81 ਸਾਲਾ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾ ਰਿਹਾ ਨੌਜਵਾਨ ਏਅਰਪੋਰਟ ਤੋਂ ਕਾਬੂ

ਨਵੀਂ ਦਿੱਲੀ – ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ 32 ਸਾਲਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਬਜ਼ੁਰਗ ਦਾ ਭੇਸ ਵਟਾ ਕੇ ਨਿਊਯਾਰਕ ਦੀ ਉਡਾਣ ਫੜਨ ਦਾ ਜਤਨ ਕਰ ਰਿਹਾ ਸੀ। ਫੜੇ ਗਏ ਵਿਅਕਤੀ ਦੀ ਪਹਿਚਾਣ ਜੈਯੇਸ਼ ਪਟੇਲ ਵਜੋਂ ਹੋਈ ਹੈ ਅਤੇ ਉਹ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਅਤੇ ਉਸ ਨੇ 81 ਸਾਲਾ ਬਜ਼ੁਰਗ ਦਾ ਭੇਸ ਵਟਾਇਆ ਹੋਇਆ ਸੀ ਜੋ ਕਿ ਅਮਰੀਕਾ ਜਾਣਾ ਚਾਹੁੰਦਾ ਸੀ ਅਤੇ ਉਸ ਨੇ ਸੁਰੱਖਿਆ ਨਾਕੇ ‘ਤੇ ਆਪਣਾ ਨਾਂਅ ਅਮਰੀਕ ਸਿੰਘ ਦੱਸਿਆ ਤੇ ਉਸ ਦਾ ਪਾਸਪੋਰਟ ਵੀ ਇਸੇ ਨਾਂਅ ‘ਤੇ ਸੀ।
ਉਕਤ ਨੌਜਵਾਨ ਨੇ ਬਜ਼ੁਰਗਾਂ ਵਾਂਗ ਹੁਲੀਆ ਬਣਾਇਆ ਹੋਇਆ ਸੀ ਅਤੇ ਉਸ ਨੇ ਆਪਣੀ ਦਾਹੜੀ ਵੀ ਚਿੱਟੇ ਰੰਗ ਨਾਲ ਡਾਈ ਕੀਤੀ ਹੋਈ ਸੀ ਅਤੇ ਚਸ਼ਮਾ ਲਾਇਆ ਹੋਇਆ ਸੀ ਤੇ ਬਜ਼ੁਰਗਾਂ ਵਾਲੇ ਹੀ ਕੱਪੜੇ ਪਾਏ ਹੋਏ ਸੀ। ਕਿਸੇ ਨੂੰ ਕੋਈ ਸ਼ੱਕ ਨਾ ਹੋਏ, ਇਸ ਲਈ ਉਹ ਵ੍ਹੀਲਚੇਅਰ ‘ਤੇ ਸਵਾਰ ਹੋ ਏਅਰਪੋਰਟ ਪਹੁੰਚਿਆ। ਪਰ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕਰਦੇ ਸਮੇਂ ਉਹ ਉਨ੍ਹਾਂ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ। ਇਸੇ ਲਈ ਅਧਿਕਾਰੀਆਂ ਨੂੰ ਸ਼ੱਕ ਪੈ ਗਿਆ ਤਾਂ ਉਸ ਵਿਅਕਤੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤੇ ਉਹ ਆਪਣੇ ਚਿਹਰੇ ‘ਤੇ ਨਕਲੀ ਝੁਰੜੀਆਂ ਨਹੀਂ ਬਣਾ ਸਕਿਆ ਜਿਸ ਕਾਰਨ ਨੌਜਵਾਨ ਜੋ ਬਜ਼ੁਰਗ ਹੋਣ ਦਾ ਡਰਾਮਾ ਕਰ ਰਿਹਾ ਸੀ ਚਮੜੀ ਦੀ ਵਜ੍ਹਾ ਕਰਕੇ ਫੜਿਆ ਗਿਆ।