8 ਮਾਰਚ ਨਾਰੀ ਦਿਵਸ ਤੇ ਵਿਸ਼ੇਸ਼

(ਸਮਾਜ ਵੀਕਲੀ)

ਸਦੀਆਂ ਤੋਂ ਔਰਤ ਨੂੰ ਸਮਾਜ ਦੀ ਰੂੜੀਵਾਦੀ ਸੋਚ ਦਾ ਸਾਹਮਣਾ ਕਰਨਾ ਪਿਆ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਉਸ ਦੇ ਮੌਲਿਕ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ। ਬ੍ਰਾਹਮਣਵਾਦੀ ਸੋਚ ਨੇ ਔਰਤ ਨੂੰ ਗੁਲਾਮ ਬਣਾਇਆ ।ਮੰਨੂ ਸਿਮਰਤੀ ਅਨੁਸਾਰ ਔਰਤ ਭੋਗ ਵਿਲਾਸ ਦੀ ਵਸਤੂ ਹੈ। ਉਹ ਪਤੀ ਦੀ ਪੂਜਾ ਕਰ ਸਕਦੀ। ਉਸ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ। ਕਈ ਅਜਿਹੇ  ਗ੍ਰੰਥ ਵੀ ਹਨ ਜਿੰਨ੍ਹਾਂ  ਵਿਚ ਉਸ ਨੂੰ ਰੱਜ ਕੇ ਭੰਡਿਆ ਗਿਆ। ਘੁੰਡ ਪ੍ਰਥਾ, ਸਤੀ ਪ੍ਰਥਾ ਵਰਗੀਆਂ ਪਾਬੰਦੀਆਂ ਔਰਤ ਤੇ ਥੋਪੀਆਂ ਗਈਆਂ। ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਔਰਤ ਨੂੰ  ਆਪਣਾ ਵਿਚਾਰੀ ਅਰਧਾਂਗਣੀ ਵਰਗੇ ਭੈੜੇ ਸ਼ਬਦਾਂ ਨਾਲ ਜੋਡ਼ਿਆ ਗਿਆ। ਉਸ ਦਾ ਜਿਉਣਾ ਦੁੱਭਰ ਕੀਤਾ ਗਿਆ। ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਸੀ ਇੱਥੋਂ ਤੱਕ ਕੇ  ਮੰਦਰਾਂ ਮਸਜਿਦਾਂ ਵਿਚ ਜਾਣ ਤੇ ਪੂਰਨ ਪਾਬੰਦੀ ਲੱਗੀ ਰਹੀ। ਘਰ ਦੀ ਚਾਰਦੀਵਾਰੀ ਵਿੱਚ ਕੈਦ ਔਰਤ ਤੇ ਜ਼ੁਲਮ ਤਸ਼ੱਦਦ ਢਾਹੇ ਜਾਂਦੇ ਰਹੇ। ਪੀਲੂ ਵਰਗੇ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਔਰਤ ਨੂੰ ਅਪਮਾਨਿਤ ਕੀਤਾ। ‘ਭੱਠ ਰੰਨਾਂ ਦੀ ਦੋਸਤੀ ,ਖ਼ੁਰੀਂ ਜਿਨ੍ਹਾਂ ਦੀ ਮੱਤ’ ਕਹਿ ਕੇ ਔਰਤ ਨੂੰ ਜ਼ਲੀਲ ਕੀਤਾ। ਔਰਤ ਪ੍ਰਤੀ ਜਰਜਰੀ ਸੋਚ ਰੱਖਣ ਵਾਲਿਆਂ ਨੇ ਔਰਤ ਨੂੰ ਬੁਰੀ ਤਰ੍ਹਾਂ ਲਤਾੜਿਆ। ਇਸ ਸਾਰੇ ਵਰਤਾਰੇ ਨੂੰ ਦੇਖਦਿਆਂ ਗੁਰੂ ਨਾਨਕ ਦੇਵ ਜੀ  ਨੇ ਔਰਤ ਨੂੰ ਜਗਤ ਜਣਨੀ ਕਹਿ ਕੇ ਸਨਮਾਨਿਆ ਤੇ ਮਰਦਾਂ ਦੇ ਬਰਾਬਰ ਹੋਣ ਦਾ ਦਰਜਾ ਦਿੱਤਾ। ਉਨ੍ਹਾਂ ਨੇ ਔਰਤ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਗੁਰਬਾਣੀ ਵਿੱੱਚ ਫੁਰਮਾਇਆ “ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ”

– ਗੁਰਜੀਤ ਕੌਰ ਮੋਗਾ

ਗੁਰੂ ਨਾਨਕ ਦੇਵ ਜੀ ਨੇ ਵਿਗਿਆਨਕ ਸੋਚ ਦੇ ਧਾਰਨੀ ਹੋ ਕੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਤੇ ਔਰਤ ਪ੍ਰਤੀ ਉੱਚੀ ਸੁੱਚੀ ਸੋਚ ਰੱਖਣ ਪ੍ਰਤੀ ਨਵੀਂ ਜਾਗ੍ਰਿਤੀ ਪੈਦਾ ਕੀਤੀ। ਉਨ੍ਹਾਂ ਨੇ ਔਰਤ ਨੂੰ ਸ੍ਰਿਸ਼ਟੀ ਦੀ ਰਚਨਹਾਰੀ ਕਹਿ ਕੇ ਸੰਬੋਧਨ ਕੀਤਾ। ਇਸਤਰੀ ਪਿਆਰ, ਸੁੰਦਰਤਾ, ਕੋਮਲਤਾ, ਮਮਤਾ, ਤਿਆਗ ਤੇ ਸ਼ਕਤੀ ਦਾ ਮੁਜੱਸਮਾ ਹੈ ।

ਸਦੀਆਂ ਤੋਂ ਚਲੀ ਆ ਰਹੀ ਸਤੀ ਪ੍ਰਥਾ ਦਾ ਖ਼ਾਤਮਾ ਗੁਰੂ ਅਮਰਦਾਸ ਜੀ ਨੇ ਕੀਤਾ।ਔਰਤ ਨੂੰ ਜਿਊਣ ਦਾ ਹੱਕ ਬਖ਼ਸ਼ਿਆ ਤੇ ਇਸ ਭੈੜੀ ਪ੍ਰਥਾ ਨੂੰ  ਮੁੱਢ ਤੋਂ  ਹੀ ਨਕਾਰਦਿਆਂ ਔਰਤ ਦੇ ਹੱਕਾਂ ਦੀ ਰਹਿਨੁਮਾਈ ਕਰਦਿਆਂ ਸਮਾਜ ਨੂੰ ਜਾਗਰੂਕ ਕੀਤਾ ।

ਤਤਕਾਲੀ ਸਮੇਂ ਦੇ ਵਿਦਵਾਨਾਂ ਨੇ ਵੀ ਔਰਤ ਦੀ ਦੁਰਦਸ਼ਾ ਦੇ ਖ਼ਿਲਾਫ਼ ਆਪਣੀ ਕਲਮ ਰਾਹੀਂ ਔਰਤ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਮਹਾਨ ਨਾਵਲਕਾਰ ਨਾਨਕ ਸਿੰਘ  ਲਿਖਦੇ ਹਨ “ਓ ਇਸਤਰੀ ਤੂੰ ਏਨੀ ਵੱਡੀ ਉੱਚਤਾ, ਏਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ ਹੈ? ਸਹਿਣਸ਼ੀਲਤਾ ਦੇ ਸੋਮੇ ਤੇਰੇ ਅੰਦਰ, ਮਮਤਾ ਦੀਆਂ ਕਾਂਗਾਂ ਤੇਰੇ ਵਿੱਚ, ਤਿਆਗ ਦੇ ਅਟੁੱਟ ਪਹਾੜ ਤੇਰੇ ਵਿੱਚ, ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿੱਚ, ਇਹ ਸਭ ਕੁਝ ਤੂੰ  ਇਸਤਰੀ ਕਿੱਥੋਂ ਪ੍ਰਾਪਤ ਕਰ ਲਿਆ ਹੈ ?”

ਸਮੇਂ ਦੇ ਵਿਦਵਾਨਾਂ ਕਵੀਆਂ ਲੇਖਕਾਂ ਨੇ ਔਰਤ ਪ੍ਰਤੀ ਆਪਣੀ ਆਵਾਜ਼ ਨੂੰ ਲਾਮਬੰਦ ਕੀਤਾ। ਅਨੇਕ ਸਮਾਜ ਸੁਧਾਰਕਾਂ ਨੇ ਨਾਰੀ ਦੇ ਮਹਾਨ ਰੁਤਬੇ ਨੂੰ  ਉੱਚਾ ਚੁੱਕਿਆ। ਪਿਛਲੇ ਸਮੇਂ ਤੋਂ ਔਰਤਾਂ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ। ਪਿਛਲੇ ਕੁਝ ਦਹਾਕਿਆਂ ਤੋਂ ਕੌਮਾਂਤਰੀ ਪੱਧਰ ਤੇ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਅਮਰੀਕਾ ਦੇ ਸ਼ਹਿਰ ‘ਨਿਊਯਾਰਕ’ ਤੋਂ ਔਰਤਾਂ ਨੇ ਹੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਕੀਤੀ। 28 ਫਰਵਰੀ 1919 ਨੂੰ ਪਹਿਲੀ ਵਾਰ ਨਿਊਯਾਰਕ ਵਿਚ ਇਹ ਦਿਨ ਮਨਾਇਆ ਗਿਆ। ਸੰਯੁਕਤ ਰਾਸ਼ਟਰ ਨੇ 1975 ਈ: ਵਿੱਚ ਅੰਤਰਰਾਸ਼ਟਰੀ ਪੱਧਰ ਤੇ ਇਸ ਦਿਨ ਨੂੰ ਮਨਾਉਣ ਦੀ ਮਾਨਤਾ ਦਿੱਤੀ।

ਇਸ ਦਿਨ ਨੂੰ ਮਨਾਉਣ ਦਾ ਮਕਸਦ ਔਰਤਾਂ ਦਾ ਆਪਣੇ ਪ੍ਰਤੀ ਜਾਗਰੂਕ ਹੋਣਾ।ਆਤਮ ਵਿਸ਼ਵਾਸੀ ਹੋਣਾ ਲਾਜ਼ਮੀ ਹੈ। ਅਜੋਕੇ ਸਮੇਂ ਵਿੱਚ ਔਰਤ ਮਰਦ ਨਾਲ ਮੋਢੇ ਨਾਲ ਮੋਢਾ ਖੜੋ ਕੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਅੱਜ ਔਰਤ ਪੜ੍ਹ ਲਿਖ ਕੇ ਉੱਚੇ ਅਹੁਦੇ ਤੇ ਪਹੁੰਚ ਕੇ ਰੁਤਬੇ ਹਾਸਲ ਕਰ ਸਮਾਜ ਦੀ ਅਗਵਾਈ ਕਰਨ ਦੇ ਯੋਗ ਹੋ ਚੁੱਕੀ ਹੈ। ਅੱਜ ਕੱਲ੍ਹ ਦੀਆਂ ਲੜਕੀਆਂ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਅੱਗੇ ਵਧ ਰਹੀਆਂ ਹਨ। ਆਪਣੀ ਮਿਹਨਤ ਤੇ ਲਗਨ ਜ਼ਰੀਏ ਪੜ੍ਹਾਈ, ਖੇਡਾਂ, ਫ਼ਿਲਮ ਜਗਤ, ਰਾਜਨੀਤੀ, ਮੈਡੀਕਲ ਇੱਥੋਂ ਤਕ  ਕਿ ਅੰਬਰਾਂ ਵਿਚ ਉਡਾਰੀਆਂ ਲਾਉਣ ਦੇ ਯੋਗ ਹੋ ਗਈਆਂ ਹਨ। ਅੱਜ ਔਰਤ ਕਿਸੇ ਦੀ ਮੁਥਾਜ ਨਹੀਂ। ਉਹ ਖ਼ੁਦ ਮਾਣ ਸਨਮਾਨ ਦੀ ਹੱਕਦਾਰ ਹੈ। ਮਦਰ ਟਰੇਸਾ ,ਕਲਪਨਾ ਚਾਵਲਾ,ਡਾ ਇੰਦਰਜੀਤ ਕੌਰ ਉਹ ਮਹਾਨ ਹਸਤੀਆਂ ਹਨ ਜਿਨ੍ਹਾਂ ਨੇ ਆਪਣੇ ਦ੍ਰਿੜ੍ਹ ਇਰਾਦਿਆਂ ਨਾਲ ਕਾਰਜਸ਼ੀਲ ਰਹਿ ਕੇ ਆਪਣਾ ਨਾਂ ਵਿਸ਼ਵ ਭਰ ਵਿੱਚ ਰੌਸ਼ਨ ਕੀਤਾ।

ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਪੰਜਾਬ ਦੀਆਂ ਸਿਰਮੌਰ ਹਸਤੀਆਂ ਜਿਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀਆਂ ਅਮਿੱਟ ਪੈੜਾਂ ਸਦਾ ਸਨਮਾਨ ਦੀਆਂ ਹੱਕਦਾਰ ਹਨ ।ਸਿੱਖ ਇਤਿਹਾਸ ਵਿਚ ਬੇਬੇ ਨਾਨਕੀ,ਮਾਤਾ ਖੀਵੀ ,ਬੀਬੀ ਭਾਨੀ,ਮਾਤਾ ਗੰਗਾ,ਮਾਤਾ ਗੁਜਰੀ,ਮਾਤਾ ਸੁੰਦਰੀ  ਮਾਤਾ ਭਾਗ ਕੌਰ ਆਦਿ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ  ਹੈ।
ਰਾਜਨੀਤੀ ਖੇਤਰ ਵਿਚ ਝਾਤੀ ਮਾਰੀਏ ਤਾਂ ਪ੍ਰਤਿਭਾ ਪਾਟਿਲ ਨੂੰ ਭਾਰਤ ਦੀ ਪਹਿਲੀ ਰਾਸ਼ਟਰਪਤੀ ਹੋਣ ਦਾ ਮਾਣ ਸਨਮਾਨ ਹਾਸਲ ਹੋਇਆ।

ਡਾ ਉਪਿੰਦਰਜੀਤ ਕੌਰ ਪਹਿਲੇ ਸਿੱਖਿਆ ਮੰਤਰੀ ਰਹੇ ਹਨ।ਵਿੱਦਿਆ ਦੇ ਖੇਤਰ ਵਿੱਚ ਔਰਤ ਅੱਜ ਅਧਿਆਪਕਾਂ ਤੋਂ ਪ੍ਰੋਫੈਸਰ ਅਤੇ ਪ੍ਰਿੰਸੀਪਲ ਦੀ ਪਦਵੀ ਤੇ ਬਿਰਾਜਮਾਨ ਤੇ ਪ੍ਰਸ਼ਾਸਨ ਜਨਕ ਖੇਤਰ ਵਿਚ ਪੁਲੀਸ ਅਫ਼ਸਰ , ਐੱਸ ਡੀ ਐੱਮ, ਆਈ ਪੀ ਐਸ ਵਰਗੇ ਅਹੁਦਿਆਂ ਤੇ ਨਿਯੁਕਤ ਹੈ । ਖੇਡ ਜਗਤ ਵਿੱਚ ਪੀਵੀ ਸਿੰਧੂ, ਸਾਨੀਆ ਮਿਰਜ਼ਾ, ਹਰਮਨਪ੍ਰੀਤ ਕੌਰ ਆਦਿ ਨੇ ਭਾਰਤ ਦਾ ਮਾਣ ਸਨਮਾਨ ਵਧਾਇਆ ਹੈ ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਕੌਣ ਨਹੀਂ ਜਾਣਦਾ।

ਵਰਤਮਾਨ ਸਮੇਂ ਵਿੱਚ ਔਰਤ ਹਰ ਖੇਤਰ ਵਿੱਚ ਮੋਹਰੀ ਹੈ। ਉਸ ਨੇ ਆਪਣੀ ਸੂਝ ਬੂਝ ਤੇ ਸਮਰੱਥਾ ਰਾਹੀਂ ਆਪਣੀ ਪਛਾਣ ਬਣਾਈ ਹੈ। ਉਹ ਨਿਰੰਤਰ ਤਰੱਕੀ ਦੇ ਰਾਹ ਤੇ ਤੁਰ ਪਈ ਹੈ। ਪਿਆਰ ,ਮਿਲਾਪ, ਸਹਿਣਸ਼ੀਲਤਾ ਕੋਮਲਤਾ, ਮਿੱਠੇ ਬੋਲਾਂ ਵਰਗੇ  ਦੈਵੀ ਗੁਣਾਂ ਦੀ ਦਾਤ ਕੁਦਰਤ ਨੇ ਔਰਤ ਨੂੰ ਬਥੇਰੀ ਬਖਸ਼ੀ ਹੈ।ਇਨ੍ਹਾਂ ਨਿਮਰਤਾ ਭਰੇ ਗੁਣਾਂ ਕਾਰਨ ਹੀ ਉਹ ਤਿਆਗ ਅਤੇ ਬਲੀਦਾਨ ਦਾ ਮੁਜੱਸਮਾ ਮੰਨੀ ਜਾਂਦੀ ਹੈ।ਨਾਰੀ ਦਿਵਸ ਵਰਗੇ ਦਿਨ ਮਨਾਉਣੇ ਤਾਂ ਹੀ ਸਫਲ ਹੈ ਜੇਕਰ ਹਰ ਨਾਰੀ ਨੂੰ ਸਨਮਾਨ ਮਿਲੇ, ਪੂਰਨ ਆਜ਼ਾਦੀ ਮਿਲੇ ਤੇ ਉਹ ਬੇਖੌਫ਼ ਆਪਣੇ ਅਧੂਰੇ ਸੁਪਨੇ ਉਮੰਗਾਂ ਨੂੰ ਪੂਰਾ ਕਰਨ ਦਾ ਸੰਕਲਪ ਲੈ ਕੇ ਅੱਗੇ ਵਧ ਸਕੇ।

– ਗੁਰਜੀਤ ਕੌਰ ਮੋਗਾ
Gurjeetkaurwriter@gmail.com

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK’s Covid ‘R’ number remains below 1
Next article6.1-magnitude aftershock jolts NZ