9ਵੀਂ ਤੇ 11ਵੀਂ ਜਮਾਤ ”ਚੋਂ ਫੇਲ ਹੋਏ ਵਿਦਿਆਰਥੀਆਂ ਨੂੰ ਮੁੜ ਮਿਲੇਗਾ ਪ੍ਰੀਖਿਆ ਦੇਣ ਦਾ ਮੌਕਾ : CBSE

ਨਵੀਂ ਦਿੱਲੀ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ)

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੇ ਸਕੂਲਾਂ ‘ਚ ਪੜ੍ਹਨ ਵਾਲੇ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀ ਜੇਕਰ ਪ੍ਰੀਖਿਆ ‘ਚ ਫੇਲ ਹੋ ਗਏ ਹੋਣ ਤਾਂ ਉਨ੍ਹਾਂ ਨੂੰ ਪ੍ਰੀਖਿਆ ਦੇਣ ਦਾ ਇਕ ਹੋਰ ਮੌਕਾ ਦਿੱਤਾ ਜਾਵੇਗਾ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਵੀਰਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਇਸ ਟਵੀਟ ਨਾਲ ਸੀ.ਬੀ.ਐੱਸ.ਈ. ਵਲੋਂ ਜਾਰੀ ਉਸ ਪ੍ਰੈੱਸ ਬਿਆਨ ਨੂੰ ਵੀ ਪੋਸਟ ਕੀਤਾ, ਜਿਸ ‘ਚ ਦੱਸਿਆ ਗਿਆ ਹੈ ਕਿ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਇਹ ਸਹੂਲਤ ਇਸ ਸਾਲ ਦਿੱਤੀ ਜਾਵੇਗੀ।
ਬਿਆਨ ‘ਚ ਕਿਹਾ ਗਿਆ ਹੈ ਕਿ ਦੇਸ਼ ਭਰ ‘ਚ ਕੋਰੋਨਾ ਮਹਾਮਾਰੀ ਦਾ ਸੰਕਟ ਚੱਲ ਰਿਹਾ ਹੈ ਅਤੇ ਵਿਦਿਆਰਥੀ ਤੇ ਮਾਤਾ-ਪਿਤਾ ਬਹੁਤ ਹੀ ਤਣਾਅਪੂਰਨ ਸਥਿਤੀਆਂ ‘ਚੋਂ ਲੰਘ ਰਹੇ ਹਨ। ਅਜਿਹੇ ‘ਚ ਮਾਤਾ-ਪਿਤਾ ਵਲੋਂ ਬੋਰਡ ਤੋਂ ਇਸ ਤਰ੍ਹਾਂ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਕਿ 9ਵੀਂ ਅਤੇ 11ਵੀਂ ਜਮਾਤ ਦੇ ਜੋ ਵਿਦਿਆਰਥੀ ਆਪਣੇ ਪੇਪਰ ‘ਚ ਫੇਲ ਹੋ ਗਏ ਹਨ, ਉਨ੍ਹਾਂ ਨੂੰ ਇਕ ਪ੍ਰੀਖਿਆ ਦੇਣ ਦਾ ਮੌਕਾ ਪ੍ਰਦਾਨ ਕੀਤਾ ਜਾਵੇ।
ਸੀ.ਬੀ.ਐੱਸ.ਈ. ਨੇ ਮਾਤਾ-ਪਿਤਾ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਮੰਗਾਂ ਨੂੰ ਦੇਖਦੇ ਹੋਏ ਬੋਰਡ ਨੇ ਇਹ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਵਿਦਿਆਰਥੀ 9ਵੀਂ ਜਾਂ 11ਵੀਂ ਦੀ ਪ੍ਰੀਖਿਆ ‘ਚ ਫੇਲ ਹੋ ਗਿਆ ਹੈ ਤਾਂ ਉਸ ਨੂੰ ਇਕ ਵਾਰ ਫਿਰ ਆਨਲਾਈਨ ਜਾਂ ਆਫਲਾਈਨ ਜਾਂ ਕਿਸੇ ਹੋਰ ਤਰੀਕੇ ਨਾਲ ਟੈਸਟ ‘ਚ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇ।
ਬੋਰਡ ਨੇ ਕਿਹਾ ਕਿ ਭਾਵੇਂ ਸਕੂਲ ‘ਚ ਪ੍ਰੀਖਿਆਵਾਂ ਹੋ ਗਈਆਂ ਹੋਣ ਜਾਂ ਨਹੀਂ ਹੋਈਆਂ ਹੋਣ ਵਿਦਿਆਰਥੀਆਂ ਨੂੰ ਇਹ ਮੌਕਾ ਇਕ ਵਾਰ ਜ਼ਰੂਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸੀ.ਬੀ.ਐੱਸ.ਈ. ਵਲੋਂ ਪਹਿਲੇ ਹੀ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਪਾਸ ਕਰਨ ਦਾ ਫੈਸਲਾ ਹੋਇਆ ਸੀ।
Previous articleਇੰਗਲੈਂਡ ‘ਚ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਵਾਲੇ ਇਸ ਸ਼ਖਸ ਦਾ ਹੋਇਆ ਦਿਹਾਂਤ, ਬੱਬੂ ਮਾਨ ਨੇ ਜਤਾਇਆ ਦੁੱਖ
Next articleਜਲੰਧਰ ਦੇ ਡੀ.ਸੀ, ਐਸਐਸਪੀ ਨੇ ਗੁਰਾਇਆ ਵਿਖੇ ਕੋਰੋਨਾ ਨੂੰ ਲੈ ਕੇ ਕੀਤਾ ਬਾਜ਼ਾਰ ਦਾ ਦੌਰਾ