’84 ਵਰਗੇ ਹਾਲਾਤ ਨਹੀਂ ਬਣਨ ਦੇਵਾਂਗੇ: ਦਿੱਲੀ ਹਾਈ ਕੋਰਟ

ਦਿੱਲੀ ਹਿੰਸਾ ਬਾਰੇ ਸਖ਼ਤ ਟਿੱਪਣੀਆਂ ਕਰਨ ਵਾਲੇ ਜੱਜ ਮੁਰਲੀਧਰ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਤਬਾਦਲਾ

* ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਡੀ.ਐੱਨ. ਪਟੇਲ ਦੀ ਅਦਾਲਤ ’ਚ ਅੱਜ ਹੋਵੇਗੀ ਸੁਣਵਾਈ

ਨਵੀਂ ਦਿੱਲੀ– ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਖ਼ਿਲਾਫ਼ ਭੜਕੀ ਫ਼ਿਰਕੂ ਹਿੰਸਾ ਦਾ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਦਿੱਲੀ ਵਿੱਚ 1984 ਦੇ ਦੰਗਿਆਂ ਵਰਗੇ ਹਾਲਾਤ ਬਣਾਉਣ ਦੀ ਆਗਿਆ ਨਹੀਂ ਦੇਵੇਗੀ। ਹਾਈ ਕੋਰਟ ਨੇ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਨਫ਼ਰਤੀ ਤਕਰੀਰਾਂ ਕਰਨ ਵਾਲੇ ਤਿੰਨ ਭਾਜਪਾ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ‘ਸੁਚੇਤ ਫੈਸਲਾ’ ਲਏ। ਅਦਾਲਤ ਨੇ ਦਿੱਲੀ ਪੁਲੀਸ ਨੂੰ ਭਲਕੇ ਵੀਰਵਾਰ ਤਕ ਸੂਚਿਤ ਕਰਨ ਲਈ ਕਿਹਾ ਹੈ। ਇਨ੍ਹਾਂ ਆਗੂਆਂ ਵਿੱਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਸੰਸਦ ਮੈਂਬਰ ਪਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ ਇਨ੍ਹਾਂ ਤਿੰਨਾਂ ਆਗੂਆਂ ਨੇ ਦਿੱਲੀ ਅਸੈਂਬਲੀ ਚੋਣਾਂ ਦੇ ਪ੍ਰਚਾਰ ਦੌਰਾਨ ਕਥਿਤ ਨਫ਼ਰਤੀ ਤਕਰੀਰਾਂ ਕੀਤੀਆਂ ਸਨ। ਇਸ ਦੌਰਾਨ ਕਾਨੂੰਨ ਤੇ ਨਿਆਂ ਮੰਤਰਾਲਾ ਨੇ ਅੱਜ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਲੀ ਹਿੰਸਾ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਐੱਸ.ਮੁਰਲੀਧਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਤਬਦੀਲ ਕਰ ਦਿੱਤਾ ਹੈ। ਜਸਟਿਸ ਮੁਰਲੀਧਰ ਨੇ ਅੱਜ ਕੇਸ ਦੀ ਸੁਣਵਾਈ ਦੌਰਾਨ ਸਰਕਾਰ ਤੇ ਦਿੱਲੀ ਪੁਲੀਸ ਨੂੰ ਸਖ਼ਤ ਸਵਾਲ ਪੁੱਛੇ ਸੀ। ਇਸ ਤੋਂ ਪਹਿਲਾਂ ਜਸਟਿਸ ਮੁਰਲੀਧਰ ਨੂੰ ਇਸ ਕੇਸ ਦੀ ਸੁਣਵਾਈ ਤੋਂ ਲਾਂਭੇ ਕਰਦਿਆਂ ਕੇਸ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਡੀ.ਐੱਨ.ਪਟੇਲ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਜਸਟਿਸ ਐੱਸ. ਮੁਰਲੀਧਰ ਤੇ ਅਨੂਪ ਜੈ ਭੰਬਾਨੀ ਦੇ ਬੈਂਚ ਨੇ ਉਪਰੋਕਤ ਹੁਕਮ ਭੜਕਾਊ ਤਕਰੀਰਾਂ ਬਾਰੇ ਦਾਇਰ ਪਟੀਸ਼ਨ ਉਪਰ ਸੁਣਵਾਈ ਕਰਦਿਆਂ ਦਿੱਤੇ, ਜਿਸ ’ਤੇ ਵੀਰਵਾਰ ਨੂੰ ਵੀ ਸੁਣਵਾਈ ਜਾਰੀ ਰਹੇਗੀ। ਅਦਾਲਤ ਨੇ ਤਲਖ਼ ਟਿੱਪਣੀ ਕਰਦਿਆਂ ਕਿਹਾ ਕਿ ਉਹ ਦਿੱਲੀ ਵਿੱਚ 1984 ਦੇ ਦੰਗਿਆਂ ਵਰਗੇ ਹਾਲਾਤ ਬਣਾਉਣ ਦੀ ਆਗਿਆ ਨਹੀਂ ਦੇਣਗੇ। ਵਿਸ਼ੇਸ਼ ਕਮਿਸ਼ਨਰ ਪ੍ਰਵੀਰ ਰੰਜਨ ਨੇ ਬੈਂਚ ਨੂੰ ਯਕੀਨ ਦਿਵਾਇਆ ਕਿ ਉਹ ਖੁ਼ਦ ਪੁਲੀਸ ਕਮਿਸ਼ਨਰ ਨਾਲ ਬੈਠ ਕੇ ਅੱਜ ਹੀ ਸਾਰੀਆਂ ਵੀਡੀਓ ਕਲਿੱਪਜ਼ (ਨਫ਼ਰਤੀ ਤਕਰੀਰਾਂ ਨਾਲ ਸਬੰਧਤ) ਨੂੰ ਵੇਖਣ ਮਗਰੋਂ ਐਫਆਈਆਰ ਦਰਜ ਕਰਨ ਸਬੰਧੀ ਸੁਚੇਤ ਫੈਸਲਾ ਲੈਣਗੇ। ਇਸ ਦੇ ਨਾਲ ਹੀ ਹਾਈ ਕੋਰਟ ਨੇ ਕੇਂਦਰ ਵੱਲੋਂ ਕੇਸ ਵਿੱਚ ਧਿਰ ਬਣਾਏ ਜਾਣ ਨਾਲ ਸਬੰਧਤ ਪਟੀਸ਼ਨ ’ਤੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਜਸਟਿਸ ਐੱਸ.ਮੁਰਲੀਧਰ ਤੇ ਤਲਵੰਤ ਸਿੰਘ ਅਧਾਰਿਤ ਬੈਂਚ ਨੇ ਨਫ਼ਰਤੀ ਤਕਰੀਰਾਂ ਲਈ ਤਿੰਨ ਭਾਜਪਾ ਆਗੂਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਵਿੱਚ ਨਾਕਾਮ ਰਹਿਣ ਬਦਲੇ ਦਿੱਲੀ ਪੁਲੀਸ ਦੀ ਖਾਸੀ ਝਾੜ-ਝੰਬ ਕੀਤੀ। ਬੈਂਚ ਨੇ ਕਿਹਾ ਕਿ ਜਦੋਂ ਪੁਲੀਸ ਅੱਗਜ਼ਨੀ, ਲੁੱਟ, ਪੱਥਰਬਾਜ਼ੀ ਤੇ ਹੋਰ ਮਾਮਲਿਆਂ ਵਿੱਚ 11 ਐੱਫਆਈਆਰ ਦਰਜ ਕਰ ਸਕਦੀ ਹੈ ਤਾਂ ਤਿੰਨ ਭਾਜਪਾ ਆਗੂਆਂ ਅਨੁਰਾਗ ਠਾਕੁਰ, ਪਰਵੇਸ਼ ਵਰਮਾ ਤੇ ਕਪਿਲ ਮਿਸ਼ਰਾ ਵੱਲੋਂ ਜਨਵਰੀ ਮਹੀਨੇ ਵਿੱਚ ਕੀਤੀਆਂ ਨਫ਼ਰਤੀ ਤਕਰੀਰਾਂ ਬਾਰੇ ਅਜੇ ਤਕ ਐੱਫਆਈਆਰ ਦਰਜ ਕਿਉਂ ਨਹੀਂ ਹੋਈ। ਬੈਂਚ ਨੇ ਕਿਹਾ, ਜਦੋਂ ਇਨ੍ਹਾਂ ਕੇਸਾਂ ਵਿੱਚ ਐੱਫਆਈਆਰ ਦਰਜ ਕਰਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਫੁਰਤੀ ਕਿਉਂ ਨਹੀਂ ਵਿਖਾਉਂਦੇ?….ਅਸੀਂ ਚਾਹੁੰਦੇ ਹਾਂ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਬਣੀ ਰਹੇ। ਅਸੀਂ ਨਹੀਂ ਚਾਹੁੰਦੇ ਕਿ ਦਿੱਲੀ ਨੂੰ ਮੁੜ 1984 ਦੇ ਦੰਗਿਆਂ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪਏ। ਇਸ ਸ਼ਹਿਰ ਨੇ ਹਿੰਸਾ ਤੇ ਗੁੱਸਾ ਬਹੁਤ ਵੇਖ ਲਿਆ। 1984 ਨੂੰ ਮੁੜ ਨਾ ਦੁਹਰਾਈਏ।’ ਇਸ ਦੇ ਨਾਲ ਹੀ ਬੈਂਚ ਨੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਅਪੀਲ ’ਤੇ ਇਸ ਕੇਸ ਦੇ ਪਟੀਸ਼ਨਰ ਮਨੁੱਖੀ ਹੱਕਾਂ ਬਾਰੇ ਕਾਰਕੁਨ ਹਰਸ਼ ਮੰਦਰ ਤੇ ਕਾਰਕੁਨ ਫਰਾਹ ਨਕਵੀ ਨੂੰ ਨੋਟਿਸ ਜਾਰੀ ਕੀਤਾ ਹੈ। ਮਹਿਤਾ ਨੇ ਪਟੀਸ਼ਨ ਦਾਇਰ ਕਰਕੇ ਸਰਕਾਰ ਨੂੰ ਕੇਸ ਵਿੱਚ ਧਿਰ ਬਣਾਉਣ ਦੀ ਅਪੀਲ ਕੀਤੀ ਹੈ। ਉਧਰ ਪਟੀਸ਼ਨਰਾਂ ਵੱਲੋਂ ਪੇਸ਼ ਸੀਨੀਅਰ ਵਕੀਲ ਕੌਲਿਨ ਗੌਂਜ਼ਾਲਵੇਜ਼ ਨੇ ਕਿਹਾ ਕਿ ਸੀਨੀਅਰ ਵਕੀਲਾਂ ਵੱਲੋਂ ਅਜੇ ਇਸ ਪੜਾਅ ’ਤੇ ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਅਜੇ ਹੋਰ ਉਡੀਕ ਕਰਨ ਲਈ ਕਹਿਣਾ ਹੈਰਾਨੀਜਨਕ ਹੈ। ਇਸ ਦੌਰਾਨ ਅਨੁਰਾਗ ਠਾਕੁਰ, ਪਰਵੇਸ਼ ਵਰਮਾ, ਕਪਿਲ ਮਿਸ਼ਰਾ ਤੇ ਭਾਜਪਾ ਵਿਧਾਇਕ ਅਭੈ ਵਰਮਾ ਵੱਲੋਂ ਕੀਤੀਆਂ ਨਫ਼ਰਤੀ ਤਕਰੀਰਾਂ ਦੀ ਵੀਡੀਓ ਵੀ ਕੋਰਟ ਵਿੱਚ ਚਲਾਈ ਗਈ। ਦਿੱਲੀ ਹਾਈ ਕੋਰਟ ਨੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸੀਏਏ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਤਿੰਨੋਂ ਭਾਜਪਾ ਆਗੂਆਂ ਵੱਲੋਂ ਦਿੱਤੇ ਕਥਿਤ ਨਫ਼ਰਤੀ ਭਾਸ਼ਣਾਂ ਦੇ ਸਬੰਧ ਵਿੱਚ ਦਿੱਲੀ ਪੁਲੀਸ ਕਮਿਸ਼ਨਰ ਨੂੰ ਐਫਆਈਆਰ ਦਰਜ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਦੋ ਦਿਨ ਪਹਿਲਾਂ ਉੱਤਰ ਪੂਰਬੀ ਦਿੱਲੀ ਦੇ ਖਜੂਰੀ ਖਾਸ ਖੇਤਰ ਵਿੱਚ ਦੋ ਦਿਨ ਪਹਿਲਾਂ ਘਰੋਂ ਪ੍ਰੀਖਿਆ ਦੇਣ ਲਈ ਸਕੂਲ ਗਈ 13 ਸਾਲਾ ਲੜਕੀ ਅਜੇ ਵੀ ਲਾਪਤਾ ਹੈ। ਵਿਦਿਆਰਥਣ ਦਾ ਨਾਮ ਸੋਨੀਆ ਹੈ ਤੇ ਉਹ 8ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਧਰ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਹਿੰਸਾਗ੍ਰਸਤ ਇਲਾਕਿਆਂ ਦੀਆਂ ਔਰਤਾਂ ਤੋਂ ਕਈ ਸ਼ਿਕਾਇਤਾਂ ਮਿਲਣ ਦੀ ਗੱਲ ਆਖੀ। ਮਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ 181 ਹੈਲਪਲਾਈਨ ’ਤੇ ਕਰਾਵਲ ਨਗਰ, ਦਿਆਲਪੁਰਾ, ਭਜਨਪੁਰਾ ਤੇ ਗੋਕੁਲਪੁਰੀ ਤੋਂ ਸ਼ਿਕਾਇਤਾਂ ਮਿਲੀਆਂ ਹਨ। ਹਾਈ ਕੋਰਟ ਸਬੰਧਤ ਧਿਰਾਂ ਦੇ ਜਵਾਬ ਉਡੀਕੇ: ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਤਿੰਨ ਭਾਜਪਾ ਆਗੂਆਂ ਖ਼ਿਲਾਫ਼ ਕਥਿਤ ਨਫ਼ਰਤੀ ਤਕਰੀਰਾਂ ਲਈ ਐਫ਼ਆਈਆਰ ਦਰਜ ਕਰਨ ਨਾਲ ਸਬੰਧਤ ਮੁੱਦੇ ’ਤੇ ਅਦਾਲਤ ਨੂੰ ਸਬੰਧਤ ਧਿਰਾਂ ਦੇ ਜਵਾਬ ਦੀ ਉਡੀਕ ਕਰਨੀ ਚਾਹੀਦੀ ਹੈ। ਮਹਿਤਾ ਨੇ ਕਿਹਾ ਕਿ ਹੁਣ ਲਏ ਕਿਸੇ ਵੀ ਫੈਸਲੇ ਨਾਲ ਹਾਲਾਤ ਵਿਗੜ ਸਕਦੇ ਹਨ। ਉਧਰ ਦਿੱਲੀ ਸਰਕਾਰ ਵੱਲੋਂ ਪੇਸ਼ ਵਕੀਲ ਰਾਹੁਲ ਮਹਿਰਾ ਨੇ ਆਗੂਆਂ ਖ਼ਿਲਾਫ਼ ਐੱਫਆਈਆਰ ਨਾ ਦਰਜ ਕਰਨ ਦਾ ਕੋਈ ਵਜ੍ਹਾ ਨਹੀਂ ਹੈ। ਮਹਿਰਾ ਨੇ ਕਿਹਾ ਕਿ ਹਿੰਸਾ ਵਿੱਚ ਸ਼ਾਮਲ ਹਰੇਕ ਵਿਅਕਤੀ ਖ਼ਿਲਾਫ਼ ਐੱਫਆਈਆਰ ਦਰਜ ਹੋਣੀ ਚਾਹੀਦੀ ਹੈ। ਇਸੇ ਦੌਰਾਨ ਦਿੱਲੀ ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ ਵਿੱਚ ਜਾਰੀ ਫ਼ਿਰਕੂ ਹਿੰਸਾ ਦਰਮਿਆਨ ਹਾਲਾਤ ਨੂੰ ਕਾਬੂ ਹੇਠ ਲਿਆਉਣ ਦੇ ਇਰਾਦੇ ਨਾਲ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸਰਕਾਰ ਦੇ ਆਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਭਰੋਸਾ ਬਹਾਲੀ ਦੇ ਯਤਨਾਂ ਵਜੋਂ ਨਿੱਜੀ ਤੌਰ ’ਤੇ ਪੀੜਤਾਂ ਨੂੰ ਮਿਲਣ। ਅਦਾਲਤ ਨੇ ਇਹ ਹੁਕਮ ਦੰਗਿਆਂ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਸੁਰੱਖਿਅਤ ਲਾਂਘਾ ਦੇਣ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੇ ਹਨ। ਜਸਟਿਸ ਮੁਰਲੀਧਰ ਤੇ ਤਲਵੰਤ ਸਿੰਘ ਦੇ ਬੈਂਚ ਨੇ ਕਿਹਾ, ‘ਜੋ ਕੁਝ ਹੋਇਆ ਉਹ ਮੰਦਭਾਗਾ ਸੀ।

ਨਵੀਂ ਦਿੱਲੀ: ਦਿੱਲੀ ਵਿਚ ਹੋਈ ਹਿੰਸਾ ਦੇ ਮੱਦੇਨਜ਼ਰ, ਅਮਰੀਕਾ ਅਤੇ ਰੂਸ ਨੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਦੋਵਾਂ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਜਾਫਰਾਬਾਦ, ਮੌਜਪੁਰ ਅਤੇ ਭਜਨਪੁਰਾ ਵਿੱਚ ਜਾਣ ਤੋਂ ਗੁਰੇਜ਼ ਕਰਨ, ਸਾਵਧਾਨ ਰਹਿਣ ਤੇ ਵੱਡੇ ਇਕੱਠਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

Previous articleMissing teen found dead inside lion’s cage in Lahore zoo
Next articleਨਾਜਾਇਜ਼ ਖਣਨ: ਕਾਂਗਰਸੀਆਂ ਤੇ ਅਕਾਲੀਆਂ ’ਚ ਚੱਲੇ ਸ਼ਬਦ ਬਾਣ