550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਾਰਾ ਸਾਲ ਮਨਾਏਗੀ ਪੰਜਾਬ ਸਰਕਾਰ : ਕੈਪਟਨ

ਮਹਿਤਪੁਰ (ਨੀਰਜ ਵਰਮਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ਨੂੰ ਪੰਜਾਬ ਸਰਕਾਰ ਸਾਰਾ ਸਾਲ ਮਨਾਏਗੀ। ਉਨ੍ਹਾਂ ਵੀਰਵਾਰ ਕਿਹਾ ਕਿ ਅਗਲੇ ਇਕ ਸਾਲ ਤਕ ਸੂਬੇ ਦੇ ਵੱਖ-ਵੱਖ ਖੇਤਰਾਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ‘ਚ ਸਮਾਗਮ ਚਲਦੇ ਰਹਿਣਗੇ। ਵੱਖ-ਵੱਖ ਸਕੂਲਾਂ ਤੇ ਕਾਲਜਾਂ ‘ਚ ਸੈਮੀਨਾਰ ਕਰਵਾਏ ਜਾਣਗੇ। ਸਿੱਖ ਵਿਦਵਾਨ ਇਨ੍ਹਾਂ ਸੈਮੀਨਾਰਾਂ ‘ਚ ਆਪਣੇ ਵਿਚਾਰ ਪ੍ਰਗਟ ਕਰਨਗੇ।

ਮੁੱੱਖ ਮੰਤਰੀ ਨੇ ਕਿਹਾ ਕਿ ਗੁਰੂ ਜੀ ਦੀ ਵਿਚਾਰ ਧਾਰਾ ‘ਤੇ ਚਲਦਿਆਂ ਸਿਆਸੀ ਪਾਰਟੀਆਂ ਨੂੰ ਇਸ ਮੌਕੇ ‘ਤੇ ਸਿਆਸੀ ਮਤਭੇਦ ਭੁਲਾ ਕੇ ਇਕਮੁੱਠ ਹੋ ਕੇ ਸਮਾਰੋਹ ਮਨਾਉਣੇ ਚਾਹੀਦੇ ਹਨ। ਕਿਸੇ ਤਰ੍ਹਾਂ ਦੀ ਸਿਆਸਤ ਤੋਂ ਬਚਣਾ ਚਾਹੀਦਾ ਹੈ। ਪਹਿਲੀ ਪਾਤਸ਼ਾਹੀ ਵਲੋਂ ਵਿਖਾਏ ਗਏ ਮਾਰਗ ‘ਤੇ ਚਲਦਿਆਂ ਪੰਜਾਬ ਨੂੰ ਪਹਿਲੇ ਨੰਬਰ ‘ਤੇ ਲਿਜਾਣ ਦਾ ਉਹ ਸੰਕਲਪ ਲੈਂਦੇ ਸਨ। ਸਮੁੱਚੇ ਪੰਜਾਬੀਆਂ ਨੂੰ ਇਸ ਸਬੰਧੀ ਸਹਿਯੋਗ ਦੇਣਾ ਚਾਹੀਦਾ ਹੈ।

ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਕਾਸ਼ ਪੁਰਬ ਸਮਾਰੋਹਾਂ ਨੂੰ ਵੇਖਦਿਆਂ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ ਪ੍ਰਬੰਧ ਕੀਤੇ ਹਨ। ਸੰਗਤਾਂ ਦੇ ਠਹਿਰਣ ਲਈ ਦੋਹਾਂ ਸ਼ਹਿਰਾਂ ‘ਚ ਟੈਂਟ ਸਿਟੀ ਸਥਾਪਿਤ ਕੀਤੇ ਗਏ ਹਨ। ਇਥੇ ਸੰਗਤਾਂ ਆਰਾਮ ਨਾਲ ਰਹਿ ਸਕਦੀਆਂ ਹਨ। ਉਨ੍ਹਾਂ ਦੇ ਖਾਣ-ਪੀਣ ਲਈ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਹਨ।