32 ਸਾਲ ਪਹਿਲਾਂ ਮਾਰੇ ਨੌਜਵਾਨਾਂ ਦਾ ਮਾਮਲਾ ਰਾਜਨਾਥ ਕੋਲ ਉਠਾਇਆ

ਸਾਕਾ ਨੀਲਾ ਤਾਰਾ ਦੇ ਡੇਢ ਸਾਲ ਬਾਅਦ ਨਕੋਦਰ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ 5 ਬੀੜਾਂ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟਾ ਰਹੇ ਚਾਰ ਸਿੱਖ ਨੌਜਵਾਨਾਂ ਦੀ ਪੁਲੀਸ ਗੋਲੀਆਂ ਨਾਲ ਹੋਈ ਮੌਤ ਬਾਰੇ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਦਾ ਮੁੱਦਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਉਠਾਇਆ। ਡਾ. ਧਰਮਵੀਰ ਗਾਂਧੀ ਨੇ ਆਪਣੇ ਫੇਸਬੁਕ ਪੰਨੇ ’ਤੇ ਦਾਅਵਾ ਕੀਤਾ ਹੈ ਕਿ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੈਕਟਰੀ ਨੂੰ ਸੱਦ ਕੇ ਪੰਜਾਬ ਸਰਕਾਰ ਨੂੰ ਪੱਤਰ ਲਿਖਣ ਤੇ ਰਿਪੋਰਟ ਭੇਜਣ ਲਈ ਕਿਹਾ ਹੈ। ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਸਾਰੀ ਘਟਨਾ ਦੱਸੀ ਕਿ ਕਿਵੇਂ 2 ਫਰਵਰੀ 1986 ਨੂੰ ਜਲੰਧਰ ਦੇ ਨਕੋਦਰ ਕਸਬੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪਾਂ ਦੀ ਬੇਅਦਬੀ ਹੋਈ ਸੀ ਤੇ ਉਸ ਦਾ ਰੋਸ ਪ੍ਰਗਟਾ ਰਹੇ ਚਾਰ ਸਿੱਖ ਨੌਜਵਾਨਾਂ ਨੂੰ 4 ਫਰਵਰੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇਸ ਘਟਨਾ ਦੀ ਜਾਂਚ ਲਈ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਅੱਜ ਤੱਕ ਜਨਤਕ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪੁਲੀਸ ਗੋਲੀਆਂ ਨਾਲ ਰਵਿੰਦਰ ਸਿੰਘ ਲਿੱਤਰਾਂ, ਝਲਮਣ ਸਿੰਘ ਗੌਰਸੀਆਂ, ਬਲਧੀਰ ਸਿੰਘ ਰਾਮਗੜ੍ਹ ਤੇ ਹਰਮਿੰਦਰ ਸਿੰਘ ਰਾਏਪੁਰ ਸ਼ਹੀਦ ਹੋ ਗਏ ਸਨ। ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਅਤੇ ਮਾਤਾ ਬਲਦੀਪ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸੇ ਸਾਲ 30 ਜੁਲਾਈ ਅਤੇ 18 ਅਗਸਤ ਨੂੰ ਪੱਤਰ ਲਿਖੇ ਸਨ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ 12 ਦਸੰਬਰ ਨੂੰ ਮੁੜ ਪੱਤਰ ਲਿਖਿਆ। ਉਨ੍ਹਾਂ ਇਹ ਵੀ ਮੰਗ ਕੀਤੀ ਸੀ ਕਿ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਨਤਕ ਕੀਤੀ ਜਾਵੇ।