪਰ, ਨਹੀਂ ਯਾਰ, ਇਵੇਂ ਮੂੰਹ ਉੱਤੇ ਕਹਿ ਦਿੱਤਾ ਤਾਂ ਤੋਖੀ ਨੂੰ ਵੀ ਭੈੜਾ ਲੱਗੂਗਾ ਤੇ ਤੋਖਣ ਨੂੰ ਵੀ! ਕੌਣ, ਆਖੇ ਕਿ ਕਿਤਾਬਾਂ ਜ਼ਿਹਨੀ ਵਿਗਾਸ ਲਈ ਪੜ੍ਹਦੇ ਹਾਂ, ਹਰ ਕਿਤਾਬ ਪੜ੍ਹਨ ਦਾ ਮਕ਼ਸਦ ਦਫ਼ਤਰੀ ਤੱਰਕੀ ਤਾਂ ਨ੍ਹੀ ਹੁੰਦਾ! ਨਾਲੇ, ਸੰਤੋਖ ਤੋਖੀ ਅਰਗੇ ਤਾਂ ਰਾਤ ਨੂੰ 7-800 ਰੁਪਏ ਦੀ ਦਾਰੂ ਤੇ ਮਾਸ ਈ ਡੱਫ ਜਾਂਦੇ ਆ, ਓਹਦੇ ਨਾਲੋਂ ਤਾਂ ਚੰਗੈ!
*****
ਚੱਲ ਛੱਡ ਯਾਰ, ਆਪਾਂ ਨਹੀਂ ਰੋਕਣਾ। ਕਿਤਾਬਾਂ ਪੜ੍ਹਨ ਦਾ ਸੁਭਾਗ … ਹਰ ਕਿਸੇ ਨੂੰ ਤਾਂ ਨਹੀਂ ਮਿਲਦਾ!! ਤੋਖੀ ਤੋਂ ਪਹਿਲਾਂ ਵੀ ਕਈ ਜਣੇ ਸਚੁ ਬੋਲ ਕੇ ਨਰਾਜ਼ ਕੀਤੇ ਆ! ਰਹਿਣ ਈ ਦਿੰਨੇ ਆ!!!

– ਯਾਦਵਿੰਦਰ ਦੀਦਾਵਰ
ਰਾਬਤਾ : ਸਰੂਪ ਨਗਰ, ਰਾਓਵਾਲੀ, ਡਾਕਖਾਨਾ : ਨੂਰਪੁਰ, ਜਲੰਧਰ।
+916284336773

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੂੰ ਇਸ਼ਕ ਹੈ
Next articleਤਮਾਸ਼ਾ ਇਹ ਹਿੰਦੋਸਤਾਨ !