24 ਟਨ ਭਾਰ ਚੁੱਕਣ ਦੀ ਸਮਰੱਥਾ ਵਾਲੀ ਪਾਰਸਲ ਵੈਨ ਦਾ ਕੀਤਾ ਨਿਰਮਾਣ

ਆਰਸੀਐਫ਼ ਨੇ 24 ਟਨ ਭਾਰ ਚੁੱਕਣ ਦੀ ਸਮਰੱਥਾ ਅਤੇ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੇ ਪਹਿਲੀ ਹਾਈ ਕਪੈਸਿਟੀ ਐਲਐਚਵੀ ਪਾਰਸਲ ਵੈਨ ਦਾ ਨਿਰਮਾਣ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲ ਕੋਚ ਫੈਕਟਰੀ ਦੇ ਲੋਕ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਅੱਜ ਨਵੀਂ ਦਿੱਲੀ ਵਿੱਚ ਰਜੇਸ਼ ਅਗਰਵਾਲ ਮੈਂਬਰ ਰੋਲਿੰਗ ਸਟਾਕ ਰੇਲਵੇ ਬੋਰਡ, ਪੂਰਨੇਦੂ ਐਸ ਮਿਸ਼ਰਾ ਮੈਂਬਰ ਆਵਾਜਾਈ ਰੇਲਵੇ ਬੋਰਡ, ਰਵਿੰਦਰ ਗੁਪਤਾ ਜਨਰਲ ਮੈਨੇਜਰ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਹਾਜ਼ਰੀ ਵਿੱਚ ਦਿੱਲੀ ਸਫਦਰਜੰਗ ਰੇਲਵੇ ਸਟੇਸ਼ਨ ’ਤੇ ਇਸ ਉੱਚ ਸਮਰੱਥਾ ਵਾਲੀ ਪਾਰਸਲ ਵੈਨ ਦੇ ਨਿਰਮਾਣ ਦਾ ਨਿਰੀਖਣ ਕੀਤਾ।
ਆਰ ਕੇ ਮੰਗਲਾ ਪ੍ਰਮੁੱਖ ਮੁੱਖ ਮਕੈਨੀਕਲ ਇੰਜਨੀਅਰ ਆਰ ਸੀ ਐਸ, ਨਿਤਿਨ ਚੌਧਰੀ ਮੁੱਖ ਗੁਣਵੱਤਾ ਮੈਨੇਜਰ ਆਰਸੀਐਫ਼ ਅਤੇ ਹੋਰ ਸੀਨੀਅਰ ਰੇਲਵੇ ਅਧਿਕਾਰੀ ਇਸ ਮੌਕੇ ਹਾਜ਼ਰ ਸਨ। ਇਸ ਪਾਰਸਲ ਵੈਨ ਨੇ ਕਾਮਯਾਬੀ ਨਾਲ ਆਸੀਲੇਸ਼ਨ ਟਰਾਇਲ ਪੂਰਾ ਕੀਤਾ ਹੈ। ਇਸ ਨੂੰ ਭਾਰਤੀ ਰੇਲ ਸੰਸਥਾਨ ਆਰਡੀਐਸ ਓ ਵੱਲੋਂ 130 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਪਾਰਸਲ ਵੈਨ ਦੀ ਕੁੱਲ ਭਾਰ ਚੁੱਕਣ ਦੀ ਸਮਰੱਥਾ 24 ਟਨ ਅਤੇ ਕੁੱਲ ਵਾਲੀਊਮ 187 ਘਣਮੀਟਰ ਹੈ।
ਇਸ ਕੋਚ ਦੇ 3 ਖੁੱਲ੍ਹਣ ਅਤੇ ਬੰਨ੍ਹਣ ਵਾਲੇ ਵੰਡਣ ਵਾਲੇ ਹਿੱਸੇ ਅਤੇ 4 ਸਲਾਇਡਿੰਗ ਦਰਵਾਜ਼ੇ ਹਨ। ਡੱਬੇ ਦਾ ਅੰਦਰੂਨੀ ਪੈਨਲ ਮੁੱਖ ਤੌਰ ’ਤੇ ਸਟੇਨਲੈਸ ਸਟੀਲ ਦਾ ਬਣਾਇਆ ਹੋਇਆ ਹੈ। ਪਾਰਸਲ ਵੈਨ ਵਿੱਚ ਅੱਗ ਨੂੰ ਬੁਝਾਉਣ ਲਈ ਫਾਇਰ ਵਾਲ ਵੀ ਹੈ। ਇਸ ਦੇ ਨਾਲ ਫਾਇਰ ਰੀਟਾਇਰਡੈਨਟ ਕਿਸਮ ਦੀਆਂ ਐਲ ਈ ਡੀ ਲਾਈਟਾਂ ਲਗਾਈਆਂ ਗਈਆਂ ਹਨ। ਇਸ ਡੱਬੇ ਦੀ ਵਿਸ਼ੇਸ਼ਤਾ ਹੈ ਕਿ ਇਸ ਨੂੰ ਗੱਡੀ ਦੇ ਰੈਕ ਦੇ ਅੱਗੇ ਪਿੱਛੇ ਜਾਂ ਵਿਚਕਾਰ ਕਿਤੇ ਵੀ ਜੋੜਿਆ ਜਾ ਸਕਦਾ ਹੈ। ਇਸ ਮੌਕੇ ਆਰਸੀਐਫ਼ ਜਨਰਲ ਮੈਨੇਜਰ ਨੇ ਦੱਸਿਆ ਕਿ ਇਹ ਪਹਿਲਾ ਕੋਚ ਹੈ ਜਿਸ ਨੂੰ ਇਕ ਸਾਲ ਦੇ ਅੰਦਰ ਡਿਜ਼ਾਇਨ, ਨਿਰਮਾਣ ਅਤੇ ਲਾਂਚ ਕੀਤਾ ਗਿਆ ਹੈ।